-: ਗੁਰਦੁਆਰਾ ਟਰਲਕ, ਕੈਲੇਫੋਰਨੀਆਂ ਵਿੱਖੇ ਹੋਏ ਸੰਵਾਦ ਬਾਰੇ :-
ਕੈਲੀਫੋਰਨੀਆਂ ਦੇ ਗੁਰਦੁਆਰੇ ਵਿਖੇ ਗੁਰਬਾਣੀ ਸੰਬੰਧੀ ਸਰਬਜੀਤ ਸਿੰਘ ਧੁੰਦਾ ਜੀ ਨਾਲ ਜਿਹੜਾ ਸੰਵਾਦ ਹੋਇਆ ਹੈ, ਇਸ ਤਰ੍ਹਾਂ ਦੇ ਸੰਵਾਦ ਬਹੁਤ ਘੱਟ ਹੁੰਦੇ ਹਨ।ਸਵਾਲਾਂ ਦੇ ਜਵਾਬ ਦੇਣ ਦਾ ਡਰਾਮਾਂ ਤਾਂ ਆਮ ਹੀ ਕਈ ਵਾਰੀਂ ਕੀਤਾ ਜਾਂਦਾ ਹੈ।ਪਰ ਇਹ ਜੋ ਸੰਵਾਦ ਹੋਇਆ ਹੈ, ਇਹ ਸਵਾਲਾਂ ਦੇ ਜਵਾਬ ਦੇਣ ਵਾਲੇ ਡਰਾਮੇ ਨਾਲੋਂ ਵੱਖਰਾ ਸੀ।
ਸਵਾਲਾਂ ਦੇ ਜਵਾਬ ਦੇਣ ਵਾਲੇ ਸੈਮੀਨਾਰਾਂ ਵਿੱਚ ਤਾਂ ਆਮ ਤੌਰ ਤੇ ਹੁੰਦਾ ਇਹ ਹੈ ਕਿ, ਸੰਗਤ ਨੂੰ ਆਪੋ ਆਪਣੇ ਸਵਾਲ ਲਿਖਕੇ ਦੇਣ ਲਈ ਕਿਹਾ ਜਾਂਦਾ ਹੈ।ਸਵਾਲਾਂ ਦੀਆਂ ਪਰਚੀਆਂ ਫੜ ਲਈਆਂ ਜਾਂਦੀਆਂ ਹਨ।ਜਵਾਬ ਦੇਣ ਲਈ ਕੁਝ ਖਾਸ ਖਾਸ ਪਰਚੀਆਂ ਛਾਂਟੀ ਕਰਕੇ ਉਨ੍ਹਾਂ ਦੇ ਜਵਾਬ ਦਿੱਤੇ ਜਾਂਦੇ ਹਨ।ਅਤੇ ਦਿੱਤੇ ਜਾਂਦੇ ਜਵਾਬਾਂ ਦੇ ਇਕ ਇਕ ਜਵਾਬ ਤੋਂ ਜਿਹੜੇ ਦਸ-ਦਸ ਹੋਰ ਸਵਾਲ ਖੜ੍ਹੇ ਹੁੰਦੇ ਹਨ ਉਨ੍ਹਾਂ ਦਾ ਜਵਾਬ ਦੇਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ।ਇੱਕ ਤਰ੍ਹਾਂ ਨਾਲ ਸਵਾਲਾਂ ਦੇ ਜਵਾਬ ਦੇਣੇ ਤਾਂ ਅੱਖੀਂ ਘੱਟਾ ਪਾਉਣ ਲਈ ਹੀ ਹੁੰਦੇ ਹਨ।ਸਵਾਲ-ਕਰਤਾ ਦੀ ਜਵਾਬ ਨਾਲ ਤਸੱਲੀ ਹੋਵੇ ਜਾਂ ਨਾਂ, ਪਰ ਬਾਕੀ ਸੰਗਤ ਨੂੰ ਲੱਗਦਾ ਹੈ ਕਿ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ।
