ਪੰਜਾਬ ਵਿਚ ਹੁਣ ਪੁਲਿਸ ਦੱਸੇਗੀ ਕਿ ਸਿੱਖ ਪ੍ਰਚਾਰਕ ਕਿਵੇਂ ਪ੍ਰਚਾਰ ਕਰਨ।
ਪੰਜਾਬ ਤੋਂ ਖ਼ਬਰ ਹੈ ਕਿ ਸਿੱਖੀ ਦਾ ਸਿਧਾਂਤਕ ਪ੍ਰਚਾਰ ਕਰਨ ਵਾਲ਼ੇ ਪ੍ਰਚਾਰਕਾਂ ਨੂੰ ਹੁਣ ਪੁਲਿਸ ਧਮਕੀਆਂ ਦੇਣ ਲੱਗ ਪਈ ਹੈ।ਵਟਸ ਐਪ ‘ਤੇ ਖ਼ਬਰ ਹੈ ਕਿ ਇਕ ਥਾਣੇਦਾਰ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਧਮਕੀ ਦੇ ਰਿਹਾ ਹੈ ਕਿ ਉਹ ‘ਉਸ ਦੇ ਇਲਾਕੇ’ ‘ਚ ਸਿੱਖੀ ਦਾ ਪ੍ਰਚਾਰ ਨਾ ਕਰੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ।ਹੱਦ ਹੋ ਗਈ ਬਈ।ਥਾਣੇਦਾਰ ਹੀ ਜ਼ਕਰੀਏ ਬਣ ਗਏ।ਪੰਜਾਬ ਦੀ ਪੇਂਡੂ ਬੋਲੀ ਐ ਕਿ ‘ਚੁੱਕੀ ਹੋਈ ਪੈਂਚਾਂ ਦੀ ਗਾਲ਼ ਬਿਨਾਂ ਨਾ ਬੋਲੇ’।ਇਹ ਜ਼ਕਰੀਏ ਕਿਸੇ ਦੇ ਬੁਲਾਏ ਹੋਏ ਹੀ ਬੋਲਦੇ ਹਨ। ਪਿਛਲੇ ਸਮਿਆਂ ‘ਚ ਸਿੱਖ ਕੌਮ ਨੇ ਦੇਖਿਆ ਹੈ ਕਿ ਜਦੋਂ ਵੀ ਸਿੱਖਾਂ ਨੇ ਸਿੱਖ ਸਿਧਾਂਤ ਦੇ ਦੋਖੀਆਂ ਨੂੰ ਕਾਲ਼ੀਆਂ ਕਰਤੂਤਾਂ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪ੍ਰਸ਼ਾਸਨ ਨੇ ਸਿੱਖਾਂ ਨਾਲ਼ ਹੀ ਧੱਕਾ ਕੀਤਾ ਹੈ।ਅੰਮ੍ਰਿਤਸਰ ਵਿਚ ਨਿਰੰਕਾਰੀਆਂ ਦੀ ਕਰਤੂਤ ਤੋਂ ਲੈ ਕੇ ਅੱਜ ਤੱਕ ਦੇਖ ਲਉ, ਪੁਲਿਸ ਅਤੇ ਪ੍ਰਸ਼ਾਸਨ ਨੇ ਸਿੱਖਾਂ ਨਾਲ਼ ਹੀ ਵਧੀਕੀਆਂ ਕੀਤੀਆਂ ਹਨ।ਸਿੱਖਾਂ ‘ਤੇ ਲਾਠੀ ਚਾਰਜ ਕੀਤਾ ਗਿਆ ਤੇ ਗੋਲ਼ੀਆਂ ਚਲਾਈਆਂ ਗਈਆਂ ਤੇ ਲੋਹੜਾ ਸਾਈਂ ਦਾ ਕਿ ਸਿੱਖਾਂ ‘ਤੇ ਹੀ ਝੂਠੇ ਕੇਸ ਬਣਾਏ ਗਏ।ਨਿਹੱਥੇ ਸਿੱਖਾਂ ਨੂੰ ਗੋਲ਼ੀਆਂ ਨਾਲ਼ ਭੁੰਨਣ ਵਾਲ਼ੇ ਪੁਲਸੀਆਂ ਨੂੰ ਤਰੱਕੀਆਂ ਨਾਲ਼ ਨਿਵਾਜਿਆ ਗਿਆ।ਭਾਈ ਜਸਪਾਲ ਸਿੰਘ ਨੌਜਵਾਨ ਦਾ ਕੇਸ ਸਾਡੇ ਸਾਹਮਣੇ ਹੈ।
