ਨੇਪਾਲ ਦੀ ਤ੍ਰਾਸਦੀ ਅਤੇ ਸਿੱਖ ਪੰਥ ਦਾ ਸ਼ਲਾਘਾ-ਯੋਗ ਯੋਗਦਾਨ
ਡਾ. ਅਮਰਜੀਤ ਸਿੰਘ
ਅਪ੍ਰੈਲ 29, 2015 : ਨੇਪਾਲ ਵਿੱਚ ਆਏ 7.8 ਰਿਕਟਰ ਸਕੇਲ ਡਿਗਰੀ ਦੇ ਭੂਚਾਲ ਨੇ ਨੇਪਾਲ, ਮਾਉਂਟ ਐਵਰੈਸਟ ਬੇਸ ਕੈਂਪ, ਤਿੱਬਤ, ਉਤਰਾਖੰਡ, ਬੰਗਾਲ ਆਦਿ ਵਿੱਚ ਭਾਰੀ ਤਬਾਹੀ ਲਿਆਂਦੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਨੇ, ਨੇਪਾਲ ਵਿੱਚ ਮੌਤਾਂ ਦੀ ਗਿਣਤੀ 10 ਹਜ਼ਾਰ ਤੋਂ ਜ਼ਿਆਦਾ ਦੱਸੀ ਹੈ। ਹਜ਼ਾਰਾਂ ਲੋਕ ਜ਼ਖਮੀਂ ਹਨ ਅਤੇ ਅੱਗੋਂ ਲੱਖਾਂ ਲੋਕ ਬੇਘਰ ਹਨ। ਸਾਰਾ ਨੇਪਾਲ ਦੇਸ਼, ‘ਟੈਂਟਾਂ ਦਾ ਦੇਸ਼’ ਬਣ ਗਿਆ ਹੈ। ਨੇਪਾਲ ਦੀ ਰਾਜਧਾਨੀ ਕਠਮੰਡੂ ਵਿੱਚ ਸਥਿਤ, ਸਦੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਅਤੇ ਮੰਦਰ ਢਹਿ ਢੇਰੀ ਹੋ ਗਏ ਹਨ।
ਇਨ੍ਹਾਂ ਵਿੱਚ ਉਹ ਇਤਿਹਾਸਕ ਸਥਾਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਯੂ. ਐਨ. ਦੀ ਸੰਸਥਾ ਯੂਨੈਸਕੋ ਵਲੋਂ ‘ਵਰਲਡ ਹੈਰੀਟੇਜ਼ ਸਟੇਟਸ’ ਦਾ ਦਰਜਾ ਮਿਲਿਆ ਹੋਇਆ ਹੈ। ਅਫਸੋਸ ਕਿ ਜਿਹੜੀਆਂ ਇਮਾਰਤਾਂ 1934 ਦੇ ਨੇਪਾਲ ਵਿਚਲੇ ਭਿਆਨਕ ਭੂਚਾਲ ਵਿੱਚ ਬਚ ਗਈਆਂ ਸਨ, ਹੁਣ ਉਨ੍ਹਾਂ ਦੀ ਮੁਕੰਮਲ ਤਬਾਹੀ ਹੋ ਗਈ ਹੈ। ਭੂਚਾਲ ਤੋਂ ਬਾਅਦ, 500 ਦੇ ਕਰੀਬ ਆਏ ‘ਆਫਟਰ ਸ਼ੌਕਜ਼’ ਨੇ ਲੋਕਾਂ ਦੇ ਘਰਾਂ ਦੀ ਹੋਰ ਵੀ ਤਬਾਹੀ ਕੀਤੀ ਹੈ। ਦੁਨੀਆ ਦੀਆਂ ਸਭ ਤੋਂ ਉੱਚੀਆਂ 14 ਪਹਾੜੀ ਚੋਟੀਆਂ ’ਚੋਂ, 8 ਨੇਪਾਲ ਵਿੱਚ ਸਥਿਤ ਹਨ, ਜਿਨ੍ਹਾਂ ਵਿੱਚ ਮਾਊਂਟ ਐਵਰੈਸਟ ਵੀ ਸ਼ਾਮਲ ਹੈ। ਇਸ ਮਾਊਂਟ ਐਵਰੈਸਟ ਚੋਟੀ ’ਤੇ ਸਾਲ 1953 ਵਿੱਚ ਨਿਊਜ਼ੀਲੈਂਡ ਦੇ ਹਿਲੇਰੀ ਅਤੇ ਨੇਪਾਲ ਦੇ ਸ਼ੇਰਪਾ ਤੇਨਜਿੰਗ ਚੜ੍ਹਨ ਵਿੱਚ ਕਾਮਯਾਬ ਹੋਏ ਸਨ। ਇਸ ਤੋਂ ਬਾਅਦ ਨੇਪਾਲ ਦੀ ਟੂਰਿਜ਼ਮ ਇੰਡਸਟਰੀ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਇਸ ਵੇਲੇ ਕਰੋੜਾਂ ਡਾਲਰਾਂ ਦੀ ਕਮਾਈ ਇਸ ਹਾਈਕਿੰਗ ਇੰਡਸਟਰੀ ਨਾਲ ਨੇਪਾਲ ਦੇ ਲੋਕਾਂ ਨੂੰ ਹੁੰਦੀ ਹੈ।
ਅਫਸੋਸ! ਇਸ ਭੂਚਾਲ ਦੌਰਾਨ, ਬਰਫ ਦੇ ਵੱਡੇ-ਵੱਡੇ ਤੋਦੇ ਗਿਰਨ ਨਾਲ ਦਰਜਨਾਂ ਪਰਬਤ ਆਰੋਹੀ ਵੀ ਮਾਰੇ ਗਏ। ਬਹੁਤ ਸਾਰਿਆਂ ਨੂੰ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਕੱਢ ਲਿਆ ਗਿਆ ਹੈ। ਪਰ ਆਉਣ ਵਾਲੇ ਕਈ ਵਰ੍ਹੇ, ਇਸ ਦਾ ਨੇਪਾਲ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਨੇਪਾਲ ਦੀ ਇਸ ਤ੍ਰਾਸਦੀ ਦੌਰਾਨ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਦਿਲ ਖੋਲ੍ਹ ਕੇ ਮੱਦਦ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਚੀਨ, ਭਾਰਤ, ਪਾਕਿਸਤਾਨ, ਅਮਰੀਕਾ, ਇੰਗਲੈਂਡ, ਯੂਰਪੀਅਨ ਯੂਨੀਅਨ, ਯੂ. ਐਨ., ਆਸਟ੍ਰੇਲੀਆ ਆਦਿ ਸ਼ਾਮਲ ਹਨ। ਨੇਪਾਲ ਦੀ ਸਮੁੱਚੀ ਫੌਜ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ। ਨੇਪਾਲ ਦੇ ਦੂਰ-ਦਰਾਜ ਇਲਾਕਿਆਂ ਵਿੱਚ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਅਜੇ ਪੂਰਾ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ। ਇਸ ਵੇਲੇ ਮੁੱਢਲੀਆਂ ਲੋੜਾਂ ਭੋਜਨ, ਪਾਣੀ, ਕੰਬਲ, ਟੈਂਟਾਂ ਤੋਂ ਇਲਾਵਾ ਜ਼ਖਮੀਆਂ ਦਾ ਇਲਾਜ ਹੈ। ਲੋਕ ਇੰਨੇ ਡਰੇ ਹੋਏ ਹਨ ਕਿ ਉਹ ਕਿਸੇ ਇਮਾਰਤ (ਹਸਪਤਾਲ) ਵਿੱਚ ਰਹਿ ਕੇ ਇਲਾਜ ਨਹੀਂ ਕਰਵਾਉਣਾ ਚਾਹੁੰਦੇ, ਉਹ ਬਾਹਰ ਟੈਂਟਾਂ ਵਿੱਚ ਰਹਿਣਾ ਪਸੰਦ ਕਰਦੇ ਹਨ। ਇਸ ਤ੍ਰਾਸਦੀ ਨੇ ਸਮੁੱਚੇ ਨੇਪਾਲ ਦੇ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਪੂਰੀ ਤਰ੍ਹਾਂ ਬੰਦ ਹੈ।
ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀਆਂ ਸੰਭਾਵਨਾਵਾਂ ਨਾਲ ਰਾਹਤ ਕਾਰਜਾਂ ਵਿੱਚ ਹੋਰ ਵੀ ਵਿਘਨ ਪੈਣ ਦੀਆਂ ਸੰਭਾਵਨਾਵਾਂ ਹੋਰ ਵੀ ਦਿਲ ਕੰਬਾਊ ਹਨ। 30 ਮਿਲੀਅਨ ਬੇ-ਘਰੀ ਸਿੱਖ ਕੌਮ ਨੂੰ ਇਸ ਗੱਲ ਦਾ ਫਖਰ ਹੈ ਕਿ ਨੇਪਾਲ ਦੀ ਇਸ ਕੁਦਰਤੀ ਤ੍ਰਾਸਦੀ ਮੌਕੇ ਵੀ, ਹਮੇਸ਼ਾ ਵਾਂਗ ਰਾਹਤਕਾਰਜਾਂ ਵਿੱਚ ਉਹ ਮੂਹਰਲੀਆਂ ਸਫਾਂ ਵਿੱਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਕਮੇਟੀ ਵਲੋਂ ਫੌਰਨ 1 ਲੱਖ 25 ਹਜ਼ਾਰ ਫੂਡ ਪੈਕਟਾਂ ਦਾ ਰੋਜ਼ਾਨਾ ਹਵਾਈ ਜਹਾਜ਼ ਰਾਹੀਂ ਨੇਪਾਲ ਭੇਜਣਾ ਇੱਕ ਸ਼ਲਾਘਾਯੋਗ ਉੱਦਮ ਹੈ। ਸਿੱਖ ਮੱਦਦਗਾਰ ਸੰਸਥਾਵਾਂ, ਖਾਲਸਾ ਏਡ ਤੇ ਯੂਨਾਇਟਿਡ ਸਿੱਖਜ਼ ਵਲੋਂ ਵੀ ਕਠਮੰਡੂ ਵਿੱਚ ਬੇਸ ਕੈਂਪ ਸਥਾਪਤ ਕਰਕੇ ਰਾਹਤ ਕਾਰਜ ਆਰੰਭ ਕਰ ਦਿੱਤੇ ਗਏ ਹਨ। ਖੁਸ਼ਕਿਸਮਤੀ ਨਾਲ ਕਠਮੰਡੂ ਵਿਚਲੇ ਇਤਿਹਾਸਕ ਗੁਰਦੁਆਰੇ ਗੁਰੂ ਨਾਨਕ ਮੱਠ, ਸਿੰਘ ਸਭਾ ਅਤੇ ਬਾਬੇ ਨਾਨਕ ਦਾ ਖੂਹ ਸੂੁਰੱਖਿਅਤ ਹਾਲਤ ਵਿੱਚ ਹਨ।
