ਉਹ ਲੋਕ ਕੌਣ ਸਨ ? ? ?
ਸਿੱਖ ਧਰਮ ਦੇ ਬਾਨੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਭੁਮਿਕਾ ਨੂੰ ਜੀਵੰਤ ਵਿਅਕਤੀ ਵਲੋਂ ਨਿਭਾਏ ਜਾਣ ਕਾਰਨ ਵਿਵਾਦਤ ‘ਨਾਨਕ ਸ਼ਾਹ ਫ਼ਕੀਰ’ ਉੱਤੇ ਰੋਕ ਲਾਉਂਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਪੁੱਜ ਗਿਆ ਹੈ। ਮਾਨਯੋਗ ਹਾਈ ਕੋਰਟ ਵਿੱਚ ਅਪੀਲ ਕਰਤਾਵਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਸ੍ਰੀ ਰੰਜਨ ਲਖਨਪਾਲ ਨੇ ਆਰਟੀਕਲ-226 ਅਧੀਨ ਸਿਵਲ ਰਿਟ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਮੁੱਖ ਤੌਰ 'ਤੇ ਇਸ ਫਿਲਮ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ, ਦਸਿਆ ਹੈ। ਗੁਰੂ ਸਾਹਿਬ ਦੀ ਵੱਡੀ ਭੈਂਣ ਬੇਬੇ ਨਾਨਕੀ ਜੀ ਦਾ ਕਿਰਦਾਰ ਨਿਭਾਉਂਣ ਵਾਲੀ ਅਦਾਕਾਰਾ ਉੱਤੇ, ਆਪਣੇ ਗੁੱਟ ਤੇ ਗਾਨਾਂ (ਮੌਲੀ ਤੰਦ) ਬੰਨ੍ਹ ਕੇ ਹਿੰਦੂ ਮੱਤ ਦੀਆਂ ਰੀਤਾਂ ਦੀ, ਸਿੱਖ ਮਰਯਾਦਾ ਵਿੱਚ ਮਿਲਾਵਟ ਕਰਨ ਦਾ ਦੋਸ਼ੀ ਦੱਸਿਆ ਗਿਆ ਹੈ।
ਅਕਾਲ ਤਖਤ ਸਾਹਿਬ ਦੇ ਜਥੇਦਾਰ, ਗਿਆਨੀ ਗੁਰਬਚਨ ਸਿੰਘ ਜੀ ‘ਕਦੇ ਹਾਂ-ਕਦੇ ਨਾਂਹ’ ਦੇ ਚੱਕਰਵਿਊ ’ਚ ਫਸੇ ਹੋਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਅਵਤਾਰ ਸਿੰਘ ‘ਮੱਕੜ’, ਉਸ ਵੇਲੇ ਨਹੀਂ ਬੋਲੇ, ਜਦੋਂ ਬੜੇ ਚਾਅ ਨਾਲ ਇਸ ਦੀ ਸੀਮਤ ਪ੍ਰਦਰਸ਼ਨੀ ਵੇਖ ਰਹੇ ਸਨ। ਹੁਣ ਸਿੱਖ ਜਗਤ ਵਲੋਂ ਭਾਰੀ ਵਿਰੋਧ ਨੂੰ ਭਾਂਪਦਿਆਂ ਹੋਇਆ, ਅੱਖ ਖੁੱਲੀ ਤਾਂ ਇਸ ਫਿਲਮ ਦੀ ਜਨਤਿਕ ਪ੍ਰਦਰਸ਼ਨੀ ਉੱਤੇ ਰੋਕ ਲਾਉਂਣ ਦੇ ਬਿਆਨ ਦਾਗ ਰਹੇ ਹਨ। ਨਿਹੰਗ ਜਥੇਬੰਦੀਆਂ ਅਤੇ ਕੁਝ ਸਿੱਖ ਸਮਾਜ ਸੇਵੀ ਸੰਸਥਾਵਾਂ ਨੇ ਵੀ ਖੁੱਲ੍ਹ-ਮਖੁੱਲਾ ਡਾਢਾ ਵਿਰੋਧ ਜਤਾਇਆ ਹੈ।
‘ਨਾਨਕ ਸ਼ਾਹ ਫ਼ਕੀਰ’ ਫਿਲਮ ਦੀ ਜਨਤਿਕ ਪ੍ਰਦਰਸ਼ਨੀ ਦੇ ਵਿਰੋਧ ਦਾ ਸੇਕ ਵਿਦੇਸ਼ਾਂ ਵਿੱਚ ਵੀ ਪੁੱਜ ਗਿਆ ਹੈ। ਕੈਨੇਡਾ ਦੀਆਂ ਕਈ ਸਿੱਖ ਜਥੇਬੰਦੀਆਂ ਨੇ ਇਸ ਫਿਲਮ ਨੂੰ ਨਾ ਚਲਣ ਦੇਣ ਦਾ ਤਹੀਆ ਕਰ ਰਖਿਆ ਹੈ। ਅਸੀਂ ਉਨ੍ਹਾਂ ਸਭਾਵਾਂ ਦੀ ਰਾਏ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
