ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
“ ਤੇਰੇ ਸੇਵਕਾਂ ਅਤੇ ਟਹਲੀਆਂ ਦੀ ਅਰਦਾਸ ”
“ ਤੇਰੇ ਸੇਵਕਾਂ ਅਤੇ ਟਹਲੀਆਂ ਦੀ ਅਰਦਾਸ ”
Page Visitors: 2650

ਤੇਰੇ ਸੇਵਕਾਂ ਅਤੇ ਟਹਲੀਆਂ ਦੀ ਅਰਦਾਸ
ਅੱਜ ਇਕ ਵੇਬਸਾਈਟ ਅਤੇ ਫੇਸਬੁਕ ਤੇ  ਇਕ ਇਹੋ ਜਹੀ ਵੀਡੀਉ ਵੇਖੀ। ਜਿਸ ਵਿਚ ਧਰਮ ਦੇ ਠੇਕੇਦਾਰ ਕੁਝ ਗਰੀਬ ਅਤੇ ਨਿਹੱਥੇ ਪਾਠੀਆਂ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ। ਆਪਣੇ ਆਪ ਨੂੰ  ਬਹੁਤ ਮਜਬੂਤ  ਦਿਲ ਵਾਲਾ ਸਮਝਣ ਦੇ ਬਾਵਜੂਦ,  ਇਕ ਬਜੁਰਗ ਸਿੱਖ ਨੂੰ ਸਿੱਖਾਂ ਕੋਲੋਂ ਹੀ ,  ਕੁਟ ਖਾਂਦਿਆਂ ਵੇਖ ਕੇ  ਦਿਲ ਕੰਬ ਗਿਆ। ਇਹ ਵੇਖ ਕੇ ਵਿਚਲਿਤ ਹੋਣ ਦੇ ਕਈ ਕਾਰਣ ਸਨ। ਬਹੁਤ ਸਾਰਿਆ ਵੇਖਣ ਵਾਲਿਆ ਨੇਂ ਇਸ ਵੀਡੀਉ,  ਨੂੰ ਸਿਰਫ ਇਸ ਨਜਰਿਏ ਨਾਲ ਵੇਖਿਆ ਹੈ ਕਿ ਵਿਚਾਰੇ ਗਰੀਬ ਪਾਠੀਆਂ ਦੀ ਬੜੀ ਬੇਦਰਦੀ ਨਾਲ ਕੁੱਟ ਮਾਰ ਕੀਤੀ ਗਈ। ਲੇਕਿਨ ਮੇਰੇ ਜਹਿਨ ਵਿਚ ਕੁਝ ਹੋਰ ਹੀ ਗੱਲਾਂ ਅਤੇ ਸਵਾਲ  ਵੀ ਉੱਠ ਕੇ ਖੜੇ ਹੋ ਗਏ, ਜਿਨ੍ਹਾਂ ਨੂੰ ਦਾਸ ਆਪ ਜੀ ਨਾਲ ਸਾਂਝੇ ਕਰਨਾਂ ਜਰੂਰੀ ਸਮਝਦਾ ਹੈ। ਅਸੀ ਬਹੁਤੇ ਲੋਕੀ ਉਹ ਹੀ ਕੁਝ ਵੇਖਦੇ ਹਾਂ,  ਜੋ ਕੁਝ ਸਾਮ੍ਹਣੇ ਦਿਸ ਰਿਹਾ ਹੂੰਦਾ  ਹੈ। ਲੇਕਿਨ ਪਰਦੇ ਦੇ ਪਿਛੇ ਦਾ ਸੱਚ ਕੀ ਹੈ ਅਤੇ , ਅਤੇ ਭਵਿਖ ਵਿਚ ਉਸ ਦਾ ਹਸ਼ਰ ਕੀ ਹੋ ਸਕਦਾ ਹੈ ?, ਇਹ ਬਹੁਤ ਘੱਟ ਲੋਕ  ਹੀ ਸਮਝਦੇ ਹਨ
