ਦਮਦਮੀ ਟਕਸਾਲ ਵਿਚ ਬ੍ਰਾਹਮਣਵਾਦ ! ! !
ਅਵਤਾਰ ਸਿੰਘ ਮਿਸ਼ਨਰੀ
ਸਿੱਖੀ ਦੇ ਵਿਹੜੇ ਵਿੱਚ ਆ ਵੜੇ ਬ੍ਰਾਹਮਣਵਾਦ ਦੇ ਵਿਰੁੱਧ ਨਿਧੱੜਕ ਹੋ ਕੇ ਲਿਖਣ ਵਾਲੇ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਿਰੁੱਧ ਇਸੇ ਟਕਸਾਲ ਨੇ ਧੂੰਆਂਧਾਰ ਪ੍ਰਚਾਰ ਕਰਕੇ ਪੁਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਥ ਠੋਕੇ ਜਥੇਦਾਰਾਂ ਕੋਲੋਂ ਪਾਬੰਦੀ ਲਗਵਾ ਦਿੱਤੀ ਸੀ ਤੇ ਇੱਧਰ ਜੋ ਦਮਦਮੀ ਟਕਸਾਲ ਦੀ ਪੁਸਤਕ"ਗੁਰਬਾਣੀ ਪਾਠ ਦਰਸ਼ਨ" ਸਿੱਖਾਂ ਨੂੰ ਲਵ ਕੁਛ ਦੀ ਉਲਾਦ ਦਸਦੀ, ਬ੍ਰਾਹਮਣੀ ਕਰਮਕਾਡਾਂ ਦਾ ਹਿੱਕ ਦੇ ਜੋਰ ਨਾਲ ਪ੍ਰਚਾਰ ਕਰਦੀ ਅਤੇ ਅਸ਼ਲੀਲ ਰਚਨਾਵਾਂ ਨਾਲ ਭਰੇ ਅਖੌਤੀ ਦਸਮ ਗ੍ਰੰਥ ਦੇ ਪੋਥੇ ਦਾ "ਸਾਹਿਬ ਗੁਰੂ ਗ੍ਰੰਥ ਜੀ" ਨਾਲ ਬਰਾਬਰ ਪ੍ਰਕਾਸ਼ ਕਰਦੀ ਹੈ ਕੀ ਕੋਈ ਅਣਖੀ ਜੋਧਾ ਜਥੇਦਾਰ ਜਾਂ ਪੰਥ ਖਾਲਸਾ ਇਕੱਠਾ ਹੋ ਕੇ ਇਨ੍ਹਾਂ ਦੀਆਂ ਬਾਮਣਵਾਦ ਨੂੰ ਪ੍ਰਣਾਈਆਂ ਪੁਸਤਕਾਂ ਤੇ ਵੀ ਪਾਬੰਦੀ ਲਾ ਕੇ ਨਿਆਰੇ ਖਾਲਸਾ ਹੋਣ ਦਾ ਮਾਣ ਪ੍ਰਾਪਤ ਕਰੇਗਾ? ਜਾਂ ਘੱਟ ਤੋਂ ਘੱਟ ਡੇਰਿਆਂ ਅਤੇ ਸੰਪ੍ਰਦਾਈ ਟਕਸਾਲਾਂ ਦਾ ਬ੍ਰਾਹਮਣਵਾਦੀ ਪ੍ਰਚਾਰ ਗੁਰਦੁਵਾਰਿਆਂ ਵਿੱਚੋਂ ਬੰਦ ਕਰਨ ਦਾ ਐਲਾਨ ਕਰੇਗਾ? ਜਾਂ ਕੇਵਲ ਵੋਟਾਂ ਤੇ ਨੋਟਾਂ ਦੀ ਖਾਤਰ ਜੀ ਹਜੂਰੀਆਂ ਕਰਦਾ ਇਨ੍ਹਾਂ ਦੇ 108 ਮਹਾਂਪੁਰਖਾਂ ਅੱਗੇ ਜਮੀਰ ਮਾਰ ਕੇ ਨੱਕ ਹੀ ਰਗੜਦਾ ਰਹੇਗਾ?????????????????
