ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਜਦੋਂ ਕੋਈ ਬੰਦਾ ਸਥਾਪਤ ਲੀਹਾਂ ਪਾੜਦਾ ਹੈ ਤਾਂ …………?
ਜਦੋਂ ਕੋਈ ਬੰਦਾ ਸਥਾਪਤ ਲੀਹਾਂ ਪਾੜਦਾ ਹੈ ਤਾਂ …………?
Page Visitors: 2695

ਜਦੋਂ ਕੋਈ ਬੰਦਾ ਸਥਾਪਤ ਲੀਹਾਂ ਪਾੜਦਾ ਹੈ ਤਾਂ …………?
ਲੱਖਾਂ ਵਿਚੋਂ ਕੋਈ ਹੀ ਬੰਦਾ ਅਜਿਹਾ ਹੁੰਦਾ ਹੈ, ਜੋ ਸਮਾਜ ਵਿਚ ਸਥਾਪਤ ਲੀਹਾਂ ਪਾੜਨ ਦਾ ਮਨ ਬਣਾਉਂਦਾ ਹੈ, ਉਨ੍ਹਾਂ ਵਿਚੋਂ ਕੁਝ ਤਾਂ ਉਹ ਹੁੰਦੇ ਹਨ, ਜਿਨ੍ਹਾਂ ਨੂੰ ਭੁਗਤ-ਭੋਗੀ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨਾਲ ਸਮਾਜ ‘ਚ ਸਥਾਪਤ ਲੀਹਾਂ ਦੇ ਆਧਾਰ ਤੇ ਜ਼ਿਆਦਤੀ ਹੋਈ ਹੁੰਦੀ ਹੈ। ਵੈਸੇ ਸਥਾਪਤ ਲੀਹਾਂ ਦੇ ਆਧਾਰ ਤੇ 5% ਬੰਦੇ 90% ਬੰਦਿਆਂ ਤੇ ਲਗਾਤਾਰ ਜ਼ਿਆਦਤੀ ਕਰਦੇ ਆ ਰਹੇ ਹਨ, ਰਾਜ ਪੱਧਤੀ ਕੋਈ ਵੀ ਹੋਵੇ, ਬਾਕੀ ਬਚੇ 5%, ਜ਼ਿਆਦਤੀ ਕਰਨ ਵਾਲਿਆਂ ਦੇ ਹੱਥ-ਠੋਕੇ ਹੁੰਦੇ ਹਨ। ਇਵੇਂ ਸਮਾਜ ਵਿਚਲੇ 90% ਲੋਕਾਂ ਨਾਲ ਹਰ ਵੇਲੇ ਜ਼ਿਆਦਤੀ ਹੁੰਦੀ ਰਹੀ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ, ਜਦ ਤਕ ਪੂਰੀ ਦੁਨੀਆ ਦਾ ਸਮਾਜ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਨ੍ਹਾਂ ਪੰਗਤੀਆਂ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦਾ,
     ਪਰ ਕਾ ਬੁਰਾ ਨ ਰਾਖਹੁ  ਚੀਤ ॥ ਤੁਮ ਕਉ ਦੁਖੁ  ਨਹੀ ਭਾਈ ਮੀਤ ॥  (੩੮੬)     ਅਤੇ
     ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ  ਗਾਇ  ॥        (੧੪੧)