ਮੈਂ ਅਪਣੇ ਸ਼ਹਿਰ ਵਿਚ ਬਹੁਤ ਸਾਰੇ ਪਾਠੀਆਂ ਨੂੰ ਗੁਰਬਤ ਦੇ ਉਨ੍ਹਾਂ ਹਾਲਾਤਾਂ ਵਿਚ ਵੇਖਿਆ ਹੈ ਜਿਨ੍ਹਾਂ ਨੂੰ ਵੇਖ ਕੇ ਬਰਦਾਸ਼ਤ ਨਹੀ ਹੂੰਦਾ ।ਪਾਠ ਕਰਨ ਦੀ ਡਿਉਟੀਆਂ ਲੈਂਣ ਲਈ ਉਹ ਗੁਰਦੁਆਰਿਆਂ ਦੇ ਮਨੇਜਰਾਂ ਅਤੇ ਪ੍ਰਧਾਨਾਂ ਦੇ  ਘਰ ਦੀਆਂ ਚਾਕਰੀਆਂ ਕਰਦੇ ਹਨ,  ਤਾਂਕਿ ਉਨ੍ਹਾਂ ਨੂੰ ਡਿਉਟੀਆਂ ਮਿਲਦੀਆਂ ਰਹਿਣ। ਮੈਂ ਐਸੇ ਕਈ  ਪਾਠੀਆਂ  ਦੇ ਪਰਿਵਾਰਾਂ ਨੂੰ ਵੇਖਿਆ ਹੈ   , ਜਿਨ੍ਹਾਂ ਦੀਆਂ ਬੀਬੀਆਂ ਨੂੰ ਅਪਣੇ ਬੱਚੇ ਪਾਲਣ ਲਈ ਲੋਗਾਂ ਦੇ ਘਰਾਂ  ਦੇ  ਭਾਂਡੇ ਵੀ ਮਾਂਜਣੇ  ਪਏ ਹਨ । ਸਾਡੇ ਸ਼ਹਿਰ ਵਿਚ ਕੋਈ ਵੀ ਐਸਾ ਪਾਠੀ ਨਹੀ ਹੋਣਾਂ , ਜਿਸ ਨੂੰ ਗੁਰਦੁਆਰਿਆਂ ਤੋਂ ਇਕ ਮਹੀਨੇ ਵਿਚ ਪੰਜ ਛੇ ਹਜਾਰ ਤੋਂ ਵਧ ਆਮਦਨ ਹੋਵੇ ।ਕਿਸ ਤਰ੍ਹਾਂ  ਉਹ ਅਪਣੇ ਪਰਿਵਾਰ ਪਾਲਣ?
ਕੁਝ ਵਰ੍ਹੇ ਪਹਿਲਾਂ ਦੀ ਇਕ ਹੱਡ ਬੀਤੀ ਆਪ ਜੀ ਨਾਲ ਸਾਂਝੀ ਕਰਦਾ ਹਾਂ । ਕਿਸੇ ਦੇ ਘਰ ਕੀਰਤਨ ਸੀ,  ਉਥੇ ਇਕ ਬਜੁਰਗ ਪਾਠੀ ਵੀਰ ਦਾਸ ਨੂੰ ਮਿਲੇ ਤੇ ਮੈਂ ਉਨ੍ਹਾਂ ਦੀ ਹਾਲਤ ਨੂੰ ਵੇਖ ਕੇ ਕੁਝ ਮਾਇਆ ਉਨ੍ਹਾਂ ਨੂੰ ਭੈਂਟ ਕੀਤੀ (ਇਥੇ ਉਨ੍ਹਾਂ ਦਾ ਨਾਮ ਲਿਖਣਾਂ ਮੈਂ ਜਾਇਜ ਨਹੀ ਸਮਝਦਾ, ਉਹ ਬਜੁਰਗ ਪਾਠੀ ਅੱਜ ਵੀ ਕਾਨਪੁਰ ਵਿਚ ਹੀ ਕਿਧਰੇ ਰਹਿੰਦੇ ਹਨ ਅਤੇ ਬਹੁਤ ਹੀ ਗਰੀਬੀ ਦਾ ਜੀਵਨ ਵਤੀਤ ਕਰ ਰਹੇ ਹਨ , ਇਕ ਦਾ ਕੀ ਕਹਾਂ ਇਥੇਤਾਂ ਸੈੰਕੜੇ ਹੀ ਪਾਠੀ ਹਨ , ਜੋ ਬਹੁਤ ਹੀ ਗਰੀਬ ਹਨ ਅਤੇ ਉਨ੍ਹਾਂ ਦੀਆਂ ਘਰਵਾਲੀਆ ਲੋਕਾਂ ਦੇ ਕਪੜੇ ਆਦਿਕ ਸੀਂਉਂ ਕੇ  ਅਪਣਾਂ ਘਰ ਚਲਾ ਰਹੀਆਂ ਨੇ।)
 ਉਹ ਪਾਠੀ ਵੀਰ ਕੁਝ ਦਿਨ ਬਾਦ ਮੇਰੀ ਦੁਕਾਨ ਤੇ ਇਕ ਬਹੁਤ ਹੀ ਪੁਰਾਨੀ ਸਾਇਕਿਲ ਤੇ,  ਲਗਭਗ 10 ਕਿਲੋਮੀਟਰ ਦੂਰੋਂ ਆ ਗਏ। ਚਾਹ ਪਾਣੀ ਪੁਛਣ ਤੋਂ ਬਾਦ ਦਾਸ ਨੇ ਉਨ੍ਹਾਂ ਦੇ ਆਉਣ ਦਾ ਕਾਰਣ ਪੁਛਿਆ । ਤਾਂ ਉਹ ਕਹਿਣ ਲਗੇ, ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ।  ਮੈਂ ਸੰਗ੍ਰਾਂਦ ਦੀ ਸੰਗ੍ਰਾਂਦ ਆਕੇ ਤੁਹਾਡੇ ਘਰ ਅਰਦਾਸ ਕਰ ਜਾਵਾਂ ਕਰਾਂ ?  ਦਾਸ  ਉਨ੍ਹਾਂ ਦੀ ਇਹ  ਗਲ ਨੂੰ ਸੁਣ ਕੇ ਸਾਰਾ ਮਾਜਰਾ ਸਮਝ ਗਿਆ ਕਿ ਇਹ ਸਿੱਖ ਬਜੁਰਗ ਬਹੁਤ ਕੜਕੀ ਦੀ ਹਾਲਤ ਵਿਚ ਹਨ ।  ਹਾਂਲਾਂ ਕੀ ਮੇਰੀ ਸਿੰਘਣੀ ਰੋਜ ਹੀ ਸਵੇਰੇ ਗੁਰੂ ਸਾਹਿਬ ਦਾ ਪ੍ਰਕਾਸ਼ , ਖੁਲ੍ਹਾਂ ਪਾਠ ਅਤੇ ਸ਼ਾਮਾਂ ਵੇਲੇ ਸੁਖਆਸਨ ਕਰਦੀ ਹੈ। ਲੇਕਿਨ ਉਨ੍ਹਾਂ ਦੀ ਹਾਲਤ ਵੇਖ ਕੇ ਦਿਲ ਭਰ ਆਇਆ ਤੇ  ਇਸ ਲਈ ਉਨ੍ਹਾਹਾਂ ਨੂੰ ਹਾਮੀ ਭਰ ਦਿੱਤੀ ਕਿ, ਜੇ ਇਨ੍ਹਾਂ ਨੂੰ ਮੈਂ ਬਿਨਾਂ ਮਤਲਬ ਦੋਬਾਰਾ ਕੁਝ ਮਦਦ ਕਰ ਦਿਤੀ ਤਾਂ ਇਨ੍ਹਾਂ ਨੂੰ ਉਸ ਦੀ ਆਦਤ ਪੈ ਜਾਵੇਗੀ ਅਤੇ ਉਨ੍ਹਾਂ ਦੀ ਅਣਖ ਨੂੰ ਵੀ ਸੱਟ ਵੱਜੇਗੀ । ਉਹ ਦੋ ਤਿਨ ਸੰਗ੍ਰਾਂਦਾਂ ਮੇਰੇ ਘਰ ਆਏ ਤੇ ਲੰਗਰ ਚਾਹ ਛਕਾਉਣ ਦੇ ਨਾਲ ਹੀ ਉਨ੍ਹਾਂ ਨੂੰ ਜੋ ਤਿਲ ਫੁਲ ਹੋ ਸਕਦਾ ਸੀ ਮੈਂ ਭੇਂਟ ਕਰਦਾ ਰਿਹਾ। ਲੇਕਿਨ ਦਸ  ਕਿਲੋਮੀਟਰ ਦੂਰੋਂ , ਪੁਰਾਨੀ ਟੁੱਟੀ ਸਾਇਕਿਲ ਤੇ ਆਉਣਾਂ ,ਫਿਰ ਵਾਪਿਸ  ਜਾਂਣਾਂ ਵੇਖ ਕੇ ਦਿਲ ਭਰ ਉਠਦਾ ਸੀ । ਉਨ੍ਹਾਂ ਨੂੰ ਦਾਸ ਨੇ ਕਹਿਆ ਕਿ ਤੁਸੀ ਕਿਸੇ ਸਵਾਰੀ ਤੇ ਆ ਜਾਇਆ ਕਰੋ ਤੇ ਮੇਰੇ ਬੇਟਾ ਤੁਹਾਨੂੰ ਮੋਟਰ ਸਾਇਕਿਲ ਤੇ ਛੱਡ ਆਵੇ ਕਰੇਗਾ। ਸੰਗ੍ਰਾਂਦ ਤੇ ਬੁਲਾ ਕੇ ਅਰਦਾਸ ਕਰਵਾਉਣ ਦਾ ਕੋਈ ਵੀ ਮਕਸਦ ਨਹੀ ਸੀ , ਇਸ ਬਹਾਨੇ ਉਨ੍ਹਾਂ ਦੀ ਮਦਦ ਹੋ ਜਾਂਦੀ ਸੀ ਅਤੇ ਉਨ੍ਹਾਂ ਦੀ ਅਣਖ ਨੂੰ ਵੀ ਇਹ ਨਹੀ ਸੀ ਲਗਦਾ ਕਿ ਮੈਂ ਬਿਨਾਂ ਵਜਿਹ ਮਾਇਆ ਲੈ ਰਿਹਾ ਹਾਂ। ਕੁਝ ਮਹੀਨੇ ਇਹ ਸਿਲਸਿਲਾ ਚਲਦਾ ਰਿਹਾ , ਫਿਰ ਉਨ੍ਹਾਂ ਅਚਾਨਕ ਆਉਣਾਂ ਬੰਦ ਕਰ ਦਿਤਾ...... ਉਸ ਤੋਂ ਬਾਦ ਉਹ ਮੈਂਨੂੰ ਨਹੀ ਮਿਲੇ। ਉਨ੍ਹਾਂ ਦੇ ਘਰ ਗਿਆ ਤਾਂ  ਉਹ ਸ਼ਾਇਦ ਘਰ ਬਦਲ ਚੁਕੇ ਸਨ ।
ਅੱਜ ਕਈ ਸਿੱਖ ਬੜੇ ਫਖਰ ਨਾਲ ਇਹ ਕਹਿੰਦੇ ਸੁਣੇਂ ਜਾਂਦੇ ਹਨ ਕਿ ,"ਕਿਸੇ ਸਿੱਖ ਨੂੰ ਕਦੀ ਭੀਖ ਮੰਗਦਿਆ ਨਹੀ ਵੇਖਿਆ" । ਬੜਾ ਵੱਟ ਚੜ੍ਹਦਾ ਹੈ ਜਦੋ ਕੋਈ ਇਹ ਕਹਿੰਦਾ ਹੈ। ਆਉ ਮੇਰੇ ਸ਼ਹਿਰ ਮੈਂ ਤੁਹਾਨੂੰ ਵਖਾਂਦਾ ਹਾਂ ਕਿ ਇਹ ਪਾਠੀ ਕਿਨਿਆ ਸਿੱਖਾਂ ਕੋਲੋਂ ਕਰਜਾ ਚੁਕ ਕੇ ਵਾਪਸ ਨਹੀ ਕਰ ਸਕੇ ਹਨ। ਇਕ ਬਹੁਤ ਹੀ ਸ਼ਰੀਫ ਸੇਵਾਦਾਰ ਨੇ ਦਾਸ ਕੋਲੋਂ ਕੁਝ ਮਾਇਆ ਵਾਪਸ ਕਰਣ ਦੇ ਵਾਦੇ ਨਾਲ ਲਈ। ਗੁਰੁਦੁਆਰੇ ਜਾਂਦਾ ਸੀ ਤਾਂ ਉਹ ਬਹਾਨੇ ਬਹਾਨੇ ਵਿਚਾਰਾ  ਛੁਪ ਜਾਂਦਾ ਸੀ। ਦਾਸ ਨੇ ਦੂਜੇ ਗੁਰਦੁਆਰੇ ਜਾਂਣਾਂ ਸ਼ੁਰੂ ਕਰ ਦਿਤਾ ਤਾਂਕਿ ਉਸ ਮਜਬੂਰ ਸੇਵਾਦਾਰ  ਦਾ ਸਿਰ ਨੀਵਾਂ ਨਾਂ ਹੋਏ ਤੇ ਉਸਨੂੰ ਛੁਪਣਾਂ ਨਾਂ ਪਵੇ। ਵੀਰੋ ਕੀ ਇਹ ਭੀਖ ਮੰਗਣਾਂ ਨਹੀ। ਅਸੀ ਖੁਸ਼ਫਹਮੀਆ ਵਿਚ ਹੀ ਮਰ ਮੁਕ ਜਾਂਣਾਂ ਹੈ ਕਿ ਸਿੱਖੀ ਕਦੀ ਨਹੀ ਮੁਕਣੀ.....ਕਿ ਇਕ ਸਿੱਖ ਕਦੀ ਭੀਖ ਨਹੀ ਮੰਗਦਾ..... ਤੇ ਪਤਾ ਨਹੀ ਹੋਰ ਕੀ ਕੀ ਸੁਣਦੇ ਰਹੀ ਦਾ ਹੈ ।
ਵੀਰੋ ! ਇਹ ਇਕ  ਦੋ ਪਾਠੀਆਂ  ਦੀ ਕਹਾਣੀ ਨਹੀ ।ਸਾਡੇ ਬਹੁਤ ਸਾਰੇ ਪਾਠੀ ਅਤੇ ਗ੍ਰੰਥੀ ਇਸੇ ਤਰ੍ਰਹਾਂ , ਗੁਰਬਤ ਦਾ ਹੀ ਜੀਵਨ ਵਤੀਤ ਕਰ ਰਹੇ ਹਨ, ਜਿਸਦੇ ਕਈ ਪ੍ਰਮਾਣ ਮੇਰੇ ਕੌਲ ਮੌਜੂਦ ਹਨ । ਦਰਬਾਰ ਸਾਹਿਬ ਜੀ ਤੋਂ ਰੋਜ ਸਵੇਰੇ ਅਰਦਾਸ ਸੁਣੀ ਦੀ ਹੈ ".......ਤੇਰੇ ਸੇਵਕਾਂ ਅਤੇ  ਤੇਰੇ ਟਹਲੀਆਂ ਦੀ ਅਰਦਾਸ" ।  ਉਏ ਰੱਬਾ !   