________________________________________
ਨੋਟ-ਇਸ ਸਬੰਧ ਵਿੱਚ 4 ਵਰਵਰੀ 2015 ਦੀ ਖਾਲਸਾ ਨਿਊਜ ਜਰੂਰ ਪੜ੍ਹੋ ਜੀ! ਜਾਂ ਆਪ ਟਕਸਾਲਾਂ ਦੇ ਲਿਖੇ ਗ੍ਰੰਥ ਪੜ੍ਹ ਕੇ ਦੇਖੋ !!!!!
ਖਾਲਸਾ ਨਿਊਜ ਤੇ ਛਪੇ ਵਿਚਾਰ ਹੇਠ ਲਿਖੇ ਹਨ-
ਸਿੱਖਾਂ ਕੋਲ਼ ਜੋ ਕਛਿਹਰਾ ਹੈ, ਉਹ ਹਨੂੰਮਾਨ ਵਾਲਾ ਕਛਿਹਰਾ ਹੀ ਹੈ -: ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਾ
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ, ਨਾ ਕਿ ਟਕਸਾਲਾਂ। ਜੇ ਟਕਸਾਲ ਦਾ ਇਤਹਾਸ ਪੜਦੇ ਹਾਂ, ਤਾਂ ਇਨ੍ਹਾਂ ਦਾ ਇੱਕ ਜਥੇਦਾਰ ਬੇ ਅੰਮ੍ਰਿਤੀਆ ਵੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਨਿਰਮਲੇ ਸਾਧ ਸਨ। ਜਦੋਂ ਖਾਲਸਾ ਫੌਜਾਂ ਜ਼ਾਲਮਾਂ ਨਾਲ ਜੂਝ ਰਹੀਆਂ ਸਨ ਤੇ ਨਿਰਮਲੇ ਸਾਧਾਂ ਕੋਲ ਸਿੱਖਾਂ ਦੇ ਗੁਰਧਾਮ ਤੇ ਇਤਹਾਸ ਸੀ, ...ਪਰ ਇਨ੍ਹਾਂ ਨਿਰਮਲੇ ਸਾਧਾਂ ਦੇ ਕਈ ਕੌਮ ਨੂੰ ਸਾਇਡ ਇਫੈਕਟ ਵੀ ਹੋਏ, ਜਿਨ੍ਹਾਂ ਦਾ ਕੌਮ ਨੂੰ ਬਹੁਤ ਮੁੱਲ ਤਾਰਨਾ ਪੈ ਰਿਹਾ ਹੈ...
ਦਮਦਮੀ ਟਕਸਾਲ ਸੰਪਰਦਾ ਇਨ੍ਹਾਂ ਦੇ ਪਿਛਲੇ ਵਡੇਰਿਆਂ ਦੀਆਂ ਜੋ ਲਿਖਤਾਂ ਨੇ, ਜੋ ਕਿ ਇੱਕ ਮਿੱਥ ਕਥਾ ਕਹਾਣੀਆਂ ਦੇ ਆਧਾਰਿਤ ਹੈ, ਜੋ ਕਿ ਬ੍ਰਾਹਮਣਵਾਦ ਦਾ ਪੂਰਾ ਪੱਖ ਪੂਰਦੀਆਂ ਨੇ...