ਇਹ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਦੀ ਤਸੱਲੀ ਕਰਵਾਉਣ ਤੱਕ ਜਵਾਬ ਦਿੱਤੇ ਜਾਣ।ਟਰਲਕ ਦੇ ਗੁਰਦੁਆਰੇ ਵਾਲੇ ਪਰੋਗਰਾਮ ਦੇ ਸੰਚਾਲਕ ਵੀਰ ਜੀ ਨੇ ਪਰੋਗਰਾਮ ਨੂੰ ਕਾਮਜਾਬ ਬਨਾਉਣ ਵਿੱਚ ਬਹੁਤ ਵਧੀਆ ਭੁਮਿਕਾ ਨਿਭਾਈ ਹੈ, ਜਿਸ ਨਾਲ ਮਹੌਲ ਗਰਮਾਉਣ ਅਤੇ ਤਲਖੀ ਭਰਿਆ ਹੋਣ ਤੋਂ ਬਚਿਆ ਰਿਹਾ।ਇਸ ਦੇ ਲਈ ਸੰਚਾਲਕ ਭਾਈ ਸਾਹਿਬ ਜੀ ਵਧਾਈ ਦੇ ਪਾਤਰ ਹਨ।
ਸਰਬਜੀਤ ਸਿੰਘ ਧੁੰਦਾ ਜੀ, ਗੁਰਬਾਣੀ ਸੰਬੰਧੀ ਪੁੱਛੇ ਗਏ ਕਿਸੇ ਵੀ ਸਵਾਲ ਦਾ ਤਸੱਲੀ ਬਖਸ਼ ਜਵਾਬ ਦੇਣ ਤੋਂ ਅਸਮਰਥ ਰਹੇ।ਭਗਤ ਨਾਮਦੇਵ ਜੀ ਦੇ ‘ਮਰੀ ਗਊ ਜਿੰਦੀ ਕਰਨ’ ਵਾਲੇ ਸਵਾਲ ਸੰਬੰਧੀ ਧੁੰਦਾ ਜੀ ਪਹਿਲਾਂ ਤਾਂ ਸਵਾਲ ਦਾ ਜਵਾਬ ਦੇਣ ਤੋਂ ਹੀ ਇਹ ਕਹਿ ਕੇ ਕੰਨੀ ਕਤਰਾਉੰਦੇ ਨਜ਼ਰ ਆਏ ਕਿ ‘ਮਰੀ ਗਊ ਜਿੰਦੀ ਹੋਈ ਸੀ ਜਾਂ ਨਹੀਂ’ ਇਸ ਬਾਰੇ ਉਨ੍ਹਾਂਨੇ ਅੱਜ ਤੱਕ ਕੋਈ ਵਿਆਖਿਆ ਕੀਤੀ ਹੀ ਨਹੀਂ, ਇਸ ਲਈ ਇਹ ਸਵਾਲ ਉਨ੍ਹਾਂ ਕੋਲੋਂ ਪੁੱਛਣਾ ਹੀ ਨਹੀਂ ਬਣਦਾ।ਪਰ ਜ਼ੋਰ ਦੇਣ ਤੇ ਇਸ ਸਵਾਲ ਦਾ ਜਵਾਬ ਦੇਣ ਲੱਗੇ ਵੀ, ਸਵਾਲ-ਕਰਤਾ ਸੱਜਣ ਜੀ ਦੇ ਸਵਿਕਾਰ ਕੀਤੇ ਜਾਣ ਦੇ ਬਾਵਜੂਦ ਵੀ, ਕਿ ਗੁਰਬਾਣੀ ਦੇ ਸਿਰਫ ਅਰਥ ਹੀ ਨਹੀਂ ਭਾਵ-ਅਰਥ ਵੀ ਕਰਨੇ ਹੁੰਦੇ ਹਨ, ਧੁੰਦਾ ਜੀ ਨੇ ਗੁਰਬਾਣੀ ਦੀਆਂ ਉਨ੍ਹਾਂ ਉਦਾਹਰਣਾਂ ਵਿੱਚ ਹੀ ਉਲਝਾਈ ਰੱਖਿਆ ਜਿਨ੍ਹਾਂ ਸ਼ਬਦਾਂ ਦੇ ਸਿੱਧੇ ਅਰਥ ਨਾ ਕਰਕੇ ਭਾਵਾਰਥ ਹੀ ਕਰਨੇ ਹੁੰਦੇ ਹਨ।(ਯਾਦ ਰਹੇ ਕਿ ਗੁਰਬਾਣੀ ਦੇ ਭਾਵਾਰਥ ਕਰਨ ਦਾ ਇਹ ਮਤਲਬ ਨਹੀਂ ਬਣ ਜਾਂਦਾ ਕਿ ਹਰ ਕੋਈ ਆਪਣੀ ਮਰਜ਼ੀ ਦੇ ਭਾਵਾਰਥ ਕਰਕੇ ਪ੍ਰਚਾਰੀ ਜਾਵੇ।