ਅਕ੍ਰਿਤਘਣਤਾ ਦੀ ਵੀ ਕੋਈ ਹੱਦ ਹੁੰਦੀ ਹੈ ….!
ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਇਸ ਦੇਸ਼ ਦੇ ਹਿੰਦੂ ਰਾਸ਼ਟਰ ਹੋਣ ਦਾ ਦਾਅਵਾ ਕਰਨ ਵਾਲੇ ਇਸ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਨਿਰੰਤਰ ਇਹ ਅਹਿਸਾਸ ਕਰਵਾਉਣ ਦਾ ਕੋਝਾ ਯਤਨ ਜਬਰੀ ਕਰ ਰਹੇ ਹਨ ਕਿ ਇਸ ਦੇਸ਼ ਵਿੱਚ ਉਨਾਂ ਬਿਨਾਂ ਹੋਰ ਕਿਸੇ ਧਰਮ ਫ਼ਿਰਕੇ ਲਈ ਕੋਈ ਥਾਂ ਨਹੀਂ ਹੈ। ਸਿੱਖ ਕਿਉਕਿ ਦੇਸ਼ ਦੀ ਸਭ ਤੋਂ ਛੋਟੀ ਘੱਟ ਗਿਣਤੀ ਹੋਣ ਦੇ ਬਾਵਜ਼ੂਦ ‘ਪਾਤਸ਼ਾਹੀ ਦਾਅਵਾ’ ਵੀ ਰੱਖਦੇ ਹਨ , ਇਸ ਦੇਸ਼ ਦੀ ਬਹੁ ਗਿਣਤੀ ਦੇ ਧਰਮ ਨੂੰ ਬਚਾਉਣ ਲਈ ‘ਹਿੰਦ ਦੀ ਚਾਦਰ’ ਦਾ ਖ਼ਿਤਾਬ ਵੀ ਰੱਖਦੇ ਹਨ। ਜ਼ੋਰ-ਜ਼ਬਰ ਵਿਰੁੱਧ ਜੂਝਣ ਦਾ ਜ਼ਜਬਾ ਤੇ ਚਾਅ ਵੀ ਰੱਖਦੇ ਹਨ। ਇਸ ਲਈ ਸਿੱਖਾਂ ਦੀ ਨਿੱਕੀ ਜਿਹੀ ਗਿਣਤੀ ਸਾਹਮਣੇ ਇਹ ਬਹੁਤ ਵੱਡੀ ਬਹੁ ਗਿਣਤੀ ਆਪਣੇ ਆਪ ਨੂੰ ਬੋਣਾ ਮਹਿਸੂਸ ਕਰਦੀ ਹੈ ਅਤੇ ਆਪਣੇ ਇਸ ਛੋਟੇਪਣ ਦੇ ਅਹਿਸਾਸ ਨੂੰ ਉਹ ਸਿੱਖਾਂ ਵਿਰੁੱਧ ਨਫ਼ਰਤ ਭਰੀਆਂ ਕੋਝੀਆਂ ਹਰਕਤਾਂ ਨਾਲ ਘਟਾਉਣ ਦੀ ਕੋਸ਼ਿਸ਼ ਕਰਦੀ ਹੈ। ਪ੍ਰੰਤੂ ਸੂਰਜ ਅੱਗੇ ਚਾਦਰ ਤਾਣ ਦੇਣ ਨਾਲ ਰਾਤ ਨਹੀਂ ਪੈਂਦੀ, ਹਨੇਰਾ ਨਹੀਂ ਹੁੰਦਾ, ਨਫ਼ਰਤ ਦਾ ਕੂੜ ਅਹਿਸਾਸ ਇਸ ਬਹੁਗਿਣਤੀ ਦੇ ਦਿਲੋ-ਦਿਮਾਗ ਤੋਂ ਨਹੀਂ ਲਹਿਦਾ।
