ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਦੋ ਮੱਛੀਆਂ ਦੇ ਵਾਰਤਾਲਾਪ ਬਾਰੇ :-
-: ਦੋ ਮੱਛੀਆਂ ਦੇ ਵਾਰਤਾਲਾਪ ਬਾਰੇ :-
Page Visitors: 2908

-: ਦੋ ਮੱਛੀਆਂ ਦੇ ਵਾਰਤਾਲਾਪ ਬਾਰੇ :-
ਜਿਹੜੇ ਗੁਰਮਤਿ ਪ੍ਰੇਮੀ ਵੀਰ ਗੁਰਮਤਿ ਵਿੱਚ ਆ ਵੜੇ ਗੰਧਲੇਪਨ ਨੂੰ ਰੋਕਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਜੋਕੇ ਸਮੇਂ ਦੇ ਹੋ ਰਹੇ ਗੁਰਮਤਿ ਪ੍ਰਚਾਰ ਨੂੰ ਥੋੜ੍ਹੀ ਡੁੰਘਾਈ ਨਾਲ ਸੋਚਣ ਵਿਚਾਰਨ ਦੀ ਜਰੂਰਤ ਹੈ।ਓਪਰੀ ਨਜ਼ਰੇ ਗੁਰਮੀਤ ਸਿੰਘ ਬਰਸਾਲ ਦੀ ਕਵਿਤਾ “ਦੋ ਮੱਛੀਆਂ ਦਾ ਸੰਵਾਦ” ਬੇਸ਼ੱਕ ਬਹੁਤ ਵਧੀਆ ਅਤੇ ਗੁਰਮਤਿ ਅਨੁਕੂਲ ਲੱਗਦੀ ਹੈ। ਪਰ ਜੇ ਇਸ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖੀਏ ਤਾਂ ਇਹ ਕੁਝ ਹੋਰ ਹੀ ਸੁਨੇਹਾ ਦੇ ਰਹੀ ਹੈ। ਮੈਂ ਕਵੀ ਦੀ ਇਸ ਸੋਚ ਨੂੰ ਨਾਸਤਿਕਤਾ ਸਮਝਦਾ ਹਾਂ। ਓਪਰੀ ਨਜ਼ਰੇ ਲੱਗਦਾ ਹੈ ਜਿਵੇਂ ਕਵੀ ਜੀ ਸਮਝਾ ਰਹੇ ਹੋਣ- ਜਿਵੇਂ ਅਥਾਹ ਸਮੁੰਦਰ ਵਿੱਚ ਮੱਛੀ ਦੇ ਆਲੇ ਦੁਆਲੇ ਸਮੁੰਦਰ ਹੈ। ਉਹ ਜਿਧਰ ਮਰਜ਼ੀ ਨਜ਼ਰ ਦੌੜਾਏ ਸਮੁੰਦਰ ਹੀ ਸਮੁੰਦਰ ਹੈ। ਪਰ ਅਗਿਆਨਤਾ ਕਾਰਨ ਮੱਛੀ ਸਮੁੰਦਰ ਨੂੰ ਕਿਧਰੇ ਹੋਰ ਤਸੱਵੁਰ ਕਰ ਰਹੀ ਹੈ। ਇਸੇ ਤਰ੍ਹਾਂ ਬੰਦਾ ਜਿਸ ਸੰਸਾਰ ਵਿੱਚ ਵਿਚਰ ਰਿਹਾ ਹੈ। ਇਸ ਦੇ ਆਲੇ ਦੁਆਲੇ ਜੋ ਕੁਦਰਤ ਹੈ ਇਹ ਰੱਬ ਹੀ ਹੈ। ਬੰਦਾ ਅਗਿਆਨਤਾ ਕਾਰਣ ਰੱਬ ਨੂੰ ਕਿਧਰੇ ਹੋਰ ਸਮਝੀ ਬੈਠਾ ਹੈ।
ਦੇਖੋ ਗੁਰਮਤਿ ਨਾਲੋਂ ਇਸ ਸੋਚ ਦਾ ਫਰਕ ਕਿੱਥੇ ਅਤੇ ਕਿਵੇਂ ਹੈ:- ਇਹ ਲੋਕ ਕੁਦਰਤ ਨੂੰ ਹੀ ਰੱਬ ਮੰਨੀ ਅਤੇ ਪ੍ਰਚਾਰੀ ਜਾਂਦੇ ਹਨ। ਕੁਦਰਤ ਨੂੰ ਹੀ ਰੱਬ ਮੰਨਣਾ ਕਰਤੇ ਦੀ ਕਿਰਤ ਨੂੰ ਹੀ ਰੱਬ ਮੰਨਣਾ ਹੈ। ਕਾਦਰ ਦੀ ਬਜਾਏ ਕੁਦਰਤ ਨੂੰ ਰੱਬ ਮੰਨਣਾ, ਉਸ ਦੇ ਸੂਖਮ, ਨਿਰਾਕਾਰ ਰੂਪ ਨੂੰ ਮੰਨਣ ਤੋਂ ਇਨਕਾਰੀ ਹੋਣ ਦੇ ਬਰਾਬਰ ਹੈ। ਜਦਕਿ ਗੁਰਮਤਿ ਅਨੁਸਾਰ ਕੁਦਰਤ ਰਚਣ ਤੋਂ ਬਾਅਦ ਅਤੇ ਕੁਦਰਤ ਵਿੱਚ ਵਿਆਪਕ ਹੋਣ ਤੇ ਵੀ ਉਸਦਾ ਸੂਖਮ ਰੂਪ ਖ਼ਤਮ ਨਹੀਂ ਹੋ ਗਿਆ ਜਾਂ ਘਟ ਨਹੀਂ ਗਿਆ।