  ਖੈਰ ਗੱਲ ਚਲ ਰਹੀ ਸੀ ਜ਼ਿਆਦਤੀ ਝੱਲਣ ਵਾਲਿਆਂ ਦੀ, ਉਨ੍ਹਾਂ ਵਿਚੋਂ ਕੋਈ ਵਿਰਲਾ ਹੀ (ਜੋ .01% ਵੀ ਨਹੀਂ ਹੁੰਦਾ) ਹੁੰਦਾ ਹੈ ਜੋ ਸਵੈਮਾਨ ਦਾ ਟੁੰਬਿਆ ਹੋਇਆ, ਆਪਣੇ ਨਾਲ ਹੋ ਰਹੀ ਵਧੀਕੀ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਹ ਵੀ ਸਮਾਜ ਵਲੋਂ ਸਥਾਪਤ ਲੀਹਾਂ ਤੇ ਚਲਦਾ ਹੋਇਆ ਹੀ ਆਵਾਜ਼ ਉਠਾਉਂਦਾ ਹੈ, ਯਾਨੀ ਹਥਿਆਰ-ਬੰਦ ਬਗਾਵਤ ਕਰਦਾ ਹੈ। ਪਰ ਉਸ ਦਾ ਅਸਰ ਹੋਰ ਪੁੱਠਾ ਹੁੰਦਾ ਹੈ, 10% ਕੁੱਟਣ ਵਾਲਿਆਂ ਨੂੰ 90% ਨੂੰ ਹੋਰ ਕੁੱਟਣ ਦਾ ਬਹਾਨਾ ਮਿਲ ਜਾਂਦਾ ਹੈ।(ਸਿੱਖ ਲੰਮੇ ਸਮੇ ਤੋਂ ਇਹੀ ਭੁਗਤ ਰਹੇ ਹਨ)  
   ਬਹੁਤ ਵਿਰਲੇ ਬੰਦੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕੁਦਰਤ ਵਲੋਂ ਹੀ ਆਜ਼ਾਦ ਸੋਚ ਮਿਲੀ ਹੁੰਦੀ ਹੈ, ਉਹ ਆਪਣੀ ਹੀ ਨਹੀਂ, 90% ਦੀ ਆਜ਼ਾਦੀ ਦੀ ਸੋਚ ਨੂੰ ਲੈ ਕੇ ਵਿਚਰਦੇ ਹਨ, ਉਨ੍ਹਾਂ ਦੀ ਸੋਚ ਪਿੱਛੇ ਕੋਈ ਵਿਅਕਤੀਗਤ ਲਾਲਸਾ ਨਹੀਂ ਹੁੰਦੀ, ਜਿਸ ਬਾਰੇ ਨਿਰਣਾ ਸਮੇ ਦੀ ਪਰਖ-ਕਸਵੱਟੀ ਹੀ ਕਰਦੀ ਹੈ ।  ਅੰਨਾ ਹਜ਼ਾਰੇ ਨੂੰ ਗਾਂਧੀ-ਵਾਦੀ ਕਿਹਾ ਜਾਂਦਾ ਹੈ, (ਹਾਲਾਂਕਿ ਗਾਂਧੀ ਸਮਾਜ ਸੁਧਾਰਕ ਨਹੀਂ, ਇਕ ਜਾਤੀ ਦਾ ਹੀ ਅਲਮ-ਬਰਦਾਰ ਸੀ। ਇਹ ਗੱਲ ਵੱਖਰੀ ਹੈ ਕਿ ਉਸ (ਬਹੁ-ਗਿਣਤੀ) ਤਬਕੇ ਵਾਲਿਆਂ ਨੇ, ਲੋਕਾਂ ਨੂੰ ਬੁਧੂ ਬਨਾਉਣ ਲਈ ਉਸ ਨੂੰ ਸਮਾਜ-ਸੁਧਾਰਕ ਹੀ ਨਹੀਂ ਮਹਾਤਮਾ ਅਤੇ ਰਾਸ਼ਟਰ -ਪਿਤਾ ਵੀ ਬਣਾ ਦਿੱਤਾ) ਉਸ ਨੇ ਵੀ ਗਾਂਧੀ ਦੀ ਤਰਜ਼ ਤੇ ਹੀ ਸਿਆਸਤ ਵਿਚ ਸੁਧਾਰ ਦੀ ਆਵਾਜ਼ ਉਠਾਈ। ਜਦ ਕੋਈ ਬੰਦਾ ਸਮਾਜ-ਸੁਧਾਰ ਦੀ ਗੱਲ ਕਰਦਾ ਹੈ ਤਾਂ ਉਸ ਦੇ ਨਾਲ ਕੁਝ ਬੰਦੇ ਵੀ ਜੁੜਦੇ ਹਨ,ਇਵੇਂ ਹੀ ਅੰਨਾ ਹਜ਼ਾਰੇ ਦੇ ਨਾਲ ਵੀ ਹੋਰ ਬੰਦਿਆਂ ਤੋਂ ਇਲਾਵਾ, ਦੋ ਪ੍ਰਭਾਵਸ਼ਾਲੀ ਬੰਦੇ ਵੀ ਜੁੜੇ, ਇਕ ਅਰਵਿੰਦ ਕੇਜਰੀਵਾਲ ਅਤੇ ਦੂਸਰੀ ਕਿਰਨ ਬੇਦੀ। ਆਪਸ ਦੇ ਵਿਚਾਰ-ਵਟਾਂਦਰਿਆਂ ਵਿਚ ਕੇਜਰੀਵਾਲ ਦਾ ਮੱਤ ਸੀ, ‘ਗੰਦ ਨੂੰ ਸਾਫ ਕਰਨ ਲਈ ਗੰਦ ਵਿਚ ਵੜਨਾ ਹੀ ਪਵੇਗਾ’ ਯਾਨੀ ਰਾਜਨੀਤੀ ਨੂੰ ਸਾਫ ਕਰਨ ਲਈ ਰਾਜਨੀਤੀ ਕਰਨੀ ਹੀ ਪਵੇਗੀ। ਪਰ ਅੰਨਾ ਹਜ਼ਾਰੇ ਅਤੇ ਕਿਰਨ ਬੇਦੀ ਉਸ ਨਾਲ ਸਹਿਮਤ ਨਹੀਂ ਸਨ।
   ਕੁਝ ਸਮਾ ਪਾ ਕੇ ਕੇਜਰੀਵਾਲ ਨੂੰ ਕੁਝ ਅਜਿਹੇ ਬੰਦੇ ਮਿਲੇ, ਜੋ ਵਾਕਿਆ ਹੀ ਸਿਆਸਤ ਵਿਚ ਸੁਧਾਰ ਚਾਹੁੰਦੇ ਸਨ (ਅਜਿਹੇ ਸਮੇ ਕੁਝ ਸਵਾਰਥੀ ਬੰਦਿਆਂ ਦਾ, ਨਾਲ ਆ ਜੁੜਨਾ ਵੀ ਸੁਭਾਵਕ ਹੀ ਹੁੰਦਾ ਹੈ) ਕੇਜਰੀਵਾਲ ਨੇ ਅੰਨਾ ਹਜ਼ਾਰੇ ਅਤੇ ਕਿਰਨ ਬੇਦੀ ਦਾ ਸਾਥ ਛੱਡ ਕੇ ਇਕ ਪਾਰਟੀ ਬਣਾ ਲਈ, ਜਿਸ ਦਾ ਨਾਮ “ ਆਮ ਆਦਮੀ ਪਾਰਟੀ ”  (A.A.P.) ਰੱਖਿਆ ਗਿਆ । ਆਪ ਦੀ ਟੀਮ ਕਾਫੀ ਸੁਲਝੀ ਹੋਈ ਸੀ, ਜਦ ਕਿ ਸਥਾਪਤ ਦੋਵੇਂ ਪਾਰਟੀਆਂ, ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਟੱਪ ਰਹੀਆਂ ਸਨ, ਜਿਸ ਕਾਰਨ ਦਿੱਲੀ ਦੇ ਆਮ ਆਦਮੀਆਂ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ, ਜਿਸ ਦੇ ਸਿੱਟੇ ਵਜੋਂ  ਦਿੱਲੀ ਵਿਚਲੀ ਪਹਿਲੀ ਚੋਣ ਵਿਚ ਹੀ ਉਨ੍ਹਾਂ ਨੂੰ ਏਨੀ ਸਫਲਤਾ ਮਿਲੀ, ਜਿਸ ਬਾਰੇ ਕੋਈ ਸੁਪਨੇ ਵਿਚ ਵੀ ਨਹੀਂ ਸੋਚ ਰਿਹਾ ਸੀ। ਸਿੱਟੇ ਵਜੋਂ ਕਾਂਗਰਸ ਕੋਲ ਇਹੋ ਵਿਕਲਪ ਰਹਿ ਗਿਆ ਕਿ, ਜਾਂ ਉਹ ਬੀ.ਜੇ.ਪੀ. ਨੂੰ ਸਮਰਥਨ ਦੇ ਕੇ ਉਸ ਦੀ ਸਰਕਾਰ ਬਣਾਵੇ, ਜਾਂ ਆਪ ਨੂੰ ਸਮੱਰਥਨ ਦੇ ਕੇ ਉਸ ਦੀ ਸਰਕਾਰ ਬਣਾਵੇ ?  ਕੇਜਰੀਵਾਲ ਵਲੋਂ ਕਿਸੇ ਤੋਂ ਵੀ ਸਮਰਥਨ ਲੈਣ ਤੋਂ ਸਾਫ ਇਨਕਾਰ ਕਰਨ ਤੇ ਉਸ ਕੋਲ ਇਹੋ ਵਿਕਲਪ ਰਹਿ ਗਿਆ ਕਿ ਉਹ ਬੀ.ਜੇ.ਪੀ. ਨੂੰ ਸਮੱਰਥਨ ਦੇ ਕੇ ਉਸ ਦੀ ਸਰਕਾਰ ਬਣਾਵੇ, ਜਾਂ ਫਿਰ ਦੁਬਾਰਾ ਚੋਣ ਕਰਵਾਉਣ ਲਈ ਜ਼ਿੱਮੇਵਾਰ ਬਣੇ। ਇਹ ਪਾਰਟੀਆਂ ਬੜੀਆਂ ਘਾਗ ਹਨ, ਕਾਂਗਰਸ ਨੇ ਗਵਰਨਰ ਕੋਲ ਜਾ ਕੇ ਆਪ ਨੂੰ ਬਿਨਾ ਸ਼ਰਤ ਸਮੱਰਥਨ ਦੇਣ ਲਈ ਲਿਖਤ ਦੇ ਦਿੱਤਾ।
