(ਵਿਸ਼ਾ-ਸਤਵਾਂ, ਪੁਨਰਪਿ ਜਨਮੁ ਨ ਹੋਈ )
(ਭਾਗ ਛੇਵਾਂ)
ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥
ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥
(ਸ਼ਬਦ) ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥
ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥1॥
ਚੇਤਹੁ ਬਾਸਦੇਉ ਬਨਵਾਲੀ ॥ ਰਾਮੁ ਰਿਦੈ ਜਪਮਾਲੀ ॥1॥ਰਹਾਉ॥
ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥
ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥2॥
ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥
ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥3॥
ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥
ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥4॥
ਸੋ ਗੁਰੂ ਸੋ ਸਿੱਖ ਕਥੀਅਲੇ ਸੋ ਵੈਦ ਜੋ ਜਿ ਜਾਣੈ ਰੋਗੀ ॥
ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥5॥
ਕਾਮੁ ਕ੍ਰੋਧ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥
ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥6॥
ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥
ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥7॥
ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥
ਉਪਦੇਸ ਗੁਰੁ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥8॥1॥ (503)
॥ਰਹਾਉ॥ ਚੇਤਹੁ ਬਾਸਦੇਉ ਬਨਵਾਲੀ ॥ ਰਾਮੁ ਰਿਦੈ ਜਪਮਾਲੀ ॥1॥ਰਹਾਉ॥
ਹੇ ਭਾਈ ! ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ । ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਓ-(ਇਸ ਨੂੰ ਆਪਣੀ) ਮਾਲਾ (ਬਣਾਉ) ।
॥1॥ ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥
ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥1॥
ਇਸ ਇਕੋ ਹੀ (ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਵੱਸੇ ਹੋਏ ਹਨ , ਵਰਜਦਿਆਂ ਭੀ (ਇਹਨਾਂ ਵਿਚੋਂ ਹਰੇਕ ਇਸ ਨਗਰ ਵਿਚਲੇ ਆਤਮਕ ਗੁਣਾਂ ਨੂੰ ) ਚੁਰਾਣ ਲਈ ਉੱਠ ਦੌੜਦਾ ਹੈ । (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ) ਜੇਹੜਾ ਮਨੁੱਖ (ਇਹਨਾਂ ਪੰਜਾਂ ਤੋਂ ) ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦੱਸ ਇੰਦਰੀਆਂ ਤੋਂ (ਆਪਣੇ ਆਤਮਕ ਗੁਣਾਂ ਦਾ) ਸਰਮਾਇਆ ਬਚਾ ਰੱਖਦਾ ਹੈ , ਹੇ ਨਾਨਕ ! ਉਹ (ਇਹਨਾਂ ਤੋਂ) ਸਦਾ ਲਈ ਖਲਾਸੀ ਪ੍ਰਾਪਤ ਕਰ ਲੈਂਦਾ ਹੈ ।
