(ਵਿਸ਼ਾ-ਸਤਵਾਂ, ਪੁਨਰਪਿ ਜਨਮੁ ਨ ਹੋਈ )
(ਭਾਗ ਸਤਵਾਂ)
ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ
ਸ਼ਬਦ ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥
ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥1॥
ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥
ਸ਼ਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥1॥ਰਹਾਉ॥
ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥
ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥2॥
ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥
ਰੋਸੁ ਕਰੈ ਪਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥3॥
ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥
ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ ਗੁਰ ਕੀ ਦਾਤਿ ਨ ਭਾਈ ॥4॥
ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥
ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥5॥
ਐ ਜੀ ਸਦਾ ਦਇਆਲੁ ਦਇਆ ਕਰਿ ਰਵਆ ਗੁਰਮਤਿ ਭ੍ਰਮਨਿ ਚੁਕਾਈ ॥
ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ ॥6॥
ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ ॥
ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ ॥7॥
ਤੂੰ ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ ॥
ਨਾਨਕ ਨਾਮੁ ਨਿਰੰਜਨ ਦੀਜੈ ਜੁਗਿ ਜੁਗਿ ਸਬਦਿ ਸਲਾਹੀ ॥8॥4॥ (504-5)
॥ਰਹਾਉ ॥ ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥
ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥1॥ਰਹਾਉ॥
ਹੇ ਭਾਈ ! ਪਰਮਾਤਮਾ ਦੀ ਭਗਤੀ ਗੁਰੂ ਦੀ ਮੇਹਰ ਨਾਲ ਹੀ ਹੋ ਸਕਦੀ ਹੈ । ਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਪਵਿਤ੍ਰ ਨਾਮ ਵਸਾ ਲਿਆ ਹੈ , ਉਸ ਨੂੰ ਜਮ ਦੀ ਮੁਥਾਜੀ ਨਹੀਂ ਰਹਿੰਦੀ , ਉਸ ਦੇ ਜ਼ਿਮੇ ਪਿਛਲੇ ਕੀਤੇ ਕਰਮਾਂ ਦਾ ਕੋਈ ਅਜਿਹਾ ਬਾਕੀ ਲੇਖਾ ਨਹੀਂ ਰਹਿ ਜਾਂਦਾ ਜਿਸ ਕਰ ਕੇ ਜਮਰਾਜ ਦਾ ਉਸ ਉਤੇ ਜ਼ੋਰ ਪੈ ਸਕੇ ।
॥1॥ ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥
ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥1॥
ਹੇ ਭਾਈ ! ਜੇਹੜੇ ਬੰਦੇ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੀ ਸਰਨ ਆਉਂਦੇ ਹਨ ਉਹਨਾਂ ਨੂੰ ਨਾਂਹ ਇਹ ਮਾਣ ਹੁੰਦਾ ਹੈ ਕਿ ਅਸੀਂ ਸਭ ਤੋਂ ਉੱਚੀ ਜਾਂ ਵਿਚਕਾਰਲੀ ਜਾਤਿ ਦੇ ਹਾਂ , ਨਾਂਹ ਇਹ ਸਹਮ ਹੁੰਦਾ ਹੈ ਕਿ ਅਸੀਂ ਨੀਵੀਂ ਜਾਤਿ ਦੇ ਹਾਂ ।
