ਕੀ ਪੰਥਕ ਫੈਸਲੇ ਅਦਾਲਤਾਂ ਲੈਣਗੀਆਂ ? ?
ਤਰਲੋਕ ਸਿੰਘ ‘ਹੁੰਦਲ’
ਜਿਸ ਕੌਮ ਦੇ ਮੂੰਹ 'ਤੇ ਜਿੰਦਰੇ ਵੱਜ ਗਏ ਹੋਣ, ਪੰਥਕ ਦਰਦ ਬਾਰੇ ਬੋਲਣ ਅਤੇ ਕਹਿ ਸਕਣ ਦੀ ਸਮਰਥਾ ਦੀਆਂ ਆਂਦਰਾਂ ਖਿੱਚ ਕੇ ਨਿਢਾਲ ਕਰ ਦਿੱਤਾ ਗਿਆ ਹੋਵੇ, ਫਿਰ ਘਣੀ ਰਾਜਸੀ ਛੱਤਰ-ਛਾਇਆ ਹੇਠ, ਉਸ ਕੌਮ ਦੇ ਧਾਰਮਿਕ ਆਗੂ ਮਨ-ਮਾਨੀਆਂ ਤੇ ਆਪ-ਹੁਦਰੀਆਂ ਨਾ ਕਰਨ ਤਾਂ ਦਸੋ ਭਲਾ! ਹੋਰ ਕੀ ਕਰਨ? ਇਹ ਹਾਲ ਕਿਸੇ ਹੋਰ ਦਾ ਨਹੀਂ, ਬਲਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ-ਨਿਵਾਜੇ ‘ਖਾਲਸਾ ਪੰਥ’ ਦਾ ਹੈ। ਭਾਵੇਂ ਸ਼ਕਲ-ਸੂਰਤ ਤੋਂ ਸਿੱਖ ਕਹਿ ਸਕਦੇ ਹਾਂ, ਪਰ ਉਨ੍ਹਾਂ ਰਾਜਨੀਤਕ ਲੋਕਾਂ ਦਾ ਸਿੱਖ ਧਰਮ ਤੇ ਇਸਦੀਆਂ ਪਾਵਨ ਮਰਯਾਦਾਵਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ। ‘ਕੁਰਸੀ’ ਦੇ ਚਸਕੇ ਨੇ ਸਿੱਖੀ ਦੇ ਅਲੰਬਰਦਾਰ ਧਾਰਮਿਕ ਆਗੂਆਂ ਨੂੰ, ਇਨ੍ਹਾਂ ਨੇ “ਗੁਲਾਮ” ਬਣਾਇਆ ਹੋਇਆ ਹੈ।
ਅਜ, ਗੁਰੂ ਪੰਥ ਦੀ ਤ੍ਰਾਸਦੀ ਇਹ ਹੈ, ਕਿ ਤਖਤ ਦੇ ਸੇਵਾਦਾਰ ਵੀ ਇਨ੍ਹਾਂ ਨੂੰ ਪੁੱਛ ਕੇ ਪਾਣੀ ਦੀ ਘੁੱਟ ਭਰਦੇ ਹਨ। ਫਿਰ ਜਿਹੜਾ ਵੀ ਕੋਈ ‘ਆਵਾਜ’ ਬੁਲੰਦ ਕਰਨ ਦਾ ਹੀਆ ਕਰੇ, ਉਸ ਨੂੰ ਝੱਟ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਉਹੀ ਅਦਾਲਤ ਦੇ ਦਰ ਤੇ ਜਾ ਫਰਿਆਦੀ ਹੁੰਦਾ ਹੈ ।
ਸ਼੍ਰੋਮਣੀ ਕਮੇਟੀ ਨੇ ਸੰਮਤ 547 ਨਾਨਕਸ਼ਾਹੀ (ਬਿਕਰਮੀ) ਕੈਲੰਡਰ ਛਾਪਣ ਤੇ ਲਾਈ ਰੋਕ
ਦੁੱਖ ਦੀ ਗਲ ਹੈ, ਕਿ ਅਜਿਹੀ ਭੈੜੀ ਕਰਤੂਤ ਦਾ ਸਿਹਰਾ ਵੀ ਚੁਸਤ-ਚਲਾਕੀ ਨਾਲ ਕੰਮ-ਚਲਾਊ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਦੇ ਸਿਰ ਬੰਨ੍ਹ ਦਿੱਤਾ ਜਾਂਦਾ ਹੈ। ਇਹ ਸੋਚ-ਸ਼ਕਤੀਹੀਣ ਲੋਕ ਅਣ-ਅਧਿਕਾਰਤ ਫੈਸਲਿਆਂ ਦੀ ਜੁੰਮੇਵਾਰੀ ਹੱਸ-ਹੱਸ ਕੇ ਕਬੂਲ ਫੁਰਮਾਉਂਦੇ ਹਨ।
ਕੀ ਹੁਣ ਪੰਥਕ ਫੈਸਲੇ ਅਦਾਲਤਾਂ ਲਿਆ ਕਰਨਗੀਆਂ?
