ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਗੁਰਮਤਿ ਸਿਧਾਂਤਾਂ ਸਬੰਧੀ ਬਣਨ ਵਾਲੀਆਂ ਫਿਲਮਾਂ ਬਾਰੇ ਵਿਚਾਰ
ਗੁਰਮਤਿ ਸਿਧਾਂਤਾਂ ਸਬੰਧੀ ਬਣਨ ਵਾਲੀਆਂ ਫਿਲਮਾਂ ਬਾਰੇ ਵਿਚਾਰ
Page Visitors: 2573

 ਗੁਰਮਤਿ ਸਿਧਾਂਤਾਂ ਸਬੰਧੀ ਬਣਨ ਵਾਲੀਆਂ ਫਿਲਮਾਂ ਬਾਰੇ ਵਿਚਾਰ
ਮੌਜੂਦਾ ਸਿਆਸੀ ਹਾਲਾਤਾਂ ਵਿਚ, ਇਹ ਫਿਲਮਾਂ ਬਹੁਤ ਖਤਰਨਾਕ ਸਿਟਿਆਂ ਨੂੰ ਜਨਮ ਦੇ ਸਕਦੀਆਂ ਹਨ, ਇਨ੍ਹਾਂ ਤੇ ਪੂਰੀ ਪਾਬੰਦੀ ਲਗਣੀ ਚਾਹੀਦੀ ਹੈ।  
ਮੁੱਦਾ ਸਿਰਫ "ਨਾਨਕ ਸ਼ਾਹ ਫਕੀਰ"  ਫਿਲਮ ਦਾ ਨਹੀ ਹੈ  , ਬਲਕਿ ਸਿੱਖ ਇਤਿਹਾਸ ਅਤੇ ਸਿੱਖੀ ਤੇ ਬਨਣ ਵਾਲੀਆਂ ਉਨ੍ਹਾਂ ਸਾਰੀਆਂ ਫਿਲਮਾਂ ਦਾ ਹੈ, ਜਿਨ੍ਹਾਂ ਬਾਰੇ ਕੌਮ ਨੂੰ ਆਏ ਦਿਨ ਮਾਨਸਿਕ ਪਰੇਸ਼ਾਨੀ ਦਾ ਸਾਮ੍ਹਣਾਂ ਕਰਨਾਂ ਪੈੰਦਾ ਹੈ।  ਇਹੋ ਜਹੀਆਂ ਫਿਲਮਾਂ ਬਾਰੇ ਕੁਝ ਤਥ ਐਸੇ ਹਨ,  ਜੋ ਵਿਚਾਰ ਗੋਚਰੇ ਹਨ । ਅੱਜ ਤਾਂ ਸਾਲ ਵਿਚ ਦੋ ਤਿਨ ਇਹੋ ਜਹੀਆਂ ਫਿਲਮਾਂ ਬਨ ਰਹੀਆਂ ਨੇ। ਕਲ ਨੂੰ ਜਦੋਂ ਇਨ੍ਹਾਂ ਦੀ ਗਿਣਤੀ ਵੱਧ ਜਾਵੇਗੀ,  ਤਾਂ ਕੀ ਅਸੀ ਅਪਣੀ ਸਾਰੀ ਅਨਰਜੀ ਅਤੇ ਤਾਕਤ ਇਨ੍ਹਾਂ ਫਿਲਮਾਂ ਦੇ ਵਿਰੋਧ ਵਿਚ ਹੀ ਗਵਾ ਦਿਆਂਗੇ , ਜਾਂ ਇਸ ਦਾ ਕੋਈ ਸਥਾਈ ਹਲ ਕਡ੍ਹਣ ਦੀ ਕੋਸ਼ਿਸ ਕਰਾਂਗੇ ?