॥2॥ ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥
ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥2॥
ਜਿਸ ਮਾਇਆ ਦਾ ਮੂਲ-ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ , ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ , ਚਾਰੇ ਵੇਦ ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ
ਲੱਗੇ ਰਹੇ ਹਨ , ਉਹ ਮਾਇਆ ਸਹਿਜੇ ਹੀ (ਉਹਨਾਂ ਬੰਦਿਆਂ ਤੋਂ) ਪਰੇ ਹੱਟ ਜਾਂਦੀ ਹੈ (ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ , ਕਿਉਂਕਿ) ਉਹ ਬ ੰਦੇ , ਹੇ ਨਾਨਕ ! ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ।
॥3॥ ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥
ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥3॥
(ਇਹ ਸਾਰਾ ਜਗਤ ਜਿਸ ਪਾਰਜਾਤ-ਪ੍ਰਭੂ ਦਾ) ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ , ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ , ਜਿਸ ਦੀ ਜੋਤਿ ਸਭ ਜੀਵਾਂ ਵਿਚ ਪਸਰ ਰਹੀ ਹੈ , ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ , ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ , ਉਹ (ਸਰਬ-ਇੱਛਾ-ਪੂਰਕ) ਪਾਰਜਾਤ (-ਪ੍ਰਭੂ) ਮੇਰੇ ਹਿਰਦੇ-ਆਂਗਨ ਵਿਚ ਪਰਗਟ ਹੋ ਗਿਆ ਹੈ
(ਤੇ ਮੇਰੇ ਅੰਦਰੋਂ ਮਾਇਆ ਵਾਲੇ ਜੰਜਾਲ ਮੁੱਕ ਗਏ ਹਨ) । (ਹੇ ਭਾਈ ! ਤੁਸੀਂ ਭੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉ , ਇਸ ਤਰ੍ਹਾਂ) ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ ।
॥4॥ ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥
ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥4॥
ਹੇ (ਮੇਰੀ) ਸਿਖਿਆ ਸੁਣਨ ਵਾਲੇ ਭਾਈ ! ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ-(ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਧਾਰਨ ਕਰ , ਇਸ ਤਰ੍ਹਾਂ ਤੂੰ ) ਮਾਇਆ ਦੇ ਬੰਧਨ ਤਿਆਗ ਸਕੇਂਗਾ । ਜਿਸ ਮਨੁੱਖ ਦੇ ਮਨ ਵਿਚ ਸੋਚ-ਮੰਡਲ ਵਿਚ ਇਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੁੰਦਾ ।
॥5॥ ਸੋ ਗੁਰੂ ਸੋ ਸਿੱਖ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥
ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥5॥
