ਸ਼੍ਰੋਮਣੀ ਕਮੇਟੀ ਦੁਆਰਾ ਪੇਸ਼ ਕੀਤੇ ਜਾਂਦੇ ਸਾਲਾਨਾ ਬਜਟ ਦੀ ਅਸਲੀਅਤ !
ਸ਼੍ਰੋਮਣੀ ਕਮੇਟੀ ਦੁਆਰਾ ਪੇਸ਼ ਕੀਤੇ ਜਾਂਦੇ ਸਲਾਨਾ ਬਜਟ ਦੀ ਅਸਲੀਅਤ ਹਰ ਸਾਲ ਵੱਧ ਰਹੇ ਹਨ ਅੰਕੜੇ ਫਿਰ ਵੀ ਘੱਟ ਰਹੀ ਹੈ ਵਾਧਾ ਦਰ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2015-16 ਲਈ 993 ਕਰੋੜ ਰੁਪਏ ਦੇ ਕਰੀਬ ਦਾ ਬਜਟ ਐਲਾਨ ਕਰਦਿਆਂ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਸਪਸ਼ਟ ਕੀਤਾ ਸੀ ਕਿ ਬਜਟ ਵਿੱਚ ਸਾਲ 2014-15 ਨਾਲੋਂ 9.742 ਫੀਸਦੀ ਵਾਧਾ ਦਰਜ ਹੋਇਆ ਹੈ ਜੋਕਿ ਸਾਲ ਕਮੇਟੀ ਦੁਆਰਾ ਪਾਸ ਕੀਤੇ ਗਏ ਬਜਟ ਸਾਲ 2012-13,2013-14 ਦੀ ਨਿਸਬਿਤ ਲਗਾਤਾਰ ਘੱਟ ਰਿਹਾ ਹੈ ।ਅਜੇਹਾ ਹੀ ਹਾਲ ਸੈਕਸ਼ਨ 85 ਦੇ ਗੁਰਦੁਆਰਾ ਸਾਹਿਬ ਦੀ ਆਮਦਨ ਦਾ ਹੈ ਜੋਕਿ ਲਗਾਤਾਰ ਘੱਟਦੀ ਨਜਰ ਆਉਂਦੀ ਹੈ।ਧਰਮ ਪ੍ਰਚਾਰ ਲਈ ਰੱਖੇ ਜਾ ਰਹੇ ਫੰਡਾਂ ਦੀ ਦਰ ਵੀ ਸੈਕਸ਼ਨ 85 ਦੇ ਗੁਰਦੁਆਰਾ ਸਾਹਿਬ ਦੀ ਦਰਸਾਈ ਗਈ ਆਮਦਨ ਦੇ ਅਨੁਸਾਰੀ ਨਹੀ ਹੈ । ਅਜੇਹੇ ਵਿੱਚ ਸਹਿਜੇ ਹੀ ਸ਼ੰਕਾ ਪੈਦਾ ਹੁੰਦੀ ਹੈ ਕਿ ਕੀ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਦੀ ਆਮਦਨ ਵਿੱਚ ਵਾਕਿਆ ਹੀ ਵਾਧਾ ਦਰ ਘੱਟ ਰਹੀ ਹੈ ?ਧਰਮ ਪ੍ਰਚਾਰ ਫੰਡ ਵਿੱਚ ਲਗਾਤਾਰ ਦਰਜ ਹੋ ਰਹੀ ਵਾਧਾ ਦਰ ਘੱਟ ਕਿਉਂ ਗਈਂ?ਕਮੇਟੀ ਦੁਆਰਾ ਪਾਸ ਕੀਤੇ ਗਏ ਬਜਟ ਸਾਲ 2012-13,2013-14 2014-15 ਅਤੇ 2015-16 ਦੀ ਬਰੀਕੀ ਨਾਲ ਘੋਖ ਕੀਤੀ ਜਾਏ ਤਾਂ ਸਾਲ 2015-16 ਦੇ ਬਜਟ ਦੀ ਵਾਧਾ ਦਰ,ਸਾਲ 2013-14,2014-15 ਦੀ ਨਿਸਬਿਤ ਲਗਾਤਾਰ ਘੱਟ ਰਹੀ ਹੈ।