  ਦੂਜੇ ਧਰਮਾਂ ਵਾਂਗ , ਸਿੱਖ ਪੰਥ ,  ਦੀ  ਨੀਂਹ  (foundation)) ਨਾਂ ਤਾਂ ਕਾਲਪਨਿਕ ਪਾਤਰਾਂ ਉਤੇ ਅਧਾਰਿਤ ਹੈ , ਅਤੇ ਨਾਂ ਹੀ ਇਸ ਵਿਚ ਕਿਸੇ ਪ੍ਰਕਾਰ ਦੇ ਸਮਝੌਤੇ  ਦੀ  ਹੀ ਗੁੰਜਾਇਸ਼ ਹੂੰਦੀ  ਹੈ। ਗੁਰੂ ਮਤ ਅਤੇ ਸਿੱਖੀ   ਸਿਧਾਂਤਾਂ ਨਾਲ ਕਿਸੇ ਵੀ ਤਰੀਕੇ ਦਾ ਸਮਝੌਤਾ (compromise)   , ਕਿਸੇ ਵੀ ਕੀਮਤ ਤੇ ਲਾਗੂ ਨਹੀ ਹੋ ਸਕਦਾ । ਇਹ ਹੀ ਉਹ  ਗੁਣ ਹਨ,  ਜੋ ਸਿੱਖੀ ਦੇ "ਨਿਆਂਰੇ ਪਣ" ਦੀ  ਵਿਲੱਖਣਤਾ ਦੀ ਪਹਿਚਾਨ  ਰਹੇ ਹਨ। ਜਦੋ ਵੀ ਕੋਈ ਫਿਲਮ ਬਣਦੀ ਹੈ , ਉਸ ਵਿਚ ਕੁਝ ਨਾਂ ਕੁਝ ਕਾਲਪਨਿਕ ਜਰੂਰ ਹੂੰਦਾ ਹੈ ਅਤੇ ਕੁਝ ਨਾਂ ਕੁਝ ਐਸਾ ਹੂੰਦਾ ਹੈ ਜਿਸ ਨਾਲ ਗੁਰਮਤ ਜਾਂ  ਸਿੱਖੀ ਸਿਧਾਂਤਾਂ ਦਾ ਉਲੰਘਣ (violation) ਹੋ ਰਿਹਾ ਹੂੰਦਾ ਹੈ। ਇਹ ਦੋਵੇਂ ਹੀ ਗੱਲਾਂ  ਸਿੱਖਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਹੂੰਦੀਆਂ ਅਤੇ ਜਾਗਰੂਕ ਸਿੱਖ ਇਸ ਦਾ ਵਿਰੋਧ ਕਰਦਾ  ਹੈ , ਜੱਦ ਕਿ ਸਾਧਾਰਣ ਸੋਚ ਵਾਲੇ ਸਿੱਖਾਂ ਨੂੰ ਇਸ ਨਾਲ ਕੁਝ ਵੀ ਲੈਨਾਂ ਦੇਣਾਂ ਨਹੀ ਹੂੰਦਾ । ਇਹੋ ਜਹੇ ਲੋਗ  ਤਾਂ ਇਥੋਂ ਤਕ ਕਹਿੰਦੇ ਵੇਖੇ ਜਾਂਦੇ ਹਨ ਕਿ ਤੁਸੀ ਲੋਗ ਹਰ ਗਲ ਵਿਚ ਮੀਨ ਮੇਖ ਕਡ੍ਹਣ ਲਈ ਹੀ ਪੈਦਾ ਹੋਏ ਹੋ। ਜੇ ਤੁਸੀ ਹਰ ਫਿਲਮ ਦਾ ਵਿਰੋਧ ਕਰਦੇ ਰਹੇ ,  ਇਸ ਤਰ੍ਹਾਂ ਤਾਂ ਸਿੱਖੀ ਦਾ ਪ੍ਰਚਾਰ ਹੀ ਨਹੀ ਹੋ ਸਕੇਗਾ। ਇਸ ਮੁੱਦੇ ਤੇ ਜਾਗਰੂਕ ਸਿੱਖਾਂ ਦਾ ਵਿਰੋਧ ਬਿਲਕੁਲ ਜਾਇਜ ਅਤੇ ਦੁਰੁਸਤ ਹੂੰਦਾ ਹੈ ਜਦਕਿ ਇਹੋ ਜਹੀਆਂ ਦਲੀਲਾਂ ਬੇ ਫਜੂਲ ਹੂੰਦੀਆਂ ਹਨ।
