ਕੈਟੇਗਰੀ

ਤੁਹਾਡੀ ਰਾਇ



ਕਮਲਦੀਪ ਕੌਰ
ਬਲਵੰਤ ਸਿੰਘ ਰਾਜੋਆਣਾਂ ਦਾ ਚਿਠੀ ਖਾਲਸਾ ਪੰਥ ਦੇ ਨਾਮ
ਬਲਵੰਤ ਸਿੰਘ ਰਾਜੋਆਣਾਂ ਦਾ ਚਿਠੀ ਖਾਲਸਾ ਪੰਥ ਦੇ ਨਾਮ
Page Visitors: 2863

ਬਲਵੰਤ ਸਿੰਘ ਰਾਜੋਆਣਾਂ ਦਾ ਚਿਠੀ ਖਾਲਸਾ ਪੰਥ ਦੇ ਨਾਮ
ਇਸ ਪਵਿੱਤਰ ਧਰਤੀ ਤੇ ਸਾਰੇ ਧਰਮਾਂ , ਵਰਗਾਂ ਦੇ ਚੰਗੇ ਅਤੇ ਸੁਹਿਰਦ ਲੋਕਾਂ ਦੀ ਅਗਵਾਈ ਵਿੱਚ ਸੱਚ ਦਾ ਰਾਜ ਸਥਾਪਤ ਕਰੀਏ ਤਾਂ ਕਿ ਇਸ ਧਰਤੀ ਤੇ ਇੰਨਾਂ ਜ਼ਾਲਮ , ਧੋਖੇਬਾਜ਼ ਅਤੇ ਜ਼ਾਲਮ ਲੁਟੇਰੇ ਹੁਕਮਰਾਨਾਂ ਵੱਲੋਂ ਫੈਲਾਏ ਗਏ ਅੰਧਕਾਰ ਨੂੰ ਦੂਰ ਕੀਤਾ ਜਾ ਸਕੇ ।
 ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
 ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਅੱਜ ਮੈਂ ਤੁਹਾਡੇ ਨਾਲ ਪਿਛਲੇ ਲੰਮੇ ਸਮੇਂ ਤੋਂ ਬਾਹਰੋਂ ਵੱਖਰੇ -2 ਰੰਗਾਂ ਵਿੱਚ ਵਿਚਰਦੇ ਪਰ ਅੰਦਰੋਂ ਇੱਕ ਹੀ ਰੰਗ ਵਿੱਚ ਸਮਾਏ ਹੋਏ ਬਦਲ-ਬਦਲ ਕੇ ਸਾਡੇ ਤੇ ਰਾਜ ਕਰਦੇ ਇੰਨਾਂ ਸਰਮਾਏਦਾਰ ਹੁਕਮਰਾਨਾਂ ਵੱਲੋਂ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਫੈਲਾਏ ਗਏ ਝੂਠ, ਧੋਖਾ, ਫਰੇਬ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਰੂਪੀ ਅੰਧਕਾਰ ਦੇ ਕਾਰਣ ਸਾਡਾ ਖ਼ਤਮ ਹੋ ਰਿਹਾ ਅਮੀਰ ਸੱਭਿਆਚਾਰ ਅਤੇ ਦਮ ਤੋੜਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਵਾਰੇ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ ।ਅੱਜ ਹਰ ਪਾਸੇ ਇੱਕ ਅਜਿਹੇ ਭ੍ਰਿਸ਼ਟ ਸਿਸਟਿਮ ਦਾ ਬੋਲਬਾਲਾ ਹੈ , ਜਿਸ ਨਾਲ ਸਾਡਾ ਹਰ ਰੋਜ਼ , ਹਰ ਮੌੜ, ਹਰ ਗਲੀ ਵਿੱਚ ਵਾਸਤਾ ਪੈਂਦਾ ਹੈ ।ਇਹ ਭ੍ਰਿਸ਼ਟ ਸਿਸਟਿਮ ਸਾਡੀ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਸਮਾਜਿਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰ ਰਿਹਾ ਹੈ ।ਸਾਡੇ ਤੇ ਰਾਜ ਕਰਦੇ ਇੰਨਾਂ ਸਰਮਾਏਦਾਰ ਹੁਕਮਰਾਨਾਂ ਨੇ ਆਪਣਾ ਰਾਜ ਧਰਮ ਛੱਡ ਕੇ ਡਾਕੂਆਂ ਅਤੇ ਲੁਟੇਰਿਆਂ ਦਾ ਰੂਪ ਧਾਰਨ ਕਰ ਲਿਆ ਹੈ ।