ਗੁਰੂ ਸਾਹਿਬ ਦੇ ਵੇਲਿਆਂ ਤੋਂ ਬਾਅਦ, ਅਤਿ ਸੰਕਟਮਈ ਹਾਲਾਤਾਂ ਵਿੱਚ ਵੀ ਗੰਭੀਰ ਤੋਂ ਗੰਭੀਰ ਪੰਥਕ ਮਸਲਿਆਂ ਦਾ ਨਿਪਟਾਰਾ ਉਨ੍ਹਾਂ (ਗੁਰੂਆਂ) ਦੇ ਦਿਸ਼ਾ-ਨਿਰਦੇਸ਼ ਅਨੁਸਾਰ ‘ਸਰਬੱਤ-ਖਾਲਸਾ’ ਦੀਆਂ ਇੱਕਤ੍ਰਤਾਂਵਾਂ ਵਿੱਚ, ਨਿਰ-ਵਿਰੋਧ ‘ਪੰਜ-ਪਿਆਰਿਆਂ’ ਦੀ ਚੋਣ ਕਰਕੇ ਕੀਤਾ ਜਾਂਦਾ ਰਿਹਾ ਹੈ। ਅਮੂਮਨ ਅਜਿਹੇ ਸਰਬਤ-ਖਾਲਸੇ ਦੇ ਇੱਕਠ ਵਿਸਾਖੀ ਤੇ ਦਿਵਾਲੀ ਮੌਕੇ ‘ਸ੍ਰੀ ਅਕਾਲ ਤਖਤ’, ਸ੍ਰੀ ਅੰਮ੍ਰਿਤਸਰ ਹੋਇਆ ਕਰਦੇ ਸਨ। ਵੱਖ ਵੱਖ ਜਥੇ, ਸੰਪ੍ਰਦਾਵਾਂ ਅਤੇ ਧਾਰਮਕਿ ਜਥੇਬੰਦੀਆਂ ਦੇ ਆਗੂ, ਆਪਣੇ ਰਵਾਇਤੀ ਹਥਿਆਰ ਵੀ, ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਨਹੀਂ ਸਨ ਲਿਆਇਆ ਕਰਦੇ। ਦੱਸਣਾ ਬਣਦਾ ਹੈ, ਕਿ ਮੌਜੂਦਾ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਸੁਰਖਿਆ ਸਰਕਾਰੀ ਕਰਮਚਾਰੀਆਂ ਦੇ ਹੱਥ ਹੈ। ਖੈਰ! ‘ਪੰਜ ਪਿਆਰਿਆਂ’ ਦੀ ਚੋਣ ਵੇਲੇ, ਜਿਸ ਆਗੂ ਦੇ ਨਾਂਅ ਉਤੇ ਮਾਸਾ-ਭੋਰਾ ਵੀ ਕਿਤੂੰ-ਪ੍ਰਤੂੰ ਹੁੰਦਾ, ਉਹ ਸਭਾ 'ਚੋਂ ਉੱਠਦਾ, ਨਿੰਮ੍ਰਤਾ ਨਾਲ ਹੱਥ ਜੋੜ ਕੇ ਆਖਦਾ, ‘ਸਾਧ-ਸੰਗਤਿ ਜੀਓ! ਮੇਰੇ 'ਤੇ ਦੋਸ਼ ਲੱਗਾ ਹੈ। ਕਿਰਪਾ ਕਰਕੇ ਮੈਂਨੂੰ ਮੁਆਫ ਕਰ ਦਿਓ, ਮੈਂ ਸੇਵਾ ਨਿਭਾਉਂਣ ਦੇ ਕਾਬਲ ਨਹੀਂ ਹਾਂ। ਕਿਸੇ ਹੋਰ ਨੂੰ ਚੁਣ ਲਿਆ ਜਾਏ’। ਅੱਜ ਅਸੀਂ ਇਸ ਪੜਾਅ 'ਤੇ ਪਹੁੰਚੇ ਹੋਏ ਹਾਂ ਕਿ ਸਿੱਖ ਸੰਪ੍ਰਦਾਵਾਂ, ਸਿੱਖ ਜਥੇਬੰਦੀਆਂ, ਸਭਾਵਾਂ ਅਤੇ ਸਾਰੇ ਡੇਰੇਦਾਰਾਂ ਵਿੱਚੋਂ ਏਨੀ ਉੱਚੀ ਜਮੀਰ ਦਾ ਮਾਲਕ ਚੁੱਭੀ ਮਾਰਿਆਂ ਵੀ ਲੱਭ ਸਕਣਾ ਅਸੰਭਵ ਦਿਸਦਾ ਹੈ।