ਸਿਰਫ ਪ੍ਰਭੂ-ਨਾਮ ਵਿਚ ਰੰਗੇ ਰਹਿਣ ਕਰ ਕੇ ਉਹ (ਇਸ ਊਚਤਾ ਨੀਚਤਾ ਆਦਿਕ ਵਲੋਂ ) ਨਿਰਮੋਹ ਰਹਿੰਦੇ ਹਨ । ਚਿੰਤਾ , ਵਿਛੋੜਾ , ਰੋਗ ਆਦਿਕ ਉਹ ਸਭ ਭੁਲਾ ਚੁਕੇ ਹੁੰਦੇ ਹਨ ।
॥2॥ ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥
ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥2॥
(ਪਰਮਾਤਮਾ ਦੇ ਭਗਤ) ਪਰਮਾਤਮਾ ਦੀ ਸੰਗਤਿ ਵਿਚ ਟਿਕ ਕੇ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ ( ਉਹ ਇਹੀ ਸਮਝਦੇ ਹਨ ਕਿ) ਸੁਤੇ ਹੀ (ਜਗਤ ਵਿਚ ਉਹੀ ਵਰਤਦਾ ਹੈ) ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ । ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਵਿਚ ਜਿਊਣਾ ਉਹਨਾਂ ਨੂੰ ਵਿਅਰਥ ਦਿੱਸਦਾ ਹੈ , ਪਰਮਾਤਮਾ ਦੀ ਭਗਤੀ ਤੋਂ ਬਿਨਾ ਉਹਨਾਂ ਨੂੰ ਇੱਕ ਭੀ ਘੜੀ ਨਿਸਫਲ ਜਾਪਦੀ ਹੈ ।
॥3॥ ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥
ਰੋਸੁ ਕਰੈ ਪਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥3॥
ਹੇ ਭਾਈ ! ਜੇਹੜਾ ਮਨੁੱਖ ਪਰਮਾਤਮਾ ਦੇ ਭਗਤਾਂ ਵਾਸਤੇ ਆਪਣੇ ਮਨ ਵਿਚ ਖੋਟ ਰੱਖਦਾ ਹੈ ਤੇ ਉਹਨਾਂ ਦੀ ਨਿੰਦਾ ਕਰਦਾ ਹੈ ਉਸ ਨੂੰ ਨਾਂਹ ਘਰ ਵਿਚ ਨਾਂਹ ਬਾਹਰ ਕਿਤੇ ਭੀ ਆਤਮਕ ਸ਼ਾਂਤੀ ਦੀ ਥਾਂ ਨਹੀਂ ਮਿਲਦੀ ਕਿਉਂਕਿ ਉਸ ਦੀ ਆਪਣੀ ਆਤਮਕ ਅਵਸਥਾ ਠੀਕ ਨਹੀਂ ਹੈ । (ਪਰਮਾਤਮਾ ਆਪਣੇ ਭਗਤਾਂ ਉਤੇ ਸਦਾ ਬਖਸ਼ਿਸ਼ਾਂ ਕਰਦਾ ਹੈ) ਜੇ ਨਿੰਦਕ (ਇਹ ਬਖਸ਼ਿਸ਼ਾਂ ਵੇਖ ਕੇ) ਖਿਝੇ , ਤਾਂ ਭੀ ਪਰਮਾਤਮਾ ਆਪਣੀ ਬਖਸ਼ਿਸ਼ ਬੰਦ ਨਹੀਂ ਕਰਦਾ , ਉਹ ਸਗੋਂ ਸਦਾ ਹੀ ਵਧਦੀ ਹੈ ।
॥4॥ ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥
ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ ਗੁਰ ਕੀ ਦਾਤਿ ਨ ਭਾਈ ॥4॥
ਹੇ ਭਾਈ ! (ਪ੍ਰਭੂ ਦੀ ਸਿਫਤਿ ਸਾਲਾਹ) ਗੁਰੂ ਦੀ ਦਿੱਤੀ ਹੋਈ ਦਾਤਿ ਹੈ , ਇਸ ਨੂੰ ਕੋਈ ਮਿਟਾ ਨਹੀਂ ਸਕਦਾ ; ਠਾਕੁਰ-ਪ੍ਰਭੂ ਨੇ ਆਪ ਹੀ ਇਹ (ਨਾਮ ਦੀ) ਦਾਤਿ ਦਿਵਾਈ ਹੁੰਦੀ ਹੈ । ਜਿੰਨ੍ਾਂ ਨਿੰਦਕਾਂ ਨੂੰ (ਭਗਤ ਜਨਾਂ ਨੂੰ ਦਿੱਤੀ ਹੋਈ) ਗੁਰੂ ਦੀ ਦਾਤਿ ਪਸੰਦ ਨਹੀਂ ਆਉਂਦੀ (ਤੇ ਉਹ ਭਗਤਾਂ ਦੀ ਨਿੰਦਾ ਕਰਦੇ ਹਨ) ਨਿੰਦਾ ਦੇ ਕਾਰਨ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ (ਦਿਸਦੇ ਹਨ) ।
॥5॥ ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥
ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥5॥