ਅਸਲ ਵਿਚ ਬਹੁਤ ਦੇਰ ਤੋਂ ਹੀ ਪੁਲਿਸ ਅਤੇ ਪ੍ਰਸ਼ਾਸਨ ਵਿਚ ਇਕ ਲਹਿਰ ਚਲ ਰਹੀ ਹੈ ਜਿਸ ਅਧੀਨ ਸਿੱਖ ਸਿਧਾਂਤ ਦੇ ਦੋਖੀ ਕਰਮਚਾਰੀਆਂ ਨੂੰ ਸ਼ਾਬਾਸ਼ ਅਤੇ ਤਰੱਕੀਆਂ ਦਿੱਤੀਆਂ ਜਾਂਦੀਆਂ ਹਨ ਵਿਸ਼ੇਸ਼ ਕਰ ਇਸ ਕੰਮ ਲਈ ਸਿੱਖ ਕਰਮਚਾਰੀ ਚੁਣੇ ਜਾਂਦੇ ਹਨ।ਹਾਕਮ ਜਮਾਤ ਡੇਰੇਦਾਰਾਂ ਨਾਲ ਜੁੜੇ ਮੁਲਾਜ਼ਮਾਂ ਦਾ ਖ਼ਾਸ ਖ਼ਿਆਲ ਰੱਖਦੀ ਹੈ।ਪੰਜਾਬ ਦੇ ਕਿਸੇ ਵੀ ਸਰਕਾਰੀ ਮਹਿਕਮੇ ‘ਚ ਕੰਮ ਕਰਦੇ ਕਿਸੇ ਵੀ ਅੰਮ੍ਰਿਤਧਾਰੀ ਕਰਮਚਾਰੀ ਤੋਂ ਇਸ ਗੱਲ ਦਾ ਪਤਾ ਕੀਤਾ ਜਾ ਸਕਦਾ ਹੈ।ਮੈਨੂੰ ਯਾਦ ਹੈ ਕਿ ਅੱਜ ਤੋਂ ਕਈ ਦਹਾਕੇ ਪਹਿਲਾਂ ਜਦੋਂ ਮੇਰੀ ਪਹਿਲੀ ਪੋਸਟਿੰਗ ਸ੍ਰੀ ਅਨੰਦਪੁਰ ਸਾਹਿਬ ਦੀ ਹੋਈ ਸੀ ਤਾਂ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਸਬ-ਤਹਿਸੀਲ ਦਾ ਦਰਜਾ ਮਿਲ ਗਿਆ।ਸਬ-ਤਹਿਸੀਲ ਬਣਨ ਨਾਲ਼ ਵੱਖੋ-ਵੱਖਰੇ ਮਹਿਕਮਿਆਂ ਦੇ ਮੁਲਾਜ਼ਮ ਭੀ ਆਉਣੇ ਸ਼ੁਰੂ ਹੋ ਗਏ।ਉੱਥੇ ਹੀ ਮੇਰੀ ਮੁਲਾਕਾਤ ਪਬਲਿਕ ਹੈਲਥ ਮਹਿਕਮੇ ਦੇ ਇਕ ਅੰਮ੍ਰਿਤਧਾਰੀ ਐੱਸ.ਡੀ.ਓ. ਨਾਲ਼ ਹੋਈ ਜੋ ਕਿ ਬਹੁਤ ਹੀ ਮਿਲਣਸਾਰ ਅਤੇ ਭਜਨ-ਬੰਦਗੀ ਵਾਲ਼ੇ ਸੱਜਣ ਸਨ।ਉਹਨਾਂ ਨੇ ਇਹਨਾਂ ਗੱਲਾਂ ਬਾਰੇ ਕਾਫ਼ੀ ਖ਼ੁਲਾਸੇ ਕੀਤੇ ਸਨ ਤੇ ਆਪਣੇ ਨਾਲ਼ ਹੋਈਆਂ ਬੇਇਨਸਾਫ਼ੀਆਂ ਦਾ ਜ਼ਿਕਰ ਕੀਤਾ ਸੀ।ਹਾਲਾਂ ਕਿ ਉਦੋਂ ਅਜੇ ਡੇਰਿਆਂ ਦਾ ਏਨਾ ਪ੍ਰਭਾਵ ਨਹੀਂ ਸੀ ਜਿੰਨਾ ਅੱਜ ਹੈ।ਉਹਨਾਂ ਨੇ ਉਦੋਂ ਹੀ ਕਿਹਾ ਸੀ ਕਿ ਇਹ ਬਿਮਾਰੀ ਕਿਸੇ ਦਿਨ ਪੰਜਾਬ ਵਿਚ ਬਹੁਤ ਜ਼ਿਆਦਾ ਵਧ ਜਾਏਗੀ।ਸੋ, ਜੇ ਅੱਜ ਇਕ ਥਾਣੇਦਾਰ ਜ਼ਕਰੀਆ ਬਣ ਕੇ ਪ੍ਰਚਾਰਕਾਂ ਨੂੰ ‘ਆਪਣੇ ਇਲਾਕੇ’ ‘ਚ ਆਉਣ ਤੋਂ ਰੋਕ ਰਿਹਾ ਹੈ ਤਾਂ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ।ਪਰ ਸ਼ਰਮ ਦੀ ਗੱਲ ਤਾਂ ਇਹ ਹੈ ਇਹ ਸਭ ਕੁਝ ‘ਪੰਥਕ ਸਰਕਾਰ’ ਦੇ ਰਾਜ ਵਿਚ ਹੋ ਰਿਹਾ ਹੈ।ਸੋਨੇ ਦੇ ਗੁੰਬਦ ਚੁੱਕੀ ਇਹ ਤੰਬੀਆਂ ਵਾਲ਼ੇ ਕਿੱਥੇ ਹਨ? ਇਹਨਾਂ ਦੀ ਜ਼ਮੀਰ ਕਿਉਂ ਨਹੀਂ ਜਾਗਦੀ?ਜਾਗਰੂਕ ਜਥੇਬੰਦੀਆਂ ਨੂੰ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਚੁੱਕਣਾ ਚਾਹੀਦਾ ਹੈ।
ਨਿਰਮਲ ਸਿੰਘ ਕੰਧਾਲਵੀ