ਇਹ ਤਾਂ ਹੋਣਾ ਹੀ ਸੀ….
ਨਿਰਮਲ ਸਿੰਘ ਕੰਧਾਲਵੀ
ਮੋਗਾ ਕਾਂਡ ਦਾ ਅੰਤ ਉਹੋ ਹੀ ਹੋਇਆ, ਜਿਸ ਦਾ ਕਿਆਸ ਪਿਛਲੀਆਂ ਘਟਨਾਵਾਂ ਦੇ ਆਧਾਰ ‘ਤੇ ਵਿਸ਼ਲੇਸ਼ਕਾਂ ਨੇ ਕਰ ਦਿਤਾ ਸੀ ਕਿ ਅਖ਼ੀਰ ਸਰਮਾਇਦਾਰੀ ਨੇ ਗ਼ਰੀਬੀ ‘ਤੇ ਜਿੱਤ ਹਾਸਲ ਕਰ ਲੈਣੀ ਹੈ, ਕਿਉਂਕਿ ਸਰਮਾਇਦਾਰੀ ਦੇ ਹੱਥ ਬੜੇ ਲੰਬੇ ਹਨ ਇੱਥੇ ਤਾਂ ਸਭ ਕੁਝ ਹੀ ਮਾਲਕਾਂ ਦੇ ਹੱਥ ਹੈ।
ਚਾਣਕਿਆ ਨੀਤੀ ਅਨੁਸਾਰ ਕਿਸੇ ਟੀਚੇ ਦੀ ਪੂਰਤੀ ਲਈ ਸਾਮ, ਦਾਮ, ਦੰਡ, ਭੇਦ ਵਰਤ ਕੇ ਮਨ ਇੱਛਿਤ ਸਿੱਟੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਕੇਸ ਵਿਚ ਵੀ ਉਸੇ ਦਿਨ ਤੋਂ ਵਿਸ਼ੇਸ਼ ਕਰ ਕੇ ਦਾਮ ਅਤੇ ਭੇਦ ਦੀ ਖੇਡ ਖੇਡੀ ਜਾ ਰਹੀ ਸੀ।
ਦੱਲੇ ਕਿਸਮ ਦੇ ਲੋਕ ਉਸੇ ਦਿਨ ਤੋਂ ਪਰਿਵਾਰ ‘ਤੇ ਦਬਾਉ ਬਣਾ ਰਹੇ ਸਨ, ਇੱਥੋਂ ਤੱਕ ਕਿ ਖ਼ਬਰਾਂ ਇਹ ਵੀ ਹਨ ਕਿ ਦਲਿਤ ਅਕਾਲੀ ਲੀਡਰਾਂ ਨੂੰ ਵੀ ਇਸ ਮਾਮਲੇ ‘ਚ ਵਰਤਿਆ ਗਿਆ। ਕੱਲ-ਕਲੋਤਰ ਨੂੰ ਉਹ ਵੀ ਇਸ ‘ਚੋਂ ਆਪਣਾ ਹਲਵਾ-ਮਾਂਡਾ ਬਣਾਉਣਗੇ। ਲੜਕੀ ਦੇ ਬਾਪ ਤੋਂ ਕੋਰੇ ਕਾਗ਼ਜ਼ ਉੱਪਰ ਦਸਤਖ਼ਤ ਵੀ ਕਰਵਾ ਲਏ ਗਏ ਸਨ, ਪਰ ਸੰਘਰਸ਼ ਕਮੇਟੀ ਦੇ ਦਬਾਉ ਥੱਲੇ ਉਹਨਾਂ ਦਾ ਜ਼ੋਰ ਨਹੀਂ ਸੀ ਚਲ ਰਿਹਾ। ਅਜਿਹੀ ਹਾਲਤ ਵਿਚ ਫਿਰ ਉਹਨਾਂ ਨੇ ਸਾਧਾਂ ਵਾਲ਼ਾ ਗੁਰ ਚਲਾਇਆ ਕਿ ਪਰਿਵਾਰ ਨੂੰ ਪਾੜੋ ਜਿਸ ਵਿਚ ਉਹਨਾਂ ਨੂੰ ਕਾਮਯਾਬੀ ਮਿਲੀ ਤੇ ਵਧੇਰੇ ਮਾਇਆ ਦੀ ਚਮਕ ਦਿਖਾ ਕੇ ਮਸਲਾ ਹੱਲ ਕਰ ਲਿਆ ਗਿਆ।
