(ਵਿਸ਼ਾ-ਸਤਵਾਂ, ਪੁਨਰਪਿ ਜਨਮੁ ਨ ਹੋਈ )
(ਭਾਗ ਤੀਜਾ)
ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥
ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥1॥
ਮੇਰੇ ਰਾਜਨ ਮੈ ਬੈਰਾਗੀ ਜੋਗੀ ॥ ਮਰਤ ਨਾ ਸੋਗ ਬਿਓਗੀ ॥1॥ਰਹਾਉ॥
ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥
ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥2॥
ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥3॥
ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥4॥2॥ (334-35)
॥ਰਹਾਉ॥ ਮੇਰੇ ਰਾਜਨ ਮੈ ਬੈਰਾਗੀ ਜੋਗੀ ॥ ਮਰਤ ਨਾ ਸੋਗ ਬਿਓਗੀ ॥1॥ਰਹਾਉ॥
ਹੇ ਮੇਰੇ ਪਾਤਸ਼ਾਹ(ਪ੍ਰਭੂ !) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ , (ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ।
॥1॥ ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥1॥
ਪ੍ਰਭੂ ਦੇ ਚਰਨਾ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ ਇਹ ਮਾਨੋ , ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ । ਪ੍ਰਭੂ ਦਾ ਯਥਾਰਥ ਗਿਆਨ-ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ । ਅਫੁਰ ਅਵਸਥਾ ਰੂਪ ਗੁਫਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ , ਮੇਰਾ ਮਨ ਹੀ ਮੇਰੀ ਗੁਫਾ ਹੈ , ਜਿਥੇ ਮੈਂ ਦੁਨੀਆਂ ਦੇ ਧੰਦਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ ,
ਮਾਨੋ , ਇਕ ਏਕਾਂਤ ਵਿਚ ਬੈਠਾ ਹੋਇਆ ਹਾਂ)। ਦੁਨੀਆਂ ਦੀਆਂ ਕਲਪਨਾ ਤਿਆਗ ਦੇਣੀਆਂ-ਇਹ ਹੈ ਮੇਰਾ (ਜੋਗ-) ਪੰਥ ।
॥2॥ ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥
ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥2॥
ਸਾਰੇ ਖੰਡ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ) ਇਹ ਮਾਨੋ , ਮੈਂ ਸਿੰਙੀ ਵਜਾ ਰਿਹਾ ਹਾਂ । ਸਾਰੇ ਜਗਤ ਨੂੰ ਨਾਸ਼ਵੰਤ ਸਮਝਣਾ ਇਹ ਹੈ ਮੇਰਾ ਸਵਾਹ ਪਾਉਣ ਵਾਲਾ ਥੈਲਾ । ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ - ਇਹ ਮਾਨੋ , ਮੈਂ ਤਾੜੀ ਲਾਈ ਹੋਈ ਹੈ । ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ।
॥3॥ ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥3॥
(ਮੇਰੇ ਅੰਦਰ) ਇਕ-ਰਸ ਕਿੰਗਰੀ (ਵੀਣਾ) ਵੱਜ ਰਹੀ ਹੈ । ਮੇਰਾ ਮਨ ਅਤੇ ਸੁਆਸ (ਉਸ ਕਿੰਗਰੀ ਦੇ) ਦੋਵੇਂ ਤੂੰਬੇ ਹਨ । ਸਦਾ ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ । ਸੁਰਤ ਦੀ ਤਾਰ (ਉਸ ਕਿੰਗਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ , ਕਦੇ ਟੁੱਟਦੀ ਨਹੀਂ ।
॥4॥ ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥4॥2॥
(ਇਸ ਅੰਦਰਲੀ ਕਿੰਗਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਸਮਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ ।
ਹੇ ਕਬੀਰ ! ਆਖ-ਜੋ ਲਗਨ ਵਾਲਾ ਜੋਗੀ ਅਜਿਹੀ ਖੇਡ , ਖੇਡ ਕੇ ਜਾਂਦਾ ਹੈ , ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ।
ਸਵਾਲ । ਜਿਸ ਬੰਦੇ ਨੇ ਪ੍ਰਭੂ ਦੇ ਚਰਨਾਂ ਵਿਚ ਲਗਨ ਨਹੀਂ ਲਗਾਈ , ਪ੍ਰਭੂ ਦੇ ਚਰਨਾਂ ਵਿਚ ਸੁਰਤ ਨਹੀਂ ਜੋੜਦਾ , ਪ੍ਰਭੂ ਦਾ ਨਾਮ ਨਹੀਂ ਸਿਮਰਦਾ , ਦੁਨੀਆਂ ਦੀਆਂ ਕਲਪਨਾਵਾਂ ਦਾ ਤਿਆਗ ਨਹੀਂ ਕਰਦਾ , ਮਾਇਆ ਦੇ ਪ੍ਰਭਾਵ ਹੇਠ ਹੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ , ਉਸ ਦਾ ਕੀ ਹੁੰਦਾ ਹੈ ?
ਅਮਰ ਜੀਤ ਸਿੰਘ ਚੰਦੀ
ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਸਤਵਾਂ, ਪੁਨਰਪਿ ਜਨਮੁ ਨ ਹੋਈ ) (ਭਾਗ ਤੀਜਾ) ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥
Page Visitors: 3031