ਇਹ ਤਾਂ ਸਾਫ ਜਾਹਿਰ ਹੈ ਕਿ ਸਿੱਖਾਂ ਨੂੰ ਉਹ ਹੀ ਫਿਲਮਾਂ ਸਵੀਕਾਰ ਹੋ ਸਕਦੀਆਂ ਨੇਂ,  ਜਿਨ੍ਹਾਂ ਵਿਚ ਨਾਂ ਤਾਂ ਗੁਰਮਤਿ ਦਾ ਅਤੇ ਨਾਂ ਹੀ ਸਿੱਖੀ ਸਿਧਾਂਤਾਂ ਦਾ ਉਲੰਘਣ  ਹੋ ਰਿਹਾ ਹੋਵੇ। ਲੈਕਿਨ ਐਸਾ ਹੋਣਾਂ ਮੁਮਕਿਨ ਨਹੀ ਹੈ , ਕਿਉ ਕਿ ਸਿੱਖੀ ਵਿਚ ਵੀ ਬਹੁਤ ਸਾਰੀਆਂ ਅਡ ਅਡ ਵਿਚਾਰਧਾਰਾਵਾਂ ਜਨਮ ਲੈ ਚੁਕੀਆਂ ਹਨ, ਜਿਨ੍ਹਾਂ ਦੀ ਆਪਸੀ ਰਾਇ ਹੀ ਨਹੀ ਮਿਲਦੀ।  ਇਕ ਗਲ ਕਿਸੇ ਧਿਰ ਨੂੰ ਸਵੀਕਾਰ ਹੋ ਸਕਦੀ ਹੈ ਅਤੇ ਉਹੀ ਗਲ ਕਿਸੇ ਦੂਜੀ ਧਿਰ ਅਨੁਸਾਰ ਸਿਧਾਂਤਾਂ ਅਤੇ ਗੁਰਮਤਿ ਦਾ ਘਾਂਣ ਹੋ ਸਕਦੀ ਹੈ।ਉਦਾਹਰਣ ਦੇ ਤੌਰ ਤੇ ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਬਾਣੀਆਂ ਦਾ ਮੁਦਾ । ਇਕ ਲਈ ਇਹ ਰਚਨਾਵਾਂ "ਦਸਮ ਬਾਣੀ" ਹੈ ਤੇ ਦੂਜੀ ਧਿਰ ਲਈ ਇਹ "ਕੱਚੀਆਂ ਬਾਣੀਆਂ" ਹਨ।
ਬਹੁਤ ਵਰ੍ਹੈ ਪਹਿਲਾਂ ਇਕ ਫਿਲਮ " ਨਾਨਕ ਨਾਮ ਜਹਾਜ" ਆਈ ਸੀ ਅਤੇ ਹੁਣ ਪਿਛਲੇ ਵਰ੍ਹੇ ਹੀ "ਚਾਰ ਸਾਹਿਬਜਾਦੇ " ਨਾਮ ਦੀ ਏਨੀਮੇਸ਼ਨ ਫਿਲਮ ਰਿਲੀਜ ਹੋਈ। ਜਿਥੇ ਪਹਿਲੀ ਫਿਲਮ " ਸਟੋਰੀ ਬੇਸਡ" ਸੀ , ਲੇਕਿਨ ਉਸ ਫਿਲਮ ਵਿਚ "ਚਮਤਕਾਰ"  ਦਾ ਸਹਾਰਾ ਲਿਆ ਗਿਆ ਸੀ ,  ਜਿਸ ਵਿਚ ਅੱਖਾਂ ਦੀ ਰੋਸ਼ਨੀ ਦਾ  ਚਲੇ  ਜਾਂਣਾਂ , ਅਤੇ ਦਰਬਾਰ ਸਾਹਿਬ ਵਿਚ ਇਸ਼ਨਾਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਦਾ ਵਾਪਸ ਆ ਜਾਣਾਂ  ਦਿਖਾਇਆ ਗਿਆ ਸੀ,  ਜੋ ਸਿੱਖੀ ਸਿਧਾਂਤਾਂ ਦੇ ਖਿਲਾਫ ਸੀ । ਨਾਲ ਹੀ ਇਸ ਫਿਲਮ ਵਿਚ ਅਖੌਤੀ ਦਸਮ ਗ੍ਰੰਥ ਵਿਚੋਂ ਬਹੁਤ ਸਾਰੇ ਗਾਨੇ ਫਿਲਮਾਏ ਗਏ ਸਨ , ਜੋ ਸਿੱਖਾਂ ਨੂੰ ਉਸ ਕੱਚੀ ਬਾਂਣੀ ਨਾਲ ਜੋੜਦੇ ਸਨ।  ਇਸ ਲਈ ਇਕ ਸਾਧਾਰਣ ਸੋਚ ਵਾਲੇ ਸਿੱਖ ਲਈ ਤਾਂ ਉਹ ਇਕ ਸਟੋਰੀ ਬੇਸ ਫਿਲਮ ਹੋਣ ਕਾਰਣ ਪਸੰਦ ਕੀਤੀ ਗਈ , ਲੇਕਿਨ ਜਾਗਰੂਕ ਸਿੱਖਾਂ ਲਈ ਉਹ ਇਤਰਾਜ ਯੋਗ ਸਾਬਿਤ ਹੋਈ।
ਇੱਸੇ ਤਰ੍ਹਾਂ "ਚਾਰ ਸਾਹਿਬਜਾਦੇ" ਫਿਲਮ ਵਿਚ ਏਨੀਮੇਸ਼ਨ ਦਾ ਸਹਾਰਾ ਲੈ ਕੇ ਇਕ ਪੱਖ ਨੂੰ ਤਾਂ ਸੰਤੁਸ਼ਟ ਕਰਨ ਦੀ ਕੋਸ਼ਿਸ਼  ਕੀਤੀ ਗਈ.  ਲੇਕਿਨ ਸਿੱਖੀ ਸਿਧਾਂਤ ਅਤੇ ਗੁਰਮਤਿ ਅਨੁਸਾਰ ਉਹ ਫਿਲਮ ਵੀ ਪੂਰੀ ਤਰਾਂ ਖਰੀ ਨਹੀ ਸੀ ਉਤਰਦੀ । ਇਸ ਫਿਲਮ ਵਿਚ ਵੀ ਅਖੌਤੀ ਦਸਮ ਗ੍ਰੰਥ ਦੀ ਕੱਚੀ ਬਾਣੀ ਨੂੰ "ਗੁਰਬਾਣੀ" ਦੇ ਰੂਪ ਵਿਚ ਪੇਸ਼ ਕੀਤਾ ਗਿਆ,  ਅਤੇ ਮਾਤਾ ਗੁਜਰੀ ਜੀ ਦੇ ਕਿਰਦਾਰ ਨੂੰ ਵੀ  ਗੌਰਵ ਮਈ ਤਰੀਕੇ ਨਾਲ ਨਹੀ ਫਿਲਮਾਇਆ ਗਿਆ। ਇਹ ਫਿਲਮ ਏਨੀਮੇਟੇਡ ਹੋਣ ਦੇ ਕਾਰਣ ਕੁਝ ਲੋਗਾਂ  ਦੀ ਅਲੋਚਨਾਂ  ਤੋਂ ਬੱਚ ਗਈ, ਅਤੇ ਬੱਚਿਆਂ ਅਤੇ ਸਧਾਰਣ ਸੋਚ ਵਾਲਿਆਂ ਨੇ ਸਵੀਕਾਰ ਕਰ ਲਈ।