ਹੁਣ ਕਈ ਲੋਕ ਕਹਿਣਗੇ ਕਿ ਬਾਪ ਨੇ ਗ਼ਲਤ ਕੀਤੈ। ਪਰ ਜ਼ਰਾ ਗ਼ਰੀਬੀ ਦੇ ਅਹਿਸਾਸ ਵਿਚੋਂ ਗੁਜ਼ਰ ਕੇ ਦੇਖੀਏ ਕਿ ਅਖਾਉਤੀ ਖਾਂਦੇ ਪੀਂਦੇ ਪੰਜਾਬ ਵਿੱਚ ਵੀ ਜਿਸ ਗ਼ਰੀਬ ਦੀ ਆੜ ‘ਚੋਂ ਇਕ ਵਾਰੀ ਪਾਣੀ ਮੁੱਕ ਜਾਂਦੈ, ਉਸ ਨੂੰ ਪੁੱਛ ਕੇ ਦੇਖੋ।
ਪੰਜਾਬ ਘਸਿਆਰਾ ਬਣਨ ਦੇ ਰਾਹ ਪੈ ਗਿਐ। ਅੱਜ ਇਕ ਸੱਜਣ ਸਲਾਹ ਦੇ ਰਿਹਾ ਸੀ ਹੁਣ ਪੰਜਾਬ ਦੇ ਅਣਖੀ ਲੋਕਾਂ ਨੂੰ ਚਾਹੀਦੈ ਕਿ ਓਰਬਿਟ ਬੱਸਾਂ ਦਾ ਮੁਕੰਲ ਬਾਈਕਾਟ ਕਰ ਦੇਣ, ਮਾਲਕਾਂ ਨੂੰ ਬੱਸਾਂ ਆਪੇ ਖੜ੍ਹੀਆਂ ਕਰਨੀਆਂ ਪੈ ਜਾਣਗੀਆਂ। ਮੈਂ ਕਿਹਾ ਬਾਦਸ਼ਾਹੋ, ਕਿਹੜੀ ਦੁਨੀਆਂ ‘ਚ ਵੱਸਦੇ ਹੋ ਕਿਹੜੀ ਅਣਖ ਦੀ ਗੱਲ ਕਰਦੇ ਹੋ, ਅਣਖ ਤਾਂ ਅਗਲਿਆਂ ਡੁਬੋ ‘ਤੀ ਨਸ਼ਿਆਂ ‘ਚ। ਚਲੋ ਇੰਜ ਵੀ ਕਰ ਕੇ ਦੇਖ ਲੈਣ ਲੋਕ, ਜਿਵੇਂ ਇਕੋ ਹੁਕਮ ਨਾਲ਼ ਆਰਬਿਟ ਬੱਸਾਂ ਦੀ ਰਾਖੀ ਲਈ ਦੋ ਦੋ ਜਿਪਸੀਆਂ ਤੇ ਪੁਲਿਸ ਤਾਇਨਾਤ ਕਰ ਦਿਤੀ ਗਈ ਤਿਵੇਂ ਹੀ ਉਹਨਾਂ ਨੇ ਸਾਰੇ ਅੱਡਿਆਂ ‘ਚ ਪੁਲਿਸ ਖੜ੍ਹੀ ਕਰ ਦੇਣੀ ਤੇ ਹੁਕਮ ਚਾੜ੍ਹ ਦੇਣੈ ਕਿ ਲੋਕਾਂ ਨੂੰ ਛਿੱਤਰ ਫੇਰ ਫੇਰ ਕੇ ਆਰਬਿਟ ਬੱਸਾਂ ‘ਚ ਚੜ੍ਹਾਉ।
ਕਹਿੰਦੇ ਕਾਨੂੰਨ ਸਭ ਲਈ ਇਕੋ ਜਿਹਾ। ਕਹਿਣ ਦੀਆਂ ਗੱਲਾਂ ਨੇ ਭਾਈ! ਦਿੱਲੀ ਵਾਲੇ ਯਾਦਵ ਦਾ ਲਸੰਸ ਕੈਂਸਲ ਕਰ ਦਿਤਾ ਗਿਆ ਸੀ, ਕਿਉਂਕਿ ਉਹ ਐਂਵੇ ਨਾਂ ਦਾ ਹੀ ਟਰਾਂਸਪੋਰਟਰ ਸੀ, ਅਰਬਪਤੀ ਨਹੀਂ ਸੀ। ਉਬੇਰ ਟੈਕਸੀ ਵਾਲ਼ਿਆਂ ਨੂੰ ਵੀ ਕਿਸੇ ਰਾਜਸੀ ਪਾਰਟੀ ਦੀ ਪੁਸ਼ਤ ਪਨਾਹੀ ਨਹੀਂ ਸੀ। ਇੱਥੇ ਤਾਂ ਪੰਜੇ ਉਂਗਲ਼ਾਂ ਘਿਉ ‘ਚ ਨੇ। ਕੰਪਨੀ ਤੋਂ ਤਿੰਨ ਕਰੋੜ ਰੁਪਈਆਂ ਸਾਲ ਦੀ ਤਨਖਾਹ ਲੈਣ ਵਾਲ਼ੀ ਬੀਬੀ ਵੀ ਮੁੱਕਰੀ ਜਾਂਦੀ ਐ ਕਿ ਉਹਨੂੰ ਪਤਾ ਨਹੀਂ ਕਿ ਇਹ ਕੰਪਨੀ ਕਿਹਦੀ ਹੈ। ਹੈ ਕਿ ਨਾ ਕਮਾਲ!
