ਇਕੋ ਦਿਨ ਅਬਦਾਲੀ ਕੋਲੋਂ 2200 ਹਿੰਦੂ ਬੀਬੀਆਂ ਛੁਡਾਉਣ ਵਾਲੇ, ਪੰਥ ਦੀ ਆਪਣੀ ਧੀ ਦਾ ਲਾਵਾਰਿਸ ਕਹਿ ਕੇ ਹੋਇਆ ਸਸਕਾਰ
=-=-=-=-=-=-=-=-=-=-=
ਬੀਬੀ ਗੁਰਮੀਤ ਕੌਰ ਜਿਹੜੀ ਬੇਰੁਜਗਾਰੀ ਦੇ ਖਿਲਾਫ਼ ਬਾਦਲ ਦੀ ਕੋਠੀ ਅੱਗੇ ਤੇਲ ਪਾ ਕੇ ਸੜ ਗਈ ਸੀ ,ਦੀ ਮੌਤ ਹੋ ਗਈ ਹੈ ਤੇ ਪੁਲਿਸ ਨੇ ਲਵਾਰਿਸ ਆਖਕੇ ਸੰਸਕਾਰ ਕੀਤਾ ਹੈ ਇਸ ਸਬੰਧੀ ਕੁਝ ਸ਼ਬਦ ਲਿਖੇ ਹਨ ਜੋ ਸ.ਜਸਪਾਲ ਸਿੰਘ ਹੇਰਾਂ ਨੇ ਰੋਜ਼ਾਨਾਂ ਪਹਿਰੇਦਾਰ ਵਿਚ ਪ੍ਰ੍ਕਾਸ਼ਿਤ ਕੀਤੇ ਹਨ
=-=-=-=-=-=-=-=-=-=-=
ਇਤਿਹਾਸ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਵੇਖੀਏ ਅਤੇ ਅਜੋਕੇ ਸਿੱਖਾਂ ਦੀ ਜੀਵਨਸ਼ੈਲੀ ਨਾਲ ਮੁਲਾਂਕਣ ਕਰੀਏ ਤਾਂ ਹੈਰਾਨੀ ਹੁੰਦੀ ਹੈ ਕਿ ਇਹ ਇਤਿਹਾਸ ਸ਼ਾਇਦ ਕਿਸੇ ਦੀ ਕਲਪਨਾ ਹੋਵੇਗਾ ਅਤੇ ਉਸ ਨੇ ਕਿਸੇ ਵਿਚਾਰਾ ਦੇ ਵਹਿਣ ਵਿੱਚ ਵਹਿੰਦਿਆਂ, ਅਜਿਹਾ ਕੁੱਝ ਲਿਖ ਦਿੱਤਾ ਹੋਵੇਗਾ, ਲੇਕਿਨ ਹਾਲੇ ਸਿੱਖੀ ਦੀ ਉਮਰ ਬੜੀ ਥੋੜੀ ਹੈ ਤੇ ਬਹੁਤ ਸਾਰੇ ਸਰੋਤ ਸਾਬਤ ਹਨ, ਜਿਹੜੇ ਕਿ ਸਿੱਖ ਇਤਿਹਾਸ ਅਤੇ ਪੁਰਾਤਨ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ।
ਅੱਜ ਯਤਨ ਜਾਰੀ ਹਨ ਕਿ ਸਾਰੇ ਸਰੋਤ ਮਿਟਾ ਦਿੱਤੇ ਜਾਣ ਅਤੇ ਇਤਿਹਾਸ ਵਿੱਚ ਮਿਲਾਵਟ ਕਰ ਦਿੱਤੀ ਜਾਵੇ ਤਾਂ ਹੋਰ ਇੱਕ ਦੋ ਸਦੀਆਂ ਤੱਕ ਇਹ ਗੱਲ ਸੱਚ ਸਾਬਿਤ ਹੋਵੇ ਕਿ ਸਿੱਖ ਇਤਿਹਾਸ ਕਿਸੇ ਦੀ ਕਾਲਪਨਿਕ ਕਹਾਣੀ ਹੀ ਹੈ, ਸਿੱਖਾਂ ਦਾ ਅਮਲੀ ਜੀਵਨ ਤਾਂ ਕੁੱਝ ਹੋਰ ਹੀ ਹੈ। ਅਜਿਹਾ ਸਿਰਫ ਸਿੱਖੀ ਨਾਲ ਸਦੀਆਂ ਤੋਂ ਵੈਰ ਵਿਆਝ ਰਹੇ ਲੋਕ ਹੀ ਨਹੀਂ ਕਰ ਰਹੇ ,ਸਗੋਂ ਆਪਣੇ ਦਿੱਸਣ ਵਾਲੇ ਵੀ ਪਹਿਲੀ ਕਤਾਰ ਵਿੱਚ ਖਲੋਤੇ ਨਜਰ ਆਉਂਦੇ ਹਨ। ਜਿਹੜੇ ਆਪ ਆਪਣੀ ਕੌਮ ਦੀ ਬਰਬਾਦੀ ਦੀ ਕਬਰ ਖੋਦਣ ਵਿੱਚ ਮਦਦਗਾਰ ਸਾਬਿਤ ਹੋ ਰਹੇ ਹਨ। ਇਤਿਹਾਸ ਦੇ ਪੰਨਿਆਂ ਵਿੱਚੋਂ ਦੀ ਝਾਤੀ ਮਾਰੀਏ ਤਾਂ ਕਿਸੇ ਵੇਲੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ, ਸਰਬੱਤ ਖਾਲਸੇ ਵਿੱਚ ਗੁਰਮਤਾ ਕਰਨ ਉਪਰੰਤ, ਅਹਿਮਦਸ਼ਾਹ ਅਬਦਾਲੀ ਵੱਲੋਂ ਜਬਰੀ ਚੁੱਕੀਆਂ ਹਿੰਦੂਆਂ ਦੀਆਂ 2200 ਲੜਕੀਆਂ ਛੁਡਵਾਕੇ ਨਵਾਂ ਇਤਿਹਾਸ ਸਿਰਜ਼ ਦਿੱਤਾ ਸੀ। ਲੇਕਿਨ ਅੱਜ ਬਾਬਾ ਜੱਸਾ ਸਿੰਘ ਦੇ ਵਾਰਿਸ ਇਸ ਮੁਕਾਮ ਉੱਤੇ ਪਹੁੰਚ ਗਏ ਹਨ ਕਿ ਗੁਰਦਾਸਪੁਰ ਦੀ ਜੰਮਪਲ, ਇੱਕ ਸਿੱਖ ਬੀਬੀ ਗੁਰਮੀਤ ਕੌਰ, ਜਿਸ ਨੇ ਯਤੀਮ ਹੋਣ ਕਰਕੇ ਆਪਣੀ ਜਿੰਦਗੀ ਦੇ 14 ਵਰੇ ਦਰਬਾਰ ਸਾਹਿਬ ਵਿੱਚ, ਗੁਰੂ ਰਾਮ ਦਾਸ ਦੀ ਸ਼ਰਨ ਵਿੱਚ ਬਿਤਾਏ ਅਤੇ ਅਜੋਕੇ ਅਕਾਲੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਾਰੇ ਪਰਿਵਾਰ ਨੂੰ ਅਨੇਕਾ ਵਾਰ ਮਿਲੀ ਕਿ ਮੈਨੂੰ ਕੋਈ ਰੁਜਗਾਰ ਦਾ ਮੌਕਾ ਦਿਓ, ਮੈਂ ਮਿਹਨਤ ਦੀ ਰੋਟੀ ਖ਼ਾਣੀ ਚਾਹੁੰਦੀ ਹਾ, ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਅਤੇ ਅਖੀਰ ਉਸ ਨੇ ਬੇਰੁਜਗਾਰੀ ਤੋਂ ਤੰਗ ਆ ਕੇ "ਫਖਰ-ਏ-ਕੌਮ" ਦੀ ਸਰਕਾਰੀ ਰਿਹਾਇਸ਼ ਅੱਗੇ ਚੰਡੀਗੜ ਵਿਖੇ ਆਪਣੇ ਆਪ ਨੂੰ ਅੱਗ ਲਗਾ ਲਈ, ਸਰੀਰ ਕਾਫੀ ਸੜ ਜਾਣ ਕਰਕੇ, 16 ਸੈਕਟਰ ਦੇ ਜਰਨਲ ਹਸਪਤਾਲ ਵਿੱਚ ਦਾਖਲ ਰਹੀ। ਉਸ ਦੇ ਇਲਾਜ਼ ਵਾਸਤੇ ਪੰਜਾਬ ਸਰਕਾਰ ਨੇ ਖਰਚਾ ਕਰਨ ਦੀ ਗੱਲ ਆਖੀ ਅਤੇ ਕਾਂਗਰਸੀ ਆਗੂਆਂ ਸਮੇਤ ਹਰ ਪਾਰਟੀ ਨੇ ਨਿੰਦਿਆ ਕੀਤੀ ਕਿ ਬਹੁਤ ਅਫਸੋਸ ਹੈ ਕਿ ਇੱਕ ਧੀ ਬੇਰੁਜਗਾਰੀ ਤੋਂ ਤੰਗ ਆ ਕੇ ਖੁਦਕਸ਼ੀ ਕਰੇ।
ਲੇਕਿਨ ਅਖੀਰ ਨੂੰ ਉਹ ਕਰਮਾਮਾਰੀ ਬੀਬੀ ਗੁਰਮੀਤ ਕੌਰ ਜਿੰਦਗੀ ਦੀ ਲੜਾਈ ਹਾਰ ਗਈ ਅਤੇ ਚੰਡੀਗੜ ਪ੍ਰਸਾਸ਼ਨ ਨੇ ਉਸ ਦੇ ਸਰੀਰ ਦਾ ਲਵਾਰਿਸ ਆਖ ਕੇ ਸੰਸਕਾਰ ਦਿੱਤਾ, ਕਿਥੇ ਗਿਆ ਸ਼੍ਰੋਮਣੀ ਅਕਾਲੀ ਦਲ, ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰ, ਸਾਧ ਯੂਨੀਅਨ, ਪੰਥਕ ਜਥੇਬੰਦੀਆਂ, ਹੋਰ ਡੇਰੇਦਾਰ, ਸਤਿਕਾਰ ਕਮੇਟੀਆਂ, ਇਹਨਾਂ ਵਿੱਚੋਂ ਕਿਸੇ ਨੇ ਉਸ ਧੀ ਨੂੰ ਅਪਣਾਉਣ ਦਾ ਹੀਆ ਨਹੀਂ ਕੀਤਾ, ਸ਼ਾਇਦ ਡਰ ਗਏ, ਬਾਬਾ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਛੁਡਵਾ ਕੇ ਲਿਆਂਦੀਆਂ 2200 ਹਿੰਦੂ ਬੀਬੀਆਂ ਦੇ ਕਮਜ਼ੋਰ ਮਾਪਿਆਂ ਵਾਂਗੂ, ਕਿ ਅੱਜ ਦੇ ਅਹਿਮਦਸ਼ਾਹ ( ਬਾਦਲ,ਮੋਦੀ) ਕਿਤੇ ਨਰਾਜ਼ ਨਾ ਹੋ ਜਾਣ ,ਖਾਸ ਕਰਕੇ ਕਿੱਥੇ ਹੈ, ਨੰਨੀ ਛਾਂ ਜਿਹੜੀ ਧੀਆਂ ਦੀ ਸੰਭਾਲ ਵਾਸਤੇ ਦਿਹਾੜੀ ਵਿੱਚ ਪੰਜਾਹ ਵਾਰ ਟੀ.ਵੀ. ਉੱਤੇ ਪ੍ਰਚਾਰ ਕਰਦੀ ਹੈ, ਸਿਰਫ ਇਹੀ ਗੁੱਸਾ ਕਿ ਗੁਰਮੀਤ ਕੌਰ ਨੇ ਉਸ ਦੇ ਮੁੱਖ ਮੰਤਰੀ ਸੌਹਰੇ ਦੇ ਘਰ ਅੱਗੇ ਆਪਣੇ ਆਪ ਨੂੰ ਅੱਗ ਲਾਈ ਸੀ, ਕਿੱਥੇ ਗਏ ਅਸੂਲ ਕਿੱਥੇ ਡੁੱਬ ਗਏ ਸਿਧਾਂਤ?