ਕਮੇਟੀ ਦੁਆਰਾ ਇਨ੍ਹਾਂ ਸਾਲਾਂ ਵਿੱਚ ਪਾਸ ਕੀਤੇ ਗਏ ਧਰਮ ਪ੍ਰਚਾਰ ਬਜਟ ਦਾ ਹਾਲ ਵੀ ਕੁਝ ਅਜੇਹਾ ਹੀ ਹੈ ਜੋਕਿ 2013-14 ਵਿੱਚ ਇਹ ਬਜਟ ,ਪਿਛਲੇ ਸਾਲ ਦੇ 43 ਕਰੋੜ ਤੋਂ 52 ਕਰੋੜ ਹੋ ਜਾਂਦਾ ਹੈ ਤੇ ਸਾਲ 2014-15 ਵਿੱਚ,ਪਿਛਲੇ ਬਜਟ 52 ਕਰੋੜ ਤੋਂ 63 ਕਰੋੜ ,ਭਾਵ ਲਗਾਤਾਰ 9,ਕਰੋੜ 11 ਕਰੋੜ ਦਾ ਵਾਧਾ ਦਰਜ ਹੁੰਦਾ ਹੈ ਲੇਕਿਨ ਸਾਲ 2015-16 ਦੇ ਬਜਟ ਵਿੱਚ ਇਹੀ ਵਾਧਾ 4 ਕਰੋੜ ਰਹਿ ਜਾਂਦਾ ਹੈ (ਸਾਲ 2014-15,63ਕਰੋੜ ਤੋਂ ਸਾਲ 2015-16 ਲਈ 67 ਕਰੋੜ ਸਾਲ)।
ਕਮੇਟੀ ਦੇ ਉਪਰੋਕਤ ਸਾਲਾਂ ਦੇ ਬਜਟ ਅਨੁਸਾਰ ,ਜਨਰਲ ਬੋਰਡ ਫੰਡ ਲਈ ਕਰਮਵਾਰ 43ਕਰੋੜ40 ਲੱਖ ਰੁਪਏ,48 ਕਰੋੜ 40 ਲੱਖ ਰੁਪਏ,54 ਕਰੋੜ ਰੁਪਏ ਅਤੇ 59 ਕਰੋੜ ਰੁਪਏ ਰੱਖੇ ਗਏ ਹਨ ਅਤੇ ਇਹ ਵਾਧਾ ਲਗਾਤਾਰ ਇਕਸਾਰ ਜਾ ਰਿਹਾ ਹੈ ।ਉਪਰੋਕਤ ਸਾਲਾ ਦੇ ਬਜਟ ਵਿੱਚ ਟਰੱਸਟ ਫੰਡ ਦਾ ਵਾਧਾ ਵੀ 7ਕਰੋੜ 62 ਲੱਖ ਰੁਪਏ ਤੋਂ 5 ਕਰੋੜ 33 ਲੱਖ ਰੁਪਏ ਤੀਕ ਆ ਜਾਂਦਾ ਹੈ ।ਵਿਦਿਆ ਫੰਡ ਵੀ ਲਗਾਤਾਰ 5 ਕਰੋੜ 50 ਲੱਖ ਤੋਂ 5 ਕਰੋੜ 35 ਲੱਖ ਤੇ ਫਿਰ ਸਾਲ 2015-16 ਲਈ 1 ਕਰੋੜ 75 ਲੱਖ ਦਾ ਵਾਧਾ ਦਰਜ ਕਰਦਾ ਹੈ ।ਨਿਯਮਾ ਅਨੁਸਾਰ ਕਮੇਟੀ ਸੈਕਸ਼ਨ 85-87 ਦੇ ਗੁਰਦੁਆਰਾ ਸਾਹਿਬਾਨ ਦੀ ਆਮਦਨ ਦਾ ਕੁਲ 5 ਫੀਸਦੀ ਵਿਦਿਆ ਫੰਡ ਵਸੂਲਦੀ ਹੈ ।ਸੈਕਸ਼ਨ 85 ਦੇ ਗੁਰਦੁਆਰਾ ਸਾਹਿਬਾਨ ਦੀ ਸੰਭਾਵੀ ਆਮਦਨ ਤੇ ਖਰਚ ਦਾ ਜਿਕਰ ਕਰਦਿਆਂ ਸਾਲ 2012-13 ਤੋਂ 2015-16 ਤੀਕ ਇਹ ਵਾਧਾ 89 ਕਰੋੜ 50 ਲੱਖ ਤੋਂ ਘੱਟ ਕੇ ਸਾਲ 2014-15 ਵਿੱਚ 49 ਕਰੋੜ 73 ਲੱਖ ਅਤੇ ਸਾਲ 2015-16 ਵਿੱਚ 43 ਕਰੋੜ 33 ਲੱਖ ਰੁਏ ਰਹਿ ਜਾਂਦਾ ਹੈ ।