‘ਵਿਗਿਆਨ ਦੀ ਕਸਵਟੀ ਦਾ ਗੁਰੂ’
ਜਿਸ ਵੇਲੇ ਕਿਸੇ ਬੰਦੇ ਦਾ ਦਿਮਾਗ ਚੜ ਜਾਏ ਤਾਂ ਉਹ ਗੁਰਮਤਿ ਦੀ ਗਲ ਕਰਦਾ-ਕਰਦਾ ਗੁਰੂ ਦੇ ਕਹੇ ਅਤੇ ਕੀਤੇ ਤੇ ਗ਼ੈਰ ਵਾਜਬ ਟੀਕਾ-ਟਿੱਪਣੀ ਕਰਨ ਲੱਗ ਜਾਂਦਾ ਹੈ।ਫਿਰ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬ੍ਰਾਹਮਣ ਵਾਦ ਦੇ ਵਿਰੌਧ ਰਾਹੀਂ ਆਪਣੀ ਲਿਖਤ ਨੂੰ ਆਕ੍ਰਸ਼ਕ ਬਨਾਉਣ ਦੇ ਜਤਨ ਵਿਚ ਗੁਰਮਤਿ ਦੇ ਉਲਟ ਚਲਦਾ ਹੋਵੇ, ਜਾਂ ਫਿਰ ਬਾਣੀ ਦੀ ਮੂਲ ਲਿਖਤ ਨੂੰ ਬਦਲ ਕੇ ਲਿਖਣ ਲੱਗ ਜਾਏ।ਆਪਣੇ ਵਿਆਕਰਣ ਗਿਆਨ ਦੇ ਗੁਲਾਮ ਤਾਂ ਅੱਜ ਸਿੱਧੇ ਗੁਰੂ ਪਾਤਿਸ਼ਾਹ ਦੇ ਹੁਕਮਾਂ ਦੀ ਇਬਾਰਤ ਵਿਚ ਹੀ ਰੱਧੋ ਬਦਲ ਕਰਦੇ ਹਨ।ਹਾਂ ਕੋਈ ਅਗਿਆਨਤਾ ਵੱਸ ਵੀ ਐਸਾ ਕਰ ਸਕਦਾ ਹੈ।
ਖ਼ੈਰ, ਅੱਜਕਲ ਕੁਦਰਤੀ ਨਿਯਮਾਂ ਦੇ ਕੁੱਝ ਝੰਡਾਬਰਦਾਰ ਇੰਝ ਦਾ ਵਰਤਾਵ ਕਰਨ ਲੱਗ ਪਏ ਹਨ ਜਿਵੇਂ ਕਿ ਕੁਦਰਤ ਦੇ ਨਿਯਮ ਉਨ੍ਹਾਂ ਆਪ ਬਣਾਏ ਹਨ।ਇਹ ਸਵਾਲ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਕਿ ਕੀ ਉਨ੍ਹਾਂ ਨੂੰ ਆਪ ਕੁਦਰਤ ਦੇ ਸਮਸਤ ਨਿਯਮਾਂ ਦਾ ਗਿਆਨ ਹੈ? ਵਿਗਿਆਨੀ ਤਾਂ ਕੁਦਰਤ ਵਿਚਲੇ ਨਿਯਮਾਂ ਨੂੰ ਅਸੀਮ ਮੰਨ ਕੇ ਤੁਰਦੇ ਹਨ, ਪਰ ਇਨ੍ਹਾਂ ਝੰਡਾਬਰਦਾਰਾਂ ਨੇ ਜਿਵੇਂ ਕੁਦਰਤੀ ਨਿਯਮਾਂ ਨੂੰ ਆਪਣੀ ਮੁੱਠੀ ਵਿਚ ਬੰਨ ਲਿਆ ਹੈ।