ਭਾਵਾਰਥ ਵੀ ਉਹੀ ਸਹੀ ਹੋ ਸਕਦੇ ਹਨ, ਜਿਨ੍ਹਾਂ ਭਾਵਾਂ ਨੂੰ ਮੁੱਖ ਰੱਖਕੇ ਬਾਣੀ ਰਚੀ ਗਈ ਹੈ।ਇਹ ਹਰ ਇੱਕ ਦੀ ਆਪਣੀ ਸਮਝ ਤੇ ਨਿਰਭਰ ਕਰਦਾ ਹੈ ਕਿ ਕੋਈ ਗੁਰੂ ਸਾਹਿਬਾਂ ਦੁਆਰਾ ਸਮਝਾਏ ਗਏ ਭਾਵਾਂ ਦੇ ਕਿੰਨਾ ਨੇੜੇ ਪਹੁੰਚ ਸਕਿਆ ਹੈ।ਇਸ ਬਾਰੇ ਵੀ ਸਵਾਲ ਖੜ੍ਹਾ ਕੀਤਾ ਜਾ ਸਕਦਾ ਹੈ ਕਿ ਇਹ ਕੌਣ ਤੈਅ ਕਰੇ ਕਿ ਕੋਈ ਭਾਵਾਰਥ ਗੁਰੂ ਸਾਹਿਬਾਂ ਦੇ ਭਾਵਾਂ ਅਨੁਸਾਰ ਹਨ ਜਾਂ ਨਹੀਂ, ਇਸ ਬਾਰੇ ਵੀ ਗੁਰਬਾਣੀ ਵਿੱਚੋਂ ਹੀ ਪਤਾ ਲੱਗਣਾ ਹੈ।ਕਿਉਂਕਿ ਜਦੋਂ ਕਿਸੇ ਭਾਵਾਰਥ ਬਾਰੇ ਕੋਈ ਵੀ ਸਵਾਲ ਕਰਨ ਤੇ ਗੁਰਬਾਣੀ ਵਿੱਚੋਂ ਹੀ ਉਸ ਦਾ ਜਵਾਬ ਮਿਲਦਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਭਾਵਾਰਥ ਗੁਰੂ ਸਾਹਿਬਾਂ ਦੇ ਮਿਥੇ ਭਾਵਾਂ ਅਨੁਸਾਰ ਹੈ।ਅਤੇ ਜਿਨ੍ਹਾਂ ਭਾਵਾਰਥਾਂ ਤੋਂ ਉੱਠੇ ਸਵਾਲਾਂ ਦੇ ਜਵਾਬ ਨਾ ਮਿਲਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਭਾਵਾਰਥ ਗੁਰੂ ਸਾਹਿਬਾਂ ਦੁਆਰਾ ਵਿਅਕਤ ਕੀਤੇ ਭਾਵਾਂ ਅਨੁਸਾਰ ਨਹੀਂ ਹਨ।ਧੁੰਦਾ ਜੀ ਸਮਝਾ ਰਹੇ ਹਨ ਕਿ ਆਉਣ ਵਾਲੇ ਪੰਜਾਹ ਜਾਂ ਸੌ ਸਾਲ ਬਾਅਦ ਅੱਜ ਵਾਲੇ ਭਾਵਾਰਥ ਨਹੀਂ ਰਹਿਣਗੇ, ਬਲਕਿ ਬਦਲ ਜਾਣਗੇ।ਪਰ ਐਸਾ ਨਹੀਂ ਹੈ।ਕਿਉਂਕਿ ਸਮਾਂ ਕਿੰਨਾ ਵੀ ਬਦਲ ਜਾਏ ਜਾਂ ਵਿਗਿਆਨ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਲਵੇ, ਗੁਰਬਾਣੀ ਦੇ ਭਾਵਾਰਥ ਨਹੀਂ ਬਦਲ ਸਕਦੇ।