ਉਹ ਸੂਖਮ ਅਤੇ ਸਥੂਲ ਦੋਨਾਂ ਰੂਪਾਂ ਵਿੱਚ ਮੌਜੂਦ ਹੈ-
ਆਪਹਿ ਸੂਖਮ ਆਪਹਿ ਅਸਥੂਲਾ॥”( ਪੰਨਾ- 250)। 
 ਦੂਸਰੇ ਲਫਜ਼ਾਂ ਵਿੱਚ ਉਹ ਕੁਦਰਤ ਵਿੱਚ ਬਦਲ ਨਹੀਂ ਗਿਆ ਬਲਕਿ ਉਸਨੇ ਆਪਣੇ ਆਪ ਤੋਂ ‘ਦੁਯੀ’ ਕੁਦਰਤ ਸਾਜੀ ਹੈ।‘ਦੂਯੀ’ ਕੁਦਰਤ ਸਾਜਣ ਤੋਂ ਮਤਲਬ ਹੈ ਉਹ ਖੁਦ ਕੁਦਰਤ ਵਿੱਚ ਬਦਲ ਨਹੀਂ ਗਿਆ ਬਲਕਿ ਆਪਣੇ ਸੂਖਮ ਰੂਪ ਤੋਂ ਵੱਖਰੀ ‘ਦੁਯੀ’ ਕੁਦਰਤ ਸਾਜੀ ਹੈ। ਅਤੇ ਕੁਦਰਤ ਸਾਜ ਕੇ ਇਸ ਵਿੱਚ ‘ਆਸਣ ਲਗਾ ਕੇ ਬੈਠਾ ਹੈ’ ਅਰਥਾਤ ਕੁਦਰਤ ਵਿੱਚ ਵਿਆਪਕ ਹੋ ਕੇ ਆਪਣੀ ਰਚੀ ਖੇਡ ਨੂੰ ਵਾਚ ਰਿਹਾ ਹੈ- 
ਕਰਿ ਆਸਣੁ ਡਿਠੋ ਚਾਉ॥”। 
ਜਿਵੇਂ ਲੱਕੜ ਵਿੱਚ ਅੱਗ ਵਿਆਪਕ ਹੈ, ਪਰ ਆਪਾਂ ਲੱਕੜ ਨੂੰ ਅੱਗ ਨਹੀਂ ਕਹਿ ਸਕਦੇ। ਜਿਵੇਂ ਦੁੱਧ ਵਿੱਚ ਮੱਖਣ ਵਿਆਪਕ ਹੈ, ਪਰ ਦੁੱਧ ਨੂੰ ਮੱਖਣ ਨਹੀਂ ਕਹਿ ਸਕਦੇ। ਜਿਵੇਂ ਫੁਲ ਵਿੱਚ ਖੁਸ਼ਬੋ ਵਿਆਪਕ ਹੈ ਪਰ ਖੁਸ਼ਬੋ ਫੁੱਲ ਨਹੀਂ ਹੈ। ਬੂੰਦ ਸਮੁੰਦਰ ਵਿੱਚ ਵਿਆਪਕ ਹੈ ਪਰ ਬੂੰਦ ਸਮੁੰਦਰ ਨਹੀਂ ਹੈ। ਇਸੇ ਤਰ੍ਹਾਂ ਉਹ ਘਟ ਘਟ ਵਿੱਚ (ਹਰ ਸਰੀਰ ਵਿੱਚ) ਵਿਆਪਕ ਹੈ, ਪਰ ਹਰ ਮਨੁੱਖ ਪਰਮਾਤਮਾ ਨਹੀਂ ਹੈ। ਉਹ ਹਰ ਘਟ (ਸਰੀਰ) ਵਿੱਚ ਵਿਆਪਕ ਹੈ ਪਰ ਸਾਡੇ ਅਤੇ ਉਸ ਦੇ ਵਿਚਾਲੇ ‘ਕੂੜ ਦੀ ਕੰਧ’ ਹੈ। ਸਾਡੇ ਅਤੇ ਉਸ ਦੇ ਵਿਚਾਲੇ ਹਉਮੈ ਦਾ ਪੜਦਾ ਹੈ- 
ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥…
.ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥” (ਪੰਨਾ- 205)” 