    ਕਾਨੂੰਨ ਅਤੇ ਇਨਸਾਫ਼ ਦੇ ਰਖਵਾਲੇ ਆਪਣੇ ਫ਼ਰਜਾਂ ਨਾਲ ਧੋਖਾ ਕਰਕੇ ਆਮ ਜਨਤਾ ਦੀ ਸੇਵਾ ਕਰਨ ਦੀ ਬਜਾਏ ਇੰਨ੍ਹਾਂ ਲੁਟੇਰੇ ਹੁਕਮਰਾਨਾਂ ਦੀ ਚਾਕਰੀ ਕਰਦੇ ਨਜ਼ਰ ਆਉਂਦੇ ਹਨ । ਚੋਣਾਂ ਵਿੱਚ ਵੱਡੀ ਪੱਧਰ ਤੇ ਪੈਸੇ ਅਤੇ ਨਸ਼ੇ ਵੰਡ ਕੇ ਜ਼ੋਰ ਜ਼ਬਰ ਨਾਲ ਚੁਣੇ ਹੋਏ
ਸਾਡੇ ਇੰਨਾਂ ਅਖੌਤੀ ਨੁਮਾਇੰਦਿਆਂ ਵੱਲੋਂ ਅਤੇ ਇਨਾਂ ਦੇ ਅਧੀਨ ਕੰਮ ਕਰਦੀ ਅਫ਼ਸਰਸ਼ਾਹੀ ਵੱਲੋਂ ਸਰਕਾਰੀ ਦਰਬਾਰੇ ਹਰ ਕੰਮ ਕਰਵਾਉਣ ਬਦਲੇ ਰਿਸ਼ਵਤਾਂ ਲੈਣੀਆਂ ਅਤੇ ਆਮ ਲੋਕਾਂ ਨਾਲ ਧੱਕੇਸ਼ਾਹੀਆਂ ਕਰਨਾ ਇੱਕ ਆਮ ਜਿਹਾ ਵਰਤਾਰਾ ਹੋ ਗਿਆ ਹੈ।ਹਰ ਕੰਮ ਕਰਵਾਉਣ ਬਦਲੇ ਰਿਸ਼ਵਤਾਂ ਅਤੇ ਹੁਕਮਰਾਨਾਂ ਦੀਆਂ ਧੱਕੇਸ਼ਾਹੀਆਂ ਨੂੰ ਸਹਿਣ ਨੂੰ ਅਸੀਂ ਆਪਣੇ ਸੁਭਾਅ ਦਾ ਹਿੱਸਾ ਬਣਾ ਕੇ ਪੂਰੀ ਤਰ੍ਹਾਂ ਸਵੀਕਾਰ ਕਰ ਚੁੱਕੇ ਹਾਂ ।ਸਾਰੀਆਂ ਹੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀਆਂ ਇੰਨਾਂ ਜ਼ਾਲਮ ਅਤੇ ਲੁਟੇਰੇ ਹੁਕਮਰਾਨਾਂ ਦੇ ਅਤੇ ਭਿਸ਼ਟ ਅਫ਼ਸਰਸ਼ਾਹੀ ਦੇ ਹੱਕ ਵਿੱਚ ਭੇਦ ਭਰੇ ਤਰੀਕੇ ਨਾਲ ਖਾਮੋਸ਼ ਹੋ ਗਈਆਂ ਹਨ । ਹੋਰ ਕਿਸੇ ਪਾਸਿਓ ਵੀ ਇਸ ਧਰਤੀ ਤੇ ਫੈਲੇ ਇਸ ਅੰਧਕਾਰ ਦੇ ਖ਼ਿਲਾਫ ਕੋਈ ਸੁਹਿਰਦ ਆਵਾਜ਼ ਉਠਦੀ ਨਜ਼ਰ ਨਹੀਂ ਆ ਰਹੀ ।ਇੰਨਾਂ ਸਰਮਾਏਦਾਰ ਹੁਕਮਰਾਨਾਂ ਵੱਲੋਂ ਆਪਣੇ ਰਾਜ ਧਰਮ ਨਾਲ ਅਤੇ ਅਫ਼ਸਰਸ਼ਾਹੀ ਵੱਲੋਂ ਆਪਣੇ ਫ਼ਰਜਾਂ ਨਾਲ ਕੀਤੇ ਜਾ ਰਹੇ ਧੋਖੇ ਦੇ ਕਾਰਣ ਭਿਸ਼ਸਟਾਚਾਰ ਦੀ ਇਹ ਬੀਮਾਰੀ ਉਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਪੂਰੀ ਤਰ੍ਹਾਂ ਫੈਲ ਚੁੱਕੀ ਹੈ ।ਹਰ ਪਾਸੇ ਮੌਕਾਪ੍ਰਸਤੀ , ਹਫ਼ਰਾ,ਤਫ਼ਰੀ ਡਰ ਅਤੇ ਸਹਿਮ ਦਾ ਮਾਹੌਲ ਹੈ ।