ਕਿਉਂਕਿ ਗੁਰਮਤਿ ਦਾ ਭੌਤਿਕ ਵਿਸ਼ਿਆਂ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਆਉਣ ਵਾਲੇ ਪੰਜਾਹ, ਸੌ ਜਾਂ ਹਜ਼ਾਰ ਸਾਲਾਂ ਵਿੱਚ ਵੀ ਹਉਮੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਅਰਥ ਬਦਲ ਜਾਣੇ ਹਨ।ਵਿਸ਼ੇ ਨੂੰ ਉਲਝਾਉਣ ਲਈ ਧੁੰਦਾ ਜੀ ਨੇ
“ਨਰੂ ਮਰੈ ਨਰੁ ਕਾਮਿ ਨ ਆਵੈ….॥” (ਪੰਨਾ 870)
ਦੀ ਵੀ ਇਕ ਮਿਸਾਲ ਦਿੱਤੀ ਸੀ।(ਇਸ ਬਾਰੇ ਵੱਖਰੇ ਲੇਖ ਦੁਆਰਾ ਪਾਠਕਾਂ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ) ਭਗਤ ਨਾਮਦੇਵ ਜੀ ਦੇ ਸ਼ਬਦ ਵਿੱਚ ਮਰੀ ਗਊ ਜਿੰਦੀ ਹੋਣ ਬਾਰੇ ਕੀਤੇ ਗਏ ਮੁੱਖ ਸਵਾਲ ਦਾ ਕੋਈ ਜਵਾਬ ਧੁੰਦਾ ਜੀ ਨਹੀਂ ਦੇ ਸਕੇ।
ਸਵਾਲ-ਕਰਤਾ ਸੱਜਣ ਜੀ ਨੇ 84 ਲੱਖ ਜੂਨਾਂ ਬਾਰੇ ਸਵਾਲ ਕੀਤਾ ਸੀ। ‘84 ਲੱਖ’ ਅਤੇ ‘ਜੂਨਾਂ’ ਦੋ ਗੱਲਾਂ ਹਨ।ਗੁਰਬਾਣੀ ਜੂਨਾਂ ਦੀ ‘84 ਲੱਖ’ ਦੀ ਗਿਣਤੀ ਨੂੰ ਸਵਿਕਾਰ ਨਹੀਂ ਕਰਦੀ।ਇਸੇ ਲਈ ਗੁਰਬਾਣੀ ਵਿੱਚ ਜੂਨਾਂ ਦੇ ਨਾਲ ਸਿਰਫ 84 ਲੱਖ ਹੀ ਨਹੀਂ ਬਲਕਿ ਅਨਿਕ, ਅਸੰਖ, ਕੋਟ, ਬਹੁ ਅਦਿ ਵੀ ਲਫਜ਼ ਵਰਤੇ ਗਏ ਹਨ।ਅਤੇ ਦੂਸਰਾ ਸ਼ਬਦ ਹੈ ‘ਜੂਨਾਂ’। ਗੁਰਬਾਣੀ ਇਸ ਜਨਮ ਤੋਂ ਬਾਅਦ ਫੇਰ ਜੂਨਾਂ ਵਾਲੇ ਸੰਕਲਪ ਦਾ ਖੰਡਨ ਨਹੀਂ ਕਰਦੀ।ਧੁੰਦਾ ਜੀ ਨੇ ‘84 ਲੱਖ’ (ਗਿਣਤੀ) ਨੂੰ ਮੁੱਖ ਰੱਖਕੇ ਜਵਾਬ ਦੇ ਦਿੱਤਾ ਹੈ, ਪਰ ‘ਜੂਨਾਂ ਵਿੱਚ ਪੈਣ’ ਵਾਲਾ ਮੁੱਖ ਸੰਕਲਪ ਬਿਨਾ ਜਵਾਬ ਦਿੱਤੇ ਹੀ ਰਹਿ ਗਿਆ।
