ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ, ਅਹੰਕਾਰ ਅਤੇ ਵਪਾਰ’
ਕੋਈ ਵੀ ਪ੍ਰਚਾਰਕ ਜਾਂ ਆਗੂ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਦੀ ਗਲ ਕਰਦਾ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਤਾ ਨੂੰ ਚੁਨੌਤੀ ਦੇਣ ਦੇ ਯੋਜਨਾ ਬੱਧ ਧਿਰ ਜਾਂ ਧਿਰਾਂ ਨਾਲ ਮਿਲਣੀ ਕਰਕੇ ਮਿਲ ਕੇ ਚਲਣ ਨੂੰ ਸਿੱਖੀ ਦੀ ਚੜਦੀ ਕਲਾ ਲਈ ਜ਼ਰੂਰੀ ਦੱਸਦਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਲਈ ਖੜੇ ਹੋਣ ਦਾ ਦਾਵਾ ਨਹੀਂ ਕਰ ਸਕਦਾ। ਐਸੀ ਮੌਕਾਪਰਸਤ ਦੋਸਤੀ ਬਾਰੇ ਸਰਵਉੱਚ ਗੁਰੂ ਦਾ ਫੁਰਮਾਨ ਹੈ:-
ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥
ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ 587)
ਇਸ ਪ੍ਰਕਾਰ ਦੀਆਂ ਮਿਲਣਆਂ (ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦੇ ਵਿਰੋਧੀਆਂ ਨਾਲ ਮਿਲ ਕੇ ਚਲਿਆ ਜਾਏ) ਦਾ ਸਵਾਗਤ ਕਰਨ ਵਾਲੇ ਵੀ ਵਿਚਾਰ ਕਰਨ ਕਿ ਉਹ ਕਿਸ ਦੀ ਸਰਵਉੱਚਤਾ ਦੇ ਝੰਡਾ ਬਰਦਾਰ ਹਨ?
ਸਿੱਖੀ ਦੇ ਅੰਦਰ ਸਭ ਤੋਂ ਮਾੜੀ ਸੰਵੇਦਨਸ਼ੀਲ ਗਲ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਨੂੰ ਚੁਨੌਤੀ ਦੇਣਾ ਅਤੇ ਬਾਣੀ ਮੂਲ ਸਵਰੂਪ ਨੂੰ ਆਪ ਹੁਦਰੇ ਢੰਗ ਅਤੇ ਦਲੀਲਾਂ ਰਾਹੀਂ ਬਦਲਣ ਦਾ ਜਤਨ ਕਰਨਾ ਹੈ।ਜੋ ਲੋਗ ਐਸਾ ਕਰਦੇ ਹਨ ਜਾਂ ਐਸਾ ਕਰਨ ਵਾਲਿਆਂ ਦੇ ਵਿਚਾਰਾਂ ਦਾ ਪੋਸ਼ਣ ਕਰਦੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਦੇ ਨਾਮ ਪੁਰ ਅਹੰਕਾਰੀ ਰਾਜਨੀਤੀ ਜਾਂ ਪ੍ਰਚਾਰ ਦਾ ਵਪਾਰ ਕਰਦੇ ਹਨ।
ਹਰਦੇਵ ਸਿੰਘ,ਜੰਮੂ-09.04.2015