ਪ੍ਰਮੁੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਅਦਾਲਤੀ ਚੱਕਰਾਂ ਵਿੱਚ ਫਸੀ ਹੋਈ ਆਪਣੀ ਹੋਂਦ ਬਚਾਉਂਣ ਲਈ ਯਤਨਸ਼ੀਲ ਹੈ। ਕਿਧਰੇ ‘ਸਹਿਜਧਾਰੀ’ ਸਿੱਖਾਂ ਦੇ ਕੇਸ ਨੇ ਇਸ ਕਮੇਟੀ ਦਾ ਨੱਕ ’ਚ ਦਮ ਕੀਤਾ ਹੋਇਆ ਹੈ। ਕਈਆਂ ਇਤਿਹਾਸਕ ਥਾਵਾਂ, ਜਮੀਨਾਂ ਤੇ ਗੁਰਦੁਆਰਿਆਂ ਨਾਲ ਮੁਕੱਦਮੇ-ਬਾਜੀ ਚਲਦੀ ਪਈ ਹੈ। ਇੱਥੇ ਇਹ ਵੀ ਦਸਣਾ ਕੁਥਾਂਵੇਂ ਨਹੀਂ, ਕਿ ਸਿੱਖਾਂ ਦਾ ਰਾਜਸੀ ਵਿੰਗ, ਅਕਾਲੀ ਦਲ ਖੁੱਦ, ਦੋ ਵਿਧਾਨ ਰੱਖਣ ਦੇ ਮੁੱਦੇ ਉੱਤੇ, ਸ੍ਰ: ਬਲਵੰਤ ਸਿੰਘ ਜੀ ‘ਖੇੜਾ’ ਨੇ ਵਾਹਣੀ ਪਾਇਆ ਹੋਇਆ ਹੈ। ਜਿਆਦਾ ਵੇਰਵਿਆਂ ਵਿੱਚ ਨਾ ਜਾਈਏ, ਗੱਲ ਮੁਕਾਈਏ, ਕਿ ਆਖਰ ਸਿੱਖ ਜਗਤ ਨੂੰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੇ ਧਾਰਮਿਕ ਆਗੂ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਕੀ ਇਹਨਾਂ ਨੂੰ ਸਿੱਖ ਵਿਰੋਧੀ ਤਾਕਤਾਂ ਦੀਆਂ ਚਾਲਾਂ ਦਾ ਕੋਈ ਗਿਆਨ ਨਹੀਂ ਹੈ? ਆਖਰ, ਬੁੱਧ ਮੱਤ ਤੇ ਜੈਨ ਮੱਤ ਦਾ ਹਸ਼ਰ ਤਾਂ ਹਰ ਕੋਈ ਜਾਣਦਾ ਹੈ।
ਸਾਡੀ ਮੰਨਤ ਨਹੀਂ ਕਿ ਸਿੱਖ ਮਸਲਿਆਂ ਨੂੰ ਅਦਾਲਤਾਂ ਵਿੱਚ ਘੜੀਸ ਕੇ ਸਿੱਖ ਧਰਮ ਦੇ ਪੱਵਿਤਰ ਅਸੂਲਾਂ ਦੀ ਖਿੱਲੀ ਉਡਾਈ ਜਾਏ। ਪਰ ਦੂਸਰੇ ਪਾਸੇ, ਹੋਰ ਕੋਈ ਚਾਰਾ ਨਹੀਂ, ਕੋਈ ਰਾਹ ਵੀ ਨਹੀਂ ਦਿਸਦਾ। ਇਹ ਪਹਿਲਾ ਮੌਕਾ ਨਹੀਂ ਕਿ ਤਖਤ ਦੇ ਜਥੇਦਾਰ ਨਾਲ ਅਜਿਹਾ ਨਿੰਦਨੀਯ ਵਰਤਾਰਾ ਹੋਇਆ ਹੋਏ। ਸਾਕਾ-ਨੀਲਾ ਤਾਰਾ-1984 