ਇਹ ਆਪਣੀ ਬੰਦ ਮੁੱਠੀ ਵਿਚਲੇ ਗਿਆਨ ਨੁੰ ਹੀ ਅੰਤਿਮ ਸੱਚ ਮੰਨ ਬੈਠੇ ਹਨ।
ਸੰਸਾਰ ਵਿਚ ਸੱਚ ਦੀ ਘਾਟ ਨਹੀਂ।ਸੱਚ ਦਾ ਵਿਸਤਾਰ ਇਤਨਾ ਵਿਸ਼ਾਲ ਹੈ ਕਿ ਸਰਵੱਤਰ ਸੱਚ ਹੀ ਸੱਚ ਹੈ।ਨਾਲ ਹੀ ਦੁਬਿਦਾ ਸਰਵੱਤਰ ਝੂਠ ਦੇ ਹੋਣ ਦਾ ਕਾਰਣ ਬਣਦੀ ਹੈ।ਪਾਣੀ ਵਿਚ ਪਾਈ ਬਿਲਕੁਲ ਸਿੱਦੀ ਸੋਟੀ, ਟੇਢੀ ਨਜ਼ਰ ਆਉਂਦੀ ਹੈ ਤਾਂ ਇਹ ਨਜ਼ਰੀ ਆਉਣ ਵਾਲਾ ਉਹ ਸੱਚ ਹੈ ਜਿਸ ਦਾ ਪ੍ਰਗਟਾਵਾ ਕੁਦਰਤ ਦੇ ਨਿਯਮ ਵਿਚ ਹੀ ਹੈ।ਨਹੀਂ?
ਸਿਆਣੇ ਪਾਣੀ ਵਿਚ ਟੇਢੀ ਨਜ਼ਰ ਆਉਣ ਵਾਲੀ ਸੋਟੀ ਦੇ ਅਕਸ ਨੂੰ ਲੇਕੇ ਨਹੀਂ ਝੱਗੜਦੇ। ਅਸੀਂ ਜਾਣਦੇ ਹਾਂ ਕਿ ਧਰਤੀ ਰੋਜ਼ਾਨਾ ਆਪਣੇ ਧੁਰੇ ਦੁਆਲੇ ਘੁੰਮਦੀ ਸਾਲਾਨਾ ਸੂਰਜ ਦੇ ਦੁਆਲੇ ਘੁੰਮਦੀ ਹੈ।ਇਹ ਉਹ ਸੱਚ ਹੈ ਜਿਸ ਨਾਲ ਰੋਜ਼ਾਨਾ ਦਿਨ-ਰਾਤ ਵਾਪਰਦੇ ਹਨ।ਪਰ ਮਨੁੱਖ ਨੇ ਆਪਣੇ ਚੇਤਨ ਵਿਚਲੇ ਦਿਸ਼ਾ ਬੋਧ ਰਾਹੀਂ ਸੂਰਜ ਚੜਦਾ-ਢੱਲਦਾ ਸਮਝਿਆ ਹੈ ਅਤੇ ਇਸ ਬੋਧ ਕਾਰਣ ਦਿਨ ਚੜਨ ਅਤੇ ਢੱਲਣ ਦੀ ਗਲ ਸਮਝੀ ਹੈ।ਹੁਣ ਕੋਈ ਚੜੇ ਹੋਏ ਦਿਮਾਗ਼ ਵਾਲਾ ਬੰਦਾ, ਇਸ ਬੋਧ ਤੇ ਉੱਤਪਾਤ ਚੁੱਕ ਲਏ ਤਾਂ ਉਸਦੇ ਦਿਮਾਗ਼ ਦਾ ਕੀ ਇਲਾਜ?
