ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਰਥੁ ਫਿਰੈ ਛਾਇਆ ਧਨ ਤਾਕੈ’ ਭਾਗ-2 :-
-: ‘ਰਥੁ ਫਿਰੈ ਛਾਇਆ ਧਨ ਤਾਕੈ’ ਭਾਗ-2 :-
Page Visitors: 3146





        -: ‘ਰਥੁ ਫਿਰੈ ਛਾਇਆ ਧਨ ਤਾਕੈ’ ਭਾਗ-2 :-
‘…..  …. ਟਾਇਮਜ਼’ ਵਾਲਿਆਂ ਨੇ ਆਪਣੀ ਵੈਬਸਾਇਟ ਤੇ “ਨਾਨਕਸ਼ਾਹੀ ਕੈਲੰਡਰ” ਬਾਰੇ ਵਿਚਾਰ ਚਰਚਾ ਜਾਰੀ ਕੀਤੀ ਹੈ।ਉਸੇ ਵਿਚਾਰ ਚਰਚਾ ਵਿੱਚ ਹਿੱਸਾ ਲੈਣ ਲਈ ਮੈਂ ਵੀ ਆਪਣੇ ਵਿਚਾਰ ਉਨ੍ਹਾਂਨੂੰ ਭੇਜੇ ਸਨ।ਵਿਚਾਰਾਂ ਦੇ ਨਾਲ ਮੈਂ ਲਿਖ ਦਿੱਤਾ ਸੀ ਕਿ ਜੇ ਮੇਰੇ ਵਿਚਾਰ ਉਨ੍ਹਾਂ ਦੀਆਂ ਮਿਥੀਆਂ ਕਿਸੇ ਸ਼ਰਤਾਂ ਮੁਤਾਬਕ ਨਾ ਹੋਣ ਤਾਂ ਦੱਸ ਦੇਣ ਤਾਂ ਕਿ ਲੇਖ ਵਿੱਚ ਲੋੜੀਂਦੇ ਸੁਧਾਰ ਕਰਕੇ ਲੇਖ ਦੁਬਾਰਾ ਤੋਂ ਭੇਜ ਦਿੱਤਾ ਜਾਵੇ।ਪਰ ਅਫਸੋਸ ਕਿ ਮੇਰਾ ਲੇਖ ਉਨ੍ਹਾਂਨੇ ਵੈਬ ਸਾਇਟ ਤੇ ਨਹੀਂ ਪਾਇਆ।ਲੇਖ ਨਾ ਪਾਏ ਜਾਣ ਦਾ ਕਾਰਨ ਪੁੱਛੇ ਜਾਣ ਤੇ ਜਵਾਬ ਮਿਲਿਆ ਕਿ ਸ਼ਾਇਦ ਮੇਰਾ ਲੇਖ ਉਨ੍ਹਾਂਨੂੰ ਮਿਲਿਆ ਨਹੀਂ ਹੋਣਾ।ਮੈਂ ਲੇਖ ਦੁਬਾਰਾ ਭੇਜ ਕੇ ਫੋਨ ਕਰਕੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਮੇਰਾ ਲੇਖ ਉਨ੍ਹਾਂਨੂੰ ਮਿਲ ਗਿਆ ਹੈ, ਅਗਲੇ ਹਫਤੇ ਪੋਸਟ ਕਰ ਦਿੱਤਾ ਜਾਵੇਗਾ।ਪਰ ਇਸ ਹਫਤੇ ਵੀ ਮੇਰੇ ਵਿਚਾਰ ਪੋਸਟ ਨਹੀਂ ਕੀਤੇ ਗਏ।ਮੈਨੂੰ ਇਸ ਗੱਲ ਦਾ ਗਿਲਾ ਨਹੀਂ ਕਿ ਵਿਚਾਰ ਚਰਚਾ ਵਿੱਚ ਮੇਰੇ ਵਿਚਾਰ ਕਿਉਂ ਨਹੀਂ ਪੋਸਟ ਕੀਤੇ ਗਏ ਕਿਉਂਕਿ ਮੈਨੂੰ ਪਤਾ ਹੈ ਕਿ ਕਈ ਵੈਬ ਸਾਇਟਾਂ ਵਾਲੇ ‘ਆਪਣੀ ਮੱਤ ਦੇ ਸਿੱਖ’ ਹਨ ਅਤੇ ਪੱਖਪਾਤ ਦਾ ਸ਼ਿਕਾਰ ਹੋਣ ਕਰਕੇ, ਆਪਣੀ ਮਰਜ਼ੀ ਮੁਤਾਬਕ ਕਿਸੇ ਦੇ ਵਿਚਾਰ ਪੋਸਟ ਕਰਦੇ ਹਨ।ਪਰ ਇਹ ਅਫਸੋਸ ਅਤੇ ਦੁਖ ਜਰੂਰ ਹੈ ਕਿ ਅਜੋਕੇ ਸਮੇਂ ਪੰਥ, ਪੱਖਪਾਤ ਦਾ ਸ਼ਿਕਾਰ ਅਤੇ ਧੜਿਆਂ ਵਿੱਚ ਵੰਡਿਆ ਪਿਆ ਹੈ।ਸਿੱਖਾਂ ਵਿੱਚ ਨਿਰਪੱਖ ਸੋਚ ਵਾਲਾ ਜਜ਼ਬਾ ਖਤਮ ਹੋ ਚੁੱਕਾ ਹੈ।ਇਹੀ ਪੱਖਪਾਤ ਸਿੱਖਾਂ ਵਿੱਚ ਪਏ ਭੁਲੇਖੇ ਦੂਰ ਕਰਨ ਦੀ ਬਜਾਏ ਭੁਲੇਖੇ ਹੋਰ ਵਧਾ ਰਿਹਾ ਹੈ ਅਤੇ ਸਿੱਖਾਂ ਨੂੰ ਧੜਿਆਂ ਵਿੱਚ ਵੰਡ ਰਿਹਾ ਹੈ।ਕਾਸ਼ ਕਿ ਸਿੱਖ (ਖਾਸ ਕਰਕੇ ਵੈਬ ਸਾਇਟਾਂ / ਮੈਗਜ਼ੀਨਾਂ ਦੇ ਸੰਪਾਦਕ) ਨਿਰਪੱਖਤਾ ਨਾਲ ਸੋਚਣ ਲੱਗ ਪੈਣ ਅਤੇ ਸਿੱਖ ਕੌਮ ਦੇ ਭਲੇ ਲਈ ਇਮਾਨਦਾਰ ਹੋ ਜਾਣ ਤਾਂ ਸਿੱਖ ਫੇਰ ਤੋਂ ਚੜ੍ਹਦੀ ਕਲਾ ਵਿੱਚ ਹੋ ਜਾਣ।
