‘ ਮੈਂ ਇਕ ਪ੍ਰਤੀਬੰਧਤ ਲੇਖਕ ਹਾਂ’
ਕੁੱਝ ਸੱਜਣਾਂ ਨੂੰ ਮੇਰੇ ਵਰਗੇ ਮਾਮੂਲੀ ਜਿਹੇ ਲੇਖਕ ਦੇ ਲਿਖਣ ਵਿਚ ਭਾਰੀ ਦੋਸ਼ ਨਜ਼ਰ ਆਉਂਦਾ ਹੈ।ਉਨ੍ਹਾਂ ਦੀ ਨੁਕਤੇ ਨਿਗਹ ਅਨੁਸਾਰ ਇਹ ਦੋਸ਼ ਇਸ ਪ੍ਰਕਾਰ ਹਨ:-
(1) ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੁਰਣ ਮੰਨਦਾ ਹਾਂ ਅਤੇ ਇਸ, ਵਿਚ ਕਿਸੇ ਬਹਾਨੇ, ਕਿਸੇ ਵੀ ਪ੍ਰਕਾਰ ਦੇ ਕਿੰਤੂ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।
(2) ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਆਪ ਹੂਦਰੇ ਵਾਧੂ ਵਿਸ਼ਰਾਮ ਚਿੰਨ੍ਹਾਂ ਲਗਾਉਣ, ਅੱਖਰ ਅਤੇ ਸ਼ਬਦ ਜੋੜ ਬਦਲਣ ਦਾ ਵਿਰੋਧੀ ਹਾਂ।
(3) ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਨੂੰ ਮੰਨਦਾ ਹਾਂ ਅਤੇ ਗੁਰੂ ਸਾਹਿਬ ਜੀ ਨੂੰ ਸਿੱਧੇ-ਅਸਿੱਧੇ ਢੰਗ ਨਾਲ ਗੁਰਤਾ ਦੀ ਪਦਵੀ ਤੋਂ ਹਟਾਉਂਣ ਦੀ ਨੀਤੀ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।
(4) ਮੈਂ ਦਸ ਗੁਰੂ ਸਾਹਿਬਾਨ ਨੂੰ ਗੁਰੂ ਮੰਨਦਾ ਹਾਂ ਅਤੇ ਉਨ੍ਹਾਂ ਦੀ ਅਧਿਆਤਮਕ ਗੁਰਤਾ ਅਤੇ ਪੰਥਕ ਸਥਿਤੀ ਨੂੰ ਖ਼ਤਮ ਕਰਨ ਦੇ ਵਿਚਾਰ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।
(5) ਮੈਂ ਗੁਰੂ ਸਾਹਿਬਾਨ ਵਲੋਂ ਕੀਤੇ ਕਾਰਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ ਸਿੱਧੇ-ਅਸਿੱਧੇ ਢੰਗ ਨਾਲ ਖ਼ਤਮ ਕਰਨ ਦੇ ਨੀਤੀ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।
(6) ਮੈਂ ਸਿੱਖ ਪੰਥ ਵਲੋਂ ਮਹਾਨ ਸਿੱਖ ਵਿਚਾਰਕਾਂ ਦੀ ਦੇਖ ਰੇਖ ਵਿਚ, ਗੁਰਮਤਿ ਅਨੁਸਾਰ ਸਵੀਕਾਰ ਕੀਤੀ ਸਿੱਖ ਰਹਿਤ ਮਰਿਆਦਾ ਨੂੰ ਖ਼ਤਮ ਕਰਨ ਦੇ ਨੀਤੀ ਦਾ ਨਾ ਤਾਂ ਸਮਰਥਕ ਹਾਂ ਅਤੇ ਨਾ ਹੀ ਪੋਸ਼ਕ।
ਆਪਣੇ ਉਪਰੋਕਤ ਕਥਿਤ “ਦੋਸ਼ਾਂ” ਕਾਰਨ ਹੀ ਮੈਂ ਕੁੱਝ ਸੱਜਣਾਂ ਵਲੋਂ ਪ੍ਰਤੀਬੰਧਤ ਕਰਵਾਇਆ ਗਿਆ ਹਾਂ। ਸੰਵਾਦ ਤੋਂ ਘਬਰਾਏ ਹੋਏ ਸੱਜਣਾਂ ਪਾਸ ਇਹੀ ਆਖਰੀ “ਬ੍ਰਹਮ ਅਸਤ੍ਰ” ਸੀ ਆਪਣੀ ਮਨਮਤੀ ਕਮਜ਼ੋਰੀਆਂ ਤੇ ਪਰਦਾ ਪਾਉਂਣ ਲਈ ਕਿ ਹਰਦੇਵ ਸਿੰਘ, ਜੰਮੂ ਨੂੰ ਕਿਸੇ ਬਹਾਨੇ ਵੈਬਸਾਈਟਾਂ ਤੋਂ ਬਾਹਰ ਕੱਡਵਾਇਆ ਜਾਏ।
ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਕਿਸੇ ਪੁਸਤਕ ਦੀ ਸਥਾਪਨਾ ਦਾ ਵਿਰੌਧੀ ਹਾਂ। ਮੈਂ ਕੁੱਝ ਡੇਰੇਆਂ ਦੀ ਮਨਮਤਿ ਅਤੇ ਮਰਕਜ਼ੀ ਵਿਵਸਥਾ ਨਾਲ ਸਬੰਧਤ ਸੱਜਣਾਂ ਦੀਆਂ ਸ਼ਖ਼ਸੀ ਕਮਜੋਰੀਆਂ ਤੋਂ ਵੀ ਸਹਿਮਤ ਨਹੀਂ।ਮੈਂ ਧਰਮ ਵਿਚ ਗ਼ੈਰਜ਼ਰੂਰੀ ਰਾਜਨੀਤਕ ਦਖ਼ਲ ਦੇ ਵੀ ਹੱਕ ਵਿਚ ਨਹੀਂ।ਪਰ ਮੈਂ ਅੱਜੇ ਕਿਸੇ ਐਸੇ ਡੇਰੇਦਾਰ ਨੂੰ ਨਹੀਂ ਪੜੀਆ ਜੋ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਜੀ ਨੂੰ ਗੁਰਤਾ ਪਦਵੀ ਤੋਂ ਹਟਾਉਂਣ ਅਤੇ ਸ਼੍ਰੀ ਅਕਾਲ ਤਖ਼ਤ ਦੀ ਸਥਾਪਨਾ ਦੇ ਵਿਰੁੱਧ ਮੁਹੀਮ ਚਲਾਉਂਦਾ ਹੋਵੇ।ਹਾਂ ਮੈਂ ਆਪਣੇ ਨੂੰ ਜਾਗਰੂਕ ਅਖਵਾਉਂਦੇ ਕੁੱਝ ਸੱਜਣਾਂ ਨੂੰ ਲਗਾਤਾਰ ਐਸਾ ਯਤਨ ਕਰਦੇ ਪੜੀਆ ਹੈ ਜਿਸ ਦੀ ਹਦ ਬਾਣੀ ਨੂੰ ਨਕਲੀ, ਉਸ ਨੂੰ ਬਦਲਣ ਅਤੇ ਗੁਰੂ ਨੂੰ ਅਧੂਰਾ ਕਹਿਣ ਤਕ ਪਹੁੰਚਦੀ ਹੈ।
ਖ਼ੈਰ! ਉਪਰੋਕਤ ਨੁੱਕਤਿਆਂ ਨੇ ਮੈਂਨੂੰ ਇਕ ਐਸਾ ਲੇਖਕ ਬਣਾ ਦਿੱਤਾ ਹੈ ਜਿਸ ਨੂੰ ਕੁੱਝ ਮੀਡੀਆ ਮੰਚਾਂ ਤੋਂ ਪ੍ਰਤੀਬੰਧਤ ਕਰ ਦਿੱਤਾ ਗਿਆ ਹੈ।ਮੈਂਨੂੰ ਇਸਦਾ ਕੋਈ ਗਿਲਾ ਨਹੀਂ ਕਿਉਂਕਿ ਆਖਰ ਮੈਂਨੂੰ ਲਿਖਣ ਦਾ ਮੌਕਾ ਵੀ ਤਾਂ ਦਿੱਤਾ ਗਿਆ ਸੀ, ਜਿਸ ਕਾਰਨ ਵਿਚਾਰਾਂ ਦੇ ਵਟਾਂਦਰੇ ਹੋਏ।ਸਭ ਤੋਂ ਵੱਧ ਇਹ ਕਿ ਇਕ ਪਾਸਣ ਸੋਚਾਂ ਦੇ ਕਈਂ ਪੱਖ ਵਿਚਾਰੇ-ਪਰਖੇ ਗਏ।ਕੁੱਝ ਨੇ ਮੈਂਨੂੰ ਗਲਤ ਕਿਹਾ ਅਤੇ ਕਈਆਂ ਨੇ ਆਪਣੀਆਂ ਗਲਤਿਆਂ ਸੁਧਾਰ ਲਈਆਂ।
ਮੈਂ ਪ੍ਰਤੀਬੰਧਾਂ ਦਾ ਸ੍ਹਾਮਣਾ ਕਰਨ ਨੂੰ ਤਿਆਰ ਹਾਂ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਬਦਲ ਕੇ ਲਿਖਣ, ਅਤੇ ਗੁਰੂ ਗ੍ਰੰਥ ਸਾਹਿਬ ਅਤੇ ਸਾਹਿਬਾਨ ਨੂੰ ਗੁਰਤਾ ਦੀ ਪਦਵੀ ਤੋਂ ਹਟਾਉਣ, ਸ਼੍ਰੀ ਅਕਾਲ ਤਖ਼ਤ ਅਤੇ ਸਿੱਖ ਰਹਿਤ ਮਰਿਆਦਾ ਨੂੰ ਖ਼ਤਮ ਕਰਨ ਵਰਗੀਆਂ ਉਪਰੋਕਤ ਮਾਰੂ ਨੀਤੀਆਂ/ਵਿਚਾਰਾਂ ਦਾ ਸਮਰਥਨ ਕਰਨ ਨੂੰ ਤਿਆਰ ਨਹੀਂ!
ਹਰਦੇਵ ਸਿੰਘ,ਜੰਮੂ-20.04.2015