 ਉਹ ਸੌਦਾ ਸਾਧ ਵਿੱਚ ਵੀ ਵਿਆਪਕ ਹੈ ਪਰ ਸੌਦਾ ਸਾਧ ਪ੍ਰਭੂ ਨਹੀਂ ਹੈ। ਉਹ ਕੁਦਰਤ ਵਿੱਚ ਵਿਆਪਕ ਹੈ ਪਰ ਕੁਦਰਤ ਨੂੰ ਰੱਬ ਨਹੀਂ ਕਿਹਾ ਜਾ ਸਕਦਾ। ਕੁਦਰਤ ਦੇ ਜਰੀਏ ਉਸ ਦੀ ਹੋਂਦ ਪ੍ਰਗਟ ਹੁੰਦੀ ਹੈ- 
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ॥
ਹਟ ਪਟਣ ਬਾਜਾਰ ਹੁਕਮੀ ਢਹਸੀਓ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ॥
ਤਾਜੀ ਰਥ ਤੁਖਾਰ ਹਾਥੀ ਪਾਖਰੇ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ॥
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ॥
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥” (ਪੰਨਾ 141) 
ਅਰਥ (ਪ੍ਰੋ: ਸਾਹਿਬ ਸਿੰਘ ਜੀ):- ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ {ਧਿਆਨ ਦਿੱਤਾ ਜਾਵੇ;  ਉਸ ਤੋਂ ਸਿਵਾਏ ਸੰਸਾਰ ਤੇ ਜੋ ਕੁਝ ਵੀ ਦੇਖ ਰਹੇ ਹਾਂ, ਕੁਝ ਵੀ ਸਥਾਈ ਨਹੀਂ ਹੈ ਪਰ ਉਹ ਆਪ ਸਦਾ ਤੋਂ ਹੈ ਅਤੇ ਸਦਾ ਹੀ ਰਹੇਗਾ}। ਹੱਟ, ਸ਼ਹਿਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿੱਚ ਅੰਤ ਨੂੰ ਢਹਿ ਜਾਣਗੇ {ਹਟ, ਪਟਣ, ਬਾਜ਼ਾਰ, ਸਭ ਵਿੱਚ ਵਿਆਪਕ ਹੋਣ ਦੇ ਬਾਵਜੂਦ ਉਹ ਸਭ ਤੇ ਆਪਣਾ ਹੁਕਮ ਚਲਾਂਦਾ ਹੈ}। ਸੋਹਣੇ ਪੱਕੇ ਘਰਾਂ ਦੇ ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ (ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿੱਚ ਖਾਲੀ ਹੋ ਜਾਂਦੇ ਹਨ। ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ, ਬਾਗ਼, ਜ਼ਮੀਨਾਂ, ਘਰ-ਘਾਟ, ਤੰਬੂ, ਨਿਵਾਰੀ ਪਲੰਘ ਤੇ ਅਤਸਲੀ ਕਨਾਤਾਂ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ। ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸਦੀ ਰਚੀ ਕੁਦਰਤ ਵਿੱਚੋਂ ਹੁੰਦੀ ਹੈ।