ਤੋਂ ਬਾਅਦ ਹੀ ਅੱਧੀ-ਦਰਜਨ ਤੋਂ ਵਧੇਰੇ ਜਥੇਦਾਰਾਂ ਨੂੰ ਇੰਝ ਹੀ ਬੇ-ਇੱਜ਼ਤ ਕਰਕੇ ਹਟਾਇਆ ਗਿਆ ਹੈ। ਕੇਵਲ ਪ੍ਰੋ: ਦਰਸ਼ਨ ਸਿੰਘ ‘ਖਾਲਸਾ’ ਸਾਬਕਾ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਜੀ ਅਨੇਕਾਂ ਰੁਕਾਵਟਾਂ ਤੇ ਬੇਲੋੜੀਆਂ ਬੰਦਸ਼ਾਂ ਦੇ ਬਾਵਜੂਦ, ਸਿੱਖ ਭਾਈਚਾਰੇ ਨੂੰ ਸਿੱਖ ਸ਼੍ਰੋਮਣੀ ਪ੍ਰਬੰਧਕੀ ਢਾਂਚੇ ਦੀਆਂ ਵਧੀਕੀਆਂ ਪ੍ਰਤਿ ਨਿਰੰਤਰ ਜਾਗਰੂਕ ਕਰਦੇ ਚਲੇ ਆ ਰਹੇ ਹਨ। ਜਦੋਂ ਕਿ ਬਾਕੀ ਮਾਨੋ! ਸੌਂ ਹੀ ਗਏ ਜਾਪਦੇ ਹਨ।
ਚਾਹੀਦਾ ਤਾਂ ਇਹ ਸੀ, ਕਿ ਦੇਸ਼ਾਂ,ਵਿਦੇਸ਼ਾਂ ਵਿੱਚ ਵਸਦੇ ਸਿੱਖ ਜਗਤ ਨੂੰ ਜਾਗ੍ਰਿਤ ਕਰਨ ਲਈ ਇਨ੍ਹਾਂ ਵਲੋਂ ਇੱਕ ਜਬਰਦਸਤ ਲਹਿਰ ਪੈਦਾ ਕੀਤੀ ਜਾਂਦੀ। ਸ੍ਰੋਮਣੀ ਕਮੇਟੀ ਨੂੰ ਰਾਜਸੀ ਪ੍ਰਭਾਵ ਤੋਂ ਨਿਜਾਤ ਦਿਵਾਉਂਣ ਲਈ ਸਿੱਖਾਂ ਅੰਦਰ ਇਨਕਲਾਬੀ ਜੋਸ਼ ਪੈਦਾ ਕੀਤਾ ਜਾਂਦਾ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮ ਕੇ ਸਿੱਖੀ ਸਮਾਗਮ ਕਰਵਾਏ ਜਾਂਦੇ। ਪਰ ਅਜਿਹਾ ਕੁੱਝ ਵੀ ਨਹੀਂ ਹੋਇਆ। ਰਾਜਸੀ ਪ੍ਰਭਾਵ ਜਾਲਮ ਹੁੰਦਾ ਗਿਆ। ਇੱਕ ਤੋਂ ਬਾਅਦ ਇੱਕ ਜਥੇਦਾਰ ਬਦਲੇ ਜਾਂਦੇ ਰਹੇ। ਇਹ ਲਿਖਣ’ਚ ਵੀ ਕੋਈ ਸੰਕੋਚ ਨਹੀਂ ਕਿ ਮੌਜੂਦਾ ਤਖਤਾਂ ਤੇ ਸ਼ੁਸ਼ੋਭਿਤ ਜਥੇਦਾਰ ਵੀ ਆਪਣੀਆਂ ਪਦਵੀਆਂ ਸੁਰਖਿਅਤ ਰੱਖਣ ਲਈ ‘ਧਰਮ’ ਤੋਂ ਪਾਸਾ ਵੱਟਦੇ ਦਿਸਦੇ ਹਨ। ਇਸ ਗੱਲ ’ਚ ਕੋਈ ਝੂਠ ਨਹੀਂ ਕਿ ਹੁਣੇ ਜਿਹੇ ਜਾਰੀ ਕੀਤੇ ਗਏ ਤੀਸਰੇ ਨਾਨਕਸ਼ਾਹੀ ਕੈਲੰਡਰ ਦੀ ਤਕਦੀਰ ਲਿਖ ਕੇ, ਇਨ੍ਹਾਂ ਨੇ ਆਪਣੀ ਉਮਰ ਵਧਾਈ ਹੈ।
