ਕੀ ਖ਼ਗੋਲ ਵਿਗਿਆਨ ਸਿੱਖ,ਹਿੰਦੂ ਮੁਸਲਮਾਨ ਜਾਂ ਈਸਾਈ ਹੁੰਦਾ ਹੈ ?
ਇਸ ਸੰਖੇਪ ਜਿਹੀ ਵਿਚਾਰ ਵਿਚਲੇ ਸਵਾਲ ਪੁਰ ਵਿਚਾਰ ਕਰਨ ਤੋਂ ਪਹਿਲਾਂ ਧਿਆਨ ਦੇਣ ਦੀ ਲੋੜ ਹੈ ਕਿ ‘ਖਗੋਲ ਵਿਗਿਆਨ’ (Astronomy) ਨੂੰ ‘ਜਿਯੋਤਿਸ਼’ (Astrology) ਨਾਲ ਰਲਗੱਡ ਨਹੀਂ ਕੀਤਾ ਜਾਣਾ ਚਾਹੀਦਾ ਜਿਵੇਂ ਕਿ ਕੀਤਾ ਜਾਂਦਾ ਹੈ।ਪਹਿਲਾਂ ਤਾਂ ਕੁੱਝ ਜਿਯੋਤਸ਼ੀ ਲੋਕਾਂ ਨੂੰ ਭੱਟਕਾਉਂਦੇ ਸਨ, ਹੁਣ ਤਾਂ ਇਸ ਰਲਗੱਡ ਨਾਲ ਪੜੇ ਲਿਖੇ ਵੀ ਮੂਰਖ ਬਣਨ-ਬਨਾਉਣ ਲੱਗੇ ਹੋਏ ਹਨ।ਸੰਸਾਰ ਵਿਚ ਖਗੋਲ ਵਿਗਿਆਨ ਨੇ ਮਨੁੱਖੀ ਸੱਭਿਯਤਾਵਾਂ ਨੂੰ ਲਾਹੇਵੰਦ ਸੇਧ ਦਿੱਤੀ ਹੈ ਅਤੇ ਇਹ ਵਿਗਿਆਨ ਸਭ ਤੋਂ ਪੁਰਾਣੇ ਵਿਗਿਆਨਕ ਵਿਸ਼ੇਆਂ ਵਿਚੋਂ ਇਕ ਹੈ।ਖ਼ੈਰ, ਸਿਰਲੇਖ ਵਿਚਲੇ ਸਵਾਲ ਦੇ ਉੱਤਰ ਤੇ ਵਿਚਾਰ ਲਈ ਮੱਧਕਾਲ ਤੋਂ ਹੀ ਆਰੰਭ ਕਰਦੇ ਹਾਂ।
‘ਜਿਜ਼-ਏ-ਸੁਲਤਾਨੀ’ ਇਕ ਖਗੋਲਕ ਟੇਬਲ ਸੀ ਜਿਸ ਨੂੰ ‘ਉਲੂਗ ਬੇਗ’ ਨੇ ਸੰਨ 1437 ਵਿਚ ਪ੍ਰਕਾਸ਼ਤ ਕੀਤਾ ਸੀ।ਇਹ ਕੰਮ ਉਲੂਗ ਬੇਗ ਵਲੋਂ ਸਮਰਕੰਦ ਵਿਚ ਸਥਾਪਤ ਖਗੋਲਕ ਬੇਧਸ਼ਾਲਾ ਵਿਚ ਇੱਕਤਰ, ਖਗੋਲ ਸ਼ਾਸਤ੍ਰੀਆਂ ਦਾ ਸਾਂਝਾ ਉਪਰਾਲਾ ਸੀ, ਜੋ ਕਿ ਆਪਣੇ ਧਰਮ ਵਜੋਂ ਮੁਸਲਮਾਨ ਸਨ।1437 ਵਿਚ ਉਲੂਗ ਬੇਗ ਨੇ ਨਕਸ਼ਤ੍ਰ ਸਾਲ (Sidereal Year) ਦੀ ਲੰਭਾਈ ਅਤੇ ਧਰਤੀ ਦੇ ਝੁਕਾਅ ਦਾ ਨਿਰਧਾਰਣ ਕੀਤਾ ਸੀ ਜੋ ਕਿ ‘ਕਾਪਰਨਿਕਸ’ ਵਲੋਂ ਕੀਤੀ ਗਣਨਾ ਨਾਲੋ ਵੱਧ ਸਟੀਕ ਸੀ।
ਨਕਸ਼ਤ੍ਰ ਸਾਲ ਦੀ ਲੰਭਾਈ ਤਕਰੀਬਨ 365 ਦਿਨ, 6 ਘੰਟੇ, 9 ਮਿੰਟ ਅਤੇ 9 ਸੇਕੇਂਡ ਕਰਕੇ ਮੰਨੀ ਜਾਂਦੀ ਹੈ ਜੋ ਕਿ ਸੋਲਰ ਸਾਲ ਨਾਲੋਂ ਤਕਰੀਬਨ 20 ਕੁ ਮਿੰਟ ਜ਼ਿਆਦਾ ਹੈ।ਇਸ ਥਾਂ ਨੁੱਕਤੇ ਨੂੰ ਵਿਚਾਰਣ ਲਈ ਇਕ ਦਿਲਚਸਪ ਗਲ ਵਿਚਾਰ ਲਈਏ।
ਉਲੂਗ ਬੇਗ ਨੇ ਨਕਸ਼ਰਤ੍ਰ ਸਾਲ ਦੀ ਦੋ ਲੰਭਾਈਆਂ ਨਿਰਧਾਰਤ ਕੀਤੀਆਂ ਸਨ।ਪਹਿਲੀ ਲੰਭਾਈ ਵਿਚ +58 ਸੇਕੇਂਡ ਦੀ ਗਲਤੀ ਸੀ ਅਤੇ ਦੂਜੀ ਵਿਚ +25 ਸੇਕੇਂਡ ਦੀ। ਮਹਾਨ ਖਗੋਲ ਵਿਗਿਆਨੀ ਕਾਪਰਨਿਕਸ ਨੇ ਜੋ ਲੰਭਾਈ ਨਿਰਧਾਰਤ ਕੀਤੀ ਸੀ ਉਸ ਵਿਚ +28 ਸੇਕੇਂਡ ਦੀ ਗਲਤੀ ਸੀ। ਯਾਨੀ ਕਿ ਉਲੂਗ ਬੇਗ ਆਪਣੀ ਪਹਿਲੀ ਗਣਨਾ ਵਿਚ ਕਾਪਰਨਿਕਸ ਨਾਲੋਂ ਜ਼ਿਆਦਾ ਗਲਤ ਸੀ ਪਰੰਤੂ ਦੂਜੀ ਗਣਨਾ ਵਿਚ ਉਹ ਕਾਪਰਨਿਕਸ ਨਾਲੋਂ, 3 ਸੇਕੇਂਡ ਦੇ ਫ਼ਰਕ ਨਾਲ, ਜ਼ਿਆਦਾ ਸਹੀ ਸੀ।
ਇਸ ਤੋਂ 500 ਸੋ ਸਾਲ ਤੋਂ ਵੱਧ ਸਮਾਂ ਪਹਿਲਾਂ, ਸੰਨ 826-901 ਵਿਚ ਹੋਏ ਖਗੋਲ ਵਿਗਿਆਨੀ ‘ਥਾਬਿਤ ਇਬਨ ਕੂਰਾ’ ਨੇ ਨਕਸ਼ਤ੍ਰ ਸਾਲ ਦੀ ਲੰਭਾਈ 365 ਦਿਨ, 6ਘੰਟੇ, 9 ਮਿੰਟ ਅਤੇ 12 ਸੇਕੇਂਡ ਕਰਕੇ ਨਿਰਧਾਰਤ ਕੀਤੀ ਸੀ, ਜਿਸ ਵਿਚ ਤਕਰੀਬਨ ਕੇਵਲ +2 ਕੁ ਸੇਕੇਂਡ ਦੀ ਗਲਤੀ ਸੀ।
ਇਹ ਦਿਲਚਸਪ ਗਲ ਇਸ ਨੁੱਕਤੇ ਨੂੰ ਸਪਸ਼ਟ ਕਰਦੀ ਹੈ, ਕਿ ਉਪਰੋਕਤ ਤਿੰਨੋ ਸ਼ਖ਼ਸੀਅਤਾਂ ਮਹਾਨ ਖਗੋਲ, ਗਣਿਤ ਸ਼ਾਸਤ੍ਰੀ ਅਤੇ, ਵਿਗਿਆਨੀ ਸਨ।ਇਸਦੇ ਨਾਲ ਉਹ ਆਪਣੇ-ਆਪਣੇ ਧਾਰਮਕ ਅਕੀਦੇ ਪੱਖੋਂ ਮੁਸਲਮਾਨ ਅਤੇ ਈਸਾਈ ਵੀ ਸਨ।ਪਰ ਉਨ੍ਹਾਂ ਵਲੋਂ ਬਿਨਾ ਦੂਰਬੀਨਾਂ ਦੀ ਸਹਾਇਤਾ ਤੋਂ ਕੀਤਾ ਗਿਆ ਕੰਮ, ਨਾ ਮੁਸਲਮਾਨ ਸੀ ਅਤੇ ਨਾ ਹੀ ਈਸਾਈ! ਕੀ ਅੱਜ ਕੰਮਪਯੂਟਰ ਪ੍ਰੋਗ੍ਰਮਾਂ ਰਾਹੀਂ ਕੈਲੇਂਡਰ ਗਣਨਾ ਕਰ-ਕਰ ਵਖਾਉਣ ਵਾਲੇ ਕੁੱਝ ਸੱਜਣ ਇਹ ਸੱਚ ਸਵੀਕਾਰ ਕਰਨ ਨੂੰ ਤਿਆਰ ਹਨ ?