ਕਹਿਣ ਦਾ ਭਾਵ ਇਹ ਹੈ ਕਿ ਇਹ ਫਿਲਮਾਂ ਗੈਰ ਸਿੱਖ ਲੋਗਾਂ   ਵਲੋਂ ਬਣਾਈਆਂ ਜਾਂਦੀਆਂ ਨੇ, ਉਨ੍ਹਾਂ ਵਿਚ ਬਹੁਤ ਸਾਰੇ ਇਤਰਾਜ ਯੋਗ ਕਾਰਣ ਹੂੰਦੇ ਹਨ  । ਉਨ੍ਹਾਂ ਨੂੰ ਜਾਂ ਤਾਂ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਬਾਰੇ ਇਨ੍ਹੀ ਜਾਨਕਾਰੀ ਨਹੀ ਹੂੰਦੀ, ਜਾਂ ਫਿਰ ਉਨ੍ਹਾਂ ਨੂੰ ਸਲਾਹ ਦੇਣ ਵਾਲੇ ਸਿੱਖ,  ਉਸ ਤਬਕੇ ਦੇ ਨਹੀ ਹੂੰਦੇ , ਜੋ ਆਪ ਸਿੱਖੀ ਸਿਧਾਂਤਾਂ ਅਤੇ ਗੁਰਮਤਿ ਦੇ ਬਹੁਤੇ ਜਾਨਕਾਰ ਹੋਣ। ਇਹੀ ਕਾਰਣ ਹੈ ਕਿ ਇਹ ਫਿਲਮਾਂ ਸਿੱਖੀ ਸੋਚ ਦੇ ਉਲਟ , ਕੁਝ ਨਾਂ ਕੁਝ ਗਲਤ ਪ੍ਰਭਾਵ ਛਡ ਜਾਂਦੀਆਂ ਹਨ।
ਸਿੱਖ ਇਤਿਹਾਸ ਉੱਤੇ ਬਨਣ ਵਾਲੀਆਂ ਫਿਲਮਾਂ ਵਿਚ ਜੇ ਸਿੱਖੀ ਸਿਧਾਂਤਾਂ ਅਤੇ ਗੁਰਮਤਿ ਦੀ  ਉਲੰਘਣਾਂ ਨਾਂ ਹੋਵੇ ਤਾਂ ਕਿਸੇ ਸਿੱਖ ਨੂੰ ਇਸਤੇ ਕੋਈ ਇਤਰਾਜ ਨਹੀ ਹੋਵੇਗਾ। ਲੇਕਿਨ ਇਹ ਮੁੱਦਾ  ਇਨਾਂ ਸੌਖਾ ਨਹੀ  ਹੈ। ਅਤੇ ਨਾਂ ਹੀ  ਇਸਦਾ ਹੱਲ ਹੀ ਬਹੁਤਾ ਸੌਖਾ ਹੈ । ਕਿਉਕਿ ਇਸ ਕੰਮ ਲਈ  ਸਿੱਖਾਂ ਨੂੰ ਗੁਰਮਤਿ ਅਤੇ ਸਿੱਖ ਸਿਧਾਂਤਾਂ ਦੇ ਮਾਹਿਰ ਵਿਦਵਾਨਾਂ ਦਾ ਇਕ ਪੈਨਲ ਬਨਾਉਣਾਂ ਪਵੇਗਾ , ਜਾਂ ਕੌਮੀ ਪਧਰ ਤੇ ਕੋਈ ਐਸਾ ਸੇੰਸਰ ਬੋਰਡ ਬਨਾਉਣਾਂ ਪਵੇਗਾ ਜੋ ਇਹੋ ਜਹੀਆਂ ਫਿਲਮਾਂ ਨੂੰ ਬਨਣ ਤੋਂ ਲੈ ਕੇ ਰਿਲੀਜ ਹੋਣ ਤਕ ,  ਇਨ੍ਹਾਂ ਫਿਲਮਾਂ ਦੀ ਬਣਤਰ ਤੇ ਪੂਰੀ ਨਜਰ ਰੱਖ ਸਕਣ।
ਮੌਜੂਦਾ ਕੌਮੀ ਹਾਲਾਤਾਂ ਵਿਚ ਤਾਂ  ਇਹ ਹੋ ਹੀ ਨਹੀਂ ਸਕਦਾ ,ਕਿਉਕਿ  ਉਹ ਪੈਨਲ ਜਾਂ ਸੇੰਸਰ ਬੋਰਡ  ਬਣਾਏਗਾ ਕੌਣ? ਤੇ ਉਸ ਦੇ ਮੇੰਬਰ ਕੌਣ ਚੁਣੇਗਾ ?