ਤੁੰ ਕਿਥੇ ਸੌਂ ਗਿਆ ਹੈ ? ਅਜ ਤੇਰੇ ਇਨ੍ਹਾਂ ਟਹਲਿਆਂ ਦਾ ਹਾਲ ਵੇਖ ਕੀ ਹੋ ਗਿਆ ਹੈ ? ਸ਼ਾਇਦ ਤੂੰ ਉਨ੍ਹਾਂ ਟਹਲਿਆਂ ਦੀ ਅਰਦਾਸ ਹੀ ਸੁਣਦਾ ਹੈ,  ਜੋ ਗੁਰੂ ਘਰ ਦੀ ਗੋਲਕ ਦੇ ਵਿਚੋਂ ਦੋ ਕਰੋੜ ਦਾ ਪਟਰੌਲ ਪੀ ਜਾਂਣ ਵਾਲੇ ਪ੍ਰਧਾਨਾਂ ਦੀਆਂ ਜੁਤੀਆਂ ਚੁਕਦੇ ਨੇ। ਜਾਂ ਸ਼ਾਇਦ ਤੂੰ ਉਨ੍ਹਾਂ ਟਹਲਿਆਂ ਦੀ ਅਰਦਾਸ ਸੁਣਦਾ ਹੈ ਜੋ ਰਿਸ਼ਵਤ ਲੈ ਲੈ ਕੇ ਉੱਚੇ ਉਚੇ ਹੋਟਲਾਂ ਦੀ  ਇਮਾਰਤਾਂ ਖੜੀਆਂ ਕਰਨ ਵਾਲੇ ਜੱਥੇਦਾਰਾਂ ਦੀ ਗੜਵੀ ਤੇ ਤੌਲੀਆ ਚੁਕੀ ਫਿਰਦੇ ਨੇ। ਮੇਰੇ ਰੱਬਾ ! ਕਦੀ ਉਨ੍ਹਾਂ ਗਰੀਬ ਟਹਲਿਆ ਵਲ ਵੀ ਨਿਗਾਹ ਮਾਰ, ਜੋ ਦੋ ਜੂਨ ਦੀ ਰੋਟੀ ਜੁਟਾਨ ਤੋਂ ਵੀ ਮੁਹਤਾਜ ਨੇ। ਨੌ ਸੌ ਕਰੋੜ ਰੁਪਏ ਦਾ ਬਜਟ ਪੂਰੀ ਪੰਜਾਬ ਸਰਕਾਰ ਦਾ ਨਹੀ ਹੈ , ਲੇਕਿਨ ਤੇਰੇ ਸਤਕਾਰ ਵੱਜੋ ਤੇਰੀ ਮੇਹਰ ਨਾਲ , ਤੇਰਾ ਸਿੱਖ ਨੌਂ ਸੌ ਕਰੋੜ ਦਰਬਾਰ ਸਾਹਿਬ ਜੀ ਦੀਆ ਗੋਲਕਾਂ ਵਿਚ ਹਰ ਵਰ੍ਪਾਹੇ ਪਾ  ਜਾਂਦਾ ਹੈ । ਤੇਰੇ ਪ੍ਰਧਾਨ ਤੇ ਜੱਥੇਦਾਰ ਇਹ ਸਾਰਾ ਦਸਵੰਦ ਆਪ ਹੀ ਡਕਾਰ ਜਾਂਦੇ ਨੇ ਅਤੇ ਅਪਣੇ ਗੂੰਡੇ ਭੇਜ ਕੇ  ਤੇਰੇ ਟਹਲਿਆਂ ਦੀ ਹੱਡੀ ਪਸਲੀ ਤੋੜ ਦਿੰਦੇ ਨੇ। ਕੀ ਕਰਨ ਇਹ ? ਕੀ ਇਹ ਉਸ ਮਜਾਰ ਤੇ ਅਪਣੇ ਆਪ ਚਲੇ ਗਏ ਸਨ ?ਕਿਸੇ ਪ੍ਰਧਾਨ ਜਾਂ ਲੰਬੜਦਾਰ ਨੇ ਹੀ ਇਨ੍ਹਾਂ ਨੂੰ   ਉੱਥੇ ਭੇਜਿਆ ਹੋਣਾਂ ਹੈ , ਜਾਂ ਇਨ੍ਹਾਂ ਦਾ ਭੁੱਖਾਂ ਢਿਡ ਉਨ੍ਹਾਂ ਨੂੰ ਉਥੇ ਜਾਂਣ ਲਈ ਮਜਬੂਰ ਕਰ ਰਿਹਾ ਹੋਣਾਂ ਹੈ।  
ਮੇਰੇ ਵੀਰੋ ! ਹੁਣ ਧਿਆਨ ਨਾਲ ਸੁਣੋ ਮੇਰੀ ਗਲ  ! ਇਹੋ ਜਹੀ ਕੁੱਟ ਮਾਰ ਦੀ ਇਹ ਮੈਂ ਤੀਜੀ ਵੀਡੀਉ ਵੇਖੀ ਹੈ , ਜਿਸਦੇ ਲਿੰਕ ਹੇਠਾਂ ਪਾ ਰਿਹਾ ਹਾਂ । ਇਸ ਤੋਂ ਪਹਿਲਾਂ ਵੀ ਦੋ ਵੀਡੀਉ ਹੋਰ ਵੇਖ ਚੁਕਾ ਹਾਂ।ਇਹ ਪਾਠੀ ਤਾਂ ਹੋ ਸਕਦਾ ਹੈ ਕਿਸੇ ਪ੍ਰਧਾਨ ਜਾਂ ਜੱਥੇਦਾਰ ਦੇ ਕਹਿਣ ਤੇ ਉਥੇ ਗਏ ਹੋਣੇ ਹਨ। ਜਾਂ ਇਨ੍ਹਾਂ ਦੀ ਗੁਰਬਤ ਇਨ੍ਹਾਂ ਨੂੰ ਉੱਥੇ ਲੈ ਗਈ ਹੋਣੀ ਹੈ , ਲੇਕਿਨ ਇਸ ਦਾ ਅੰਜਾਮ ਕੀ ਹੋਵੇਗਾ ? ਕੀ ਤੁਸੀ ਇਹ ਸੋਚਿਆ ਹੈ। ਸਿੱਖਾਂ ਉੱਤੇ ਚੌਹਾਂ ਪਾਸਿਉ ਸਾਜਿਸ਼ਾਂ ਦਾ ਜਾਲ ਪਾਇਆ ਜਾ ਚੁਕਿਆ ਹੇ।
ਇਕ ਪਾਸੇ ਤਾਂ ਪਿੰਡਾਂ ਪਿੰਡਾਂ ਵਿਚ "ਨਿੱਕੇ ਨਿੱਕੇ ਬਾਦਲਾਂ" ਦੀ ਫਸਲ ਉਗਾ ਦਿੱਤੀ ਗਈ ਹੈ। ਦੂਜੇ ਪਾਸੇ ਇਹੋ ਜਹੇ ਗੁਰਬਤ ਦੇ ਮਾਰੇ ਸਿੱਖਾਂ ਨੂੰ ਇਸਾਈ ਅਤੇ ਮੁਸਲਮਾਨ ਬਣਾਇਆ ਜਾ ਰਿਹਾ ਹੈ। ਜੇੜ੍ਹੇ ਸਿੱਖ ਸਿਦਕੀ ਨੇ,   ਉਨ੍ਹਾਂ ਬੇਦੋਸਿਆਂ ਨੂੰ ਜਦੋਂ ਇਸ ਤਰ੍ਹਾਂ,  ਤਾਲਿਬਾਨੀ ਢੰਗ ਨਾਲ ਲੰਮਿਆ ਪਾ ਪਾ ਕੇ ਉਨ੍ਹਾਂ ਦੇ ਹੱਡ ਤੋੜੇ ਜਾਂਣਗੇ । ਉਨ੍ਹਾਂ ਦੇ ਹੱਡ ਤੋੜਨ ਵਾਲਾ ਕੋਈ ਹੋਰ ਨਹੀ ਅੰਮ੍ਰਿਤ ਧਾਰੀ ਸਿੱਖ ਹੋਣਗੇ। ਤਾਂ ਉਨ੍ਹਾਂ ਭੋਲਿਆ ਗਰੀਬਾਂ ਦੇ ਮਨ ਵਿਚ ਇਹ ਆ ਹੀ ਜਾਂਣਾਂ ਹੈ , ਕਿ "ਅਸੀ ਕੀ ਲੈਣਾਂ ਇਹੋ ਜਹੀ  ਸਿੱਖੀ ਤੋ....."  ਸਾਨੂੰ ਕੀ  ਦਿੱਤਾ ਹੈ ਇਸ ਸਿੱਖਿ ਨੇ .........."