ਇਨਸਾਨੀ ਰਿਸ਼ਤਿਆਂ ਵਿਚਲਾ ਪਿਆਰ ਵਿਸਵਾਸ਼ ਅਤੇ ਸੰਸਕਾਰ ਦਮ ਤੋੜ ਰਹੇ ਹਨ । ਇਸ ਪੂਰੇ ਵਰਤਾਰੇ ਦੇ ਪਿੱਛੇ ਇੰਨਾਂ ਜ਼ਾਲਮ ਹੁਕਮਰਾਨਾਂ ਵੱਲੋਂ ਫੈਲਾਈ ਗਈ ਲੁੱਟ-ਘਸੁੱਟ ਅਤੇ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਨਾਲ ਆਪਣਾ ਰੋਲ ਅਦਾ ਕਰਦਾ ਨਜ਼ਰ ਆ ਰਿਹਾ ਹੈ ।
 ਖਾਲਸਾ ਜੀ , ਹਰ ਉਹ ਵਿਅਕਤੀ ਭਾਵੇਂ ਉਹ ਰਾਜਨੇਤਾ ਹੋਵੇ, ਕੋਈ ਅਫ਼ਸਰ ਹੋਵੇ, ਕੋਈ ਵੀ ਸਰਕਾਰੀ ਕਰਮਚਾਰੀ ਹੋਵੇ ਜਾਂ ਕੋਈ ਵੀ ਸਮਾਜ ਸੇਵਕ ਹੋਵੇ ਜੋ ਕਿਸੇ ਦੂਸਰੇ ਵਿਅਕਤੀ ਦਾ ਜਾਇਜ ਜਾਂ ਨਜਾਇਜ ਕੰਮ ਕਰਵਾਉਣ ਬਦਲੇ ਕੋਈ ਰਿਸ਼ਵਤ ਲੈਂਦਾ ਹੈ ਤਾਂ ਸੱਭ ਤੋਂ ਪਹਿਲਾਂ ਉਹ ਆਪਣੀ ਜ਼ਮੀਰ ਨਾਲ , ਆਪਣੇ ਫ਼ਰਜ ਨਾਲ , ਆਪਣੇ ਧਰਮ ਨਾਲ, ਆਪਣੀ ਕੌਮ ਨਾਲ , ਅਤੇ ਆਪਣੇ ਦੇਸ਼ ਨਾਲ ਧੋਖਾ ਕਰ ਰਿਹਾ ਹੁੰਦਾ ਹੈ , ਗੱਦਾਰੀ ਕਰ ਰਿਹਾ ਹੁੰਦਾ ਹੈ । ਫਿਰ ਜਦੋਂ ਕਿਸੇ ਧਰਤੀ ਤੇ ਅਜਿਹੇ ਧੋਖੇਬਾਜ਼ , ਮੌਕਾਪ੍ਰਸਤ ਅਤੇ ਗੱਦਾਰ ਲੋਕ ਉੱਚ ਅਹੁਦਿਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਹਰ ਮੋੜ , ਹਰ ਗਲੀ ਵਿੱਚ ਬੈਠੇ ਹੋਣ , ਜਦੋਂ ਗਰੀਬ ਜਨਤਾ ਦੀ ਲੁੱਟ ਘਸੁੱਟ ਕਰਨ ਵਾਲੇ ਅਜਿਹੇ ਧੋਖੇਬਾਜ਼ ਅਤੇ ਗੱਦਾਰ ਲੋਕ ਕਿਸੇ ਸਮਾਜ ਦੇ ਸਨਮਾਨਜਨਕ ਨਾਗਰਿਕ ਅਤੇ  ਸ਼ੋ-ਆਰਾਮ ਦੇ ਸਾਰੇ ਸਾਧਨਾਂ ਦੇ ਮਾਲਕ ਬਣ ਜਾਣ , ਜਦੋਂ ਕਿਸੇ ਸਮਾਜ ਦਾ ਵੱਡਾ ਹਿੱਸਾ ਅਜਿਹਾ ਅੰਧਕਾਰ ਫੈਲਾਉਣ ਵਿੱਚ ਸ਼ਾਮਿਲ ਹੋ ਜਾਵੇ , ਜਦੋਂ ਸੱਚੇ, ਸੁੱਚੇ ਅਤੇ ਇਮਾਨਦਾਰ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਦੁੱਖਾਂ ਤਕਲੀਫ਼ਾਂ ਦੀ ਜਿੰਦਗੀ ਜੀਣ ਲਈ ਮਜ਼ਬੂਰ ਹੋ ਜਾਣ ਤਾਂ ਉਸ ਸਮੇਂ , ਉਸ ਧਰਤੀ ਤੇ ਸੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਦਾ ਅਤੇ ਚੰਗੇ ਸੰਸਕਾਰਾਂ ਦਾ ਦਮ ਤੋੜਨਾ ਸੁਭਾਵਿਕ ਹੀ ਹੈ । ਕਿਉਂਕਿ ਅਜਿਹਾ ਹਰ ਉਹ ਵਿਅਕਤੀ , ਆਪਣੀ ਜ਼ਮੀਰ ਨਾਲ , ਆਪਣੇ ਫ਼ਰਜ ਨਾਲ , ਆਪਣੇ ਧਰਮ ਨਾਲ , ਆਪਣੀ ਕੌਮ ਨਾਲ , ਆਪਣੇ ਦੇਸ਼ ਨਾਲ ਧੋਖਾ ਅਤੇ ਗੱਦਾਰੀ ਕਰਦਾ ਹੈ ਉਹ ਕਦੇ ਵੀ ਇਨਸਾਨੀ ਰਿਸ਼ਤਿਆਂ ਨਾਲ ਵਫ਼ਾ ਨਹੀਂ ਕਰ ਸਕਦਾ । ਇਸੇ ਕਰਕੇ ਅਜਿਹੀ ਮਾਨਸਿਕਤਾ ਦੇ ਕਾਰਣ ਹੀ ਸਾਡਾ ਸਮਾਜਿਕ ਤਾਣਾ ਬਾਣਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ।
 ਖਾਲਸਾ ਜੀ , ਜਦੋਂ ਕਿਸੇ ਦੇਸ਼ ਦੇ ਜਾਂ ਰਾਜ ਦੇ ਰਾਜੇ ਦਾ ਜਾਂ ਚੁਣੇ ਹੋਏ ਨੁਮਾਇੰਦਿਆਂ ਦੇ ਰਾਜ ਕਰਨ ਦਾ ਮਨੋਰਥ ਲੋਕਾਈ ਦੀ ਸੇਵਾ ਕਰਨਾ ਹੋਵੇਗਾ , ਤਾਂ ਉਹ ਹਮੇਸ਼ਾਂ ਸੱਚੇ ਸੁੱਚੇ ਇਮਾਨਦਾਰ ਲੋਕਾਂ ਨੂੰ , ਇਮਾਨਦਾਰ ਅਫ਼ਸਰਾਂ ਨੂੰ ਆਪਣੇ ਨਾਲ ਰੱਖਣਗੇ , ਚੰਗੇ ਅਤੇ ਇਮਾਨਦਾਰ ਅਫ਼ਸਰਾਂ ਦੇ ਹੱਥ ਵਿੱਚ ਪ੍ਰਸ਼ਾਸਨਿਕ ਸ਼ਕਤੀ ਨੂੰ ਦੇਣਗੇ ਤਾਂ ਕਿ ਜਨਤਾ ਦੀ ਸੇਵਾ ਕਰਕੇ ਆਪਣਾ ਰਾਜ ਧਰਮ ਨਿਭਾਇਆ ਜਾ ਸਕੇ । ਆਮ ਲੋਕਾਂ ਦੇ ਦੁੱਖ ਦਰਦ ਦੂਰ ਕਰਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ , ਆਮ ਲੋਕਾਂ ਨੂੰ ਇਨਸਾਫ਼ ਦਿੱਤਾ ਜਾ ਸਕੇ , ਤਾਂ ਕਿ ਆਮ ਲੋਕਾਂ ਦੇ ਹੱਕਾਂ ਦੀ ਅਤੇ ਜਾਨ ਮਾਲ ਦੀ ਰਾਖੀ ਕੀਤੀ ਜਾ ਸਕੇ । ਸਮਾਜ ਵਿੱਚ ਕੋਈ ਵੀ ਮਾੜਾ ਅਨਸਰ ਸਿਰ ਨਾ ਚੁੱਕ ਸਕੇ , ਚੰਗੇ ਅਤੇ ਇਮਾਨਦਾਰ ਲੋਕਾਂ ਦਾ ਸਨਮਾਨ ਕੀਤਾ ਜਾ ਸਕੇ । ਅਜਿਹੇ ਚੰਗੇ ਅਤੇ ਸੁਚੱਜੇ ਰਾਜਨੀਤਿਕ ਅਤੇ ਸਮਾਜਿਕ ਮਾਹੌਲ ਵਿੱਚੋਂ ਹੀ ਚੰਗੇ ਸੰਸਕਾਰ ਅਤੇ ਸੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਜਨਮ ਲੈਂਦੀਆਂ ਹਨ ।
ਪਰ ਖਾਲਸਾ ਜੀ , ਜਿਸ ਦੇਸ਼ ਦੇ ਜਾਂ ਰਾਜ ਦੇ ਰਾਜੇ ਦਾ ਜਾਂ ਚੁਣੇ ਹੋਏ ਨੁਮਾਇੰਦਿਆਂ ਦੇ ਰਾਜ ਕਰਨ ਦਾ ਮਨੋਰਥ ਗਰੀਬ ਜਨਤਾ ਦੀ ਹੱਕ ਅਤੇ ਸੱਚ ਦੀ ਕਮਾਈ ਨੂੰ ਹਰ ਮੋੜ, ਹਰ ਗਲੀ ਵਿਚ ਲੁੱਟ ਕੇ ਆਪਣੇ ਵੱਡੇ-ਵੱਡੇ ਕਾਰੋਬਾਰ ਕਰਨਾ ਹੋਵੇਗਾ ਤਾਂ ਅਜਿਹੇ ਹੁਕਮਰਾਨ ਹਮੇਸ਼ਾਂ ਸਮਾਜ ਵਿਚਲੇ ਮਾੜੇ ਅਨਸਰਾਂ ਨੂੰ , ਭ੍ਰਿਸ਼ਟ ਅਫ਼ਸਰਾਂ ਨੂੰ ਆਪਣੇ ਨਾਲ ਰੱਖਣਗੇ ।