ਆਉ ਤੁਹਾਨੂੰ ਕਵਿਤਾ ਸੁਣਾਈਏ ਅਤੇ, ਲਿਖਾਰੀ ਸਭਾ ਰੋਪੜ੍ਹ ਨੂੰ ਲਾਹਣਤਾ ਪਾਈਏ?
ਗੱਗ ਦੀ ਅੱਗ (ਕਵਿਤਾ)ਸੁਣ ਅਕਾਲੀ ਆਗੂ ਭੱਜੇ, ਤੇ ਅੱਜ ਰੋਪੜ ਲਿਖਾਰੀ ਸਭਾ ਦੇ ਹੋਣਹਾਰ
( ਡਾ. ਹੇਮਕਿਰਣ, ਇੰਦਰਜੀਤ ਸਿੰਘ ਬਾਲਾ, ਬਲਦੇਵ ਸਿੰਘ ਕੋਰੇ ਅਤੇ ਮੀਨੂੰ ਸੁਖਮਨ )
ਜਿਨ੍ਹਾਂ ਗੱਗ ਨੂੰ ਲਿਖਾਰੀ ਸਭਾ ਰੋਪੜ ਦੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ
ਸਾਲਾਨਾ ਰੋਪੜ ਲਿਖਾਰੀ ਸਭਾ ਚ ਗੱਗ ਨੇ ਇੱਕ ਕਵਿਤਾ ਸੁਣਾਈ ਸੁਣ ਕੇ ਅਕਾਲੀ ਆਗੂ ਵਿਚਾਲੇ ਪ੍ਰੋਗਰਾਮ ਛੱਡ ਭੱਜ ਗਏ,, ਤੇ ਹੁਣ ਆਪਣੇ ਆਪ ਨੂੰ ਲਿਖਾਰੀ ਕਹਾਉਣ ਵਾਲੇ ਜਮੀਰੋਂ ਭੱਜ ਗਏ,, ਖਵਣੀ ਕੈਸੀ ਘੁਰਕੀ ਮਿਲੀ ਮਾਲਕਾਂ ਤੋਂ ਇੱਕ ਕਵਿਤਾ ਪੜ੍ਹਨ ਦੀ ਸਜਾ ਲਿਖਾਰੀ ਸਭਾ ਰੋਪੜ ਨੇ ਗੱਗ ਨੂੰ ਦਿੱਤੀ ? ਕੀ ਸਰਕਾਰਾਂ ਖਿਲਾਫ਼ ਲਿਖਣਾ ਗੁਨਾਹ ਹੈ? ਕੀ ਲਿਖਾਰੀ ਜਗਤ ਵੀ ਸਰਕਾਰ ਦੇ ਸੁੱਟੇ ਟੁੱਕੜਿਆਂ ਤੇ ਤਾਂ ਨਹੀਂ ਪਲ ਰਿਹਾ? ਥੱਲੇ ਦਿੱਤੀ ਕਵਿਤਾ ਪੜ੍ਹ ਵਿਚਾਰ ਦੇਣਾ?
ਲਿਖਾਰੀ ਸਭਾ ਦਾ ਕਹਿਣਾ ਸਾਡਾ ਖਰਚਾ ਸਰਕਾਰੀ ਗਰਾਂਟਾਂ ਨਾਲ ਚਲਦਾ, ਤੇ ਗੱਗ ਨੇ ਅਕਾਲੀ ਦਲ ਦੇ ਮੁੱਖ ਮਹਿਮਾਨ ਸਾਮਣੇ ਅਕਾਲੀ ਦਲ ਦੇ ਚਿੱਠੇ ਖੋਲਦੀ ਕਵਿਤਾ ਪੜ੍ਹ ਕੇ ਸਾਡੀ ਸਭਾ ਦਾ ਮਾਇਕ ਨੁਕਸਾਨ ਕੀਤਾ, ਤੇ ਅਸੀਂ ਗੱਗ ਦੀ ਮੈਂਬਰਸ਼ਿਪ ਖ਼ਤਮ ਕਰਦੇ ਹਾਂ,,
ਉਹ ਕਵਿਤਾ ਜੋ ਸੁਣ ਲਿਖਾਰੀ ਤੇ ਅਕਾਲੀ ਦੌਨੋ ਭੱਜੇ
*****ਅਫਸੋਸ*****
ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ
ਐਸੇ ਮੁਲਕ 'ਚ ਰਹਿਣਾ ਪੈ ਰਿਹਾ
ਚੋਰਾਂ ਚਾਕਰੀ ਕਰਨ ਸਿਪਾਹੀ
ਸਾਧਾਂ ਲੁਕ ਲੁਕ ਰਹਿਣਾ ਪੈ ਰਿਹਾ।
ਧੇਲੇ ਦਾ ਨਹੀਂ ਬੰਦਾ ਜਿਹੜਾ
ਉਹਨੂੰ ਜੀ ਜੀ ਕਹਿਣਾ ਪੈ ਰਿਹਾ
ਜੀ ਜੀ ਹੀ ਨਹੀਂ ਕਹਿਣਾ ਪੈ ਰਿਹਾ
ਪੈਰਾਂ ਵਿੱਚ ਵੀ ਬਹਿਣਾ ਪੈ ਰਿਹਾ।
ਜਿਸਨੇ ਲੁੱਟਿਆ ਲੁੱਟ ਮਚਾਈ
ਉਸ ਨੂੰ ਬੱਤੀ ਲਾਲ ਮਿਲੀ ਹੈ
ਜਿਸਨੇ ਅਪਣਾ ਆਪ ਲੁਟਾਇਆ
ਉਸਨੂੰ ਗੰਦੀ ਗਾਲ੍ਹ ਮਿਲੀ ਹੈ।
ਸਾਡੀ ਬਜਰੀ ਸਾਡਾ ਰੇਤਾ
ਬੇਲੇ, ਖੱਡ, ਦਰਿਆ ਸਾਡੇ
ਕਾਬਜ਼ ਹੋ ਗਏ ਚੋਰ-ਲੁਟੇਰੇ
ਸਾਡੇ ਜੂਤ ਟਿਕਾ ਸਾਡੇ।
ਬਿਜਲੀ ਵਾਧੂ ਸਰਪਲਸ ਹੋਊਗੀ
ਵੇਚਾਂਗੇ ਤੇ ਵੱਟਾਂਗੇ
ਬੱਲੇ ਓਏ ਸੁਖਬੀਰ ਸਿਆਂ
ਅਸੀਂ ਕਿੱਥੇ ਪੈਨਸ਼ਨਾਂ ਰੱਖਾਂਗੇ।
ਨੋਟਾਂ ਵਾਲੇ ਟਰੱਕ ਆਉਣਗੇ
ਭਰਕੇ ਨੱਕੋ-ਨੱਕ ਆਉਣਗੇ
ਸਬਰ ਕਰੋ ਐ ਦੇਸ਼ ਵਾਸੀਓ
ਅਜੇ ਹੋਰ ਵੀ ਗੱਪ ਆਉਣਗੇ।
ਭੋਰਾ ਸ਼ੱਕ ਨਾ ਕਰਿਓ ਮਿੱਤਰੋ
ਇਸ ਤੱਕੜੀ ਦੇ ਤੋਲ ਉੱਤੇ
ਪਾਣੀ ਉੱਤੇ ਬੱਸਾਂ ਚੱਲੂ
ਤੇ ਮੱਛੀਆਂ ਪੈਟਰੋਲ ਉੱਤੇ।
ਬੱਕਰੀਆਂ ਹੁਣ ਮੈਂ-ਮੈਂ ਦੀ ਥਾਂ
ਵਾਹਿਗੁਰੂ ਵਾਹਿਗੁਰੂ ਕਰਨਗੀਆਂ
ਓਥੇ ਈ ਮੰਦਰ ਬਣੂੰਗਾ
ਜਿੱਥੇ ਗਊਆਂ ਗੋਹਾ ਕਰਨਗੀਆਂ।
ਨੀਲੇ ਉੱਤੇ ਚਿੱਟਾ ਮਿਲਦਾ
ਆਟਾ ਮਿਲੇ ਨਾ ਦਾਲ ਮਿਲੇ
ਜਿਸਨੂੰ ਦਿੱਤਾ ਮਾਲ ਮਹਿਕਮਾ
ਉਸ ਤੋਂ ਸੁਣੀਂਦਾ ਮਾਲ ਮਿਲੇ।
108 ਤੇ ਬਾਦਲ ਟੰਗਿਆ