ਸਪਸ਼ਟ ਹੈ ਕਿ ਸਾਲ 2012-13 ਵਿੱਚ ਇਨ੍ਹਾਂ ਗੁਰਦੁਆਰਾ ਸਾਹਿਬ ਦੀ ਆਮਦਨ 421ਕਰੋੜ 26 ਲੱਖ ਤੋਂ 510-78 ਲੱਖ,560-51 ਲੱਖ ਅਤੇ ਸਾਲ 2015-16 ਵਿੱਚ 603 ਕਰੋੜ 84 ਲੱਖ ਰੁਪਏ ਰੱਖੀ ਗਈ ਹੈ ।ਇਹੀ ਹਾਲ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਫੰਡ ਦਾ ਹੈ ਜਿਥੇ ਸਾਲ 2012-13 ਵਿਚ ਇਹ ਰਕਮ 43 ਕਰੋੜ ਰੁਪਏ ਸੀ ,ਸਾਲ 2013-14 ਵਿੱਚ 52 ਕਰੋੜ ਤੇ ਫਿਰ ਸਾਲ 2014-15 ਵਿੱਚ ਵੱਧਕੇ 63 ਕਰੋੜ ਹੋ ਗਈ ਜੋਕਿ ਕਰਮਵਾਰ 9 ਕਰੋੜ ਅਤੇ 11 ਕਰੋੜ ਦਾ ਵਾਧਾ ਸੀ ਲੇਕਿਨ ਸਾਲ 2015-16 ਦੇ ਬਜਟ ਵਿੱਚ ਇਹ ਰਕਮ 67 ਕਰੋੜ ਹੈ ਜੋਕਿ ਪਿਛਲੇ ਸਾਲ ਦੇ 11 ਕਰੋੜ ਦੇ ਵਾਧੇ ਦੀ ਬਜਾਏ ਮਹਿਜ 4 ਕਰੋੜ ਰੁਪਏ ਦਾ ਵਾਧਾ ਅੰਕਿਤ ਕਰਦੀ ਹੈ ।
ਕਮੇਟੀ ਨਿਯਮਾਂ ਅਨੁਸਾਰ ਹੀ ਵੇਖਿਆ ਜਾਏ ਤਾਂ ਕਮੇਟੀ, ਸੈਕਸ਼ਨ 85-87 ਦੇ ਗੁਰਦੁਆਰਾ ਸਾਹਿਬਾਨ ਪਾਸੋਂ 5ਫੀਸਦੀ ਤੋਂ ਲੈਕੇ 15 ਫੀਸਦੀ ਤੀਕ ਧਾਰਮਿਕ ਫੰਡ ਪ੍ਰਾਪਤ ਕਰਦੀ ਹੈ ।ਕਮੇਟੀ ਦਾ ਸਾਲ 2012-13,2013-14 ਦੇ ਧਰਮ ਪ੍ਰਚਾਰ ਬਜਟ ਦੀ ਰਾਸ਼ੀ ਉਪਰੋਕਤ ਗੁਰਦੁਆਰਾ ਸਾਹਿਬਾਨ ਪਾਸੋਂ ਲਈ 10 ਫੀਸਦੀ ਧਰਮ ਪ੍ਰਚਾਰ ਫੰਡ ਅਨੁਸਾਰ ਹੈ ਜਦਕਿ ਸਾਲ 2014-15ਤੇ ਸਾਲ 2015-16 ਅਨੁਸਾਰ ਇਹ ਰਾਸ਼ੀ 12 ਫੀਸਦੀ ਧਰਮ ਪ੍ਰਚਾਰ ਫੰਡ ਅਨੁਸਾਰ ਹੈ । ਅਜੇਹੇ ਵਿੱਚ ਕਮੇਟੀ ਵਲੋਂ ਧਰਮ ਪ੍ਰਚਾਰ ਪੰਡ ਲਈ ਦਸਵੰਧ ਲੈਣ ਲੱਗਿਆਂ ਵੀ ਨਿਰਧਾਰਤ ਫੀਸਦੀ ਦਰ ਵਿੱਚ ਵਾਧ ਘਾਟ ਕਰਨੀ ਕਈ ਸਵਾਲ ਖੜੇ ਕਰਦੀ ਹੈ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵਲੋਂ ਪੇਸ਼ ਕੀਤਾ ਗਿਆ ਸਾਲ 2015-16 ਦਾ ਇਹ ਦਸਵਾਂ ਬਜਟ ਹੈ।