ਨਿਆਰਾ ਖਾਲਸਾ ਤੇ ਭਰਮ ਭੇਖ
*ਦੋ ਪੈਰਾਂ ਚੋਂ ਕਛਹਿਰਾ ਲਹਿਣ ਦਾ ਭਰਮ!!!*
ਉਹ ਅੰਮ੍ਰਿਤ ਕਾਹਦਾ ਜਿਹੜਾ ਕਛਹਿਰਾ ਦੋ ਪੈਰਾਂ ਵਿੱਚ ਲੌਹਣ-ਪੌਣ ਨਾਲ ਟੁੱਟ ਜਾਵੇ। ਗੁਰਸਿੱਖੋ! ਗੁਰੂ ਸਹਿਬਾਂਨ ਨੇ ਸਾਨੂੰ ਬ੍ਰਾਹਮਣੀ ਕਰਮਕਾਂਡੀ ਬੰਧਨਾਂ ਤੋਂ ਮੁਕਤ ਕੀਤਾ ਸੀ ਜਿਨ੍ਹਾਂ ਵਿੱਚ ਅਜੋਕੇ ਸੰਪ੍ਰਦਾਈ ਡੇਰੇਦਾਰ ਪਾਈ ਜਾ ਰਹੇ ਹਨ। ਦੇਖੋ! ਖਾਲਸਾ ਫੌਜੀ ਹੈ ਤੇ ਪੰਜ ਕਕਾਰ ਖਾਲਸੇ ਦੀ ਵਰਦੀ ਹਨ। ਹੁਣ ਸਵਾਲ ਉਠਦੇ ਹਨ ਕਿ ਕੀ ਫੌਜੀ ਇਸ਼ਨਾਨ ਵਰਦੀ ਸਮੇਤ ਕਰਦਾ ਹੈ? ਕੀ ਵਰਦੀ ਲਾਹ ਕੇ ਇਸ਼ਨਾਨ ਕਰਨ ਨਾਲ ਫੌਜੀ, ਫੌਜ ਚੋਂ ਬੇਦਖਲ ਹੋ ਜਾਂਦਾ ਹੈ?
ਕੀ ਫੌਜੀ ੨੪ ਘੰਟੇ ਵਰਦੀ ਪਹਿਨ ਕੇ ਰੱਖਦਾ ਹੈ? ਜੇ ਨਹੀਂ ਤਾਂ ਖਾਲਸਾ ਫੌਜੀ ਹੀ ਕਿਉਂ ਕਰਮਕਾਂਡੀ ਹੁੰਦਾ ਜਾ ਰਿਹਾ ਹੈ? ਇਹ ਫਜੂਲ ਦੇ ਬੰਧਨਾਂ ਕਰਕੇ ਨਵੀਂ ਪੀੜੀ ਜਾਂ ਹੋਰ ਕੌਮਾਂ ਦੇ ਲੋਕ ਸਿੱਖ ਬਣਨ ਤੋਂ ਝਿਜਕਦੇ ਹਨ। ਜਿਵੇਂ ਬਾਮਣ ਜਨੇਊ ਕਦੇ ਕੰਨ ਨਾਲ ਵਲੇਟ ਦਾ ਹੈ ਕਦੇ ਡੌਲੇ ਨਾਲ ਬੰਨ੍ਹ ਲੈਂਦਾ ਹੈ ਇਵੇਂ ਹੀ ਅਜੋਕਾ ਕਰਮਕਾਂਡੀ ਸਿੱਖ ਕਰ ਰਿਹਾ ਹੈ ਕਿ ਕਦੇ ਕਿਰਪਾਨ ਸਿਰ ਤੇ ਲਪੇਟਦਾ ਤੇ ਕਦੇ ਲੱਕ ਨਾਲ ਬੰਨ੍ਹਦਾ ਹੈ। ਖਾਲਸਾ ਤਾਂ ਭਰਮ ਭੇਖ ਤੋਂ ਨਿਆਰਾ ਹੁੰਦਾ ਹੈ-
*ਭਰਮ ਭੇਖ ਤੇ ਰਹੈ ਨਿਆਰਾ । *
ਸਿੱਖ ਨੇ ਦੇਖਣਾ ਹੈ ਕਿ ਕਕਾਰਾਂ ਦੀ ਮਹਾਂਨਤਾ ਕੀ ਹੈ? ਉਹ ਹੀ ਅਹਿਮ ਹੈ। ਉਨ੍ਹਾਂ ਤੋਂ ਸਾਨੂੰ ਸਿਖਿਆ ਕੀ ਮਿਲਦੀ ਹੈ? ਸਿਖਿਆ ਫਾਲੋ ਕਰਨੀ ਹੈ ਜਾਂ ਲਕੀਰ ਦੇ ਫਕੀਰ ਬਣਕੇ ਕਰਮਕਾਂਡੀ ਵਹਿਮਾਂ ਵਿੱਚ ਉਲਝੇ ਰਹਿਣਾ ਹੈ। ਕਛਹਿਰਾ ਉੱਚੇ-ਸੁੱਚੇ ਕਿਰਦਾਰ, ਜਤ-ਸਤ
ਅਤੇ ਪਰਦੇ ਦਾ ਪ੍ਰਤੀਕ ਹੈ ਨਾਂ ਕਿ ਭਰਮੀ ਕਰਮਕਾਂਡਾਂ ਦਾ। ਗੁਰਸਿੱਖ ਨੇ ਆਪਣੀ ਪਤਨੀ ਤੋਂ ਇਲਾਵਾ ਬਾਕੀ ਵੱਡੀਆਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ ਅਤੇ ਛੋਟੀਆਂ ਨੂੰ ਧੀਆਂ ਸਮਝਣਾ-
*ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾ ਜਾਣੈ । *
ਕਛਹਿਰਾ ਇਸ ਸਿਖਿਆ ਦਾ ਪ੍ਰਤੀਕ ਹੈ ਨਾਂ ਕਿ ਕਿਸੇ ਹੋਰ ਕਰਮਕਾਂਡ ਦਾ? ਭਲਿਓ ਐਵੈਂ ਫਜੂਲ ਦੇ ਭਰਮਾਂ ਵਿੱਚ ਮਨੁੱਖਾ ਜਨਮ ਦਾ ਬੇਕੀਮਤਾ ਸਮਾਂ ਬਰਬਾਦ ਨਾਂ ਕਰੋ. ਗੁਰੂ ਦੀ ਸਿਖਿਆ ਗੁਰਬਾਣੀ ਦੇ ਸਿਧਾਤਾਂ ਤੇ ਅਮਲ ਕਰਦੇ ਸੁਹੇਲਾ ਤੇ ਸੁਚੱਜਾ ਜੀਵਨ ਜੀਓ।
ਅਵਤਾਰ ਸਿੰਘ ਮਿਸ਼ਨਰੀ
+510 432 9444