ਇਸ ਹਫਤੇ ਸਰਵਜੀਤ ਸਿੰਘ ਸੈਕਰਾਮੈਂਟੋ ਦੇ ‘…. … ਟਾਇਮਜ਼’ ਤੇ ਛਪੇ ਲੇਖ “ਗੁਰਬਾਣੀ ਦੀ ਪਰਖ-ਕਸਵੱਟੀ ਤੇ ਨਾਨਕਸ਼ਾਹੀ ਕੈਲੰਡਰ” ਵਿੱਚ ਪੁੱਛੇ ਗਏ ਸਵਾਲਾਂ ਸੰਬੰਧੀ (ਨੋਟ:- ਸਰਵਜੀਤ ਸਿੰਘ ਦਾ ਸੰਬੰਧਤ ਲੇਖ ਹੁਣ ‘ਦਾ ਖਾਲਸਾ’ ਤੇ ਵੀ ਛਪ ਗਿਆ ਹੈ) :-
? ਸਰਵਜੀਤ ਸਿੰਘ ਸੈਕਰਾਮੈਂਟੋ:- “ਕੀ ਸਿੱਖਾਂ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ?”
ਜਵਾਬ- ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਵੇ, ਇਹ ਕੋਈ ਜਰੂਰੀ ਨਹੀਂ ਪਰ, ਜੇ ਹੋਵੇ ਤਾਂ ਇਸ ਵਿੱਚ ਕੋਈ ਮਾੜੀ ਗੱਲ ਵੀ ਨਹੀਂ।ਪਰ ਨਾਨਕਸ਼ਾਹੀ ਕੈਲੰਡਰ ਨੂੰ ਸਿੱਖਾਂ ਦਾ ਕੈਲੰਡਰ ਅਤੇ ਗੁਰਬਾਣੀ ਆਧਾਰਿਤ ਕਹਿਣਾ ਸਿੱਖਾਂ ਨਾਲ ਧੋਖਾ ਹੈ।ਨਾਨਕਸ਼ਾਹੀ ਕੈਲੰਡਰ ਨੂੰ ਗੁਰਬਾਣੀ ਦੀ ਤੁਕ “ਰਥੁ ਫਿਰੈ ਛਾਇਆ ਧਨ ਤਾਕੈ” ਤੇ ਆਧਾਰਿਤ ਦੱਸਕੇ ਸਿੱਖਾਂ ਦਾ ਵੱਖਰਾ ਕੈਲੰਡਰ ਕਿਹਾ ਜਾ ਰਿਹਾ ਹੈ।ਜਦਕਿ ‘ਰਥੁ ਫਿਰੈ’ ਦੇ ਅਰਥ ‘(ਸੂਰਜ / ਧਰਤੀ ਦਾ) ਰਥ ‘ਫਿਰ ਜਾਂਦਾ ਹੈ, ਵਾਪਸ ਮੁੜ ਪੈਂਦਾ ਹੈ’ ਆਦਿ ਬਿਲਕੁਲ ਵੀ ਨਹੀਂ ਹੈ ਅਤੇ ਨਾ ਹੀ ‘ਸੂਰਜ / ਧਰਤੀ’ ਆਪਣਾ ਕੋਈ ਰੁਖ ਬਦਲਕੇ ਵਾਪਸ ਮੁੜ ਪੈਂਦੀ ਹੈ।ਅਰਥਾਤ ਆਪਣਾ ਪੱਖ ਪੂਰਨ ਲਈ, ਨਾ ਤਾਂ ਗੁਰਬਾਣੀ ਦੇ ਅਰਥ ਸਹੀ ਕੀਤੇ ਜਾ ਰਹੇ ਹਨ ਅਤੇ ਨਾ ਵੀ ਐਸਟਰੋ ਫਿਜਿਕਸ (ਖਗੋਲ ਵਿਗਿਆਨ) ਸੰਬੰਧੀ ਵਿਚਾਰ ਠੀਕ ਹਨ। ‘ਰਥੁ ਫਿਰੈ’ ਦਾ ਅਰਥ ਹੈ ਕਿ ‘ਸੂਰਜ/ ਧਰਤੀ’ ਦਾ ਰਥ (ਬਿਨਾ ਕਿਸੇ ਬਦਲਾਵ ਦੇ) ਆਪਣੀ ਚਾਲੇ ਫਿਰੀ / ਚੱਲੀ ਜਾਂਦਾ ਹੈ।ਅਤੇ ਵਿਗਿਆਨਕ ਪੱਖੋਂ, ਧਰਤੀ ਦੇ ਧੁਰੇ ਦਾ ਇਸ ਦੁਆਰਾ ਸੂਰਜ ਦੁਆਲੇ ਬਣਦੀ ਔਰਬਿਟ ਵੱਲ 23.5 ਡਿਗਰੀ ਝੁਕਾਵ ਹੋਣ ਕਰਕੇ ਮੌਸਮ ਬਦਲਦੇ ਹਨ।ਅਤੇ ਧਰਤੀ ਦੇ ਧੁਰੇ ਦਾ ਇਹ ਝੁਕਾਵ ਸਥਾਈ ਹੈ, ਸਾਲ ਦੇ ਕਿਸੇ ਖਾਸ ਸਮੇਂ ਵਾਪਰਨ ਵਾਲੀ ਘਟਨਾ ਨਹੀਂ।‘ਸੂਰਜ / ਧਰਤੀ’ ਦਾ ਰਥ ਵਾਪਸ ਮੁੜ ਪੈਂਦਾ ਹੈ ਕਹਿਣਾ, ਗੁਰਬਾਣੀ ਅਰਥਾਂ ਪੱਖੋਂ ਤਾਂ ਗ਼ਲਤ ਹੈ ਹੀ। ਵਿਗਿਆਨਕ ਪੱਖੋਂ ਵੀ ਐਸਰਟੋ-ਫਿਜਿਕਸ (ਖਗੋਲ ਵਿਗਿਆਨ) ਬਾਰੇ ਜਾਣਕਾਰੀ ਦੀ ਘਾਟ ਦਰਸਾਂਦਾ ਹੈ ਜਾਂ ਫੇਰ ਜਾਣ ਬੁੱਝਕੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਕਿਹਾ ਜਾ ਰਿਹਾ ਹੈ ਕਿ ਧਰਤੀ / ਸੂਰਜ ਆਪਣਾ ਰੁਖ (21 ਜੂਨ ਨੂੰ ) ਬਦਲਕੇ ਦੱਖਣ ਵੱਲ ਕਰ ਲੈਂਦਾ ਹੈ।