(ਜਿਸ ਮਨੁੱਖ ਨੇ ਪਰਮਾਤਮਾ ਨੂੰ ਹਿਰਦੇ ਵਿਚ ਵਸਾ ਲਿਆ ਹੈ) ਉਹ ਗੁਰੂ ਕਿਹਾ ਜਾ ਸਕਦਾ ਹੈ ,ਉਹ (ਅਸਲ) ਵੈਦ ਕਿਹਾ ਜਾ ਸਕਦਾ ਹੈ , ਕਿਉਂਕਿ ਉਹ ਹੋਰ (ਆਤਮਕ) ਰੋਗੀਆਂ ਦੇ ਰੋਗ ਸਮਝ ਲੈਂਦਾ ਹੈ । ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਦੁਨੀਆਂ ਦਾ ਕੰਮ-ਧੰਧਾ ਉਸ ਨੂੰ ਵਿਆਪ ਨਹੀਂ ਸਕਦਾ । (ਪ੍ਰਭੂ ਦੇ ਸਿਮਰਨ ਸਦਕਾ) ਉਹ ਮਾਇਆ ਦੇ ਬੰਧਨ ਵਿਚ ਨਹੀਂ (ਫਸਦਾ) , ਉਹ ਗ੍ਰਿਹਸਤੀ (ਹੁੰਦਾ ਭੀ) ਜੋਗੀ ਹੈ ।
॥6॥ ਕਾਮੁ ਕ੍ਰੋਧ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥
ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥6॥
ਜਿਸ ਮਨੁੱਖ ਨੇ ਗੁਰੂ ਦੀ ਮੇਹਰ ਨਾਲ ਆਪਣੇ ਮਨ ਵਿਚ ਜਗਤ-ਮੂਲ ਅਦ੍ਰਿਸ਼ਟ ਪ੍ਰਭੂ ਨੂੰ ਸਿਮਰਿਆ ਹੈ ਤੇ ਉਸ ਨਾਲ ਮਿਲਾਪ ਹਾਸਲ ਕਰ ਲਿਆ ਹੈ ਉਸ ਨੇ ਕਾਮ ਕ੍ਰੋਧ ਤੇ ਅਹੰਕਾਰ ਤਿਆਗ ਦਿੱਤਾ ਹੈ , ਉਸ ਨੇ ਲੋਭ ਮੋਹ ਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ ਹੈ ।
॥7॥ ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥
ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥7॥
ਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ , ਪ੍ਰਭੂ ਚਰਨਾਂ ਵਿਚ ਸੁਰਤ ਜੋੜਨੀ-ਇਹ ਸਭ ਪ੍ਰਭੂ ਦੀ ਦਾਤਿ ਹੀ ਕਹੀ ਜਾ ਸਕਦੀ ਹੈ , (ਜਿਸ ਨੂੰ ਇਹ ਦਾਤ ਮਿਲਦੀ ਹੈ ਉਸ ਨੂੰ ਤੱਕ ਕੇ) ਕਾਮਆਦਿਕ ਵੈਰੀਆਂ ਦਾ ਰੰਗ ਫੱਕ ਹੋ ਜਾਂਦਾ ਹੈ , ਕਿਉਂਕਿ ਸਿਮਰਨ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ , ਮਾਨੋ) ਬ੍ਰਹਮ ਰੂਪ ਕਮਲ ਦਾ ਸ਼ਹਦ (ਚੋਣ ਲੱਗ ਪੈਂਦਾ ਹੈ) ਉਸ (ਨਾਮ-ਅੰਮ੍ਰਿਤ ਸ਼ਹਦ ਦਾ) ਰਸ ਉਹ ਮਨੁੱਖ ਚੱਖਦਾ ਹੈ (ਇਸ ਕਰ ਕੇ ਉਹ ਮਾਇਆ ਦੇ ਹਲਿਆਂ ਵਲੋਂ) ਸੁਚੇਤ ਰਹਿੰਦਾ ਹੈ , (ਮਾਇਆ-ਮੋਹ ਦੀ ਨੀਂਦ ਵਿਚ) ਗ਼ਾਫਿਲ ਨਹੀਂ ਹੁੰਦਾ ।
॥8॥ ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥
ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥8॥1॥
ਹੇ ਨਾਨਕ ! ਜੋ ਪ੍ਰਭੂ ਵੱਡੇ ਜਿਗਰੇ ਵਾਲਾ ਹੈ , ਸਾਰੇ ਪਾਤਾਲ (ਸਾਰਾ ਸੰਸਾਰ ਜਿਸ ਪਾਰਜਾਤ-ਪ੍ਰਭੂ) ਦੇ ਪੱਤਰ (ਪਸਾਰਾ) ਹਨ, ਜੋ ਸਭ ਜੀਵਾਂ ਵਿਚ ਵਿਆਪਕ ਹੈ , ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੈਂ ਉਸ ਦਾ ਨਾਮ-ਅੰਮ੍ਰਿਤ ਪੀਤਾ ਹੈ ਤੇ ਮਾਇਆ ਦਾ ਜ਼ਹਰ ਤਿਆਗਿਆ ਹੈ , ਹੁਣ ਮੇਰਾ ਮੁੜ ਮੁੜ ਗਰਭ-ਵਾਸ (ਜਨਮ ਮਰਨ) ਨਹੀਂ ਹੋਵੇਗਾ ।
ਸਵਾਲ:- ਜੇਹੜਾ ਮਨੁੱਖ , ਮਾਇਆ ਦੇ ਬੰਧਨ ਤਿਆਗ ਦੇਂਦਾ ਹੈ , ਜਿਸ ਦੇ ਸੋਚ ਮੰਡਲ ਵਿਚ ਇਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ , ਉਸ ਦਾ ਤਾਂ ਮੁੜ ਮੁੜ ਕੇ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ , ਜੇਹੜਾ ਮਨੁੱਖ ਅਜਿਹਾ ਨਹੀਂ ਕਰਦਾ , ਉਸ ਦਾ ਕੀ ਬਣਦਾ ਹੈ ?
ਅਮਰ ਜੀਤ ਸਿੰਘ ਚੰਦੀ