ਇਸ ਭੂਚਾਲ ਵਿੱਚ ਜੰਮੂ-ਕਸ਼ਮੀਰ ਵਾਸੀ ਕੁਝ ਸਿੱਖਾਂ ਦਾ ਜਾਨੀ ਨੁਕਸਾਨ ਵੀ ਹੋਇਆ ਹੈ। ਨੇਪਾਲ ਵਿੱਚ ਟਰਾਂਸਪੋਰਟ ਤੇ ਹੋਟਲ ਇੰਡਸਟਰੀ ਦਾ ਕਾਫੀ ਕੰਮ, ਜੰਮੂ-ਕਸ਼ਮੀਰ ਦੇ ਸਿੱਖਾਂ ਕੋਲ ਹੈ, ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਨੇਪਾਲ ਨਾਲ ਸਿੱਖਾਂ ਦਾ ਇਤਿਹਾਸਕ ਰਿਸ਼ਤਾ ਹੈ। ਆਪਣੀ ‘ਉੱਤਰ’ ਦੀ ਉਦਾਸੀ ਦੌਰਾਨ, ਗੁਰੂ ਨਾਨਕ ਸਾਹਿਬ ਕਠਮੰਡੂ ਪਧਾਰੇ, ਜਿੱਥੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਨਾਨਕ ਮੱਠ ਸ਼ੁਸ਼ੋਭਿਤ ਹੈ। ਸਿੱਖ ਰਾਜ ਵੇਲੇ, ਮਹਾਰਾਜਾ ਰਣਜੀਤ ਸਿੰਘ ਨੇ ਨੇਪਾਲ ਦੇ ਗੋਰਖਿਆਂ ਨੂੰ, ਆਪਣੀ ਫੌਜ ਵਿੱਚ ‘ਪੈਦਲ ਸਿਪਾਹੀਆਂ’ ਵਜੋਂ ਭਰਤੀ ਕੀਤਾ। ਉਦੋਂ ਤੱਕ ਸਿੱਖ ਘੋੜ ਚੜ੍ਹੇ ਸਨ, ਪੈਦਲ ਸਿਪਾਹੀ ਬਣਨਾ ਪਸੰਦ ਨਹੀਂ ਸਨ ਕਰਦੇ। ਗੋਰਖਾ ਜਵਾਨਾਂ ਨੇ ਕਈ ਜੰਗਾਂ ਵਿੱਚ ਬਹਾਦਰੀ ਦੇ ਜੌਹਰ ਵਿਖਾਏ। ਇਸ ਇਤਿਹਾਸਕ ਰਿਸ਼ਤੇ ਦੀ ਬਦੌਲਤ ਹੀ ਮਹਾਰਾਣੀ ਜਿੰਦਾਂ, ਚਿਨਾਰ (ਯੂ. ਪੀ.) ਦੇ ਕਿਲ੍ਹੇ ਵਿੱਚੋਂ ਭੇਸ ਬਦਲ ਕੇ ਨਿਕਲੀ ਅਤੇ ਸਿੱਧੀ ਕਠਮੰਡੂ ਪਹੁੰਚੀ।
ਨੇਪਾਲ ਦੇ ਬਾਦਸ਼ਾਹ ਨੇ ਨਾਂ ਸਿਰਫ ਉਸ ਨੂੰ ਜੀਅ ਆਇਆਂ ਆਖਿਆ, ਬਲਕਿ ਬੜੇ ਸਤਿਕਾਰ ਸਹਿਤ 12-13 ਸਾਲ ਸਿਆਸੀ ਸ਼ਰਣ ਦਿੱਤੀ। ਉਸ ਸਮੇਂ ਬ੍ਰਿਟਿਸ ਰਾਜ ਨਾਲ ਪੰਗਾ ਲੈਣਾ ਕੋਈ ਸੌਖਾ ਨਹੀਂ ਸੀ। ਇਥੋਂ ਹੀ ਰਾਣੀ ਜਿੰਦਾਂ ਕਲਕੱਤੇ ਪਹੁੰਚੀ ਅਤੇ ਫਿਰ ਮਹਾਰਾਜਾ ਦਲੀਪ ਸਿੰਘ (ਆਪਣੇ ਪੁੱਤਰ) ਨਾਲ ਇੰਗਲੈਂਡ ਚਲੀ ਗਈ, ਜਿੱਥੇ ਕਿ ਲਗਭਗ ਇੱਕ ਸਾਲ ਬਾਅਦ ਉਸ ਦੀ ਮੌਤ ਹੋ ਗਈ। ਅਸੀਂ ਇਸ ਦੁਖਦਾਈ ਕੁਦਰਤੀ ਆਫਤ ਦੇ ਸਮੇਂ ਜਿੱਥੇ ਸਮੁੱਚੇ ਨੇਪਾਲ ਵਾਸੀਆਂ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਉਥੇ ਸਿੱਖ ਸੰਗਤਾਂ ਨੂੰ ਜ਼ੋਰਦਾਰ ਅਪੀਲ ਵੀ ਕਰਦੇ ਹਾਂ ਕਿ ਉਹ ਰਾਹਤ-ਕਾਰਜਾਂ ਵਿੱਚ ਦਿਲ ਖੋਲ੍ਹ ਕੇ ਹਿੱਸਾ ਪਾਉਣ। ਯੂਨਾਇਟਿਡ ਸਿੱਖਸ ਜਥੇਬੰਦੀ ਨੇ ਸੁਨਾਮੀ, ਕੈਟਰੀਨਾ, ਹੇਤੀ ਭੂਚਾਲ ਅਤੇ ਪਾਕਿਸਤਾਨ ਵਿੱਚ ਆਏ ਭੂਚਾਲ ਦੌਰਾਨ ਕਾਫੀ ਸ਼ਲਾਘਾਯੋਗ ਕੰਮ ਕੀਤਾ ਸੀ। ਇਸ ਕਰਕੇ ਵਾਈਟ ਹਾਊਸ ਵਲੋਂ ਇਸ ਜਥੇਬੰਦੀ ਨੂੰ ਸਨਮਾਨਿਤ ਕੀਤਾ ਗਿਆ ਸੀ। ਇਹ ਯੂਨਾਇਟਿਡ ਨੇਸ਼ਨਜ਼ ਵਲੋਂ ਵੀ ਮਾਨਤਾ-ਪ੍ਰਾਪਤ (ਐਨ. ਜੀ. ਓ.) ਸੰਸਥਾ ਹੈ।
ਬਹੁਤ ਵਾਰ ਸਾਡੇ ਗੁਰਦੁਆਰੇ ਅਤੇ ਸੰਸਥਾਵਾਂ ‘ਇੰਟਰਨੈਸ਼ਨਲ ਰੈੱਡ ਕਰਾਸ’ ਨੂੰ ਮੱਦਦ ਦੇਣ ਨੂੰ ਪਹਿਲ ਦਿੰਦੇ ਹਨ। ਹਾਲਾਂਕਿ ਹਕੀਕਤ ਇਹ ਹੈ ਕਿ ਰੈੱਡ ਕਰਾਸ ਦੇ ਸਮੁੱਚੇ ਫੰਡਾਂ ਦਾ ਲਗਭਗ 70 ਫੀਸਦੀ ਹਿੱਸਾ ਪ੍ਰਬੰਧਕੀ ਖਰਚਿਆਂ ਅਤੇ ਤਨਖਾਹਾਂ ’ਤੇ ਖਰਚ ਹੁੰਦਾ ਹੈ। ਇਸ ਦੇ ਉਲਟ ਰਾਹਤ ਕਾਰਜਾਂ ਵਿੱਚ ਹਿੱਸਾ ਲੈਣ ਵਾਲੇ ਸਿੱਖ ਬੱਚੇ-ਬੱਚੀਆਂ ਆਪਣੇ ਕੰਮਾਂ ਤੋਂ ਛੁੱਟੀਆਂ ਲੈ ਕੇ, ਕੋਲੋਂ ਟਿਕਟਾਂ ਖਰਚ ਕੇ ਰਾਹਤ ਦੇਣ ਲਈ ਪਹੁੰਚਦੇ ਹਨ। ਅਸੀਂ ਆਪਣਿਆਂ ’ਤੇ ਇਤਬਾਰ ਕਰਨਾ ਸਿੱਖੀਏ। ਇਸ ਨਾਲ ਸਿੱਖੀ ਸਰੂਪ ਦੀ ਪਛਾਣ ਵੀ ਵਧਦੀ ਹੈ ਅਤੇ ਕੰਮ ਕਰਨ ਵਾਲੇ ਸੇਵਾਦਾਰਾਂ ਦੇ ਹੌਂਸਲੇ ਵੀ ਬਲੰਦ ਹੁੰਦੇ ਹਨ। ਆਪਣੇ ਚੈਲੰਜਾਂ ਦੇ ਬਾਵਜੂਦ, ਸਿੱਖ ਕੌਮ ਇੱਕ ਦਰਦਵੰਦ ਕੌਮ ਹੈ ਅਤੇ ਦਰਿਆਦਿਲੀ, ਫਰਾਖਦਿਲੀ, ਲੋੜਵੰਦਾਂ ਦੀ ਮੱਦਦ ਕਰਨ ਦੀ ਭਾਵਨਾ, ਗੁਰੂ ਸਾਹਿਬ ਵਲੋਂ ਬਖਸ਼ਿਆ ਲਾਸਾਨੀ ਗੁਣ ਹੈ। ਸਤਿਗੁਰੂ ਮਿਹਰ ਰੱਖਣ!
ਅਮਰ ਜੀਤ ਸਿੰਘ (ਡਾ.)
ਨੇਪਾਲ ਦੀ ਤ੍ਰਾਸਦੀ ਅਤੇ ਸਿੱਖ ਪੰਥ ਦਾ ਸ਼ਲਾਘਾ-ਯੋਗ ਯੋਗਦਾਨ ਡਾ. ਅਮਰਜੀਤ ਸਿੰਘ
Page Visitors: 2810