ਕਾਕਸ ਨੇ ਖਾਲਸਾ ਦੇ ਸਪੁੱਤਰ ਨਾਲ ਭਾਰਤ ‘ਚ ਕੀਤੇ ਜਾ ਰਹੇ ਨਾਜਾਇਜ਼ ਵਰਤਾਰੇ ਦਾ ਲਿਆ ਨੋਟਿਸ
ਫਰੀਮਾਂਟ, 14 ਅਪ੍ਰੈਲ (ਪੰਜਾਬ ਮੇਲ)- ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਨੇ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਹੱਕਾਂ ਦੀ ਪੂਰਤੀ ਲਈ ਰੱਖੀ ਗਈ ਭੁੱਖ ਹੜਤਾਲ ਬਾਰੇ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਭਾਰਤ ‘ਚ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਨੋਟਿਸ ਕਾਕਸ ਅਮਰੀਕਨ ਸੈਕਟਰੀ ਆਫ਼ ਸਟੇਟ ਜੌਨ ਕੈਰੀ ਕੋਲ ਉਠਾਉਣਗੇ।
ਫਰੈਂਡਸ ਆਫ਼ ਅਮਰੀਕਨ ਸਿੱਖ ਕਾਕਸ ਦੇ ਬੁਲਾਰੇ ਸ. ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕਾਕਸ ਦੇ ਮੈਂਬਰ ਕਾਂਗਰਸਮੈਨ ਜੈਰੀ ਮੈਕਨਰਨੀ ਨੇ ਬਾਪੂ ਖ਼ਾਲਸਾ ਅਤੇ ਉਨ੍ਹਾਂ ਦੇ ਸਪੁੱਤਰ ਸ. ਰਵਿੰਦਰਜੀਤ ਸਿੰਘ ਨੂੰ ਪੰਜਾਬ ‘ਚ ਨਾਜਾਇਜ਼ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ਸਬੰਧੀ ਜੌਨ ਕੈਰੀ ਨੂੰ ਜਾਣੂ ਕਰਵਾਉਂਦਿਆਂ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਦੇ ਪੁੱਤਰ ਰਵਿੰਦਰਜੀਤ, ਜੋ ਕਿ ਅਮਰੀਕਨ ਨਾਗਰਿਕ ਵੀ ਹਨ, ਨੂੰ ਪੰਜਾਬ ਪੁਲਿਸ ਨੇ ਬਿਨ੍ਹਾਂ ਕਿਸੇ ਵਜ੍ਹਾ ਤੋਂ ਹਿਰਾਸਤ ‘ਚ ਲੈ ਲਿਆ ਹੈ। ਕਾਂਗਰਸਮੈਨ ਜੈਰੀ ਨੇ ਇਸ ਮੁੱਦੇ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਅਤੇ ਨਵੀਂ ਦਿੱਲੀ ਸਥਿਤ ਯੂ.ਐੱਸ.ਏ. ਅੰਬੈਸੀ ਨਾਲ ਸੰਪਰਕ ਕੀਤਾ ਹੈ। ਜੈਰੀ ਨੇ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਸਟੇਟ ਵਿਭਾਗ ਦੇ ਸਿੱਧੇ ਤੌਰ ‘ਤੇ ਫੋਨ ਨੰਬਰ ਵੀ ਮੁਹੱਈਆ ਕਰਵਾਏ ਹਨ, ਤਾਂ ਕਿ ਉਹ ਲੋੜ ਪੈਣ ‘ਤੇ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਣ। ਸ. ਸੰਧੂ ਨੇ ਦੱਸਿਆ ਕਿ ਜੈਰੀ ਨੇ ਸੈਕਟਰੀ ਸਟੇਟ ਜੌਨ ਕੈਰੀ ਨੂੰ ਪੱਤਰ ਲਿਖਦੇ ਹੋਏ ਅਪੀਲ ਕੀਤੀ ਕਿ ਉਹ ਖ਼ਾਸ ਤੌਰ ‘ਤੇ ਵੇਖਣ ਕਿ ਅਮਰੀਕਨ ਰੈਂਜ਼ੀਡੈਂਟ ਸੂਰਤ ਸਿੰਘ ਖ਼ਾਲਸਾ ਅਤੇ ਉਨ੍ਹਾਂ ਪੁੱਤਰ ਰਵਿੰਦਰਜੀਤ ਸਿੰਘ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾਵੇ ਅਤੇ ਉਨ੍ਹਾਂ ਨਾਲ ਕੋਈ ਵਧੀਕੀ ਨਾ ਕੀਤੀ ਜਾਵੇ। ਏ.ਜੀ.ਪੀ.ਸੀ. ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਾਕਸ ਦੇ ਮੈਂਬਰ ਸਾਹਿਬਾਨਾਂ ਦਾ ਇਸ ਮੁੱਦੇ ਨੂੰ ਚੁੱਕਣ ਲਈ ਧੰਨਵਾਦ ਕੀਤਾ।