ਸੋ ਧਿਆਨ ਦੇਣ ਦੀ ਜਰੂਰਤ ਹੈ ਕਿ ਕੁਦਰਤ ਵਿਚਲੀ ਵਿਸਮਾਦ ਪੈਦਾ ਕਰ ਦੇਣ ਵਾਲੀ ਉਸ ਦੀ ਕਾਰੀਗਰੀ ਦੇ ਰੂਪ ਵਿੱਚ ਉਸ ਦੀ ਸ਼ਿਨਾਖਤ ਹੁੰਦੀ ਹੈ, ਕੁਦਰਤ ਨੂੰ ਹੀ ਰੱਬ ਨਹੀਂ ਕਿਹਾ ਜਾ ਸਕਦਾ।
ਦੁਨੀਆਂ ਤੇ ਜਿੰਨੇ ਵੀ ਨਾਸਤਕ ਧਰਮ ਹਨ, ਉਨ੍ਹਾਂ ਸਾਰਿਆਂ ਦਾ ਇਹੀ ਮੰਨਣਾ ਹੈ ਕਿ ਕੁਦਰਤੀ ਨਿਯਮਾਂ ਅਨੁਸਾਰ ਸੰਸਾਰ ਤੇ ਜੋ ਕੁਝ ਵੀ ਹੋ ਰਿਹਾ ਹੈ ਇਸ ਤੋਂ ਵੱਖਰੀ ਆਕਾਰ-ਰਹਿਤ ਕੋਈ ਐਸੀ ਹਸਤੀ ਜਿਸ ਨੂੰ ਪਰਮਾਤਮਾ ਕਿਹਾ ਜਾਂਦਾ ਹੈ, ਦਾ ਕੋਈ ਵਜੂਦ ਨਹੀਂ ਹੈ। ਇਸ ਕਵਿਤਾ ਵਿੱਚ ਪਹਿਲੀ ਮੱਛੀ ਆਪਣੇ ਆਪ ਨੂੰ ਮੰਨਕੇ ਦੂਸਰੀ ਨੂੰ ਕਵੀ ਜੀ ਮੰਨਕੇ ਦੇਖੋ ਇਹੀ ਸੁਨੇਹਾ ਮਿਲੇਗਾ ਕਿ ਆਪਣੇ ਆਲੇ ਦੁਆਲੇ ਜੋ ਕੁਝ ਵੀ ਦਿਸਦੀ ਕੁਦਰਤ ਹੈ ਇਹੀ ਰੱਬ ਹੈ। ਇਸ ਤੋਂ ਵੱਖਰਾ ਸੂਖਮ ਰੂਪ ਪਰਮਾਤਮਾ ਕੋਈ ਨਹੀਂ , ਇਸ ਬਾਰੇ ਕਵੀ ਜੀ ਨੂੰ ਵੀ ਧਿਆਨ ਦੇਣ ਦੀ ਲੋੜ ਹੈ (ਜਿਸ ਦੇ ਬਾਰੇ ਗੁਰਬਾਣੀ ਵਿੱਚ ਕਿਹਾ ਗਿਆ ਹੈ- 
ਆਪਹਿ ਸੂਖਮ ਆਪਹਿ ਅਸਥੂਲਾ॥” ( ਪੰਨਾ- 250)। 
ਸੋ ਇਹ ਲੋਕ ਪ੍ਰਭੂ ਦੇ ਅਸਥੂਲ ਰੂਪ ਨੂੰ ਹੀ ਮੰਨਦੇ ਹਨ ਸੂਖਮ ਨੂੰ ਨਹੀਂ। ਦਰ ਅਸਲ ਇਹ ਲੋਕ ਰੱਬ ਦੇ ਕਿਸੇ ਵੀ ਰੂਪ ਨੂੰ ਨਹੀਂ ਮੰਨਦੇ, ਕਿਸੇ ਮਜਬੂਰੀ ਕਾਰਣ (ਅੱਖੀਂ ਘੱਟਾ ਪਾਉਣ ਲਈ) ਇਨ੍ਹਾਂਨੇ ਕੁਦਰਤ ਨੂੰ ਹੀ ਰੱਬ ਨਾਮ ਦੇ ਰੱਖਿਆ ਹੈ।
ਸੋ ਗੁਰਮਤਿ ਪ੍ਰੇਮੀ ਵੀਰੋ!  ਗੁਰਬਾਣੀ ਨੂੰ ਆਪ ਸਮਝ ਕੇ ਪੜ੍ਹਨ ਦੀ ਆਦਤ ਪਾਵੋ, ਤਾਂ ਕਿ ਗੁਰਮਤਿ ਵਿੱਚ ਗੁੱਝੇ ਰੂਪ ਵਿੱਚ ਵਾੜੀ ਜਾ ਰਹੀ ਨਾਸਤਿਕਤਾ ਨੂੰ ਪਛਾਣ ਸਕੋ ।

ਜਸਬੀਰ ਸਿੰਘ ਵਿਰਦੀ                           02-05-2015

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.