ਜੇ ਗਲ ਆਂਉਦੀ ਹੈ ਦਸਮ ਗ੍ਰੰਥ ਦੀ ਤਾਂ  ਕੌਮ ਦੋ ਫਾੜ ਹੋ ਕੇ ਆਪਸ ਵਿਚ ਹੀ ਬੇਹਾਲ ਹੋ ਜਾਂਦੀ ਹੈ। ਜੇ ਗਲ ਆਂਉਦੀ ਹੈ ਹਰਿਆਣਾਂ ਦੀ ਵਖਰੀ ਕਮੇਟੀ ਦੀ ,ਤਾਂ ਗੋਲਕਾਂ ਦੇ ਲੁਟੇਰੇ ਅਪਣੇ ਗੁੰਡਿਆਂ ਰਾਂਹੀ ਉੱਥੇ ਦੇ ਗੁਰਦੁਆਰਿਆ ਦੀਆਂ ਗੋਲਕਾਂ ਤੇ  ਕਬਜੇ ਕਰ ਲੈੰਦੇ ਹਨ। ਜੇੜ੍ਹੇ ਜੱਥੇਦਾਰ ਚੰਦ ਨੋਟਾਂ  ਦੇ ਲਿਫਾਫਿਆਂ ਪਿੱਛੇ , ਕੌਮ ਨੂੰ ਬਰਬਾਦ ਕਰਨ ਵਾਲੇ ਡੇਰਿਆਂ ਦੇ ਬਾਬਿਆਂ ਦੀਆਂ ਬਰਸੀਆਂ ਮਨਾਉਣ ਅਤੇ ਉਨ੍ਹਾਂ ਦੇ ਸਟੇਜਾਂ ਤੇ ਗੁਰਮਤਿ ਨੂੰ ਰੋਲਦੇ ਵੇਖੇ ਜਾਂਦੇ ਹਨ, ਕੀ ਉਹ ਇਹ ਫੈਸਲਾ ਕਰਣਗੇ ਕਿ ਕੇੜ੍ਹੀ ਫਿਲਮ ਗੁਰਮਤਿ ਅਤੇ ਸਿਖੀ ਸਿਧਾਂਤਾਂ ਦੇ ਉਲਟ ਹੈ , ਤੇ ਕੇੜ੍ਹੀ ਫਿਲਮ ਸਿੱਖੀ ਸਿਧਾਂਤਾਂ ਦੇ ਮੁਤਾਬਿਕ ਹੈ ? ਫਿਰ ਤੇ ਉੱਥੇ ਵੀ ਲਿਫਾਫੇ ਹੀ ਚਲਣਗੇ। ਦੂਜੇ ਪਾਸੇ  ਕੌਮ ਦੇ ਉਹ ਵਿਦਵਾਨ ਫੈਸਲੇ ਕਰਣਗੇ , ਜੋ ਆਪਸ ਵਿਚ ਹੀ ਲੱੜ ਲੱੜ ਕੇ ਹਲਕਾਨ ਹੋਏ ਪਏ ਹਨ ?
ਇਸ  ਵਿਚ ਕੋਈ ਸ਼ਕ ਨਹੀ. ਕਿ ਇਹ ਗੱਲ ਕਈਆਂ ਨੂੰ ਚੰਗੀ ਨਹੀ ਲਗਣੀ  , ਲੇਕਿਨ  ਹੈ ਬਿਲਕੁਲ ਸੱਚ,  ਕਿ ਸਿੱਖ ਇਤਿਹਾਸ ਅਤੇ ਧਰਮ ਨਾਲ ਸੰਬੰਧਿਤ ਫਿਲਮਾਂ ਬਿਲਕੁਲ ਬਨਣੀਆਂ ਹੀ ਨਹੀ ਚਾਹੀ ਦੀਆਂ। ਐਸੀਆਂ ਫਿਲਮਾਂ  ਤੇ ਕੌਮ ਵਲੋ ਪੂਰੀ ਤਰ੍ਹਾਂ ਬੈਨ ਲਗਣਾਂ ਚਾਹੀਦਾ ਹੈ । ਸ਼੍ਰੋਮਣੀ  ਕਮੇਟੀ ਜੇ ਗਲਤ "ਸਿੱਖ ਇਤਿਹਾਸ" ਛਾਪ ਸਕਦੀ ਹੈ ਤਾਂ ਇਨ੍ਹਾਂ ਫਿਲਮ ਬਨਾਉਣ ਵਾਲਿਆਂ ਨੂੰ ਸੇੰਸਰ ਕੌਣ ਕਰੇਗਾ ?  