    ਕੇਜਰੀਵਾਲ ਤਾਂ ਸਿਆਸਤ ਵਿਚ ਆਇਆ ਹੀ, ਉਸ ਵਿਚਲਾ ਗੰਦ ਸਾਫ ਕਰਨ ਸੀ, ਬਿਨਾ ਮੰਗੇ, ਬਿਨਾ ਸ਼ਰਤ ਸਮੱਰਥਨ ਦੇਣ ਕਾਰਨ ਉਸ ਸਾਮ੍ਹਣੇ ਅੜਾਉਣੀ ਖੜੀ ਹੋ ਗਈ ਕਿ, ਉਹ ਗੰਦ ਭਰਪੂਰ ਪਾਰਟੀ ਦਾ ਸਮੱਰਥਨ ਲੈ ਕੇ ਸਰਕਾਰ ਬਣਾਵੇ ਜਾਂ ਚੋਣ ਦੁਬਾਰਾ ਕਰਵਾਉਣ ਦਾ ਦੋਸ਼ੀ ਬਣੇ ? ਬੜੀ ਸੋਚ-ਵਿਚਾਰ ਮਗਰੋਂ ਉਸ ਨੇ ਕਾਂਗਰਸ ਨੂੰ ਨੰਗਿਆਂ ਕਰਨ ਦਾ ਮਨ ਬਣਾ ਲਿਆ ਅਤੇ ਸਰਕਾਰ ਬਣਾ ਲਈ। ਸਰਕਾਰ ਬਣਾਉਂਦਿਆਂ ਹੀ ਉਸ ਨੇ ਦਿੱਲੀ ਨੂੰ ਪਾਣੀ ਅਤੇ ਬਿਜਲੀ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਦਾ ਖਾਤਾ ਚੈਕ ਕਰਨ ਦੀ ਗੱਲ ਸ਼ੁਰੂ ਕੀਤੀ, ਪਰ ਪਤਾ ਲੱਗਾ ਕਿ ਇਨ੍ਹਾਂ ਦਾ ਤਾਂ ਕਦੇ ਵੀ “ਕੈਗ” ਵਲੋਂ ਆਡਿਟ ਹੀ ਨਹੀਂ ਹੋਇਆ, ਅੰਨ੍ਹੀ ਪੀਸ ਰਹੀ ਹੈ ਅਤੇ ਕੁੱਤੇ ਚੱਟ ਰਹੇ ਹਨ , ਉਹ ਕੰਪਣੀਆਂ ਆਪਣੀ ਮਰਜ਼ੀ ਨਾਲ ਹੀ ਸਪਲਾਈ ਕਰ ਰਹੀਆਂ ਹਨ, ਆਪਣੀ ਮਰਜ਼ੀ ਦੇ ਹੀ ਰੇਟ ਲਗਾ ਰਹੇ ਹਨ । ਗੈਸ ਸਪਲਾਈ ਕਰਨ ਵਾਲੀ ਕੰਪਣੀ ਦਾ ਖਾਤਾ ਖੋਲ੍ਹਿਆ ਤਾਂ ਵੇਖਿਆ ਕਿ ਟੈਂਡਰ ਦੀਆਂ ਸਰਤਾਂ ਦੇ ਉਲਟ ਹੀ ਸਾਰੇ ਕੰਮ ਕੀਤੇ ਜਾ ਰਹੇ ਹਨ, ਦੋ ਵਾਰੀ ਪਹਿਲਾਂ ਬਿਨਾਂ ਕਾਰਨ ਕੇਂਦਰੀ ਮੰਤ੍ਰੀ ਗੈਸ ਦੀ ਕੀਮਤ ਵਧਾ ਚੁੱਕੇ ਹਨ ਅਤੇ ਤੀਸਰੀ ਵਾਰੀ ਫਿਰ ਵਧਾਉਣ ਦੀ ਤਿਆਰੀ ਹੋ ਰਹੀ ਹੈ। ਉਸ ਨੇ ਗੈਸ ਵਾਲੀ ਕੰਪਣੀ (ਅੰਬਾਨੀ)  ਅਤੇ ਕੇਂਦਰੀ ਮੰਤਰੀਆਂ ਵਿਰੁੱਧ ਕੇਸ ਕਰ ਦਿੱਤਾ, ਜਿਸ ਨਾਲ ਹੁਣ ਤੱਕ ਕੀਮਤਾਂ ਵਧਣ ਤੋਂ ਰੁਕੀਆਂ ਹੋਈਆਂ ਹਨ।     
   `ਕੇਜਰੀਵਾਲ ਨੇ ਵਿਧਾਨ-ਸਭਾ ਵਿਚ ‘ਲੋਕ-ਪਾਲ’ ਬਿਲ ਪੇਸ਼ ਕਰਨ ਦਾ ਮਨ ਬਣਾ ਲਿਆ, ਜਿਸ ਨਾਲ ਦੋਵਾਂ ਪਾਰਟੀਆਂ ਨੂੰ ਭਾਜੜਾਂ ਪੈ ਗਈਆਂ, ਉਨ੍ਹਾਂ ਗਵਰਨਰ ਨੂੰ ਮਿਲ ਕੇ ਬਿਲ ਪੇਸ਼ ਕਰਨ ਤੇ ਰੋਕ ਲਗਵਾਈ। ਕੇਜਰੀਵਾਲ ਨੇ ਸਪੀਕਰ ਦੀ ਇਜਾਜ਼ਤ ਨਾਲ ਬਿਲ ਪੇਸ਼ ਕਰ ਦਿੱਤਾ ਜਿਸ ਨਾਲ ਬਹੁਤ ਰੌਲਾ ਪਿਆ ਅਤੇ ਅਖੀਰ ਵਿਚ ਕਾਂਗਰਸ ਅਤੇ ਬੀ.ਜੇ.ਪੀ. ਦੀ ਭਾਈਵਾਲੀ ਵੀ ਉੱਘੜ ਆਈ ਅਤੇ ਕਾਂਗਰਸ ਦਾ ਬਿਨਾ ਸ਼ਰਤ ਸਮੱਰਥਨ ਵੀ ਨੰਗਾ ਹੋ ਗਿਆ । ਨਤੀਜੇ ਵਜੋਂ ਅਲਪਮੱਤ ਕਾਰਨ ਬਿਲ ਪਾਸ ਨਹੀਂ ਹੋ ਸਕਿਆ। ਅਲਪਮੱਤ ਵਿਚ ਰਹਿ ਗਏ ਕੇਜਰੀ ਵਾਲ ਨੇ ਅਸਤੀਫਾ ਦੇ ਕੇ ਸਰਕਾਰ ਭੰਗ ਕਰ ਦਿੱਤੀ,
   ਇਹ ਸਾਰਾ ਕੁਝ  49 ਦਿਨਾਂ ਵਿਚ ਹੋ ਗਿਆ। (ਜੋ ਬੀ.ਜੇ.ਪੀ. ਇਕ ਸਾਲ ਵਿਚ ਨਹੀਂ ਕਰ ਸਕੀ)  ਬਜਾਏ ਇਸ ਦੇ ਕਿ ਉਸ ਦੇ ਅਸਤੀਫੇ ਨੂੰ ਸਲਾਹਿਆ ਜਾਂਦਾ, ਸਵਾਂ ਉਸ ਨੂੰ ਭੰਡਿਆ ਗਿਆ, ਉਸ ਨੂੰ ਭਗੌੜਾ ਕਿਹਾ ਗਿਆ। ਉਸ ਨੂੰ ਬਦਨਾਮ ਕਰਨ ਦਾ ਸਾਰਾ ਕੰਮ ਬਿਨਾ ਸ਼ਰਤ ਸਮੱਰਥਨ ਦੇ ਕੇ ਧੋਖਾ ਦੇਣ ਵਾਲੀ ਕਾਂਗਰਸ, ਲੋਕਪਾਲ ਬਿਲ ਦੇ ਸਮੱਰਥਨ ਦਾ ਰੌਲਾ ਪਾਉਣ ਵਾਲੀ ਬੀ.ਜੇ.ਪੀ.(ਜਿਸ ਨੇ ਲੋਕਪਾਲ ਬਿਲ ਦੇ ਵਿਰੋਧ ਵਿਚ ਵੋਟ ਪਾਈ) ਅਤੇ ਲੋਕਤੰਤ੍ਰ ਦੇ ਅਲਮ-ਬਰਦਾਰ ਮੀਡੀਏ(ਕਿਸੇ ਵਿਰਲੇ ਨੂੰ ਛੱਡ ਕੇ) ਨੇ ਗੱਜ-ਵੱਜ ਕੇ ਕੀਤਾ।
    ਥੋੜੀ ਗੱਲ ਉਨ੍ਹਾਂ ਦੀ ਵੀ ਕਰ ਲਈਏ, ਜੋ ਗੰਦ ਵਿਚ ਨਹੀਂ ਵੜਨਾ ਚਾਹੁੰਦੇ ਸਨ,
  ਉਨ੍ਹਾਂ ਵਿਚੋਂ ਕਿਰਨ ਬੇਦੀ ਤਾਂ ਸਾਫ ਹੀ ਬੀ.ਜੇ.ਪੀ. ਦੀ ਝੋਲੀ ਵਿਚ ਜਾ ਬੈਠੀ ਸੀ  ਅਤੇ ਅੰਨਾ ਹਜ਼ਾਰੇ, ਮਮਤਾ ਬੈਨਰਜੀ ਨਾਲ ਜਾ ਰਲੇ ਸਨ, ਇਹ ਹੈ ਕਥਨੀ ਅਤੇ ਕਰਨੀ ਦੀ ਇਕਸਾਰਤਾ ?