ਨਾਨਕਸ਼ਾਹੀ ਕੈਲੰਡਰ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਾਲ ਤੋਂ ਸ਼ੁਰੂ ਕਰਨਾ ਵੀ ਸਿੱਖ ਜਗਤ ਨਾਲ ਬਹੁਤ ਵਡਾ ਧੋਖਾ ਹੈ।ਜੇ ਇਹ ਕੈਲੰਡਰ ਅੱਜ ਬਣਿਆ ਹੈ ਤਾਂ ਇਹ ਸ਼ੁਰੂ ਵੀ ਅੱਜ ਤੋਂ ਹੀ ਹੋਣਾ ਚਾਹੀਦਾ ਹੈ, ਗੁਰੂ ਸਾਹਿਬ ਦੇ ਸਮੇਂ ਤੋਂ ਨਹੀਂ।ਗੁਰੂ ਸਾਹਿਬ ਦੇ ਜਨਮ ਦੇ ਸਾਲ ਤੋਂ ਸ਼ੁਰੂ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਭੁਲੇਖੇ ਅਤੇ ਵਿਵਾਦ ਖੜ੍ਹੇ ਹੋ ਜਾਣੇ ਲਾਜ਼ਮੀ ਹਨ।ਗੁਰੂ ਸਾਹਿਬ ਦੇ ਜਨਮ ਦੇ ਸਾਲ ਤੋਂ ਸ਼ੁਰੂ ਕਰਨ ਕਰਕੇ ਸਹਜੇ ਹੀ ਭੁਲੇਖਾ ਖੜ੍ਹਾ ਹੋ ਜਾਵੇਗਾ ਕਿ ਕੈਲੰਡਰ ਗੁਰੂ ਸਾਹਿਬ ਦੀ ਦੇਖ-ਰੇਖ ਵਿੱਚ ਬਣਿਆ ਹੋਵੇਗਾ, ਜਾਂ ਫੇਰ ਸ਼ਾਇਦ ਇਹ ਵੀ ਸਮਝਿਆ ਜਾਣ ਲੱਗ ਪਵੇ ਕਿ ਕੈਲੰਡਰ ਗੁਰੂ ਸਾਹਿਬ ਨੇ ਖੁਦ ਹੀ ਬਣਾਇਆ ਹੋਣਾ ਹੈ (ਸ਼ਾਇਦ ‘ਰੱਥੁ ਫਿਰੇ’ ਵਾਲੀ ਪੰਗਤੀ ਅਤੇ ਕੈਲੰਡਰ ਦਾ ਆਪਸੀ ਸੰਬੰਧ ਮਜਬੂਤ ਕਰਨ ਲਈ ਕੈਲੰਡਰ ਨੂੰ ਗੁਰੂ ਸਾਹਿਬ ਦੇ ਜਨਮ ਦੇ ਸਾਲ ਤੋਂ ਸ਼ੁਰੂ ਕੀਤਾ ਗਿਆ ਹੈ)।
ਨਾਨਕਸ਼ਾਹੀ ਕੈਲੰਡਰ ਵਿੱਚ ਆਪਣੇ ਹੀ ਹਿਸਾਬ ਨਾਲ ਮਿਥੀ ਮਹੀਨੇ ਦੀ ਪਹਿਲੀ ਤਰੀਕ ਨੂੰ ਸੰਗਰਾਂਦ ਨਾਮ ਦੇਣਾ ਵੀ ਖਗੋਲ ਵਿਗਿਆਨ ਬਾਰੇ ਨਾ ਸਮਝੀ ਦੀ ਨਿਸ਼ਾਨੀ ਹੈ।ਜਦਕਿ ਸਿਡੀਰੀਅਲ ਵਿਧੀ ਅਨੁਸਾਰ ਸੂਰਜ ਦਾ 12 ਰਾਸ਼ੀਆਂ ਵਿੱਚੋਂ ਇਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦਾ ਸਮਾਂ ਸੰਗ੍ਰਾਂਦ ਦਾ ਦਿਨ ਕਿਹਾ ਜਾਂਦਾ ਹੈ।ਇਹ ਠੀਕ ਹੈ ਕਿ ਸੰਗਰਾਂਦ ਜਾਂ ਕਿਸੇ ਵੀ ਹੋਰ ਖਾਸ ਦਿਨ ਨੂੰ ਉਚੇਚੇ ਤੌਰ ਤੇ ਮਨਾਉਣ ਪੱਖੋਂ ਗੁਰਮਤਿ ਵਿੱਚ ਕੋਈ ਮਾਨਤਾ ਨਹੀਂ ਹੈ ਜਾਂ ਦੂਸਰੇ ਲਫਜ਼ਾਂ ਵਿੱਚ ਕਹਿ ਸਕਦੇ ਹਾਂ ਕਿ ਸੰਗਰਾਂਦ ਦਾ ਗੁਰਮਤਿ / ਸਿੱਖਾਂ ਨਾਲ ਕੋਈ ਸੰਬੰਧ ਨਹੀਂ ਹੈ।ਅਤੇ ਰਾਸ਼ੀਆਂ ਨਾਲ ਵੀ ਸਿੱਖਾਂ ਦਾ ਕੋਈ ਸੰਬੰਧ ਨਹੀਂ ਹੈ।