ਇਸੇ ਤਰ੍ਹਾਂ ਇਕ ਹੋਰ ਸੱਜਣ ਜੀ ਵੱਲੋਂ ਇਸ ਜਨਮ ਤੋਂ ਬਾਅਦ ਫੇਰ ਜਨਮ ਬਾਰੇ ਅਤੇ ਪਰਲੋਕ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਵੀ ਧੁੰਦਾ ਜੀ ਦਾ ਜਵਾਬ ਸੀ ਕਿ ਕੋਈ ਵੀ ਮਰਨ ਤੋਂ ਬਾਅਦ ਫੇਰ ਵਾਪਸ ਦੁਨੀਆਂ ਤੇ ਨਹੀਂ ਆਇਆ, ਇਸ ਲਈ ਕੋਈ ਨਹੀਂ ਦੱਸ ਸਕਦਾ ਕਿ ਇਸ ਜਨਮ ਤੋਂ ਬਾਅਦ ਫੇਰ ਜਨਮ ਹੈ ਜਾਂ ਨਹੀਂ।ਫੇਰ ਇਹ ਪੁੱਛੇ ਜਾਣ ਤੇ ਕਿ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਹੈ, ਤਾਂ ਇਸ ਗੱਲ ਦਾ ਧੁੰਦਾ ਜੀ ਨੇ ਕੋਈ ਜਵਾਬ ਨਹੀਂ ਦਿੱਤਾ।ਪਰ ਧੁੰਦਾ ਜੀ ਇਕ ਗੱਲ ਸਵਿਕਾਰ ਕਰ ਗਏ ਹਨ ਕਿ, ਹੋ ਸਕਦਾ ਹੈ ਇਸ ਜਨਮ ਤੋਂ ਬਾਅਦ ਫੇਰ ਜਨਮ ਹੁੰਦਾ ਹੋਵੇ।
ਦਰ ਅਸਲ ਜਿਸ ਕਾਲੇਜ ਨਾਲ ਧੁੰਦਾ ਜੀ ਜੁੜੇ ਹੋਏ ਹਨ, ਉੱਥੋਂ ਗੁਰਮਤਿ ਦਾ ਪ੍ਰਚਾਰ ਨਾ ਹੋ ਕੇ ਪਦਾਰਥਵਾਦੀ ਸੋਚ ਦਾ ਹੀ ਪ੍ਰਚਾਰ ਹੁੰਦਾ ਹੈ।ਪਦਾਰਥਵਾਦੀ ਸੋਚ ਤੋਂ ਭਾਵ ਕਿ ਇਹ ਜੋ ਦਿਸਦਾ ਸੰਸਾਰ ਹੈ, ਇਹੀ ਸਭ ਕੁਝ ਹੈ।ਇਸ ਤੋਂ ਇਲਾਵਾ ਜੋ ਕੁਝ ਵੀ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦਾ ਜਾਂ ਨਹੀਂ ਦੇਖਿਆ ਜਾ ਸਕਦਾ, ਪਰਮਾਤਮਾ ਦੀ ਹੋਂਦ ਸਮੇਤ ਉਸ ਦੀ ਕੋਈ ਹੋਂਦ ਨਹੀਂ ਹੈ।
ਇਨ੍ਹਾਂ ਸਵਾਲਾਂ ਤੋਂ ਇਲਾਵਾ ਹੋਰ ਕਈ ਸਵਾਲ ਕੀਤੇ ਗਏ ਸਨ ਪਰ ਧੁੰਦਾ ਜੀ ਕਿਸੇ ਵੀ ਸਵਾਲ ਦਾ ਤਸੱਲੀ ਬਖਸ਼ ਜਵਾਬ ਦੇਣ ਤੋਂ ਅਸਮਰਥ ਰਹੇ।