ਕੌਮ  ਕੋਲ ਇਹੋ ਜਹਿਆ ਕੋਈ ਇਕੱਠ, ਪੈਨਲ , ਬੋਰਡ ਜਾਂ ਅਥਾਰਟੀ ਹੈ ਹੀ ਨਹੀ ਜੋ ਨਿਰਪੱਖ ਰੂਪ ਵਿਚ ਇਨ੍ਹਾਂ ਫਿਲਮਾਂ ਬਾਰੇ ਕੋਈ ਫੈਸਲਾ ਲੈ ਸਕੇ।  ਨਾਂ ਕੁੱਬੇ ਨੇ  ਸਿਧਾਂ ਹੋਣਾਂ ਹੈ , 'ਤੇ ਨਾਂ ਉਸਨੇ ਘੋੜੀ ਚੜ੍ਹਨਾਂ ਹੈ।  ਸਾਡਾ ਕੋਈ ਕੰਟ੍ਰੋਲ ਇਹੋ ਜਹੀਆਂ ਫਿਲਮਾਂ ਤੇ ਨਹੀ ਹੈ । ਇਸ ਲਈ ਜੇ  ਇਹੋ ਜਹੀਆਂ ਫਿਲਮਾਂ ਬਣਦੀਆਂ ਰਹਿਣ ਗੀਆਂ,  ਤਾਂ ਵਿਰੋਧ ਦਾ ਰੌਲਾ ਪੈੰਦਾ ਰਹੇਗਾ ।  ਫਿਲਮਾਂ ਰਿਲੀਜ ਹੂੰਦੀਆਂ ਰਹਿਣ ਗੀਆਂ।ਤੁਹਾਡਾ ਮਨ ਵਲੂੰਧਰਿਆ ਜਾਂਦਾ ਹੈ,   ਤੇ ਵਲੂੰਧਰਿਆ ਜਾਂਦਾ ਰਹੇ, ਇਸ ਦੀ ਕਿਸੇ ਨੂੰ ਪਰਵਾਹ  ਨਹੀ ਹੈ। ਜੋ ਚਿੰਤਾ ਸਾਡੀਆਂ ਉੱਚ ਸੰਸਥਾਵਾਂ ਨੂੰ ਕਰਨੀ ਚਾਹੀਦੀ ਹੈ , ਉਨ੍ਹਾਂ ਦੇ ਕੰਨ ,ਅੱਖਾਂ ਤੇ ਮੂਹ ਇਸ ਬਾਰੇ ਬੰਦ ਹਨ।
ਇਹੋ ਜਹੀਆਂ ਫਿਲਮਾਂ ਆਂਉਣ ਵਾਲੇ ਸਮੈਂ ਅੰਦਰ  ਕੌਮ ਲਈ ਬਹੁਤ ਵੱਡਾ ਖਤਰਾ ਵੀ ਬਣ ਸਕਦੀਆਂ ਨੇ । ਅੱਜ ਤਾਂ ਇਹ ਫਿਲਮਾਂ ਉਹ ਲੋਗ ਬਣਾਂ ਰਹੇ ਨੇ ,ਜਿਨ੍ਹਾਂ ਦਾ ਕਮ ਫਿਲਮਾਂ ਬਣਾਂ ਕੇ ਪੈਸਾ ਕਮਾਉਣਾਂ ਹੈ।  ਲੇਕਿਨ ਜਦੋਂ ਉਹ ਤਾਕਤਾਂ ਇਸ ਫੀਲਡ ਵਿਚ ਆ ਗਈਆਂ, ਜੋ ਸਿੱਖਾਂ ਨੂੰ ਹਿੰਦੂ ਮੱਤ ਦਾ ਇਕ ਹਿੱਸਾ ਬਣਾਂ ਕੇ ਅਪਣੇ ਵਿਚ ਜਜਬ ਕਰ ਲੈਣ ਦੇ ਮਨਸੂਬੇ ਮਿੱਥੀ ਬੈਠੀਆਂ ਨੇ । ਜਾਂ ਨਾਨਕ ਸ਼ਾਹੀ ਕੈਲੰਡਰ ਵਰਗੇ ਕੌਮੀ ਸਰਮਾਏ ਨੂੰ ਬਰਬਾਦ ਕਰ ਸਕਦੀਆਂ ਨੇ। ਜਾਂ ਹਜੂਰ ਸਾਹਿਬ , ਪਟਨਾਂ ਸਾਹਿਬ ਅਤੇ  ਅਖੌਤੀ ਸੰਤ ਸਮਾਜ ਵਰਗੇ ਅਦਾਰਿਆਂ ਵਿਚ ਅਪਣੇ ਘੁਸਪੈਠੀਏ ਪ੍ਰਧਾਨ  ਵਾੜ ਸਕਦੀਆਂ ਨੇ ।  