ਪਰ ਇਸ ਦਾ ਇਹ ਮਤਲਬ ਬਿਲਕੁਲ ਵੀ ਨਹੀਂ ਹੈ ਕਿ ਆਪਣੀ ਮਰਜੀ ਨਾਲ ਮਿਥੇ ਹੋਏ ਮਹੀਨੇ ਦੀ ਪਹਿਲੀ ਤਰੀਕ ਨੂੰ ਸੰਗਰਾਂਦ ਨਾਮ ਦੇ ਕੇ ਸੰਗ੍ਰਾਂਦ ਦੀ ਅਸਲੀਅਤ ਨੂੰ ਹੀ ਬਦਲ ਦਿੱਤਾ ਜਾਵੇ।ਸਰਵਜੀਤ ਸਿੰਘ ਸੈਕਰਾਮੈਂਟੋ ਵੱਲੋਂ ਇਹ ਵੀ ਤਰਕ ਦਿੱਤਾ ਗਿਆ ਸੀ ਕਿ ਸੂਰਜ ਤਾਂ ਸਥਿਰ ਹੈ, ਇਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਨਹੀਂ ਜਾਂਦਾ, ਇਸ ਲਈ ਸੰਗ੍ਰਾਂਦ ਵੀ ਬ੍ਰਹਮਣਾਂ ਦੁਆਰਾ ਫਰਜੀ ਮਿਥੀ ਗਈ ਹੈ।ਸਰਵਜੀਤ ਸਿੰਘ ਨੂੰ ਸ਼ਾਇਦ ਪਤਾ ਨਹੀਂ ਕਿ ਉਹ ਖੁਦ ਵੀ ਅਤੇ ਪੁਰੇਵਾਲ ਜੀ ਵੀ ਇਹ ਮੰਨ ਕੇ ਹੀ ਚੱਲੇ ਹਨ ਕਿ ਅਸਲ ਵਿੱਚ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਪਰ ਕਿਉਂਕਿ ਸੂਰਜ ਚੱਲਦਾ ਪ੍ਰਤੀਤ ਹੁੰਦਾ ਹੈ ਇਸ ਲਈ ਇਸ ਮੁਤਾਬਕ ਹੀ ਸ਼ਬਦਾਵਲੀ ਵਰਤੀ ਗਈ ਹੈ।ਸਰਵਜੀਤ ਸਿੰਘ ਨੇ ਖੁਦ ਵੀ ਆਪਣੇ ਲੇਖ ਵਿੱਚ ਲਿਖਿਆ ਹੈ ਕਿ ‘ਇਕ ਖਾਸ ਸਮੇਂ ਤੇ “ਸੂਰਜ ਵਾਪਸ ਦੱਖਣ ਨੂੰ ਮੁੜਦਾ” ਹੈ’।ਸੋ ਸੂਰਜ ਬੇਸ਼ੱਕ ਇਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਨਹੀਂ ਕਰਦਾ, ਪਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਇਸ ਲਈ ਇਸ ਤਰ੍ਹਾਂ ਸ਼ਬਦਾਵਲੀ ਵਰਤੀ ਜਾਂਦੀ ਹੈ।ਇਥੇ ਇਕ ਵਾਰੀਂ ਫੇਰ ਦੱਸਣਾ ਬਣਦਾ ਹੈ ਕਿ ਮੈਂ ਕੋਈ ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਨੂੰ “ਖਾਸ ਦਿਨ ਮੰਨਣ- ਮਨਾਉਣ ਵਜੋਂ” ਸਮਰਥਨ ਨਹੀਂ ਕਰ ਰਿਹਾ ਬਲਕਿ ਇਹ ਦੱਸਣਾ ਹੈ ਕਿ ਖਗੋਲ ਵਿਗਿਆਨ ਅਨੁਸਾਰ ਸੰਗਰਾਂਦ ਦਾ ਦਿਨ ਫ਼ਰਜੀ ਨਹੀਂ ਹੁੰਦਾ।
ਅੱਜ ਕਲ੍ਹ ਚੰਦ ਆਧਾਰਤ ਕੈਲੰਡਰ ਦਾ ਪ੍ਰਯੋਗ ਆਮ ਨਾ ਹੋਣ ਕਰਕੇ ਬਿਕਰਮੀ ਕੈਲੰਡਰ ਨੂੰ ਸਮਝਣਾ ਅਤੇ ਇਸ ਮੁਤਾਬਕ ਇਤਿਹਾਸਕ ਦਿਨਾਂ ਨੂੰ ਸੀ ਈ ਕੈਲੰਡਰ ਵਿੱਚ ਕਨਵਰਟ ਕਰਨਾ ਆਮ ਆਦਮੀ ਲਈ ਸੌਖਾ ਨਹੀਂ ਹੈ।ਇਸ ਲਈ ਮੇਰੇ ਵਿਚਾਰ ਅਨੁਸਾਰ ਸਹੂਲਤ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਸਮੇਂ ਵਰਤੇ ਜਾਂਦੇ ਕੈਲੰਡਰ ਵਿੱਚ ਕਨਵਰਟ ਕਰ ਕੇ ਸਾਰੀਆਂ ਤਰੀਕਾਂ ਫਿਕਸ ਕਰ ਲੈਣੀਆਂ ਚਾਹੀਦੀਆਂ ਹਨ। ਯਾਦ ਰਹੇ ਕਿ ਕੈਲੰਡਰ ਦੇ ਸੰਦਰਭ ਵਿੱਚ ਇਹ ਫਾਲਤੂ ਦੇ ਝਮੇਲੇ ਖੜ੍ਹੇ ਕੀਤੇ ਜਾ ਰਹੇ ਹਨ ਕਿ ਕਿਸੇ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਦੋ ਵਾਰੀਂ ਆ ਜਾਂਦਾ ਹੈ ਅਤੇ ਕਿਸੇ ਸਾਲ ਇੱਕ ਵਾਰੀਂ ਵੀ ਨਹੀਂ ਆਉਂਦਾ।ਜਦਕਿ ਐਸਾ ਨਹੀਂ ਹੈ।ਇਹ ਝਮੇਲਾ ਤਾਂ ਪੈਦਾ ਹੁੰਦਾ ਹੈ ਜਦੋਂ ਬਿਕਰਮੀ ਅਤੇ ਗ੍ਰੈਗੋਰੀਆਨ ਕੈਲੰਡਰ ਨੂੰ ਰਲ-ਗੱਡ ਕੀਤਾ ਜਾਂਦਾ ਹੈ।ਜੇ ਬਿਕਰਮੀ ਕੈਲੰਡਰ ਮੁਤਾਬਕ ਮਨਾਏ ਜਾਣ ਵਾਲੇ ਕਿਸੇ ਪੁਰਬ ਨੂੰ ਬਿਕਰਮੀ ਕੈਲੰਡਰ ਮੁਤਾਬਕ ਹੀ ਦੇਖਾਂ- ਪਰਖਾਂਗੇ ਤਾਂ ਇਹ ਭੁਲੇਖਾ ਨਹੀਂ ਪਏਗਾ।ਹਾਂ ਜੇ ਗੁਰਪੁਰਬਾਂ ਨੂੰ ਗ੍ਰੈਗੋਰੀਆ ਦੀ ਕਸਵੱਟੀ ਹੀ ਲਗਾਣੀ ਜਰੂਰੀ ਹੈ ਤਾਂ ਸਾਰੇ ਪੁਰਬਾਂ ਦੀਆਂ ਤਰੀਕਾਂ ਗ੍ਰੈਗੋਰੀਆ ਵਿੱਚ ਹੀ ਕਿਉਂ ਨਹੀਂ ਫਿਕਸ ਕਰ ਲਈਆਂ ਜਾਂਦੀਆਂ।
ਸਵਾਲ 2- “ਕੀ ਅਸੀਂ ਫਰਜ਼ੀ ਰਾਸ਼ੀਆਂ ਨੂੰ ਮੁਖ ਰੱਖਕੇ ਬਣਾਏ ਕੈਲੰਡਰ ਨੂੰ ਮੰਨਣਾ ਹੈ? ਜਿਸ ਕਾਰਨ ਗੁਰਬਾਣੀ ਵਿੱਚ ਦਰਜ ਰੁੱਤਾਂ ਅਤੇ ਮਹੀਨਿਆਂ ਦਾ ਆਪਸੀ ਸੰਬੰਧ ਟੁੱਟ ਰਿਹਾ ਹੈ।ਜਾਂ ਧਰਤੀ ਤੇ ਅਕਾਲ ਪੁਰਖ ਦੇ ਹੁਕਮ ਵਿੱਚ ਬਣਦੀਆਂ / ਬਦਲਦੀਆਂ ਰੁੱਤਾਂ ਨੂੰ ਮੁੱਖ ਰੱਖਕੇ ਬਣਾਏ ਕੈਲੰਡਰ ਨੂੰ ਅਪਨਾਉਣਾ ਹੈ?
ਜਵਾਬ- ਰਾਸ਼ੀਆਂ ਨਾਲ ਸਿੱਖਾਂ ਦਾ ਕੁਝ ਲੈਣਾ ਦੇਣਾ ਨਹੀਂ ਹੈ।ਨਾ ਅੱਜ ਸਿੱਖਾਂ ਦਾ ਰਾਸ਼ੀਆਂ ਨਾਲ ਕੋਈ ਲੈਣਾ ਦੇਣਾ ਹੈ ਅਤੇ ਨਾ ਗੁਰੂ ਸਾਹਿਬਾਂ ਦੇ ਸਮੇਂ ਸੀ।ਪਰ ਫੇਰ ਵੀ ਗੁਰੂ ਸਾਹਿਬ ਨੇ ਰਾਸ਼ੀਆਂ ਵਾਲੇ (ਬਿਕਰਮੀ) ਕੈਲੰਡਰ ਦਾ ਕਦੇ ਖੰਡਣ ਨਹੀਂ ਕੀਤਾ।ਕਾਰਣ ਇਹ ਹੈ ਕਿ ਰਾਸ਼ੀਆਂ ਤਾਂ ਖਗੋਲ ਵਿਗਿਆਨ ਦਾ ਹਿੱਸਾ ਹੈ, ਇਸ ਦਾ ਕਿਸੇ ਧਾਰਮਿਕ ਗਤੀ ਵਿਧੀ ਜਾਂ ਰਾਸ਼ੀ-ਫਲ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ।ਜੇ ਬ੍ਰਹਮਣ ਰਾਸ਼ੀ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਿਹਾ ਹੈ ਤਾਂ ਇਸ ਨਾਲ ਖਗੋਲ ਵਿਗਿਆਨ ਗ਼ਲਤ ਨਹੀਂ ਹੋ ਜਾਂਦਾ।
ਰਾਸ਼ੀਆਂ ਨੂੰ ਫ਼ਰਜ਼ੀ ਕਹਿਣ ਤੋਂ ਲੱਗਦਾ ਹੈ ਕਿ ਸਰਵਜੀਤ ਸਿੰਘ ਜੀ ਨੂੰ ‘ਸਿਡੀਰੀਅਲ’ ਸਿਸਟਮ ਬਾਰੇ ਜਾਂ ਤਾਂ ਜਾਣਕਾਰੀ ਘੱਟ ਹੈ, ਜਾਂ ਫੇਰ ਜਾਣ ਬੁੱਝਕੇ ਸਿੱਖਾਂ ਨੂੰ ਗੁਮਰਾਹ ਕਰਨ ਲਈ, ਗ਼ਲਤ-ਬਿਆਨੀ ਕਰ ਰਹੇ ਹਨ।ਜਦਕਿ ਅਸਲੀਅਤ ਇਹ ਹੈ ਕਿ ਰਾਸ਼ੀਆਂ ਹੋਰ ਕੁਝ ਨਹੀਂ, ਸਾਲ ਦੇ ਵੱਖ ਵੱਖ ਸਮੇਂ ਸੂਰਜ ਦੀ ਸੇਧ ਵਿੱਚ ਦਿਸਣ ਵਾਲੇ ਤਾਰਿਆਂ ਦਾ ਸਮੂੰਹ ਹੈ।