ਅਜਿਹੇ ਲੋਕਾਂ ਦੇ ਹੱਥ ਵਿੱਚ ਹੀ ਪ੍ਰਸ਼ਾਸਨਿਕ ਸ਼ਕਤੀ ਨੂੰ ਦੇਣਗੇ ਤਾਂ ਕਿ ਲੋਕਾਈ ਨਾਲ ਧੱਕੇਸ਼ਾਹੀਆਂ ਅਤੇ ਜ਼ੁਲਮ ਕੀਤਾ ਜਾ ਸਕੇ , ਤਾਂ ਕਿ ਜਨਤਾ ਦੇ ਹੱਕਾਂ ਦੀ ਆਵਾਜ਼ ਨੂੰ ਅਤੇ ਆਪਣੇ ਵੱਲੋਂ ਕੀਤੇ ਜਾ ਰਹੇ ਜ਼ੁਲਮ ਦੇ ਖਿਲਾਫ਼ ਉਠਦੀ ਹਰ ਆਵਾਜ਼ ਨੂੰ ਜ਼ੋਰ ਜ਼ਬਰ ਨਾਲ ਦਬਾਇਆ ਜਾ ਸਕੇ । ਵੱਡੇ ਤੋਂ ਵੱਡੇ ਭ੍ਰਿਸ਼ਟ ਅਫ਼ਸਰਾਂ ਨੂੰ ਉੱਚ ਅਹੁਦਿਆਂ ਤੇ ਬੈਠਾਉਣਗੇ ਤਾਂ ਕਿ ਜਨਤਾ ਦੀ ਹੱਕ ਅਤੇ ਸੱਚ ਦੀ ਕਮਾਈ ਨੂੰ ਹਰ ਮੋੜ, ਹਰ ਗਲੀ ਵਿੱਚ ਲੁੱਟਿਆ ਜਾ ਸਕੇ।ਫਿਰ ਇਹ ਮਾੜੇ ਅਨਸਰ ਇੰਨਾਂ ਜ਼ਾਲਮ ਅਤੇ ਲੁਟੇਰੇ ਹੁਕਮਰਾਨਾਂ ਦੀ ਅਤੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਜਿੱਥੇ ਜਨਤਾ ਤੇ ਜ਼ੁਲਮ ਕਰਦੇ ਹਨ ਉਥੇ ਸਮਾਜ ਵਿੱਚ ਝੂਠ, ਧੋਖਾ, ਫਰੇਬ, ਭ੍ਰਿਸਟਾਚਾਰ ਅਤੇ ਨਸ਼ਿਆਂ ਰੂਪੀ ਅੰਧਕਾਰ ਨੂੰ ਫੈਲਾ ਕੇ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ।
 ਖਾਲਸਾ ਜੀ , ਪੰਜਾਬ ਦੀ ਪਵਿੱਤਰ ਧਰਤੀ ਤੇ ਅੱਜ ਹਰ ਪਾਸੇ ਫੈਲੀ ਲੁੱਟ-ਘਸੁੱਟ , ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਵਗਦੇ ਦਰਿਆਵਾਂ ਦੇ ਲਈ ਸਾਡੇ ਤੇ ਪਿਛਲੇ ਲੰਮੇ ਸਮੇਂ ਤੋਂ ਰਾਜ ਕਰਦੇ ਇਹ ਸਰਮਾਏਦਾਰ ਹੁਕਮਰਾਨ ਪੂਰੀ ਤਰ੍ਹਾਂ ਨਾਲ ਜਿੰਮੇਵਾਰ ਹਨ । ਇਸ ਪਵਿੱਤਰ ਧਰਤੀ ਤੇ ਫੈਲੇ ਹੋਏ ਜ਼ੁਲਮ ਨੂੰ ਦੇਖ ਕੇ ਇਹੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੁਰਾਤਨ ਸਮੇਂ ਦੇ ਡਾਕੂਆਂ ਦੀਆਂ ਰੂਹਾਂ ਸਾਡੇ ਅੱਜ ਦੇ ਇੰਨਾਂ ਸਰਮਾਏਦਾਰ ਹੁਕਮਰਾਨਾਂ ਦੇ ਅੰਦਰ ਪ੍ਰਵੇਸ਼ ਕਰ ਗਈਆਂ ਹੋਣ । ਬੱਸ ਫ਼ਰਕ ਸਿਰਫ ਇੰਨਾਂ ਹੀ ਹੈ ਕਿ ਪਹਿਲਾਂ ਇਹ ਡਾਕੂ ਮੱਥੇ ਤੇ ਲਾਲ ਰੰਗ ਲਾ ਕੇ ਹਥਿਆਰਾਂ ਨਾਲ ਲੈਸ ਹੋ ਕੇ ਘੋੜਿਆ ਉਪਰ