ਸਾਇਕਲਾਂ ਤੇ ਵੀ ਬਾਦਲ ਬਾਬਾ
ਟੱਟੀਆਂ ਦੇ ਦਰਵਾਜ਼ਿਆਂ ਉੱਤੇ
ਹਰ ਥਾਂ ਹਾਜ਼ਰ-ਨਾਜਰ ਬਾਬਾ।
ਰਾਜ ਨਹੀਂ ਏਹਨੂੰ ਸੇਵਾ ਕਹਿੰਦੇ
ਨਿੱਤ ਹੁੰਦੀ ਬੇਰੁਜ਼ਗਾਰਾਂ ਦੀ
ਸੜਕਾਂ ਉੱਤੇ ਰੁਲਦੀ ਵੇਖੀ
ਪੱਤ ਧੀਆਂ ਮੁਟਿਆਰਾਂ ਦੀ।
ਨੰਨ੍ਹੀਂ ਛਾਂ ਦੀ ਹੱਟੀ ਪਾ ਕੇ
ਉਸਨੇ ਕੀਤੀ ਖੂਬ ਕਮਾਈ
ਉਸੇ ਦਾ ਸਿਰ ਮੁੰਨ ਗਈ ਬੀਬੀ
ਚੁੰਨੀ ਜਿਸ ਦੇ ਨਾਲ ਵਟਾਈ।
ਟੈਂਕੀਆਂ ਉੱਤੇ ਚੜ੍ਹਨਾ ਪੈਂਦਾ
ਜਾਮ ਸੜਕ ਤੇ ਲਾਉਣੇ ਪੈਂਦੇ
ਕੰਜਰੀ ਬਣ ਕੇ ਨੱਚਣਾ ਪੈਂਦਾ
ਏਦਾਂ ਖਸਮ ਮਨਾਉਣੇ ਪੈਂਦੇ।
ਮੋਮਨ ਸੂਰਤ ਦੇ ਵਿੱਚ ਲੁਕਿਆ
ਚੋਰ ਹੈ ਇਹ ਸਰਦਾਰ ਨਹੀਂ
ਬਲਾਤਕਾਰੀਆਂ ਗੁੰਡਿਆਂ ਦਾ
ਗੱਠਜੋੜ ਹੈ ਇਹ ਸਰਕਾਰ ਨਹੀਂ।
ਖਾਕੀ ਵਰਦੀ ਪਾ ਕੇ ਬੰਦਾ
ਕਿੰਝ ਸਰਦਾਰੀ ਕਰਦਾ ਹੈ
ਜਿਸਨੇ ਧੀ ਦੀ ਪੱਤ ਰੋਲ਼ੀ
ਉਹਦੀ ਵਫਾਦਾਰੀ ਕਰਦਾ ਹੈ।
ਦਸਾਂ ਗੁਰਾਂ ਦੀ ਛੋਹ ਪ੍ਰਾਪਤ
ਧਰਤੀ ਪੀਰ ਫਕੀਰਾਂ ਦੀ
ਜੀਹਦਾ ਲੱਗਿਆ ਦਾਅ ਕਰ ਗਿਆ
ਗੁੱਡੀ ਲੀਰਾਂ, ਲੀਰਾਂ ਦੀ।
ਨਹਿਰਾਂ ਦੇ ਵਿੱਚ ਜ਼ਹਿਰਾਂ ਘੁਲੀਆਂ
ਕੈਮੀਕਲ ਦਰਿਆਵਾਂ ਵਿੱਚ
ਕਾਲਾ ਧੂਆਂ ਚਿੱਟੀਆਂ ਗੈਸਾਂ
ਰਚ ਮਿਚ ਗਈਆਂ ਹਵਾਵਾਂ ਵਿੱਚ।
ਮਿਲੀਟੈਂਟ ਕਹਿੰਦੇ ਸੀ ਪਹਿਲਾਂ
ਹੁਣ ਪਏ ਆਖਣ ਉਹੋ ਨਸ਼ੇੜੀ
ਦੋਸ਼ ਕਿਸੇ ਨੂੰ ਕੀ ਪਿਆ ਦੇਂਦਾ
ਇਹ ਵੀ ਦੇਣ ਬਾਦਲਾ ਤੇਰੀ।
ਨਸ਼ਿਆਂ ਵਾਲਾ ਜਾਲ ਵਿਛਾ ਕੇ
ਮੋਟਾ ਸਾਰਾ ਮਾਲ ਕਮਾ ਕੇ
ਹੁਣ ਜਦ ਲੱਗੀ ਅੱਗ ਪੂਛ ਨੂੰ