ਸਿੱਖ ਧਰਮ ਦਾ ਉਦੇਸ਼, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਉਪਦੇਸ਼ ਅਤੇ ਪੰਥ ਵਿੱਚ ਆਈ ਗਿਰਾਵਟ ਦੀ ਸਹੀ ਤਸਵੀਰ ਸਾਧਾਰਨ ਸਿੱਖ ਦੇ ਪੇਸ਼ ਨਹੀਂ ਕੀਤੀ ਜਾ ਰਹੀ। ਸਿੱਖ ਸੰਗਤ ਨੂੰ ‘ਨਗਰ-ਕੀਰਤਨਾਂ’ ਦੇ ਗੇੜ’ਚ ਪਾਇਆ ਹੋਇਆ ਹੈ। ਅਜੇ ਕੁੱਝ ਸਮਾਂ ਪਹਿਲਾਂ ਹੀ ‘ਸ੍ਰੀ ਗੁਰੂ ਨਾਨਕ ਸਾਹਿਬ’ ਜੀ ਦੇ ਪ੍ਰਕਾਸ਼ ਦਿਹਾੜੇ ਪ੍ਰਭਾਤ-ਫੇਰੀਆਂ ਤੇ ਨਿਸ਼ਚਿਤ ਦਿਨ ਉੱਤੇ ਨਗਰ-ਕੀਰਤਨ ਸਜਾਇਆ ਜਾਂਦਾ ਸੀ।
ਹੁਣ ਤਾਂ ‘ਭੰਡਾ-ਭੰਡਾਰੀਆ ਕਿਤਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ’ ਵਾਲੇ ਹਾਲਾਤ ਬਣੇ ਪਏ ਹਨ। ਅਸਾਨੂੰ ਸਿੱਖ ਸੰਗਤ ਨੂੰ ਗੁਰੂ-ਆਸ਼ੇ ਦੇ ਅਸਲ ਨਿਸ਼ਾਨੇ ਤੋਂ ਭਟਕਾ ਦਿੱਤਾ ਹੈ। ਇਹੋ ਵਜ੍ਹਾ ਹੈ ਕਿ ਅਧਿਉਂ ਵੱਧ ਸਿੱਖ ਸੰਸਾਰ ਪੂਰਾ ਸਿਰ-ਗੁੰਮ ਹੈ। ਸਿੱਖ ਨੂੰ ਆਪਣੀ ਹੋਂਦ ਦੱਸਣ ਲਈ ਦਸਤਾਰ ਦਿਵਸ ਮਨਾਉਂਣੇ ਪੈ ਰਹੇ ਹਨ। ਗੱਡੀਆਂ, ਕਾਰਾਂ ਉੱਤੇ ਸਟਿੱਕਰ ਲਾਂ ਕੇ ਦੱਸਣਾ ਪੈਂਦਾ ਹੈ ਕਿ ‘I am Proud to be a Sikh’ ਜਦੋਂ ਕਿ ਲੋੜ ਹੈ, ਘਰ ਘਰ ਗੁਰੂ-ਉਪਦੇਸ਼ ਪਹੁੰਚਾ ਕੇ, ਸਿੱਖ ਨੂੰ ਜਾਗ੍ਰਿਤ ਕੀਤਾ ਜਾਏ। ਪੰਥਕ ਝਗੜੇ-ਝੇੜੇ ਆਪੇ ਮੁੱਕ ਜਾਣਗੇ। ਬਸ, ਧਰਮੀ ਬੰਦਿਆਂ ਤੇ ਪੰਥਕ ਦਰਦੀਆਂ ਦੀ ਸੁਹਿਰਦ ਅਗਵਾਈ ਦੀ ਆਮ ਸਿੱਖ ਨੂੰ ਅਤਿ ਜਰੂਰਤ ਹੈ। ਫਿਰ, ‘ਪੰਥ ਤੇਰੇ ਦੀਆਂ ਗੂੰਜਾਂ,ਦਿਨੋ-ਦਿਨ ਪੈਣਗੀਆਂ’।
ਤਰਲੋਕ ਸਿੰਘ ‘ਹੁੰਦਲ’
ਕੀ ਪੰਥਕ ਫੈਸਲੇ ਅਦਾਲਤਾਂ ਲੈਣਗੀਆਂ ? ?
Page Visitors: 2716