ਇਨ੍ਹਾਂ ਦੀ ਇੱਕ ਕਿਤਾਬ ਹੈ "ਗੁਰਬਾਣੀ ਪਾਠ ਦਰਪਣ", ਉਸ ਵਿੱਚ ਵੀ ਮਿੱਥਾਂ ਦੇ ਸਹਾਰੇ ਹਵਾਲੇ ਦਿੱਤੇ ਗਏ ਨੇ, ਕਹਾਣੀਆਂ ਜਿਹੀਆਂ ਦਰਸਾ ਦਿੱਤੀਆਂ ਗਈਆਂ ਨੇ... ਠੀਕ ਹੈ ਕਿ ਇਹ ਗੁਰਬਾਣੀ ਦੀ ਸੰਥਿਆ ਦਿੰਦੇ ਨੇ, ਸ਼ੁੱਧ ਸ਼ਬਦ ਪੜ੍ਹਣਾ ਸਿਖਾਉਂਦੇ ਨੇ, ਪਰ ਉੱਥੇ ਇਹ ਮਨਮਰਜੀ ਵੀ ਕਰਦੇ ਨੇ, ਕਿ ਮਾਤਰਾ ਐਹ ਨਹੀਂ, ਐਹ ਹੋਣੀ ਚਾਹਿਦੀ ਹੈ... ਕਿਸੇ ਨੂੰ ਕੋਈ ਹੱਕ ਨਹੀਂ ਕਿ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਕੋਈ ਤਬਦੀਲੀ ਕਰੇ... ਅੱਜ ਇਹ ਸੰਪਰਦਾ ਬਿਲਕੁਲ ਬਿਪਰਵਾਦੀ ਹੋ ਚੁੱਕੀ ਹੈ।
ਪੰਜ ਕਕਾਰਾਂ 'ਚੋਂ "ਕਛਿਹਰਾ" ਬਾਰੇ ਇਨ੍ਹਾਂ ਦੀ ਇਸੀ ਕਿਤਾਬ 'ਚ ਇਹ ਲਿਖਿਆ ਗਿਆ ਹੈ ਕਿ "ਇਹੋ ਕਛਹਿਰਾ ਹੀ ਸ੍ਰੀ ਰਾਮ ਚੰਦ੍ਰ ਜੀ ਨੇ ਹਨੂੰਮਾਨ ਜੀ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਜਤ ਸੱਤ ਦੀ ਨਿਸ਼ਾਨੀ ਬਖਸ਼ਿਆ ਸੀ।" ਇਸ ਤੋਂ ਬਾਖੂਬ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਇਸ ਟਕਸਾਲ ਦਾ ਸਿੱਖੀ ਪ੍ਰਤੀ ਕੀ ਸੋਚਣੀ ਹੈ। ਇਕੱਲਾ ਇਹੀ ਨਹੀਂ, ਗੁਰੂ ਸਾਹਿਬ ਬਾਰੇ ਵੀ ਕਈ ਕੁੱਝ ਊਲ ਜ਼ਲੂਲ ਲਿਖਿਆ ਗਿਆ ਹੈ, ਜੋ ਥੱਲੇ ਦਿੱਤਾ ਗਿਆ ਹੈ। ਇਹ ਸਿਰਫ ਕਿਣਕਾ ਮਾਤਰ ਹੀ ਦਰਸਾਇਆ ਗਿਆ ਹੈ, ਪੂਰੀ ਕਿਤਾਬ ਗਪੌੜਾਂ ਨਾਲ ਭਰੀ ਪਈ ਹੈ। ਹੁਣ ਕਈਆਂ ਨੇ ਲਿਖਣ ਲੱਗ ਜਾਣਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਤਾਂ ਇਸੇ ਟਕਸਾਲ ਤੋਂ ਸੀ, ਉਨ੍ਹਾਂ ਲੋਕਾਂ ਲਈ... ਇਹ ਜ਼ਰੂਰੀ ਨਹੀਂ ਕਿ ਜੇ ਉਨ੍ਹਾਂ ਨੇ ਸਿੱਖ ਕੌਮ ਦੀ ਅਗਵਾਈ ਸਿੱਖ ਸੰਘਰਸ਼ ਦੌਰਾਨ ਕੀਤੀ, ਇਸ ਲਈ ਪੂਰੀ ਟਕਸਾਲ ਸਹੀ ਹੈ... ਇਹ ਬੇਤੁਕਾ ਹੈ।
-ਗੁਰਜਾਪ ਸਿੰਘ
(With Thanks form Singh Sabha U.S.A.)