   ਏਸੇ ਦੌਰਾਨ ਲੋਕਸਭਾ ਦੀਆਂ ਚੋਣਾਂ ਆ ਗਈਆਂ ਜਿਸ ਵਿਚ ਕੇਜਰੀਵਾਲ ਦੇ ਵਿਰੋਧ ਦੇ ਬਾਵਜੂਦ ਆਪ ਦੇ ਕੁਝ ਨੇਤਿਆਂ ਨੇ ਜ਼ੋਰ ਦੇ ਕੇ ਸਾਰੇ ਭਾਰਤ ਵਿਚ ਬਿਨਾ ਕਿਸੇ ਤਿਆਰੀ ਦੇ ਚੋਣਾਂ ਲੜਨ ਲਈ ਮਜਬੂਰ ਕਰ ਦਿੱਤਾ, ਨਤੀਜੇ ਵਜੋਂ ਬੀ.ਜੇ.ਪੀ. ਨੂੰ ਅੰਬਾਨੀ ਅਤੇ ਅਦਾਨੀ ਆਦਿ ਦੇ ਪੈਸੇ ਨਾਲ ਅਤੇ ਮੀਡੀਏ ਦੇ ਇਕ ਪਾਸੜ ਝੁਕਾਅ ਕਾਰਨ ਇਤਿਹਾਸਿਕ ਜਿੱਤ ਪਰਾਪਤ ਹੋਈ ਅਤੇ ਆਪ ਨੂੰ ਬੜੀ ਨਮੋਸ਼ੀ ਹੋਈ, (ਉਹ ਤਾਂ ਪੰਜਾਬ ਨੇ ਕੁਝ ਇੱਜ਼ਤ ਰੱਖ ਲਈ) ਇਸ ਮਗਰੋਂ ਵੀ ਮੋਦੀ ਦੇ ਨਾਮ ਤੇ ਕਈ ਸੂਬਿਆਂ ਵਿਚ ਵੀ ਬੀ.ਜੇ.ਪੀ. ਦੀਆਂ ਸਰਕਾਰਾਂ ਬਣੀਆਂ, ਮੋਦੀ ਦੇ ਵਿਜੇ-ਰੱਥ ਦਾ ਮੀਡੀਏ ਨੇ ਬਹੁਤ ਗੁਣ-ਗਾਣ ਕੀਤਾ।
   ਹੁਣ ਮੁੜਦੇ ਹਾਂ ਦਿੱਲੀ ਵੱਲ, 7 ਮਹੀਨੇ ਤਕ ਬੀ.ਜੇ.ਪੀ. ਨੇ ਹਾਰਸ-ਟਰੇਡਿੰਗ (Horse Trading) ਰਾਹੀਂ ਦਿੱਲੀ ਵਿਚ ਸਰਕਾਰ ਬਨਾਉਣ ਦੀ ਕੋਸ਼ਿਸ਼ ਕੀਤੀ,ਪਰ ਉਹ ਲੋੜ ਅਨੁਸਾਰ ਘੋੜੇ ਨਾ ਖਰੀਦ ਸਕੀ, ਇਸ ਦਾ ਇਹ ਮਤਲਬ ਵੀ ਨਹੀਂ ਕਿ ਉਸ ਨੂੰ ਕੋਈ ਵੀ ਘੋੜਾ ਨਹੀਂ ਮਿਲਿਆ, ਕੁਝ ਨਾਲ ਗੰਢ-ਤੁਪ ਜ਼ਰੂਰ ਹੋਈ, ਪਰ ਉਹ ਨਾਕਾਫੀ ਸਨ।  ਕੁਝ ਵਾਰੀ ਸੁਪ੍ਰੀਮ-ਕੋਰਟ ਦੇ ਯਾਦ ਕਰਾਉਣ ਨੂੰ ਵੀ ਅਣਗੌਲਿਆਂ ਕੀਤਾ ਗਿਆ, ਫਿਰ ਸੁਪ੍ਰੀਮ-ਕੋਰਟ ਦੇ ਖਿਚਾਈ ਕਰਨ ਤੇ ਚੋਣ ਕਰਵਾਉਣੀ ਹੀ ਪਈ। ਵਿਕਰੀ ਦੇ ਮਾਲ ਵਿਚੋਂ ਸ਼ਾਜ਼ੀਆ ਇਲਮੀ ਤਾਂ ਪਹਿਲੇ ਹੱਲੇ ਹੀ ਛਾਲ ਮਾਰ ਕੇ ਬੀ.ਜੇ.ਪੀ. ਦੇ ਪਾਲੇ ਵਿਚ ਜਾ ਵੜੀ, ਬਾਕੀ ਹਵਾ ਦਾ ਰੁਖ ਦੇਖਦੇ ਰਹੇ। ਦਿੱਲੀ ਚੋਣ ਨੇ ਦੁਨੀਆ ਦੇ ਸਾਰੇ ਕਿਆਫੇ ਝੂਠੇ ਸਾਬਤ ਕਰ ਦਿੱਤੇ, ਬੀ.ਜੇ.ਪੀ. ਜੋ ਪਹਿਲਾਂ ਸਭ ਤੋਂ ਵੱਡੀ ਪਾਰਟੀ ਸੀ,(ਸਾਰੇ ਭਾਰਤ ਵਿਚ ਵੀ ਜਿੱਤ ਦਾ ਪਰਚਮ ਲਹਿਰਾ ਕੇ ਆਈ ਸੀ) ਉਸ ਨੂੰ 70 ਵਿਚੋਂ ਸਿਰਫ ਤਿੰਨ ਸੀਟਾਂ ਹੀ ਮਿਲੀਆਂ, ਕਾਂਗਰਸ  ਅਤੇ ਬਾਕੀ ਸਾਰੀਆਂ ਪਾਰਟੀਆਂ ਦਾ ਤਾਂ ਸੂਫੜਾ ਹੀ ਸਾਫ ਹੋ ਗਿਆ। ਇਹ ਤਾਂ ਸੰਭਵ ਹੀ ਨਹੀਂ ਸੀ ਕਿ 70 ਮੈਂਬਰਾਂ ਵਾਲੀ ਵਿਧਾਨ-ਸਭਾ ਵਿਚ 3 ਮੈਂਬਰਾਂ ਵਾਲੀ ਪਾਰਟੀ (ਬੀ.