ਕੀ ਉਹ ਸੱਜਣ ਇਹ ਵਿਚਾਰ ਕਰਨ ਨੂੰ ਤਿਆਰ ਹਨ ਕਿ ਉਹ ਥਾਬਿਤ ਇਬਨ ਕੂਰਾ, ਉਲੂਗ ਬੇਗ ਅਤੇ ਕਾਪਰਨਿਕਸ ਵਰਗੇ ਖਗੋਲ ਵਿਗਿਆਨਿਆਂ ਦੇ ਮੌਲਿਕ ਗਿਆਨ ਮੁਕਾਬਲ ਕਿਸ ਥਾਂ ਟਿੱਕਦੇ ਹਨ?
ਚਾਹੀਦਾ ਤਾਂ ਇਹ ਹੈ ਕਿ ਨਿਰਣੈ, ਚੁਨੌਤਿਆਂ ਦੇਣ ਅਤੇ ਸਵੀਕਾਰ ਕਰਨ ਤੋਂ ਪਹਿਲਾਂ ਉਹ ਵਿਚਾਰ ਕਰਨ ਕਿ ਉਪਰੋਕਤ ਖਗੋਲ ਸ਼ਾਸਤ੍ਰੀਆਂ ਨੇ, ਗਿਆਨ ਦੇ ਕਿਸ ਤਲ ਤੇ ਖੜੇ ਹੋ ਕੇ, ਬਿਨ੍ਹਾਂ ਦੂਰਬੀਨਾਂ ਦੇ ਉਹ ਕੁੱਝ ਕੀਤਾ, ਜਿਸ ਨੂੰ ਅੱਜ ਦੇ ਕੁੱਝ ਸੱਜਣ ਕੰਮਪਯੂਟਰਾਂ ਪੁਰ ਤੋਤੇ ਵਾਂਗ ਰੱਟਣ-ਰਟਾਉਣ ਤੋਂ ਵੱਧ ਕੁਝ ਨਹੀਂ ਕਰ ਸਕਦੇ!
ਸੱਚ ਇਹ ਹੈ ਕਿ ਖਗੋਲ ਵਿਗਿਆਨ ਸਿੱਖ, ਹਿੰਦੂ, ਮੁਸਲਮਾਨ ਜਾਂ ਈਸਾਈ ਨਹੀਂ ਹੁੰਦਾ ਪਰ ਤ੍ਰਾਸਦੀ ਇਹ ਹੈ ਕਿ ਇਸ ਸੱਚ ਨੂੰ, ਸੱਚ ਵਿਚਾਰਨ ਦਾ ਦਾਵਾ ਕਰਨ ਵਾਲੇ ਸੱਜਣ ਹੀ ਨਹੀਂ ਵਿਚਾਰਦੇ, ਜਾਂ ਫਿਰ ਉਹ ਜਾਣਬੂਝ ਕੇ ਇਸ ਬਾਰੇ ਲੋਕਾਂ ਨੂੰ ਸੁਚੇਤ ਨਹੀਂ ਕਰਨਾ ਚਾਹੁੰਦੇ।
ਹਰਦੇਵ ਸਿੰਘ, ਜੰਮੂ- 07.04.2015