ਪਰ:- ‘ਸਿੱਖ ਫਾਉਂਡੇਸ਼ਨ ਆਫ ਕੈਨੇਡਾ - ਲਾਭ ਰਹਿਤ ਕੰਮ ਕਰਦੀ ਸੰਸਥਾ ਨੇ, ਇੱਕ, ਦੋ ਰੋਜਾ ਸਿੱਖ ਅੰਤਰ-ਰਾਸ਼ਟਰੀ ਫਿਲਮ ਫੈਸਟੀਵਲ ਆਯੋਜਿਤ ਕਰਕੇ, 26 ਅਕਤੂਬਰ-2014, ਸ਼ਨੀਵਾਰ ਵਾਲੇ ਦਿਨ, ਰਾਤ 7.00 ਵਜੇ ਤੋਂ 9.15 ਤੱਕ, ‘ਨਾਨਕ ਸ਼ਾਹ ਫਕੀਰ’ ਫਿਲਮ ਨੂੰ– ਜੈਕਮੈਂਨ ਹਾਲ ਥੀਏਟਰ, ਆਰਟ ਗੈਲਰੀ, ਟੋਰਾਂਟੋ ਵਿੱਖੇ ਵਿਖਾਇਆ ਗਿਆ ਸੀ। ਫਿਲਮ ਦੀ ਟਿੱਕਟ $ 35.00 ਸੀ ਅਤੇ ਸਾਰਾ ਸ਼ੌ ਸੋਲਡ-ਆਉਂਟ ਭਾਵ ਕਿ ਕੁਲ ਟਿੱਕਟਾਂ ਵਿੱਚ ਚੁੱਕੀਆਂ ਸਨ। ਉਸ ਦਿਨ, ਸੂਤਰਾਂ ਅਨੁਸਾਰ, ਨਾਨਕ ਸ਼ਾਹ ਫਕੀਰ ਫਿਲਮ ਵੇਖਣ ਲਈ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਕਈ ਪ੍ਰਮੁੱਖ ਪੱਤਰਕਾਰ, ਮੀਡੀਆਕਾਰ, ਸਿੱਖ ਲੀਡਰ ਤੇ ਸਿੱਖ ਸੰਸਥਾਵਾਂ ਦੇ ਮੁੱਖੀ ਵੀ ਪਹੁੰਚੇ ਹੋਏ ਸਨ। ਯਾਦ ਕਰਵਾਇਆ ਜਾਂਦਾ ਹੈ, ਕਿ ਉਕਤ ਫਿਲਮ ਦੀ ਸਮਾਪਤੀ ਤੋਂ ਬਾਅਦ ਇਸ ਫਿਲਮ ਦੇ ਮਿਆਰ ਬਾਰੇ ਘੰਟਾ-ਭਰ ਵਿਚਾਰ-ਗੋਸ਼ਟੀ ਵੀ ਹੋਈ ਦੱਸੀ ਗਈ ਹੈ। ਸਾਰਿਆਂ ਨੇ ਰੱਜ ਕੇ ਫਿਲਮ ਦੀ ਤਾਰੀਫ ਕੀਤੀ ਦੱਸੀ ਗਈ ਹੈ।
Click here : http://sikhfoundationcanada.com/sifft/films/
ਸਾਧਾਰਨ ਸਿੱਖ ਹੋਣ ਦੇ ਨਾਤੇ ਪੁੱਛਣਾ ਬਣਦਾ ਹੈ ਕਿ “ਉਹ ਕੌਣ ਲੋਕ ਸਨ?” ਜਿਂਨ੍ਹਾਂ ਨੇ ਭਾਰੀ ਰਕਮ ਖਰਚ ਕੇ "ਨਾਨਕ ਸ਼ਾਹ ਫਕੀਰ" ਫਿਲਮ ਵੇਖੀ ਅਤੇ ਉੱਥੇ ਜਲੇਬੀਆਂ-ਪਕੌੜਿਆਂ ਦੇ ਸੁਵਾਦ’ਚ ਗੁਵਾਚੇ ਰਹੇ। ਅੱਜ ਤੱਕ ਵੀ ਉਨ੍ਹਾਂ ਦੀ ਨੀਂਦ ਨਹੀਂ ਖੁੱਲੀ’। ਜੇ ਪੰਥਕ ਦਰਦ ਹੈ, ਤਾਂ ਗੁਰਬਾਣੀ ਦਾ ਪਾਵਨ ਬਚਨ ਇਹੋ ਆਖਦਾ ਹੈ:
‘ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥ ਤੂ ਨੇਤ੍ਰੀ ਦੇਖਿ ਚਲਿਆ……………….॥’ (ਬਿਹਾਗੜਾ ਮ:5,ਛੰਤ,ਅੰਕ 547)
ਤਰਲੋਕ ਸਿੰਘ ‘ਹੁੰਦਲ’