ਵਿਚਰਦੇ ਲੋਕਾਂ ਦੀ ਲੁੱਟ-ਘਸੁੱਟ ਕਰਦੇ ਸਨ , ਪਰ ਹੁਣ ਇਹ ਤਰੱਕੀ ਕਰਕੇ ਵੱਡੀਆਂ-ਵੱਡੀਆਂ ਗੱਡੀਆਂ ਅਤੇ ਹਵਾਈ ਜਹਾਜਾਂ ਦੇ ਮਾਲਕ ਬਣ ਬੈਠੇ ਹਨ , ਨਵੀਨਤਮ ਹਥਿਆਰਾਂ ਨਾਲ ਲੈਸ ਇਨ੍ਹਾਂ ਦੀ ਫੌਜ ਇੰਨਾਂ ਹੁਕਮਰਾਨਾਂ ਦੀਆਂ ਗੱਡੀਆਂ ਦੇ ਅੱਗੇ ਪਿੱਛੇ ਚਲਦੀ ਹੈ । ਹੁਣ ਇਹ ਮੱਥੇ ਉਪਰ ਰੰਗ ਲਗਾਉਣ ਦੀ ਬਜਾਏ ਆਪਣੀਆਂ ਗੱਡੀਆਂ ਦੇ ਮੱਥਿਆਂ ਉਪਰ ਲਾਲ ਬੱਤੀਆਂ ਲਗਾਉਂਦੇ ਹਨ । ਹੂਟਰ ਮਾਰਦੀਆਂ ਅਤੇ ਦਹਿਸ਼ਤ ਫੈਲਾਉਂਦੀਆਂ ਇੰਨਾਂ ਦੀਆਂ ਗੱਡੀਆਂ ਦੇ ਕਾਫਲਿਆਂ ਨੂੰ ਦੇਖ ਕੇ ਕਦੇ ਵੀ ਇਹ ਅਹਿਸਾਸ ਨਹੀਂ ਹੁੰਦਾ ਇਹ ਸਾਡੀ ਸੇਵਾ ਲਈ ਚੁਣੇ ਹੋਏ ਸਾਡੇ ਨੁਮਾਇੰਦੇ ਹਨ , ਸਗੋਂ ਇੰਨਾਂ ਦੇ ਕਾਫਲਿਆਂ ਨੂੰ ਦੇਖ ਕੇ ਹਮੇਸ਼ਾਂ ਹੀ ਇਹ ਮਹਿਸੂਸ ਹੁੰਦਾ ਹੈ ਕਿ ਇਹ ਲੋਕ ਜਿਵੇਂ ਸਾਨੂੰ ਲੁੱਟਣ ਅਤੇ ਕੁੱਟਣ ਵਾਲੇ ਲੁਟੇਰੇ ਅਤੇ ਸਮਾਜ ਵਿੱਚ ਦਹਿਸ਼ਤ ਫੈਲਾਉਣ ਵਾਲੇ ਕੋਈ ਦਹਿਸ਼ਤਗਰਦ ਹੋਣ ।
  ਖਾਲਸਾ ਜੀ , ਇਹ ਵੇਲਾ ਸਾਡੇ ਜਾਗ ਜਾਣ ਦਾ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ । ਇਹ ਲੁਟੇਰੇ ਅਤੇ ਜ਼ਾਲਮ ਹੁਕਮਰਾਨ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਰਾਹਾਂ ਵਿੱਚ ਉਹ ਕੰਡੇ ਵਿਛਾ ਰਹੇ ਹਨ ਜਿੰਨਾਂ ਨੂੰ ਚੁਗਣਾ ਸਾਡੇ ਲਈ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ ।ਅਸੀਂ ਆਪਣੇ ਮੱਥੇ ਉਪਰ ਧੋਖੇਬਾਜ ਅਤੇ ਭਿਸ਼ਟ ਹੋਣ ਦਾ ਕਲੰਕ ਲੈ ਕੇ ਦੁਨੀਆਂ ਦੇ ਜਿਸ ਕੋਨੇ ਵਿੱਚ ਜਾਵਾਂਗੇ , ਸਾਨੂੰ ਹਰ ਜਗ੍ਹਾਂ ਜਲਾਲਤ ਅਤੇ ਅਪਮਾਨ ਦਾ ਸਾਹਮਣਾ ਕਰਨਾ ਪਵੇਗਾ ।