ਸਿੱਖ ਗੁਰੂ ਸਾਹਿਬਾਨ ਵਿਰੁੱਧ, ਸਿੱਖਾਂ ਦੇ ਕੌਮੀ ਨਾਇਕਾਂ ਵਿਰੁੱਧ ਜਿਸ ਤਰਾਂ ਦੀਆਂ ਟਿੱਪਣੀਆਂ ਆਏ ਦਿਨ ਸ਼ੋਸ਼ਲ ਮੀਡੀਏ ਰਾਂਹੀ ਕੀਤੀਆਂ ਜਾਂਦੀਆਂ ਹਨ। ਉਹ ਇਸ ਬਹੁਗਿਣਤੀ ਦੀ ਬੁਖਲਾਹਟ ਦੀਆਂ, ਸਿੱਖਾਂ ਦੇ ਸ਼ਾਨਮੱਤੇ ਇਤਿਹਾਸ ਨੂੰ ਹਜ਼ਮ ਨਾ ਕਰਨ ਸਕਣ ਦੀਆਂ ਭਾਵਨਾਵਾਂ ਦੀਆਂ ਪ੍ਰਤੀਕ ਹਨ। ਸਿੱਖ ਧਰਮ ਦੇ ਬਾਨੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਦਿਨ ਬਾਲ ਉਮਰੇ ਹਿੰਦੂਵਾਦੀ ਕਰਮਕਾਂਡ ‘ਜਨੇੳੂ’ ਵਿਰੁੱਧ ਬਗਾਵਤ ਕੀਤੀ ਸੀ। ਉਸ ਦਿਨ ਹੀ ਉਹਨਾਂ ਧਰਮ ਤੇ ਪਾਖੰਡ ਦੀ ਜੰਗ ਦਾ ਮੁੱਢ ਬੰਨ ਦਿੱਤਾ ਸੀ। ਉਹ ਜੰਗ ਹੀ ਅੱਜ ਤੱਕ ਨਿਰੰਤਰ ਚੱਲਦੀ ਆ ਰਹੀ ਹੈ ਤੇ ਜਦੋਂ ਤੱਕ ਸਿੱਖੀ ਸਿਧਾਂਤ ਇਸ ਦੁਨੀਆਂ ਦੇ ਹਰ ਫੋਕੇ ਕਰਮਕਾਂਡ, ਪਾਖੰਡ, ਆਡੰਬਰ,ਝੂਠ ਤੇ ਜ਼ੋਰ-ਜ਼ਬਰ ਨੂੰ ਵੰਗਾਰਦੇ ਰਹਿਣਗੇ, ਉਦੋਂ ਤੱਕ ਇਹ ਜੰਗ ਚਲਦੀ ਰਹੇਗੀ। ਸਿੱਖੀ ਦੇ ਸੁਨਹਿਰੀ ਅਸੂਲ ‘ਸਰਬੱਤ ਦਾ ਭਲਾ’ ਹਰ ਮਨੁੱਖ ਨੂੰ ਬਰਾਬਰੀ ਦਾ ਹੱਕ, ਹਰ ਤਰਾਂ ਦੇ ਸ਼ੋਸ਼ਣ ਦਾ ਡੱਟ ਕੇ ਮੁਕਾਬਲਾ ਕਰਨਾ, ਲੋਟੂ ਤਾਕਤਾਂ ਨੂੰ ਨਾ ਕੱਲ ਪ੍ਰਵਾਨ ਸੀ ਤੇ ਨਾ ਅੱਜ ਪ੍ਰਵਾਨ ਹੈ ਅਤੇ ਨਾ ਹੀ ਕੱਲ ਨੂੰ ਪ੍ਰਵਾਨ ਹੋਵੇਗਾ। ਇਸ ਲਈ ਸੱਚ ਤੇ ਝੂਠ ਦੀ ਇਸ ਜੰਗ ਦਾ ਖ਼ਾਤਮਾ ਕਦੇ ਵੀ ਸੰਭਵ ਨਹੀਂ।
ਸ਼੍ਰੀ ਗੁਰੂ ਨਾਨਕ ਸਾਹਿਬ ਦਾ, ਉਹਨਾਂ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ, ਇਸ ਧਰਤੀ ’ਤੇ ਨਿਆਰੇ-ਨਿਰਾਲੇ ਮਨੁੱਖ ਦੀ ਹੋਂਦ ਦੀ ਸਿਰਜਣਾ ਕਰਨ ਵਾਲੇ ਦਸਮੇਸ਼ ਪਿਤਾ ਨੂੰ ਮਖੌਲਾਂ ਕਰਨ ਵਾਲੇ ਇਹ ਕਿਉ ਭੁੱਲ ਜਾਂਦੇ ਹਨ ਜੇਕਰ ਅੱਜ ਇਸ ਦੇਸ਼ ਵਿੱਚ ‘ਤਿਲਕ-ਜੰਝੂ’, ਧੋਤੀ ਤੇ ਟੋਪੀ ਦੀ ਹੋਂਦ ਬਰਕਰਾਰ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਕਲਗੀਆਂ ਵਾਲੇ ਪਾਤਸ਼ਾਹ ਦੀ ਬਦੌਲਤ ਹੈ। ਜੇ ਦੁਨੀਆ ਵਿੱਚ ਹਿੰਦੂ ਧਰਮ ਦੀ ਹੋਂਦ ਨੂੰ ਬਚਾਉਣ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਕੋਈ ਸਿਰਫ਼ਿਰਿਆ ਹਿੰਦੂ ਅਪਮਾਨਜਨਕ ਟਿੱਪਣੀ ਕਰਦਾ ਹੈ ਤਾਂ ਇਸ ਕੌਮ ਵਿੱਚ ਜੇ ਕੋਈ ਧਰਮੀ ਬੰਦੇ ਹਨ ਤਾਂ ਉਹਨਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਪੁਰਾਤਨ ਇਤਿਹਾਸ, ‘ਗੁਰੂਸਹਿਬਾਨ’ ਤੇ ਸਿੱਖਾਂ ਵੱਲੋਂ ਹਿੰਦੂ ਧਰਮ ਦੀ ਰਾਖੀ ਲਈ ਕੀਤੇ ਅਨੂਠੇ ਕਾਰਨਾਮਿਆਂ ਦੀ ਯਾਦ ਇਹਨਾਂ ਅਕ੍ਰਿਤਘਣ ਹੋ ਚੁੱਕੇ ਹਿੰਦੂਆਂ ਨੂੰ ਜ਼ਰੂਰ ਕਰਵਾਉਣ। ਗੁਰੂ ਸਾਹਿਬਾਨ ਪ੍ਰਤੀ ਜਿਸ ਤਰਾਂ ਦੀ ਨਫ਼ਰਤ ਅਤੇ ਕੂੜ ਪ੍ਰਚਾਰ ਦਾ ਪ੍ਰਸਾਰ ਦਿਨੋ-ਦਿਨ ਵੱਧ ਰਿਹਾ ਹੈ। ਉਸ ਨੂੰ ਬਰਦਾਸ਼ਤ ਕਰਨਾ ਸਿੱਖਾਂ ਲਈ ਹੁਣ ਬੇਹੱਦ ਔਖਾ ਹੋ ਗਿਆ ਹੈ। ਆਖ਼ਰ ਸਬਰ ਦੀ ਵੀ ਕੋਈ ਹੱਦ ਹੁੰਦੀ ਹੈ।
ਸਿੱਖਾਂ ਨੇ ਜੇ ਇਸ ਦੇਸ਼ ਵਿੱਚੋਂ ਹਿੰਦੂਆਂ ਦਾ ਬੀਜ ਨਾਸ ਕਰਨ ਲਈ ਉਤਾਰੂ ਮੁਗਲਾਂ ਦੀ ਇਸ ਦੇਸ਼ ਵਿੱਚ ਅੱਠ ਸੋ ਸਾਲ ਤੋਂ ਜੰਮੀ ਸਲਤਨਤ ਨੂੰ ਜੜਂ ਪੁਟ ਕੇ ਵਗਾਹ ਨਾ ਮਾਰਿਆ ਹੁੰਦਾ ਤਾਂ ਅੱਜ ਇਸ ਦੇਸ਼ ਵਿੱਚ ਹਿੰਦੂਆਂ ਦੀ ਹੋਂਦ ਨਾ ਹੁੰਦੀ, ਇਸ ਸੱਚ ਨੂੰ , ਇਸ ਤੱਥ ਨੂੰ ਜੇ ਕੋਈ ਚੁਣੌਤੀ ਦੇ ਸਕਦਾ ਹੈ ਤਾਂ ਸਾਡੀ ਕਲਮ ਉਸਦੀ ਹਰ ਚੁਣੌਤੀ ਨੂੰ ਸਵੀਕਾਰ ਕਰਨ ਲਈ ਹਮੇਸ਼ਾਂ ਤੱਤਪਰ ਹੈ। ਸਿੱਖ ਧਰਮ ਕਿਸੇ ਧਰਮ ਦਾ ਵਿਰੋਧੀ ਨਹੀਂ, ਇਹ ਸਿਰਫ਼ ਝੂਠ, ਪਾਖੰਡ, ਆਡੰਬਰ ਤੇ ਫੌਕੇ ਕਰਮਕਾਂਡਾਂ ਤੇ ਜ਼ੋਰ-ਜ਼ਬਰ ਦਾ ਵਿਰੋਧੀ ਹੈ। ਜੇ ਗੁਰੂ ਸਾਹਿਬਾਨ ਕਿਸੇ ਵਿਸ਼ੇਸ਼ ਧਰਮ ਦੇ ਵਿਰੋਧੀ ਹੁੰਦੇ ਤਾਂ ਪਹਿਲੇ ਨਾਨਕ ਤੋਂ ਲੈਕੇ ਦਸਵੇਂ ਨਾਨਕ ਤੇ ਵਰਤਮਾਨ ‘ਪ੍ਰਗਟ ਗੁਰਾ ਕੀ ਦੇਹਿ’ ਦੇ ਹਿੰਦੂ,ਮੁਸਲਮਾਨ, ਈਸਾਈ, ਬੋਧੀ, ਪਾਰਸੀ, ਜੈਨੀ ਸ਼ਰਧਾਲੂਆਂ ਦੀ ਐਨੀ ਵੱਡੀ ਗਿਣਤੀ ਨਾ ਹੁੰਦੀ।
ਨਾਸਾ ਦੇ ਵਿਗਿਆਨੀ ਤੱਕ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਣ ਦੀ ਲੋੜ ਨਾ ਸਮਝਦੇ। ‘ਜੀਉ ਤੇ ਜੀਣ ਦਿਓ’, ਲੋੜ ਤੋਂ ਜ਼ਿਆਦਾ ਤਾਂ ਮਿੱਟੀ ਨੂੰ ਵੀ ਦਬਾਇਆ ਨਹੀਂ ਜਾ ਸਕਦਾ। ਸਿੱਖ ਤਾਂ ਫ਼ਿਰ ਦੁਨੀਆ ਵਿੱਚ ਕੁਰਬਾਨੀਆਂ ਤੇ ਸ਼ਹਾਦਤਾਂ ਦੇਣ ਵਿੱਚ ਮੋਹਰੀ ਕੌਮ ਮੰਨੀ ਹੋਈ ਹੈ। ਸਿੱਖ ਗੁਰੂ ਸਾਹਿਬਾਨ ਤੇ ਸਿੱਖ ਨਾਇਕਾਂ ਵਿਰੁੱਧ ਨਫ਼ਰਤ ਭਰੀ ਟਿੱਪਣੀ ਕਰਨ ਵਾਲੇ, ‘‘ਮੋੜੀ ਬਾਬਾ ਕੱਛ ਵਾਲਿਆਂ, ਰਨ ਗਈ ਬਸਰੇ ਨੂੰ ’’ ਦੀ ਬਣੀ ਕਹਾਵਤ ਨੂੰ ਹੀ ਘੱਟੋ-ਘੱਟ ਯਾਦ ਕਰ ਲਿਆ ਕਰਨ ਕਿ ਇਹ ਉਹੀ ਕੌਮ ਹੈ, ਜਿਹੜੀ ਇਸ ਹਿੰਦ ਦੀਆਂ ਧੀਆਂ-ਭੈਣਾਂ ਨੂੰ ਬਸਰੇ ਦੇ ਬਜ਼ਾਰ ਵਿੱਚ ਵਿਕਣ ਤੋਂ ਰੋਕਣ ਲਈ ਆਪਨੇ ਜਾਨ ਤਲੀ ’ਤੇ ਰੱਖ ਕੇ ਬਗਾਨੇ ਮੁਲਕਾਂ ’ਤੇ ਹਮਲਾ ਕਰਦੀ ਰਹੀ ਹੈ ਅਤੇ ਹਿੰਦ ਦੀਆਂ ਧੀਆਂ ਭੈਣਾਂ ਨੂੰ ਵਾਪਸ ਲਿਆਉਦੀ ਰਹੀ ਹੈ। ਰੋਜ਼ ਦਾ ਚਾਲੀ-ਚਾਲੀ ਮਣ ਜਨੇਊ ਲਾਹ ਕੇ ਰੋਟੀ ਖਾਣ ਵਾਲੇ ਔਰੰਗਜ਼ੇਬ ਨੂੰ ਜ਼ਫ਼ਰਨਾਮੇ ਨਾਲ ਖੌਫਜ਼ਦਾ ਕਰਦੀ ਰਹੀ ਹੈ। ਇਸ ਦੇਸ਼ ਦੀ ਆਜ਼ਾਦੀ ਲਈ ਫ਼ਾਸੀਆਂ ਦੇ ਰੱਸੇ ਹੱਸ-ਹੱਸ ਕੇ ਚੁੰਮਦੀ ਰਹੀ ਹੈ।
ਭਾਵੇਂ ਕਿ ਇਸ ਦੇਸ਼ ਦੇ ਹਿੰਦੂਵਾਦੀਆਂ ਦਾ ਬਾਪੂ ਉਹਨਾਂ ਨੂੰ ਭੁੱਲੜ ਦੇਸ਼ਭਗਤ ਹੀ ਦੱਸਦਾ ਰਿਹਾ ਸੀ। ਸਿੱਖ ਕੌਮ ਦੀ ਇਸ ਦੇਸ਼ ਪ੍ਰਤੀ, ਇਸ ਦੇਸ਼ ਦੀ ਬਹੁਗਿਣਤੀ, ਜਿਹੜੀ ਹਮੇਸ਼ਾਂ ਵਿਦੇਸ਼ੀ ਹਮਲਾਵਰਾਂ ਦੇ ਜ਼ੋਰ-ਜ਼ਬਰ ਦਾ ਸ਼ਿਕਾਰ ਰਹੀ, ਉਸ ਪ੍ਰਤੀ ਵੱਡੀ ਦੇਣ ਹੈ। ਇਹ ਫੋਕੀਆਂ ਗੱਲਾਂ ਬਾਤਾਂ ਨਹੀਂ , ਇਤਿਹਾਸ ਦਾ ਅਨਮੋਲ ਹਿੱਸਾ ਹਨ। ਇਸ ਲਈ ਕਿਸੇ ਸਿਰਫ਼ਿਰੇ, ਜਾਨੂੰਨੀ ਹਿੰਦੂਵਾਦੀ ਨੂੰ ਗੁਰੂਸਾਹਿਬਾਨ ’ਤੇ ਸਿੱਖ ਕੌਮ ਦੇ ਕੌਮੀ ਨਾਇਕਾਂ ਬਾਰੇ ਕੋਈ ਅਪਮਾਨਜਨਕ ਟਿੱਪਣੀ ਕਰਨ ਤੋਂ ਪਹਿਲਾ ਉਪਰੋਕਤ ਤੱਥਾਂ ਨੂੰ ਇਕ ਵਾਰ ਆਪਣੇ ਮਨ ਵਿੱਚ ਜ਼ੂਰਰ ਵਿਚਾਰ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਵੀ ਜੇਕਰ ਉਹ ਆਪਣੇ ਆਪ ਨੂੰ ਆਪਣੇ ਮਾਂ-ਬਾਪ ਦਾ ਨਹੀਂ ਮੰਨਦਾ ਤਾਂ ਫ਼ਿਰ ਉਸਦਾ ਪਾਗਲਪਣ ਦੂਰ ਕਰਨ ਦੇ ਇਲਾਜ਼ ਹੋਰ ਬਥੇਰੇ ਹਨ।
ਜਸਪਾਲ ਸਿੰਘ ਹੇਰਾਂ
Comment:- ਕੀ ਮੋਦੀ ਜੀ ਇਨ੍ਹਾਂ ਪਾਗਲਾਂ ਨੂੰ ਵੀ ਨੱਥ ਪਾਉਣਗੇ ? ਜਾਂ ਇਹ ਸਮਝਿਆ ਜਾਵੇ ਕਿ ਚਾਰ ਵੋਟਾਂ ਇਹ ਸਾਰਾ ਕੁਝ ਕਰਨ ਦਾ ਅਧਿਕਾਰ ਵੀ ਦੇਂਦੀਆਂ ਹਨ ? ਅਮਰ ਜੀਤ ਸਿੰਘ ਚੰਦੀ