ਹੇ ਭਾਈ ! ਜੇਹੜੇ ਮਨੁੱਖ (ਪ੍ਰਭੂ ਦੀ) ਸਰਨ ਪੈਂਦੇ ਹਨ , ਪ੍ਰਭੂ ਮੇਹਰ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ , ਰਤਾ ਭਰ ਭੀ ਢਿੱਲ ਨਹੀਂ ਕਰਦਾ । ਉਹ ਪ੍ਰਭੂ ਆਤਮਕ ਆਨੰਦ ਦਾ ਸੋਮਾ ਹੈ , ਸਭ ਤੋਂ ਵੱਡਾ ਨਾਥ ਹੈ , ਗੁਰੂ (ਸਰਨ ਪਏ ਮਨੁੱਖ ਨੂੰ) ਪਰਮਾਤਮਾ ਦੇ ਮੇਲ ਵਿਚ ਮਿਲਾ ਦੇਂਦਾ ਹੈ ।
॥6॥ ਐ ਜੀ ਸਦਾ ਦਇਆਲੁ ਦਇਆ ਕਰਿ ਰਵਆ ਗੁਰਮਤਿ ਭ੍ਰਮਨਿ ਚੁਕਾਈ ॥
ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ ॥6॥
ਹੇ ਭਾਈ ! ਪਰਮਾਤਮਾ ਦਇਆ ਦਾ ਸੋਮਾ ਹੈ (ਸਭ ਜੀਵਾਂ ਉਤੇ ) ਸਦਾ ਦਇਆ ਕਰਦਾ ਹੈ । ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਨੂੰ ਸਿਮਰਦਾ ਹੈ , ਪ੍ਰਭੂ ਉਸ ਦੀ ਭਟਕਣਾ ਮਿਟਾ ਦੇਂਦਾ ਹੈ । ਜਿਵੇਂ (ਲੋਹਾ ਆਦਿਕ) ਧਾਤ ਪਾਰਸ ਨੂੰ ਛੁਹ ਕੇ ਸੋਨਾ ਬਣ ਜਾਂਦੀ ਹੈ ਤਿਵੇਂ ਸਾਧ ਸੰਗਤਿ ਵਿਚ ਭੀ ਇਹੀ ਬਰਕਤਿ ਹੈ ।
॥7॥ ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ ॥
ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ ॥7॥
ਪਰਮਾਤਮਾ (ਮਾਨੋ) ਪਵਿਤ੍ਰ ਜਲ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ , ਉਸ ਦਾ) ਮਨ (ਇਸ ਪਵਿਤ੍ਰ ਜਲ ਵਿਚ) ਇਸ਼ਨਾਨ ਕਰਨ ਜੋਗਾ ਬਣ ਜਾਂਦਾ ਹੈ । ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਤਿਗੁਰੂ ਪਿਆਰਾ ਲੱਗਦਾ ਹੈ ਉਸ ਦਾ ਮਨ (ਇਸ ਪਵਿਤ੍ਰ ਜਲ ਵਿਚ) ਚੁੱਭੀ ਲਾਂਦਾ ਹੈ । ਸਾਧ ਸੰਗਤਿ ਵਿਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ , (ਕਿਉਂਕਿ ਗੁਰੂ) ਉਸ ਦੀ ਜੋਤਿ ਪਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ।
॥8॥ ਤੂੰ ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ ॥
ਨਾਨਕ ਨਾਮੁ ਨਿਰੰਜਨ ਦੀਜੈ ਜੁਗਿ ਜੁਗਿ ਸਬਦਿ ਸਲਾਹੀ ॥8॥4॥
ਹੇ ਪ੍ਰਭੂ ! ਤੂੰ ਸਭ ਤੋਂ ਵੱਡਾ ਹੈਂ , ਤੂੰ ਸਰਬ-ਵਿਆਪਕ ਹੈਂ , ਤੂੰ ਅਪਹੁੰਚ ਹੈਂ । ਤੂੰ (ਮਾਨੋ) ਇਕ ਸ੍ਰੇਸ਼ਟ ਰੁੱਖ ਹੈਂ ਜਿਸ ਦੇ ਆਸਰੇ ਰਹਿਣ ਵਾਲੇ ਅਸੀਂ ਸਾਰੇ ਜੀਵ ਪੰਛੀ ਹਾਂ । ਹੇ ਨਿਰੰਜਨ ਪ੍ਰਭੂ ! ਮੈਨੂੰ ਨਾਨਕ ਨੂੰ ਆਪਣਾ ਨਾਮ ਬਖਸ਼ , ਤਾ ਕਿ ਮੈਂ ਸਦਾ ਹੀ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫਤਿ ਸਲਾਹ ਕਰਦਾ ਰਹਾਂ ।
ਸਵਾਲ:- ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਤਿਗੁਰੂ ਪਿਆਰਾ ਲਗਦਾ ਹੈ , ਉਸ ਨੂੰ ਸਾਧ ਸੰਗਤ ਵਿਚ ਜੁੜ ਕੇ , ਮੁੜ ਮੁੜ ਜਨਮ ਨਹੀਂ ਹੁੰਦਾ । (ਜੋ ਜੰਮੇਗਾ ਹੀ ਨਹੀਂ , ਉਹ ਆਪੇ ਹੀ ਮਰਨ ਤੋਂ ਮੁਕਤ ਹੋ ਜਾਵੇਗਾ ) ਜਿਸ ਨੂੰ ਮਨ ਵਿਚ ਸਤਿਗੁਰੂ ਪਿਆਰਾ ਨਹੀਂ ਲਗਦਾ , ਜੋ ਸਾਧ ਸੰਗਤ ਵਿਚ ਨਹੀਂ ਜੁੜਦਾ , ਉਸ ਦਾ ਕੀ ਬਣਦਾ ਹੈ ?
ਅਮਰ ਜੀਤ ਸਿੰਘ ਚੰਦੀ