ਇਸ ਸਾਰੀ ਵਿਚਾਰ ਦਾ ਨਿਚੋੜ ਇਹੀ ਕਢਿਆ ਜਾ ਸਕਦਾ ਹੈ ਕਿ ਧੁੰਦਾ ਜੀ ਅਤੇ ਜਿਸ ਕਾਲੇਜ ਨਾਲ ਉਹ ਜੁੜੇ ਹੋਏ ਹਨ, ਉਥੋਂ ਗੁਰਬਾਣੀ ਦਾ ਪਰਚਾਰ ਨਾ ਹੋ ਕੇ ਅਧਿਆਤਮ ਅਤੇ ਸੂਖਮ ਸੰਕਲਪਾਂ ਦੇ ਵੀ ਵਿਗਿਆਨਕ ਅਰਥ ਘੜਕੇ ਪ੍ਰਚਾਰੇ ਜਾ ਰਹੇ ਹਨ।ਇਸ ਕਾਲੇਜ ਦੇ ਪ੍ਰਚਾਰਕ ਨਿਰਾਕਾਰ ਪਰਮਾਤਮਾ ਦੀ ਹੋਂਦ ਮੰਨਣ ਤੋਂ ਇਨਕਾਰੀ ਹਨ (ਨਿਰਾਕਾਰ ਪਰਮਾਤਮਾ ਨੂੰ ਮੰਨਣ ਦਾ ਸਿਰਫ ਢੌਂਗ ਕਰਦੇ ਹਨ)। ਇਹ ਗੱਲ ਸਮਝਣ ਤੋਂ ਅਸਮਰਥ ਹਨ ਕਿ ਸੰਸਾਰ ਤੇ ਉਸਦੇ ਗੁਪਤ ਹੁਕਮ ਅਨੁਸਾਰ ਗੁਪਤ ਰੂਪ ਵਿੱਚ ਵੀ ਕੁਝ ਵਾਪਰਦਾ ਹੈ।
ਕੁੱਲ ਮਿਲਾ ਕੇ ਇਹ ਸੰਵਾਦ ਬਹੁਤ ਕਾਮਜਾਬ ਰਿਹਾ ਅਤੇ ਗੁਰਮਤਿ ਸੰਬੰਧੀ ਪਏ ਭੁਲੇਖੇ ਦੂਰ ਕਰਨ ਲਈ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੰਵਾਦ ਹੁੰਦੇ ਹੀ ਰਹਿਣੇ ਚਾਹੀਦੇ ਹਨ।ਇਸ ਗੱਲ ਦਾ ਧਿਆਨ ਰੱਖਿਆ ਜਾਣਾ ਜਰੂਰੀ ਹੈ ਕਿ- ਸਵਾਲ-ਕਰਤਾ ਖੁਦ ਵੀ ਸੁਚੇਤ ਹੋ ਕੇ ਸਵਾਲ ਕਰੇ।ਕਿਉਂਕਿ ਜਿਆਦਾਤਰ ਇਹ ਹੁੰਦਾ ਹੈ ਕਿ ਜਿਸ ਸਵਾਲ ਦਾ ਕਿਸੇ ਵਿਦਵਾਨ ਜੀ ਕੋਲ ਜਵਾਬ ਨਹੀਂ ਹੁੰਦਾ, ਹੋਰ ਹੋਰ ਗੱਲਾਂ ਕਰਕੇ ਵਿਸ਼ੇ ਨੂੰ ਐਸਾ ਮੋੜ ਦਿੱਤਾ ਜਾਂਦਾ ਹੈ ਕਿ ਸਵਾਲ-ਕਰਤਾ ਖੁਦ ਹੀ ਉਲਝ ਕੇ ਰਹਿ ਜਾਂਦਾ ਹੈ, ਅਤੇ ਅਸਲੀ ਮੁੱਦੇ ਵਾਲੇ ਸਵਾਲ ਨੂੰ ਭੁੱਲਕੇ ਇਨ੍ਹਾਂ ਵੱਲੋਂ ਦਿੱਤੇ ਗਏ ਹੋਰ ਹੀ ਮੋੜ ਦੇ ਵਹਿਣ ਵਿੱਚ ਵਹਿ ਤੁਰਦਾ ਹੈ।ਸਵਾਲ-ਕਰਤਾ ਸੱਜਣ ਇਸ ਗੱਲੋਂ ਤਿਆਰ ਰਹੇ ਕਿ ਜਵਾਬ ਦੇਣ ਵਾਲੇ ਵਿਦਵਾਨ ਸੱਜਣ ਜੀ ਨੂੰ ਘੇਰਕੇ ਮੁੱਢਲੇ ਸਵਾਲ ਵੱਲ ਕਿਵੇਂ ਲਿਆਉਣਾ ਹੈ।
ਜਸਬੀਰ ਸਿੰਘ ਵਿਰਦੀ 07-05-2015