ਮਾਰ ਕੇ ਫੂਕਾਂ ਵੇਖ ਬੁਝਾ ਕੇ।
ਲੋਕਾਂ ਦੇ ਪੁੱਤ ਨਸ਼ੀਂ ਲਗਾ ਕੇ
ਅਪਣੇ ਪੁੱਤਰ ਪਾਲਣ ਵਾਲਿਓ
ਅਪਣੇ ਵੀ ਘਰ ਸੇਕ ਪੁੱਜੇਗਾ
ਗੈਰਾਂ ਦੇ ਘਰ ਜਾਲਣ ਵਾਲਿਓ।
ਗਲੀ ਮੁਹੱਲੇ ਚੌਕ ਚੁਰਾਹੇ
ਹਰ ਥਾਂ ਅੱਖੀਂ ਵੇਖੇ ਮਿਲਦੇ
ਸਕੂਲ ਨਾ ਹਸਪਤਾਲ ਕਿਤੇ ਵੀ
ਨੀਂਹ-ਪੱਥਰ ਜਾਂ ਠੇਕੇ ਮਿਲਦੇ।
ਸਿੱਖਿਆ ਤੰਤਰ ਫੇਲ੍ਹ ਕਰਨ ਲਈ
ਨਵੀਆਂ ਨਿੱਤ ਸਕੀਮਾਂ ਲੈ ਲਓ
ਇੱਕੋ ਥੈਲੀ ਦੇ ਚੱਟੇ, ਵੱਟੇ
ਤੋਤਾ ਮਲੂਕਾ ਚੀਮਾ ਲੈ ਲਓ।
ਨਸ਼ਿਆਂ ਦੀ ਦਲਦਲ ਵਿੱਚ ਫਸ ਗਏ
ਹੁਣ ਨਾ ਕੁੱਝ ਵੀ ਸੁੱਝਦਾ ਏ
ਡੁੱਬ ਜਾਂਦੇ ਨੇ ਕਈ ਸਿਤਾਰੇ
ਜਦ ਵੀ ਸੂਰਜ ਡੁੱਬਦਾ ਏ।
ਸੜਕਾਂ ਉਤੇ ਸਫੈਦਿਆਂ ਵਾਂਗੂੰ
ਖਾਕੀ ਗਾਰਦ ਲਾਈ ਹੁੰਦੀ ਐ
ਜਿੰਨਾ ਵੱਡਾ ਚੋਰ ਹੁੰਦਾ ਏ
ਓਨੀ ਟੋਹਰ ਬਣਾਈ ਹੁੰਦੀ ਏ।
ਮੁਰਦਿਆਂ ਦਿੱਤੀ ਜ਼ੈੱਡ ਸਿਕੋਰਟੀ
ਜਿਉਂਦਿਆਂ ਕੱਫਣ ਵੰਡੇ ਜਾਂਦੇ
ਕਾਹਤੋਂ ਨਾ ਲਹਿਰਾਵਣ ਝੰਡੇ
ਜਦ ਝੰਡਿਆਂ ਵਿੱਚ ਡੰਡੇ ਜਾਂਦੇ।
ਰਾਜ ਕਿਸੇ ਦਾ ਵੀ ਆ ਜਾਵੇ
ਧੋਣੇ ਧੋ ਲਏ ਜਾਂਦੇ ਨੇ
ਵੱਟਾਂ ਤੋਂ ਘਾਹ ਖੋਤਦਿਆਂ ਦੇ
ਖੁਰਪੇ ਖੋਹ ਲਏ ਜਾਂਦੇ ਨੇ।
ਦਮ ਘੁੱਟਦਾ ਜਿਸ ਫਿਜ਼ਾ ਦੇ ਅੰਦਰ
ਓਥੇ ਹੀ ਸਾਹ ਲੈਣਾ ਪੈ ਰਿਹਾ
ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ
ਐਸੇ ਮੁਲਕ 'ਚ ਰਹਿਣਾ ਪੈ ਰਿਹਾ
ਚੋਰਾਂ ਚਾਕਰੀ ਕਰਨ ਸਿਪਾਹੀ
ਸਾਧਾਂ ਲੁਕ ਲੁਕ ਰਹਿਣਾ ਪੈ ਰਿਹਾ।.
ਗੱਗਬਾਣੀ,
Face book (smsthekhalsa)