ਸ੍ਰ ਮੱਕੜ ਦੇ ਕਾਰਜਕਾਲ ਦੌਰਾਨ ਪੇਸ਼ ਕੀਤੇ ਗਏ ਸਾਲ 2010-11 ਅਤੇ 2011-12 ਦੇ ਬਜਟ ‘ਤੇ ਸ਼੍ਰੋਮਣੀ ਕਮੇਟੀ ਦੇ ਹੀ ਇੱਕ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਇਹ ਕਹਿ ਕੇ ਇਤਰਾਜ ਲਗਾ ਦਿੱਤਾ ਸੀ ਕਿ ਕਮੇਟੀ ਪ੍ਰਬੰਧਕ,ਗੁਰਦੁਆਰਾ ਆਮਦਨ ਖਰਚ ਦੀ ਸਹੀ ਤਸਵੀਰ ਪੇਸ਼ ਕਰਨ ਦੀ ਬਜਾਏ ਆਪਣੀ ਜਰੂਰਤ ਦੇ ਅਨੁਸਾਰੀ ਫਰਜੀ ਅੰਕੜੇ ਪੇਸ਼ ਕਰਦੇ ਹਨ।ਸ੍ਰ ਰਾਜਾਸਾਂਸੀ ਨੇ ਉਸ ਵੇਲੇ ਕਮੇਟੀ ਵਲੋਂ ਪੇਸ਼ ਬਜਟ ਤੇ ਇਹ ਸਵਾਲ ਉਠਾਇਆ ਸੀ ਕਿ ਬਜਟ ਦੇ ਪੇਸ਼ ਅੰਕੜਿਆਂ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੀ ਆਮਦਨ 23 ਕਰੋੜ ਘੱਟੀ ਹੈ।ਕਮੇਟੀ ਨੇ ਉਸ ਸਾਲ ਇਹ ਦਾਅਵਾ ਕੀਤਾ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਬਜਟ ਵਿੱਚ ਪਿਛਲੇ ਸਾਲ ਦੀ 23 ਕਰੋੜ ਰੁਪਏ ਬੱਚਤ ਦੀ ਰਾਸ਼ੀ ਵੀ ਸਾਮਿਲ ਹੈ ।ਸ੍ਰ ਰਘਬੀਰ ਸਿੰਘ ਦਾਅਵਾ ਸੀ ਕਿ ਜਦੋਂ ਕੋਈ ਬੱਚਤ ਹੋਈ ਹੀ ਨਹੀ ਤਾਂ ਇਹ ਰਕਮ ਕਿਥੌਂ ਆਈ।ਸ੍ਰ ਰਘਬੀਰ ਸਿੰਘ ਦੇ ਇਸ ਇਤਰਾਜ ਤੇ ਕਮੇਟੀ ਨੇ ਬੜਾ ਤਿੱਖਾ ਪ੍ਰਤੀਕਰਮ ਵੀ ਦਿੱਤਾ ਸੀ ।
ਉਧਰ ਕਮੇਟੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕਮੇਟੀ ਦੁਆਰਾ ਪੇਸ਼ ਸਲਾਨਾ ਬਜਟ ਕਿਸੇ ਗੁਰਦੁਆਰਾ ਸਾਹਿਬ ਦੀਆਂ ਜਰੁਰਤਾਂ ਦੇ ਅਨੁਸਾਰੀ ਨਾ ਹੋਕੇ ਕਮੇਟੀ ਦੇ ਸਿਆਸੀ ਆਕਾਵਾਂ ਦੀਆਂ ਇੱਛਾਂਵਾਂ ਦੇ ਅਨੁਸਾਰੀ ਹੁੰਦਾ ਹੈ ।