ਬਾਦਲ ਸਾਹਿਬ ਕਹਿੰਦੇ ਹਨ ਕਿ ਵਿਰੋਧੀ ਪਾਰਟੀਆਂ ਇਸ ਮਸਲੇ ‘ਤੇ ਸਿਆਸਤ ਕਰ ਰਹੀਆਂ ਹਨ। ਬਾਦਲ ਸਾਹਿਬ! ਸਿਆਸਤ ਸਾਰੇ ਕਰਦੇ ਹਨ। ਤੁਸੀਂ ਵੀ ਘਟੀਆ ਸਿਆਸਤ ਖੇਡ ਕੇ ਹੀ ਧੀਆਂ ਭੈਣਾਂ ਦੀ ਇੱਜ਼ਤ ਤੇ ਕਤਲ ਦਾ ਮੁੱਲ ਪਾਇਐ। ਤੁਹਾਡਾ ਅਮਿੱਤ ਸ਼ਾਹ ਦੋ ਤਰੀਕ ਨੂੰ ਅੰਮ੍ਰਿਤਸਰ ਆਇਆ, ਉਸ ਨੇ ਏਨੀ ਵੱਡੀ ਘਟਨਾ ‘ਤੇ ਮੂੰਹ ਨਹੀਂ ਖੋਲ੍ਹਿਆ, ਕੀ ਇਹ ਸਿਆਸਤ ਨਹੀਂ?
…………………………………………….
ਟਿੱਪਣੀ:- ਮੈਂ ਇਹ ਨਹੀਂ ਕਹਿ ਸਕਦਾ ਕਿ ਬੱਚੀ ਦੇ ਬਾਪ ਨੇ ਗਲਤ ਕੀਤਾ ਹੈ, ਮੈਂ ਇਹ ਜਾਣਦਾ ਹਾਂ ਕਿ ਉਹ ਪੈਸੇ ਨਾ ਵੀ ਲੈਂਦਾ ਤਾਂ ਵੀ ਕੁਝ ਨਹੀਂ ਹੋਣਾ ਸੀ। ਪਰ ਇਕ ਮਲਾਲ ਜ਼ਰੂਰ ਹੈ ਕਿ ਅੱਜ ਉਸ ਦੇ ਨਾਲ ਚਾਰ ਬੰਦੇ ਖੜੇ ਹੋਏ ਸਨ, ਲੋਕਾਂ ਦਾ ਰੋਹ ਜਾਗਿਆ ਸੀ। ਜੇ ਏਦਾਂ ਹੀ ਹਰ ਪੀੜਤ ਜਾਂ ਪੀੜਤਾ ਦਾ ਪਰਿਵਾਰ ਪੈਸੇ ਲੈ ਕੇ ਰਾਜ਼ੀ-ਨਾਮਾ ਕਰਦਾ ਰਿਹਾ, ਤਾਂ ਇਕ ਦਿਨ ਉਹ ਵੀ ਆਵੇਗਾ ਕਿ ਕਿਸੇ ਦੇ ਦਰਦ ਵਿਚ ਕੋਈ ਵੀ ਸ਼੍ਰੀਕ ਨਹੀਂ ਹੋਵੇਗਾ, (ਇਹ ਤਾਂ ਪੀੜਤ ਪਰਿਵਾਰ ਨੂੰ ਲੋਕਾਂ ਨਾਲ ਭਰੀ ਬੱਸ ਵਿਚ ਹੀ ਦਿਸ ਪਇਆ ਸੀ) ਇਹੀ ਜ਼ਾਲਮ ਦੀ ਚਾਹ ਹੁੰਦੀ ਹੈ । ਜ਼ਰਾ ਸੋਚੋ, ਕੀ ਇਵੇਂ ਕਾਨੂਨ ਵਿਕ ਨਹੀਂ ਰਿਹਾ ? ਕੀ ਰਾਸ਼ਟ੍ਰਪਤੀ , ਪ੍ਰਧਾਨ-ਮੰਤਰੀ ਸ੍ਰੀ ਨਰਿੰਦਰ ਮੋਦੀ, ਸੁਪ੍ਰੀਮਕੋਰਟ ਅਤੇ ਕਾਨੂਨ ਦਾ ਰਖਵਾਲਾ ਮੀਡੀਆ ਇਹ ਦੱਸ ਸਕਦੇ ਹਨ ਕਿ ਇਹ ਕਾਨੂਨ ਦੀ ਖਰੀਦੋ-ਫਰੋਖਤ, ਸੰਵਿਧਾਨ ਦੀ ਕਿਸ ਧਾਰਾ ਅਧੀਨ ਹੋ ਰਹੀ ਹੈ ? ਅਮਰ ਜੀਤ ਸਿੰਘ ਚੰਦੀ
ਨਿਰਮਲ ਸਿੰਘ ਕੰਧਾਲਵੀ
ਇਹ ਤਾਂ ਹੋਣਾ ਹੀ ਸੀ….
Page Visitors: 2859