 ਖਾਲਸਾ ਜੀ , ਮੇਰੀ ਸਮੁੱਚੇ ਖਾਲਸਾ ਪੰਥ ਅੱਗੇ ਅਤੇ ਹੋਰ ਸਾਰੇ ਧਰਮਾਂ ਦੇ , ਵਰਗਾਂ ਦੇ , ਸੱਚ ਨੂੰ ਪਿਆਰ ਕਰਨ ਵਾਲੇ ਲੋਕਾਂ ਅੱਗੇ ਇਹ ਬੇਨਤੀ ਹੈ ਕਿ ਜਦੋਂ ਕਿਸੇ ਸਮਾਜ ਦਾ ਬੁੱਧੀਜੀਵੀ ਵਰਗ ਅਤੇ ਧਾਰਮਿਕ ਲੋਕ ਆਪਣੇ ਫਰਜਾਂ ਨੂੰ ਭੁੱਲ ਕੇ ਲੁਟੇਰੇ ਅਤੇ ਜ਼ਾਲਮ ਹੁਕਮਰਾਨਾਂ ਦੀ ਚਾਕਰੀ ਕਰਨ ਲੱਗ ਪੈਣ , ਉਨ੍ਹਾਂ ਦੇ ਜ਼ੁਲਮ ਦੇ ਹਿੱਸੇਦਾਰ ਬਣ ਜਾਣ , ਜਦੋਂ ਆਪਣੇ ਆਪ ਨੂੰ ਸ਼ੰਘਰਸੀ ਅਖਵਾਉਣ ਵਾਲੇ ਲੋਕ ਆਪਣੇ ਪੈਰਾ ਵਿੱਚ ਪਈਆਂ ਬੇੜੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਬਜਾਏ  ਇਸ ਜ਼ੁਲਮ ਨੂੰ ਦੇਖ ਕੇ ਆਪਣੇ ਮੂੰਹ ਬੰਦ ਕਰ ਲੈਣ ਉਸ ਸਮੇਂ ਸਮਾਜ ਵਿੱਚ ਵਿਚਰਦੇ ਸੱਚ ਨੂੰ ਪਿਆਰ ਕਰਨ ਵਾਲੇ ਹਰ ਇੱਕ ਨਾਗਰਿਕ ਦਾ ਇਹ ਫ਼ਰਜ ਬਣ ਜਾਂਦਾ ਹੈ ਕਿ ਉਹ ਆਪਣੀ ਧਰਤੀ ਤੇ ਸੱਚ ਨੂੰ, ਧਰਮ ਨੂੰ , ਸੰਸਕਾਰਾਂ ਨੂੰ ਅਤੇ ਸੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਅਤੇ ਇਸ ਧਰਤੀ ਤੇ ਫੈਲੇ ਅੰਧਕਾਰ ਨੂੰ ਦੂਰ ਕਰਨ ਲਈ ਆਪਣੇ ਸ਼ੰਘਰਸ ਦੀ ਵਾਂਗਡੋਰ ਆਪਣੇ ਹੱਥਾਂ ਵਿੱਚ ਖ਼ੁਦ ਲੈ ਲੈਣ ।   
    2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇਸ ਪਵਿੱਤਰ ਧਰਤੀ ਤੇ ਸੱਚ ਨੂੰ ਬਚਾਉਣ ਦਾ ਅਤੇ ਇੰਨਾਂ ਜ਼ਾਲਮ ਅਤੇ ਲੁਟੇਰੇ ਹੁਕਮਰਾਨਾਂ ਦੀ ਗੁਲਾਮੀ ਤੋਂ ਮੁਕਤ ਹੋਣ ਦਾ ਇੱਕ ਸੁਨਹਿਰੀ ਮੌਕਾ ਲੈ ਕੇ ਆ ਰਹੀਆਂ ਹਨ । ਆਓ ਆਪਾ ਸਾਰੇ ਮਿਲ ਕੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇੰਨਾਂ ਜ਼ਾਲਮ ਅਤੇ ਲੁਟੇਰੇ ਹੁਕਮਰਾਨਾਂ ਦੀਆਂ ਚਾਲਾਂ ਨੂੰ ਨਾਕਾਮ ਕਰਕੇ ਇੰਨਾਂ ਦੇ ਅੰਧਕਾਰ ਫੈਲਾਉਂਦੇ ਜ਼ੁਲਮੀ ਰਾਜ ਭਾਗ ਦਾ ਤਖ਼ਤਾ ਪਲਟ ਦੇਣ ਦਾ ਪ੍ਰਣ ਕਰੀਏ ਤਾਂ ਕਿ ਇੰਨਾਂ ਸਰਮਾਏਦਾਰ ਹੁਕਮਰਾਨਾਂ ਦੀ ਪੀੜੀ ਦਰ ਪੀੜੀ ਚੱਲੀ ਆ ਰਹੀ ਗੁਲਾਮੀ ਤੋਂ ਆਮ ਜਨਤਾ ਨੂੰ ਮੁਕਤ ਕਰਵਾਇਆ ਜਾ ਸਕੇ । ਇਸ ਪਵਿੱਤਰ ਧਰਤੀ ਤੇ ਸਾਰੇ ਧਰਮਾਂ , ਵਰਗਾਂ ਦੇ ਚੰਗੇ ਅਤੇ ਸੁਹਿਰਦ ਲੋਕਾਂ ਦੀ ਅਗਵਾਈ ਵਿੱਚ ਸੱਚ ਦਾ ਰਾਜ ਸਥਾਪਤ ਕਰੀਏ ਤਾਂ ਕਿ ਇਸ ਧਰਤੀ ਤੇ ਇੰਨਾਂ ਜ਼ਾਲਮ , ਧੋਖੇਬਾਜ਼ ਅਤੇ ਜ਼ਾਲਮ ਲੁਟੇਰੇ ਹੁਕਮਰਾਨਾਂ ਵੱਲੋਂ ਫੈਲਾਏ ਗਏ ਅੰਧਕਾਰ ਨੂੰ ਦੂਰ ਕੀਤਾ ਜਾ ਸਕੇ ।