ਸੂਰਜ ਨਾ ਤਾਂ ਚੜਦਾ ਹੈ ਨਾ ਹੀ ਉਤਰਦਾ ਹੈ, ਇਸ ਲਈ ਦਿਨ ਵੀ ਨਾ ਤਾਂ ਚੜਦਾ ਹੈ ਨਾ ਉਤਰਦਾ ਹੈ।ਪਰ ਪਾਣੀ ਵਿਚ ਸੱਚਮੁੱਚ ਟੇਢੀ ਨਜ਼ਰ ਆਉਣ ਵਰਗੀ ਸੱਚਾਈ ਤੋਂ ਕੋਈ ਕਿਵੇਂ ਮੁਨਕਰ ਹੋਏ? ਗੁਰੂ ਸਾਹਿਬਾਨ ਨੇ ਅੱਜ ਦੇ ਉੱਤਪਾਤੀਆਂ ਦੀ ਰੱਤੀ ਵੀ ਪਰਵਾਹ ਨਹੀਂ ਕੀਤੀ ਜੋ ਕਿ ਗੁਰਬਾਣੀ ਅਨੁਸਾਰ ਜੀਵਨ ਬਦਲਣ ਦੇ ਜਤਨ ਬਜਾਏ, ਵਿਗਿਆਨ ਅਨੁਸਾਰ ਬਾਣੀ ਲਿਖਤ ਜਾਂ ਉਸਦੇ ਅਰਥ ਬਦਲ ਰਹੇ ਹਨ।ਮਸਲਨ:-
ਉਗਵੈ ਸੂਰੁ ਨ ਜਾਪੈ ਚੰਦੁ ( ਗੁਰੂ ਗ੍ਰੰਥ ਸਾਹਿਬ 791/1)
ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ॥ ( ਗੁਰੂ ਗ੍ਰੰਥ ਸਾਹਿਬ 1244/1)
ਭਾਵ ਸੂਰਜ ਚੜ੍ਹਦਾ ਹੈ ਤੇ ਡੁੱਬਦਾ ਹੈ।ਇਸ ਤਰ੍ਹਾਂ ਦਿਨ੍ਹਾਂ ਦੇ ਗੁਜ਼ਰਨ ਨਾਲ ਹਰੇਕ ਜੀਵ ਦੀ ਉਮਰ ਘਟ ਰਹੀ ਹੈ।
ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਪਾਂਈ ॥ ( ਗੁਰੂ ਗ੍ਰੰਥ ਸਾਹਿਬ 1273/1)
ਉਪੋਕਤ ਪੰਗਤਿਆਂ ਵਿਚ ਗੁਰੂ ਸਾਹਿਬ ਨੇ ਨਾ ਤਾਂ ਵੈਸੇ ਵਿਸ਼ਰਾਮ ਚਿੰਨ ਲਗਾਏ ਜਿਹੋ ਜੇ ਚਿੰਨ ਅੱਜ ਦੇ ਕੁੱਝ ਗਿਆਨੀ ਲਗਾ ਰਹੇ ਹਨ, ਅਤੇ ਨਾ ਹੀ ਕੁਦਰਤੀ ਨੇਮਾਂ ਦਾ ਰੋਲਾ ਪਾਉਣ ਵਾਲਿਆਂ ਦੀ ਕੋਈ ਪਰਵਾਹ ਕੀਤੀ, ਕਿ ਉਹ ਗੁਰੂ ਵਲੋਂ ਉਚਾਰੇ ਸੂਰਜ-ਦਿਨ ਚੜਨ, ਉੱਗਣ ਜਾਂ ਡੁੱਬਣ ਬਾਰੇ ਇਲਾਹੀ ਸ਼ਬਦਾਂ ਪੁਰ ਵਿਗਿਆਨ ਦੀ ਕਸਵਟੀ ਕਿਵੇਂ ਲਗਾਉਣ ਗੇ?
ਗੁਰਬਾਣੀ ਨੂੰ ਕੇਵਲ ਵਿਗਿਆਨ ਦੀ ਕਸਵਟੀ ਤੇ ਪਰਖਣ ਵਾਲਿਆਂ ਦਾ ਗੁਰੂ ਵਿਗਿਆਨ ਹੋ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਨਹੀਂ!
ਹਰਦੇਵ ਸਿੰਘ, ਜੰਮੂ-21.04.2015