ਇਤਿਹਾਸ ਵੀ ਅਥਰੂ ਵਹਾਉਂਦਾ ਹੋਵੇਗਾ, ਜਿਸ ਵੇਲੇ ਇੱਕ ਸਿੱਖ ਬੀਬੀ ਨੂੰ ਮੋਢਾ ਦੇਣ ਵਾਸਤੇ, ਚਾਰ ਸਿੱਖ ਭਰਾ ਵੀ ਨਹੀਂ ਬਹੁੜੇ, ਕੋਈ ਮੰਤਰੀ ਹੈ, ਕੋਈ ਐਮ.ਐਲ.ਏ. ਹੈ ਕੋਈ ਐਮ.ਪੀ. ਹੈ, ਬੇਸ਼ੱਕ ਕਿਸੇ ਪਾਰਟੀ ਦਾ ਹੋਵੇ, ਨਾਮ ਪਿੱਛੇ "ਸਿੰਘ" ਲਿਖ ਕੇ ਬਾਬੇ ਨਾਨਕ ਦੇ ਪਰਿਵਾਰ ਦਾ ਰਾਸ਼ਨ ਕਾਰਡ ਤਾ ਬਨਵਾਈ ਫਿਰਦਾ ਹੈ, ਪਰ ਭੈਣ ਲਵਾਰਿਸ ਹੋ ਕੇ ਜਾ ਰਹੀ ਹੈ। ਗੁਰਮੀਤ ਕੌਰ ਯਤੀਮ ਹੋ ਕੇ ਜੀਵੀ ਨਹੀਂ, ਸਗੋਂ ਮਰੀ ਯਤੀਮ ਹੋ ਕੇ ਹੈ।
ਇੱਕ ਸ਼ਿਵ ਸੈਨਿਕ ਨੂੰ ਗੋਲੀ ਵੱਜੀ ਵੱਡਾ ਬਾਦਲ, ਛੋਟਾ ਬਾਦਲ,ਡੀ.ਜੀ.ਪੀ. ਸਭ ਹੈਲੀਕਾਪਟਰ ਲੈ ਕੇ, ਸੈਂਕੜੇ ਕਿਲੋਮੀਟਰ ਦੂਰ ਅਮ੍ਰਿਤਸਰ ਤਾਂ ਭੱਜੇ ਗਏ, ਪਰ ਦੋ ਸੈਕਟਰ ਤੋਂ ਸਿਰਫ ਢਾਈ ਕਿਲੋਮੀਟਰ ਦੂਰ ਸੋਲਾਂ ਸੈਕਟਰ ਦੇ ਜਰਨਲ ਹਸਪਤਾਲ ਜਾਣ ਦੀ ਲੋੜ ਨਹੀਂ ਸਮਝੀ। ਬਾਕੀ ਜਥੇਬੰਦੀਆਂ, ਜਿਹੜੀਆਂ ਪੰਥ ਦਾ ਫੱਟਾ ਲਾ ਕੇ ਠੇਕੇਦਾਰੀ ਚੁੱਕੀ ਫਿਰਦੀਆਂ ਹਨ, ਕਿਸੇ ਨੇ ਨਹੀਂ ਸਾਂਭਿਆ, ਉਸ ਬੀਬੀ ਗੁਰਮੀਤ ਕੌਰ ਨੂੰ, ਅੱਜ ਕੌਮ ਦੇ ਮੱਥੇ ਕਾਲਾ ਟਿੱਕਾ ਲੱਗ ਗਿਆ ਹੈ।
ਪਰ ਅਦਾਰਾ ਪਹਿਰੇਦਾਰ ਨੇ ਬੀਬੀ ਗੁਰਮੀਤ ਕੌਰ ਨੂੰ, ਪੰਥਕ ਪਹਿਰੇਦਾਰ ਧੀ ਵਜੋਂ ਆਪਣਾ ਲਿਆ ਹੈ ਅਤੇ ਅਦਾਰਾ ਪਹਿਰੇਦਾਰ ਨੇ ਇਸ ਕੌਮੀ ਨਿਘਾਰ ਨੂੰ ਇੱਕ ਚੁਨੌਤੀ ਵਜੋਂ ਲੈਂਦਿਆਂ, ਬੀਬੀ ਗੁਰਮੀਤ ਕੌਰ ਦੇ ਨਾਮ ਨਾਲੋਂ ਯਤੀਮ ਸ਼ਬਦ ਨੂੰ ਖਤਮ ਕਰਨ ਵਾਸਤੇ, ਬੀਬੀ ਦਾ ਕੌਮੀ ਭੈਣ ਵਜੋਂ ਭੋਗ ਪਾਉਣ ਦਾ ਫੈਸਲਾ ਕੀਤਾ ਹੈ, ਅਤੇ ਅੱਗੋਂ ਤੋਂ ਅਦਾਰਾ ਪਹਿਰੇਦਾਰ ਕਿਸੇ ਧੀ ਨੂੰ ਲਵਾਰਿਸ ਨਹੀਂ ਆਖਣ ਦੇਵੇਗਾ, ਸਗੋਂ ਭਰਾ ਅਤੇ ਪਿਤਾ ਦਾ ਰੋਲ ਨਿਭਾ ਕੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਪਾਈਆਂ ਪਿਰਤਾਂ ਨੂੰ ਵਿਰਾਸਤ ਵਜੋਂ ਅਪਣਾ ਕੇ, ਆਪਣੇ ਕੌਮੀ ਅਤੇ ਪੰਥਕ ਫਰਜਾਂ ਦੀ ਪੂਰਤੀ ਕਰੇਗਾ।
ਬੀਬੀ ਗੁਰਮੀਤ ਕੌਰ ਦਾ ਭੋਗ ਅਤੇ ਸਰਧਾਂਜਲੀ ਸਮਾਗਮ 3 ਮਈ ਦਿਨ ਐਤਵਾਰ ਨੂੰ ਦੁਪਹਿਰ 1 ਵਜੇ, ਸਾਹਮਣੇ ਪਹਿਰੇਦਾਰ ਦਫਤਰ, ਗੁਰਦਵਾਰਾ ਸਿੰਘ ਸਭਾ ਅਵਤਾਰ ਨਗਰ, ਥਰੀਕੇ ਇਆਲੀ ਚੌਕ ਲੁਧਿਆਣਾ ਵਿਖੇ ਹੋਵੇਗਾ, ਜਿੱਥੇ ਸਾਰੇ ਜਾਗਦੀ ਜਮੀਰ ਵਾਲੇ ਪੰਥ ਦਰਦੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।
ਗੁਰੂ ਰਾਖਾ !!
ਗੁਰਿੰਦਰਪਾਲ ਸਿੰਘ ਧਨੌਲਾ
..........................................
ਟਿੱਪਣੀ:- ਅਸੀਂ ਅਦਾਰਾ ਪਹਿਰੇਦਾਰ ਵਲੋਂ ਇਹ ਜ਼ਿੱਮੇਵਾਰੀ ਸੰਭਾਲਣ ਦੀ ਰੱਜ ਕੇ ਪ੍ਰਸ਼ੰਸਾ ਕਰਦੇ ਹਾਂ, ਨਾਲ ਹੀ ਇਹ ਬੇਨਤੀ ਵੀ ਕਰਦੇ ਹਾਂ ਕਿ ਅਦਾਰਾ, ਭਵਿੱਖ ਵਿਚ ਸਿੱਖਾਂ ਤੇ ਹੋਏ ਜ਼ੁਲਮਾਂ ਦਾ ਰਿਕਾਰਡ ਵੀ ਰੱਖੇ। ਇਸ ਕੰਮ ਵਿਚ ਅਸੀਂ ਅਦਾਰਾ ਪਹਿਰੇਦਾਰ ਦਾ ਪੂਰਾ ਸਾਥ ਦੇਵਾਂਗੇ ।
ਅਮਰ ਜੀਤ ਸਿੰਘ ਚੰਦੀ
ਦਾ ਖਾਲਸਾ ਪਰਿਵਾਰ