ਇੱਕ ਅਜਿਹੇ ਚੰਗੇ ਅਤੇ ਸੁਹਿਰਦ ਰਾਜਨੀਤਿਕ ਅਤੇ ਸਮਾਜਿਕ ਮਾਹੌਲ ਦੀ ਸਿਰਜਨਾ ਕਰੀਏ ਜਿਸ ਦੇ ਵਿੱਚੋਂ ਚੰਗੇ ਸੰਸਕਾਰ , ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਜਨਮ ਲੈ ਸਕਣ , ਇਨਸਾਨੀ ਰਿਸ਼ਤਿਆਂ ਵਿਚਲੇ ਪਿਆਰ ਸਤਿਕਾਰ ਅਤੇ ਵਿਸ਼ਵਾਸ ਨੂੰ ਬਹਾਲ ਕੀਤਾ ਜਾ ਸਕੇ , ਇਕ ਸੱਭਿਅਕ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਮਾਣ ਨਾਲ ਸਿਰ ਉੱਚਾ ਚੁੱਕ ਕੇ ਜੀਅ ਸਕਣ ।
   ਇੰਨਾਂ ਜ਼ਾਲਮ ਅਤੇ ਲੁਟੇਰੇ ਹੁਕਮਰਾਨਾਂ ਵੱਲੋਂ ਇਸ ਧਰਤੀ ਤੇ ਫੈਲਾਏ ਅੰਧਕਾਰ ਦੇ ਕਾਰਣ ਤੜਫਦੀ ਹੋਈ ਸਾਡੀ ਧਰਤੀ ਮਾਂ ਦੀ ਇਹੀ ਪੁਕਾਰ ਹੈ ਕਿ ਉਠੋ , ਇਸ ਜ਼ੁਲਮ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰੋ , ਪਲਟ ਦੇਵੋ ਇੰਨਾਂ ਦੇ ਜ਼ੁਲਮੀ ਅਤੇ ਅੰਧਕਾਰ ਫੈਲਾਉਂਦੇ ਰਾਜ ਭਾਗ ਦਾ ਤਖ਼ਤਾ , ਬਣ ਜਾਉ ਆਪਣੇ ਮਾਲਕ ਆਪ , ਤੋੜ ਦੇਵੋ ਇਨਾਂ ਸਰਮਾਏਦਾਰ ਹੁਕਮਰਾਨਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ , ਤਾਂ ਕਿ ਇਸ ਧਰਤੀ ਤੇ ਵੱਸਦੇ ਜੀਵਨਾਂ ਨੂੰ , ਇਨਸਾਨੀ ਰਿਸ਼ਤਿਆਂ ਵਿਚਲੇ ਵਿਸ਼ਵਾਸ ਨੂੰ ਅਤੇ ਸਾਡੇ ਅਮੀਰ ਵਿਰਸੇ ਨੂੰ ਬਚਾਇਆ ਜਾ ਸਕੇ । ਸਾਡਿਆਂ ਸਾਰਿਆਂ ਦਾ ਆਪਣੀ ਧਰਤੀ ਮਾਂ ਪ੍ਰਤੀ ਅਤੇ ਇਥੇ ਵਸਦੀ ਲੋਕਾਈ ਪ੍ਰਤੀ ਇਹੀ ਫ਼ਰਜ ਬਣਦਾ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਇਹ ਜ਼ਾਲਮ ਅਤੇ ਲੁਟੇਰੇ ਹੁਕਮਰਾਨ ਸਾਡਾ ਸੱਭ ਕੁਝ ਖ਼ਤਮ ਕਰ ਦੇਣਗੇ ।
 ਇਸ ਧਰਤੀ ਤੇ ਸੱਚ ਦੇ ਰਾਜ ਦੀ ਸਥਾਪਨਾ ਦਾ ਚਾਹਵਾਨ
 ਤੁਹਾਡਾ ਆਪਣਾ
 ਬਲਵੰਤ ਸਿੰਘ ਰਾਜੋਆਣਾਂ
 ਮਿਤੀ -21-3-2015 ਕੋਠੀ ਨੰ:16
 ਕੇਂਦਰੀ ਜੇਲ੍ਹ ਪਟਿਆਲਾ
 ਪੰਜਾਬ 
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.