ਜੇ.ਪੀ.) ਹਾਰਸ-ਟ੍ਰੇਡਿੰਗ ਆਸਰੇ ਸਰਕਾਰ ਬਣਾ ਲਵੇ।   ਹੁਣ ਕੇਜਰੀਵਾਲ ਦੀ ਅਗਵਾਈ ਹੇਠ ਸਿਆਸਤ ਵਿਚ ਬਹੁਤ ਕੁਝ ਅਦਲਾ-ਬਦਲੀ ਹੋਣ ਵਾਲੀ ਸੀ।
   ਮੌਜੂਦਾ ਲੜਾਈ ਵਿਚ ਅਸਲੀ ਗੱਲ ਤਾਂ  ਲੀਹ ਪਾੜਨ ਦੀ ਹਿੱਮਤ ਕਰਨ ਵਾਲੇ ਦੇ ਖਾਤਮੇ ਦੀ ਸੀ, ਅਰਵਿੰਦ ਕੇਜਰੀਵਾਲ ਨੂੰ ‘ਆਪ’ ਦੇ ਕਨਵਿਨਰ ਪਦ ਤੋਂ ਹਟਾਉਣ ਦਾ ਖੇਲ ਖੇਲਿਆ ਜਾ ਰਿਹਾ ਸੀ, ਤਾਂ ਜੋ ਸਾਰੀ ਪਾਰਟੀ ਹੀ, ਵਿਕਣ ਵਾਲਿਆਂ ਦੇ ਹੱਥ ਵਿਚ ਆ ਜਾਵੇ, ਅਤੇ ਇਹ ਖੇਲ ਪਾਰਟੀ ਦੇ ਅੰਦਰ ਹੀ ਤੋੜ-ਫੋੜ ਕਰ ਕੇ ਕੀਤਾ ਜਾਣਾ ਸੀ। ਏਸ ਸਕੀਮ ਅਧੀਨ, ਵਿਕੇ ਹੋਏ ਤਿੰਨ ਬੰਦਿਆਂ ਵਲੋਂ ਆਪ ਵਿਚ ਤੋੜ-ਫੋੜ ਸ਼ੁਰੂ ਹੋਈ। ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦੋਵਾਂ ਪਾਰਟੀਆਂ ਵਿਚ ਡਿਕਟੇਟਰ-ਸ਼ਿਪ ਤੋਂ ਇਲਾਵਾ ਕੁਝ ਹੈ ਹੀ ਨਹੀਂ, ਉਹੀ ਸਭ ਤੋਂ ਵੱਧ ਰੌਲੀ ਪਾ ਰਹੇ ਸਨ ਕਿ ਆਪ ਪਾਰਟੀ ਵਿਚ ਕੇਜਰੀਵਾਲ ਡਿਕਟੇਟਰ ਵਜੋਂ ਵਿਚਰ ਰਿਹਾ ਹੈ। ਕਾਂਗਰਸ ਤਾਂ 60 ਸਾਲਾਂ ਦੌਰਾਨ ਇਕ ਪਰਿਵਾਰ ਦੀ ਪਕੜ ਵਿਚ ਤਿੰਨ-ਚਾਰ ਵਾਰੀ ਦੁਫਾੜ ਹੋ ਚੁੱਕੀ ਹੈ। ਮੋਦੀ ਨੇ ਵੀ ਕਮਾਨ ਸੰਭਾਲਦਿਆਂ ਸਭ ਤੋਂ ਪਹਿਲਾਂ ਬੀ.ਜੇ.ਪੀ. ਦੇ ਬਹੁਤ ਸਾਰੇ ਸਥਾਪਤ ਉੱਚ ਨੇਤਿਆਂ ਨੂੰ ਖੂੰਜੇ ਲਾਇਆ ਸੀ,ਜਿਸ ਬਾਰੇ ਕਿਸੇ ਨੇ ਗਲ ਤਕ ਵੀ ਨਹੀੰ ਕੀਤੀ ਸੀ । ਏਸ ਕੰਮ ਵਿਚ 90% ਮੀਡੀਏ ਨੇ ਵੀ ਕੇਜਰੀਵਾਲ ਨੂੰ ਬਦਨਾਮ ਕਰਨ ਵਿਚ ਦੋਵਾਂ ਪਾਰਟੀਆਂ ਦਾ ਖੂਬ ਸਾਥ ਦਿੱਤਾ। 