 ‘ਟ੍ਰੌਪੀਕਲ ਸਿਸਟਮ’ ਦੀ ਤਰ੍ਹਾਂ ‘ਸਿਡੀਰੀਅਲ ਸਿਸਟਮ’ ਵੀ ਪੂਰੀ ਤਰ੍ਹਾਂ ਸਹੀ ਹੈ (ਫਰਜੀ ਨਹੀਂ)।ਫਰਕ ਏਨਾ ਹੈ ਕਿ ਸਿਡੀਰੀਅਲ ਸਿਸਟਮ ਵਿੱਚ ਧਰਤੀ ਦਾ ਆਪਣੇ ਧੁਰੇ ਦੁਆਲੇ ਇੱਕ ਚੱਕਰ ਪੂਰਾ 360 ਡਿਗਰੀ ਦਾ ਗਿਣਿਆ ਜਾਂਦਾ ਹੈ ਜੋ ਕਿ (ਅੱਜ ਕਲ੍ਹ ਦੀਆਂ ਘੜੀਆਂ ਮੁਤਾਬਕ) ਤਕਰੀਬਨ 23 ਘੰਟੇ 56 ਮਿੰਟ ਵਿੱਚ ਪੂਰਾ ਹੁੰਦਾ ਹੈ ਅਤੇ ਟ੍ਰੌਪੀਕਲ ਵਿੱਚ ਧਰਤੀ ਦਾ ਚੱਕਰ ਸੂਰਜ ਨੂੰ ਸੇਧ ਮੰਨਕੇ ਗਿਣਿਆਂ ਗਿਆ ਹੈ, ਜੋ ਕਿ 360 ਡਿਗਰੀ ਨਾਲੋਂ ਥੋੜ੍ਹਾ ਜਿਹਾ ਵੱਧ ਹੁੰਦਾ ਹੈ।ਅਤੇ ਸਾਡੀਆਂ ਘੜੀਆਂ ਇਸੇ ਚੱਕਰ ਅਨੁਸਾਰ ਪੂਰੇ 24 ਘੰਟੇ ਵਿੱਚ ਇਕ ਚੱਕਰ ਮੁਤਾਬਕ ਸੈੱਟ ਕੀਤੀਆਂ ਹੋਈਆਂ ਹਨ।ਧਰਤੀ ਦਾ ਚੱਕਰ ਸਿਡੀਰੀਅਲ ਸਿਸਟਮ (ਬਿਕਰਮੀ ਕੈਲੰਡਰ) ਅਨੁਸਾਰ ਤਾਰਿਆਂ ਨੂੰ ਸੇਧ ਰੱਖਕੇ ਮੰਨਿਆ ਜਾਂਦਾ ਹੈ ਅਤੇ ਸੂਰਜ ਦੁਆਲੇ ਚੱਕਰ ਲਗਾਂਦੇ ਹੋਏ ਧਰਤੀ ਤੋਂ ਦਿਸਣ ਵਾਲੇ ਤਾਰਿਆਂ ਦੀ ਸਥਿਤੀ ਹਰ ਰੋਜ ਬਦਲੀ ਹੋਈ ਦਿਸਦੀ ਹੈ।ਸੂਰਜ ਦੁਆਲੇ ਪੂਰਾ ਚੱਕਰ ਲਗਾਂਦੇ ਵਕਤ ਸਾਲ ਭਰ ਵਿੱਚ ਦਿਸਣ ਵਾਲੇ ਤਾਰਿਆਂ ਦੇ ਸਮੂੰਹ ਨੂੰ 12 ਹਿੱਸਿਆਂ ਵਿੱਚ ਵੰਡਿਆ ਗਿਆ ਹੈ।ਇਨ੍ਹਾਂ 12 ਹਿੱਸਿਆਂ ਨੂੰ 12 ਰਾਸ਼ੀਆਂ ਕਿਹਾ ਜਾਂਦਾ ਹੈ।ਸੂਰਜ ਇੱਕ ਤਾਰਾ ਸਮੂੰਹ ਤੋਂ ਦੂਸਰੇ ਵਿੱਚ ਪ੍ਰਵੇਸ਼ ਕਰਦਾ (ਪ੍ਰਤੀਤ ਹੁੰਦਾ) ਹੈ ਤਾਂ ਇਸ ਨੂੰ ਸੂਰਜ ਨੂੰ ਇਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨਾ ਕਿਹਾ ਜਾਂਦਾ ਹੈ।ਅਤੇ ਇਸ ਦਿਨ ਨੂੰ ਸੰਗਰਾਂਦ ਦਾ ਦਿਨ ਕਿਹਾ ਜਾਂਦਾ ਹੈ।ਚੰਦ ਅਤੇ ਧਰਤੀ ਬੱਝਵੇਂ ਨਿਯਮਾਂ ਅਧੀਨ ਚੱਕਰ ਲਗਾਂਦੇ ਹਨ, ਇਸ ਲਈ ਸਿਡੀਰੀਅਲ ਸਿਸਟਮ ਮੁਤਾਬਕ ਮਿਥੀਆਂ ਗਈਆਂ ਸੰਗ੍ਰਾਂਦਾਂ ਵੀ ਬੱਝਵੀਆਂ ਅਤੇ ਸਹੀ ਹਨ, ਫਰਜੀ ਨਹੀਂ, (ਟਰੌਪੀਕਲ / ਗ੍ਰੈਗੋਰੀਅਨ ਕੈਲੰਡਰ ਮੁਤਾਬਕ ਸੰਗ੍ਰਾਦ ਦੇ ਦਿਨ ਵੱਖ ਵੱਖ ਹੋਣੇ ਸੁਭਾਵਕ ਹਨ, ਕਿਉਂਕਿ ਦੋਨੋ ਸਿਸਟਮ ਹੀ ਵੱਖ ਵੱਖ ਹਨ)।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੂਰਜੀ ਕੈਲੰਡਰ ਚੰਦ ਆਧਾਰਿਤ ਕੈਲੰਡਰ ਨਾਲੋਂ ਸੌਖਾ ਹੈ।ਪਰ ਬਿਕਰਮੀ ਕੈਲੰਡਰ ਨੂੰ ਬ੍ਰਹਮਣੀ ਅਤੇ ਫ਼ਰਜੀ ਕਹਿਣਾ ਗਲਤ ਹੈ।