ਤਾਂ ਉਨ੍ਹਾਂ ਫਿਲਮਾਂ ਰਾਂਹੀ ਤੁਹਾਡੀ ਆਉਣ ਵਾਲੀ ਪਨੀਰੀ ਨੂੰ ਕੀ ਕੀ ਪਰੋਸਿਆ ਜਾਵੇਗਾ , ਇਹ ਸੋਚ ਕੇ ਵੀ ਰੂਹ ਕੰਬ ਉਠਦੀ ਹੈ। ਇਨ੍ਹਾਂ ਫੀਲਮਾਂ ਰਾਂਹੀ ਸਿੱਖੀ ਦੇ ਖਿਲਾਫ ਉਹ ਕੁਝ ਕੀਤਾ ਜਾਵੇਗਾ ,ਜੋ ਤੁਸੀ ਸੋਚ ਵੀ ਨਹੀ ਸਕਦੇ । ਉਨ੍ਹਾਂ ਫਿਲਮਾਂ ਨੂੰ ਕਲੀਨ ਚਿੱਟ ਦੇਣ ਵਾਲਾ ਕੋਈ ਹੋਰ ਸੇੰਸਰ ਬੋਰਡ ਨਹੀ ,  ਸਾਡੇ  ਅਖੌਤੀ ਆਗੂ ਅਤੇ ਜੱਥੇਦਾਰ ਹੀ ਹੋਣਗੇ। ਝੂਠਾ "ਸਿੱਖ ਇਤਿਹਾਸ" ਲਿਖਾਉਣ ਵਾਲੀ ਤੁਹਾਡੀ ਸ਼੍ਰੋਮਣੀ ਕਮੇਟੀ ਹੀ ਇਨ੍ਹਾਂ ਫਿਲਮਾਂ ਨੂੰ ਬਨਣ ਦੀ ਇਜਾਜਤ ਦੇਵੇਗੀ । ਇਸ ਕਰਕੇ ਖਾਲਸਾ ਜੀ ਹੁਣੇ ਹੀ ਸਾਵਧਾਨ ਹੋ ਜਾਂਣ ਦੀ ਲੋੜ ਹੈ ।  ਸਿੱਖ ਇਤਿਹਾਸ ਅਤੇ ਸਿੱਖੀ ਨਾਲ ਸੰਬੰਧਿਤ ਕੋਈ ਫਿਲਮ ਬਨਣੀ ਹੀ ਨਹੀ ਚਾਹੀ ਦੀ ।   ਮੌਜੂਦਾ ਸਿਆਸੀ ਹਾਲਾਤਾਂ ਵਿਚ ਤਾਂ ੲਿਹ ਫਿਲਮਾਂ ਸਿੱਖੀ ਲਈ ਬਹੁਤ ਹੀ ਖਤਰਨਾਕ ਸਿੱਟੇ ਪੈਦਾ ਕਰ ਸਕਦੀਆ ਨੇ।  ਇਨ੍ਹਾਂ ਫਿਲਮਾਂ ਰਾਂਹੀ  ਸਿੱਖੀ ਦੇ ਪ੍ਰਚਾਰ ਦੀ ਗਲ ਸੋਚਣਾਂ ਤਾਂ ਇਕ ਹਾਸੋਹੀਣੀ ਮਾਨਸਿਕਤਾ ਦੇ ਅਲਾਵਾ ਕੁਝ ਨਹੀ ।

ਇੰਦਰਜੀਤ ਸਿੰਘ, ਕਾਨਪੁਰ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.