   ਕਹਿੰਦੇ ਹਨ ਕਿ ਬੇਵਕੂਫ ਦੋਸਤ ਨਾਲੋਂ ਅਕਲਮੰਦ ਦੁਸ਼ਮਣ ਚੰਗਾ ਹੁੰਦਾ ਹੈ, ਇਹੀ ਏਥੇ ਵੀ ਹੋਇਆ, ਸ਼ਾਇਦ ਇਹ ਖੇਲ ਕੁਝ ਦਿਨ ਹੋਰ ਚਲਦਾ, ਸ਼ਾਇਦ ਕਾਮਯਾਬ ਵੀ ਹੋ ਜਾਂਦਾ, ਪਰ ਚੋਣਾਂ ਵੇਲੇ ਸਭ ਤੋਂ ਪਹਿਲਾਂ ਭਗੌੜੀ ਹੋਈ ਸ਼ਾਜ਼ੀਆ ਇਲਮੀ ਨੇ  'ਆਪ' ਪਾਰਟੀ ਦੀ ਅੰਤਰ-ਕਲਹਿ ਵਿਚ ਦਖਲ ਦੇ ਕੇ ਇਹ ਵੀ ਸਾਬਤ ਕਰ ਦਿੱਤਾ ਕਿ, ਪਾਰਟੀ ਵਿਚ ਵਿਕੇ ਹੋਏ ਕੌਣ ਹਨ ? ਅਤੇ ਇਹ ਵੀ ਜ਼ਾਹਰ ਹੋ ਗਿਆ ਕਿ ਇਹ ਖੇਲ ਕਿਸ ਦੇ ਸਹਾਰੇ ਖੇਲਿਆ ਜਾ ਰਿਹਾ ਹੈ ?  ‘ਆਪ’ ਦੇ ਲੀਡਰਾਂ ਨੇ ਵੇਲੇ ਸਿਰ ਸਹੀ ਫੈਸਲਾ ਲੈ ਕੇ ਪਾਰਟੀ ਵਿਚ ਹੋਣ ਵਾਲੀ ਤੋੜ-ਫੋੜ ਨੂੰ ਕਾਫੀ ਹੱਦ ਤੱਕ ਸੰਭਾਲ ਲਿਆ ਹੈ, ਜੰਤਾ ਤਾਂ ਇਸ ਗੱਲ ਨੂੰ ਬਹੁਤ ਪਹਿਲਾਂ ਹੀ ਸਮਝ ਗਈ ਸੀ, ਜਦੋਂ ਯਾਦਵ ਪਾਰਟੀ ਨੇ ਚੋਣਾਂ ਵੇਲੇ ਕਿਹਾ ਸੀ ਕਿ ਮੁੱਖ ਮੰਤ੍ਰੀ ਲਈ 'ਕੇਜਰੀਵਾਲ' ਨਾਲੋਂ 'ਬੇਦੀ' ਕਿਤੇ ਵੱਧ ਯੋਗ ਹੈ, ਜੇ ਅਜਿਹਾ ਨਾ ਹੁੰਦਾ ਤਾਂ ਚੋਣ-ਨਤੀਜੇ, ਸ਼ਾਇਦ ਆਪ ਦੇ ਹੱਕ ਵਿਚ ਏਨੇ ਜ਼ਿਆਦਾ ਨਾ ਹੁੰਦੇ ।
   ਜਦ ਕੋਈ ਲੀਹ ਪਾੜਦਾ ਹੈ ਤਾਂ ਸਾਰਾ ਸਥਾਪਤ ਢਾਂਚਾ ਕੰਬ ਜਾਂਦਾ ਹੈ ਅਤੇ ਮੀਡੀਏ ਸਮੇਤ ਹਰ ਕੋਈ 10% ਲੁਟੇਰਿਆਂ ਦਾ ਰਾਗ ਅਲਾਪਦਾ ਹੈ, 90% ਦੀ ਤਾਂ ਕੋਈ ਗੱਲ ਵੀ ਨਹੀਂ ਕਰਦਾ। 90% ਨੇ ਤਾਂ ਆਪਣਾ ਹੱਕ ਆਪ ਲੈਣਾ ਹੁੰਦਾ ਹੈ, ਜਿਵੇਂ ਦਿੱਲੀ ਵਿਚ ਆਮ ਲੋਕਾਂ ਨੇ ਲਿਆ ਹੈ।(ਅਤੇ ਪੰਜਾਬ ਵਿਚ ਲੈਣ ਦੀ ਤਿਆਰੀ ਕਰ ਰਹੇ ਹਨ) ਇਨ੍ਹਾਂ ਨੂੰ ਪੂਰੇ ਭਰੋਸੇ ਨਾਲ ਅਰਵਿੰਦ ਕੇਜਰੀਵਾਲ ਦੀ ਯੋਗ ਅਗਵਾਈ ਵਿਚ ਚੱਲਣ ਦੀ ਲੋੜ ਹੈ। ਇਕ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਟੀਮ ਵਿਕਰੀ ਦਾ ਮਾਲ ਨਹੀਂ ਹੈ, ਜੇ ਅਜਿਹਾ ਨਾ ਹੁੰਦਾ ਤਾਂ ਉਹ ਅੰਬਾਨੀ ਅਤੇ ਅਦਾਨੀ ਨਾਲ ਪੰਗਾ ਨਾ ਲੈਂਦਾ, ਇਹੀ ਤਾਂ ਉਸ ਨੂੰ ਖਰੀਦਣ ਵਾਲੇ ਸਨ।     
                             ਅਮਰ ਜੀਤ ਸਿੰਘ ਚੰਦੀ        
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.