ਜਿਸ ਤਰ੍ਹਾਂ ਰਾਸ਼ੀਆਂ ਦਾ ਧਰਮ ਨਾਲ ਜਾਂ ਕਿਸੇ ਰਾਸ਼ੀ-ਫਲ਼ ਨਾਲ ਕੋਈ ਸੰਬੰਧ ਨਹੀਂ ਹੈ ਉਸੇ ਤਰ੍ਹਾਂ ਮੌਸਮਾਂ ਦਾ ਵੀ ਧਰਮ ਨਾਲ ਕੋਈ ਸੰਬੰਧ ਨਹੀਂ ਹੈ।ਬਾਣੀ ਵਿੱਚ ਮਹੀਨਿਆਂ ਅਤੇ ਮੌਸਮ ਆਦਿ ਦਾ ਜ਼ਿਕਰ ਸਿਰਫ ਪ੍ਰਤੀਕ ਵਜੋਂ ਹੀ ਕੀਤਾ ਗਿਆ ਹੈ, ਅਸਲੀ ਸੁਨੇਹਾਂ ਕੁਝ ਹੋਰ ਹੈ ਅਤੇ ਅਧਿਆਤਮ ਨਾਲ ਸੰਬੰਧਤ ਹੈ। ‘ਰਥੁ ਫਿਰੈ’ ਵਾਲੀ ਪੰਗਤੀ ਵਿੱਚ ਵੀ ਅਸਲੀ ਸੁਨੇਹਾਂ ਕੈਲੰਡਰ ਨਾਲ ਜਾਂ ਮੌਸਮਾਂ ਨਾਲ ਸੰਬੰਧਤ ਨਹੀਂ ਬਲਕਿ ਅਸਲ ਸੁਨੇਹਾ ਹੈ ਕਿ ਪ੍ਰਭੂ ਦੀ ਯਾਦ ਮਨ ਵਿੱਚ ਵਸਾਈ ਰੱਖਣ ਨਾਲ ਹਾੜ੍ਹ ਦੀ ਗਰਮੀ ਵਰਗੇ ਦੁਖ ਵੀ ਪੋਹ ਨਹੀਂ ਸਕਦੇ।ਜਿਆਦਾ ਵਿਸਥਾਰ ਲਈ ਦੇਖੋ- 
http://www.thekhalsa.org/frame.php?path=340&article=7598    
ਪੁਰੇਵਾਲੀ ਕੈਲੰਡਰ ਠੀਕ ਹੈ ਜਾਂ ਗ਼ਲਤ, ਇਹ ਵੱਖਰਾ ਵਿਸ਼ਾ ਹੈ ਪਰ ਇਸ ਨੂੰ ਗੁਰਬਾਣੀ ਆਧਾਰਿਤ ਦੱਸਣ ਨਾਲ ਗੁਰਬਾਣੀ ਵੀ ਗ਼ਲਤ ਸਾਬਤ ਹੋ ਰਹੀ ਹੈ।ਕਿਉਂਕਿ ਸਰਵਜੀਤ ਸਿੰਘ ਜੀ ਦਾ ਦਾਅਵਾ ਹੈ ਕਿ- “….ਜਾਂ ਧਰਤੀ ਤੇ ਅਕਾਲ ਪੁਰਖ ਦੇ ਹੁਕਮ ਵਿੱਚ ਬਣਦੀਆਂ / ਬਦਲਦੀਆਂ ਰੁੱਤਾਂ ਨੂੰ ਮੁੱਖ ਰੱਖਕੇ ਬਣਾਏ ਕੈਲੰਡਰ ਨੂੰ ਅਪਨਾਉਣਾ ਹੈ?”
ਹੁਣ ਸੋਚਣ ਵਾਲੀ ਗੱਲ ਹੈ ਕਿ ਜਦੋਂ ਭਾਰਤ ਵਿੱਚ ਜੇਠ ਹਾੜ੍ਹ ਦੀਆਂ ਧੁੱਪਾਂ ਹੁੰਦੀਆਂ ਹਨ ਉਸ ਵਕਤ ਅਸਟ੍ਰੇਲੀਆ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੁੰਦੀ ਹੈ।ਅਤੇ ਜਦੋਂ ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੁੰਦੀ ਹੈ ਉਸ ਵਕਤ ਅਸਟ੍ਰੇਲੀਆ ਦੀ ‘ਧਰਤੀ ਤੇ’ ਜੇਠ ਹਾੜ੍ਹ ਵਰਗੀਆਂ ਧੁੱਪਾਂ ਹੁੰਦੀਆਂ ਹਨ।ਤਾਂ ਕੀ ਪੁਰੇਵਾਲ ਜੀ ਅਸਟ੍ਰੇਲੀਆ ਦੀ ‘ਧਰਤੀ’ ਵਾਸਤੇ ਵੱਖਰਾ ਕੈਲੰਡਰ ਬਨਾਉਣਗੇ, ਜਿਸਦਾ ਦਿਸੰਬਰ ਦਾ ਮਹੀਨਾ ਹਾੜ੍ਹ ਦਾ ਹੋਵੇਗਾ? ਦੂਜੇ ਪਾਸੇ ਜੇ ਕੈਲੰਡਰ ਨੂੰ ਗੁਰਬਾਣੀ ਆਧਾਰਿਤ ਮੰਨਦੇ ਹਾਂ ਤਾਂ ਕੀ ਅਸਟ੍ਰੇਲੀਆ ਵਰਗੇ ਮੁਲਕਾਂ ਲਈ ਗੁਰਬਾਣੀ ਸੰਦੇਸ਼ ਗ਼ਲਤ ਹੈ?