ਦੂਜੇ ਪਾਸੇ ਕੋਈ ਦੋ ਲੱਖ ਲੈ ਕੇ ਖੜਾ ਹੈ ਕਿ ਆਉ ਹਿੰਦੂ ਬਣ ਜਾਉ । ਤੇ ਕਿਸੇ ਪਾਸੇ ਕੋਈ ਹੋਰ  ਖੜਾ ਹੈ ਕਿ ਪੰਜ ਲੱਖ ਲੈ ਲਵੋ ਤੇ ਇਸਾਈ ਬਣ ਜਾਉ ! ਬੱਚੇ ਵੀ ਤੁਹਾਡੇ ਅਸੀ ਪੜ੍ਹਾਵਾਂ ਗੇ ਤੇ ਮਾਰਾਂਗੇ ਵੀ ਨਹੀ। ਮੇਰੇ ਵੀਰੋ ਕੀ ਉਹ ਗਰੀਬ ਬੰਦਾ , ਢਿਡ ਤੋਂ ਭੁਖਾ ਕੌਮ ਤੋਂ ਦੁਤਕਾਰਿਆ ਇਕ  ਸਿੱਖ ਰਹਿ ਜਾਵੇਗਾ ? ਕਦੋਂ ਤਕ !  ਉਹ ਢਿਡੋਂ ਭੁਖਾ,  ਸਿਦਕ ਨੂੰ ਸੰਭਾਲ ਕੇ ਰਖ ਸਕੇਗਾ ? ਇਹ ਹੈ ਬਹੁਤ ਡੂੰਗੀ ਸਾਜਿਸ਼ , ਜੋ ਸਿੱਖੀ ਨਾਲ ਖੇਡੀ ਜਾ ਰਹੀ ਹੈ।ਦੁਸ਼ਮਣ ਕੋਈ ਹੋਰ ਨਹੀ ਸਾਡੇ ਹੀ ਆਗੂ ਅਤੇ ਉਹ ਲੋਗ ਹਨ ਜੋ ਸਿੱਖੀ ਬਾਨੇ ਵਿਚ ਸਿੱਖੀ ਦੀ ਨਸਲਕੁਸ਼ੀ , ਇਹੋ ਜਹਿਆ ਮਾਹੋਲ ਪੈਦਾ ਕਰਕੇ ਕਰਣ ਦੀ ਸਾਜਿਸ਼ ਰੱਚ ਚੁਕੇ ਹਨ । ਹੁਣ ਤਾਂ ਸਿੱਖੀ ਆਪ ਹੀ ਸਿੱਖਾਂ ਨੂੰ ਮਾਰ ਮਾਰ ਕੇ ਬੇਹਾਲ ਕਰ ਰਹੀ ਹੈ ਅਤੇ ਸਾਮ੍ਹਣੇ ਖੜੇ ਹਨ ਉਹ ਲੋਗ ਜੋ ਇਨ੍ਹਾਂ ਨੂੰ ਤਨੋ ਅਤੇ ਮਨੋਂ ਸਿੱਖੀ ਤੋਂ ਤੋੜ ਕੇ ਸਿੱਖੀ ਦੇ ਪ੍ਰਤੀ ਸਦੀਵੀ ਨਫਰਤ ਭਰ ਰਹੇ ਨੇ।ਐਸੀ ਨਫਰਤ ਜੋ ਇਨ੍ਹਾਂ ਦੀਆਂ ਪੁਸ਼ਤਾਂ ਵਿਚੋ ਵੀ ਕੋਈ ਕਡ੍ਹ ਨਹੀਂ ਸਕੇਗਾ ।
https://www.youtube.com/watch?v=rI60rBvET7Y

https://www.youtube.com/watch?v=06dYd4gsUZY

ਇੰਦਰਜੀਤ ਸਿੰਘ, ਕਾਨਪੁਰ
...................................
ਟਿਪਣੀ:-
 ਜੇ ਗੋਲਕ ਦੇ ੩੦ ਅਰਬ ਤੋਂ ਵੱਧ ਰੂਪਏ , ਹਰ ਸਾਲ ਇਵੇਂ ਹੀ ਰੁੜ੍ਹਦੇ ਰਹੇ ਤਾਂ ਸਭ ਤੋਂ ਵੱਧ ਭਿਖਾਰੀ ਸਿਖ ਹੀ ਹੋਣਗੇ !
                                                ਅਮਰ ਜੀਤ ਸਿੰਘ ਚੰਦੀ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.