ਇਨ੍ਹਾਂ ਜਾਣਕਾਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਨਵੇਂ ਪ੍ਰੋਜੈਕਟ ਨੂੰ ਐਲਾਨਣਾ ਚਾਹੁੰਦੀ ਹੈ ਤਾਂ ਉਹ ਪਹਿਲਾਂ ਹੀ ਬਜਟ ਦੇ ਅੰਕੜੇ ਇਸ ਦੀ ਜਜਰੂਰਤ ਅਨੁਸਾਰੀ ਕਰਕੇ ਪੇਸ ਕਰਦੀ ਹੈ ।ਕਮੇਟੀ ਦੇ ਬਜਟ ਤੇ ਬਾਜ ਅੱਖ ਰੱਖਣ ਵਾਲੇ ਸਿੱਖ ਚਿੰਤਕਾਂ ਦਾ ਮੰਨਣਾ ਹੈ ਕਿ ਅਗਰ ਕਮੇਟੀ ਦੇ ਪਿਛਲੇ 10 ਸਾਲਾਂ ਦੇ ਪੇਸ਼ ਬਜਟ ਦੇ ਅੰਕੜਿਆਂ ਅਤੇ ਕਮੇਟੀ ਵਲੋਂ ਅਸਲ ਕੀਤੇ ਗਏ ਖਰਚਿਆਂ ਦੀ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾ ਲਈ ਜਾਏ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ।ਜਿਕਰਯੋਗ ਹੈ ਕਿ ਸ੍ਰ ਅਵਤਾਰ ਸਿੰਘ ਮੱਕੜ ਜਦੋਂ ਨਵੰਬਰ 2005 ਵਿੱਚ ਕਮੇਟੀ ਪ੍ਰਧਾਨ ਬਣੇ ਸਨ ਤਾਂ ਉਸ ਵੇਲੇ ਕਮੇਟੀ ਦਾ ਸਾਲ 2005-06 ਦਾ ਸਲਾਨਾ ਬਜਟ ਮਹਿਜ 280 ਕਰੋੜ ਰੁਪਏ ਦਾ ਸੀ ਜੋਕਿ ਹੁਣ 993 ਕਰੋੜ ਰੁਪਏ ਦਾ ਹੋ ਚੁੱਕਾ ਹੈ।ਇਹ ਵੀ ਜਿਕਰਣੋਗ ਹੈ ਕਿ ਸ੍ਰ ਅਵਤਾਰ ਸਿੰਘ ਮੱਕੜ ਦੇ ਪ੍ਰਧਾਨਗੀ ਕਾਲ ਦੌਰਾਨ ਪੇਸ਼ ਹੋਣ ਵਾਲਾ ਸਾਲ 2015-16 ਦਾ ਦਸਵਾਂ ਬਜਟ ਹੈ ਅਤੇ ਸਹਿਜਧਾਰੀਆਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੋਟ ਦਾ ਅਧਿਕਾਰ ਦੀ ਮੰਗ ਕਰਦੇ ਮਾਮਲੇ ਸਹਿਜਧਾਰੀ ਫੈਡਰੇਸ਼ਨ ਬਨਾਮ ਸਰਕਾਰ ਨਾਲ ਸਬੰਧਤ ਸੁਪਰੀਮ ਕੋਰਟ ਵਿਚ ਚਲਦੇ ਕੇਸ ਨੂੰ ਲੈਕੇ ਸਾਲ 2012-13 ਤੋਂ 2015-16 ਤੀਕ ਇਹ ਚੋਥਾ ਸਲਾਨਾ ਬਜਟ ਹੈ ਜਿਸਨੂੰ ਪਾਸ ਕਰਨ ਲਈ ਕਮੇਟੀ ਦਾ ਜਨਰਲ ਇਜਲਾਸ ਨਹੀ ਬੁਲਾਇਆ ਜਾਂਦਾ ਬਲਕਿ ਅੰਤ੍ਰਿੰਗ ਕਮੇਟੀ ਹੀ ਬਜਟ ਪਾਸ ਕਰ ਦਿੰਦੀ ਹੈ।
ਨਰਿੰਦਰ ਪਾਲ ਸਿੰਘ
98553 13236