‘ਰਥੁ ਫਿਰੈ ਛਾਇਆ ਧਨ ਤਾਕੈ’ ਤੁਕ ਸੰਬੰਧੀ ਸਰਵਜੀਤ ਸਿੰਘ ਸੈਕਰਾਮੈਂਟੋ ਜੀ ਲਿਖਦੇ ਹਨ- “ਉਪਰੋਕਤ ਪਾਵਨ ਪੰਗਤੀ ਦਾ ਭਾਵ ਹੈ ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ।ਇਕ ਖਾਸ ਸਮੇਂ ਤੇ “ਸੂਰਜ ਵਾਪਸ ਦੱਖਣ ਨੂੰ ਮੁੜਦਾ” ਹੈ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ।ਇਸ ਨੂੰ ‘ਸੂਰਜ ਦਾ ਰਥ ਫਿਰਨਾ’ ਕਹਿੰਦੇ ਹਨ।ਅੱਜ ਇਹ ਮੰਨਿਆ ਜਾਂਦਾ ਹੈ ਕਿ ਇਹ “ਘਟਨਾ” 21 ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ”
ਸਰਵਜੀਤ ਸਿੰਘ ਸੈਕਰਾਮੈਂਟੋ ਜੀ ਦੱਸਣ ਦੀ ਖੇਚਕ ਕਰਨਗੇ ਕਿ -
1- ਕੀ ਇੱਕ ਖਾਸ ਸਮੇਂ ਤੇ ‘ਧਰਤੀ / ਸੂਰਜ’ ਵਾਪਸ ਦੱਖਣ ਵੱਲ ਮੁੜਦਾ ਹੈ?
2- ਕੀ ਇਹ ਕਿਸੇ ਖਾਸ ਸਮੇਂ ਘਟਣ ਵਾਲੀ ਘਟਨਾ ਹੈ ਜਿਹੜੀ 21 ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ?
3- ਕੈਲੰਡਰ ਵਿੱਚ “ਰਥੁ ਫਿਰੈ” ਦਾ ਕਿੱਥੇ ਅਤੇ ਕੀ ਰੋਲ ਹੈ? ਯਾਦ ਰਹੇ ਕਿ ਸਰਵਜੀਤ ਸਿੰਘ ਮੁਤਾਬਕ ‘ਰਥੁ ਫਿਰੈ’ ਵਾਲੀ ਘਟਨਾ 21 ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ।ਇਸ ਹਿਸਾਬ ਨਾਲ ‘ਰਥੁ ਫਿਰੈ’ ਅਰਥਾਤ 21 ਜੂਨ’ ਨੂੰ ਵੀ ਕੈਲੰਡਰ ਵਿੱਚ ਕੋਈ ਖਾਸ ਸਥਾਨ ਪ੍ਰਾਪਤ ਹੋਣਾ ਚਾਹੀਦਾ ਹੈ।ਜੇ ਹੋਰ ਤਰੀਕਾਂ ਦੀ ਤਰ੍ਹਾਂ 21 ਜੂਨ ਵੀ ਇਕ ਤਰੀਕ ਹੈ ਤਾਂ ਕੈਲੰਡਰ ‘ਰਥੁ ਫਿਰੈ’ ਦੇ ਆਧਾਰ ਤੇ ਕਿਵੇਂ ਹੋਇਆ?
ਨਾਨਕਸ਼ਾਹੀ ਕੈਲੰਡਰ ਨੂੰ ਸਿੱਖਾਂ ਦਾ ਕੈਲੰਡਰ ਅਤੇ ਗੁਰਬਾਣੀ ਆਧਾਰਿਤ ਦੱਸਣ ਪਿੱਛੇ ਇਸ “ਰਥੁ ਫਿਰੈ” ਵਾਲੀ ਤੁਕ ਦਾ ਹੀ ਮੁਖ ਤੌਰ ਤੇ ਸਹਾਰਾ ਲਿਆ ਗਿਆ ਹੈ।ਇਸ ਲਈ ਇਸ ਤੁਕ ਬਾਰੇ ਹੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋ ਜਾਵੇ ਤਾਂ ਬਹੁਤ ਸਾਰੇ ਭੁਲੇਖੇ ਦੂਰ ਹੋ ਸਕਦੇ ਹਨ।
ਇਕ ਗੱਲ ਹੋਰ- ਡਾ: ਗੁਰਦਰਸ਼ਨ ਸਿੰਘ ਢਿੱਲੋਂ ਦਾ (ਇਕ ਵੀਡੀਓ ਵਿੱਚ) ਕਹਿਣਾ ਹੈ ਕਿ ਗੁਰੂ ਸਾਹਿਬਾਂ ਕੋਲ ਤਾਂ ਏਨੀ ਫੁਰਸਤ ਨਹੀਂ ਸੀ, ਉਨ੍ਹਾਂ ਦੀ ਹੋਰ ਕੰਮਾਂ ਵਿੱਚ ਇਨਵੌਲਵਮੈਂਟ ਬਹੁਤ ਸੀ ਇਸ ਲਈ ਬਿਕਰਮੀ ਕੈਲੰਡਰ ਬਾਰੇ ……।
ਪਰ ਸੋਚਣ ਵਾਲੀ ਗੱਲ ਹੈ ਕਿ ਕੀ ਅੱਜ ਸਿੱਖਾਂ ਨੂੰ ਹੋਰ ਥੋੜ੍ਹੇ ਝਮੇਲੇ ਹਨ ਸੁਲਝਾਉਣ ਵਾਲੇ, ਜਿਹੜਾ ਕੈਲੰਡਰ ਦੇ ਝਮੇਲੇ ਵਿੱਚ ਉਲਝਾਇਆ ਜਾ ਰਿਹਾ ਹੈ?
ਜਸਬੀਰ ਸਿੰਘ ਵਿਰਦੀ                    28-03-2015
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.