“ ਮਾਂ ਦਿਵਸ ” ਤੇ ਉਨ੍ਹਾਂ ਮਾਵਾਂ ਨੂੰ ਕੋਟਿ-ਕੋਟਿ ਪ੍ਰਣਾਮ, ਜਿਨ੍ਹਾਂ ਦੇ ਜਾਏ ਇਤਿਹਾਸ ਦੇ ਸਿਰਜਣਹਾਰੇ ਹੋ ਨਿਬੜੇ...!
ਸਾਲ ਦਾ ਹਰ ਦਿਨ ਆਪਣੇ ਆਪ ਵਿੱਚ ਮਹੱਤਵ ਰੱਖਦਾ ਹੈ ਅਤੇ ਕੋਈ ਨਾ ਕੋਈ ਘਟਨਾ ਜਾਂ ਦੁਰਘਟਨਾ, ਕਿਸੇ ਨਾ ਕਿਸੇ ਦਿਨ ਨਾਲ ਜੁੜੀ ਹੋਈ ਹੈ, ਜਿਸ ਕਰਕੇ ਉਹਨਾਂ ਦਿਨਾਂ ਤੇ ਕੁੱਝ ਯਾਦਾਂ ਅਤੇ ਇਤਿਹਾਸ ਦਾ ਚੇਤਾ ਆਉਂਦਾ ਹੈ। ਅੱਜ ਦੇ ਦਿਨ ਨੂੰ ‘‘ਮਦਰ ਡੇ’’ ਮਾਂ ਦਿਵਸ ਵਜੋਂ ਦਰਜ਼ ਕੀਤਾ ਗਿਆ ਹੈ।
ਮਾਂ ਇੱਕ ਅਜਿਹੀ ਕੁਦਰਤੀ ਦਾਤ ਹੈ, ਇੱਕ ਅਜਿਹੀ ਅਸੀਸ ਹੈ, ਜਿਹੜੀ ਰੱਬ ਵਰਗਾ ਦਰਜਾ ਰੱਖਦੀ ਹੈ। ਕਾਦਰ ਨੇ ਕੁਦਰਤ ਦੀ ਰਚਨਾ ਕਰਨ ਵੇਲੇ, ਜੇ ਕਿਸੇ ਚੀਜ ਨੂੰ ਆਪਣੇ ਵਰਗਾ ਬਣਾਇਆ, ਤਾਂ ਉਹ ਮਾਂ ਹੀ ਹੈ, ਕਿਉਂਕਿ ਅਕਾਲ ਪੁਰਖ ਸਰਿਸ਼ਟੀ ਦੇ ਕਰਤਾ ਹਨ ਅਤੇ ਮਾਂ ਸਾਡੀ ਕਰਤਾ ਹੈ। ਜਿਹੜੀ ਜਨਮ ਤੋਂ ਲੈ ਕੇ ਸੰਭਾਲ ,ਫਿਰ ਤਲੀਮ ਅਤੇ ਉਸ ਤੋਂ ਬਾਅਦ ਸਫਲ ਜੀਵਨ ਜਿਉਣ ਦੇ ਕਾਬਿਲ ਬਣਾਉਂਦੀ ਹੈ। ਇਹ ਮਾਂ ਦਾ ਹੀ ਹਿਰਦਾ ਹੁੰਦਾ ਹੈ ਕਿ ਬੇਸ਼ੱਕ ਪੁੱਤਰ ਜਿਹੋ ਜਿਹਾ ਮਰਜ਼ੀ ਹੋਵੇ, ਮਾਂ ਹਮੇਸ਼ਾਂ ਉਸ ਦੀ ਸੁੱਖ ਹੀ ਲੋੜਦੀ ਹੈ, ਅਸੀਸਾਂ ਦਿੰਦੀ ਹੈ, ਭਾਵੇਂ ਸਾਰਾ ਆਲਾ ਦੁਆਲਾ ਕਿਸੇ ਨੂੰ ਦੋਸ਼ੀ ਜਾਂ ਗੁਨਾਹਗਾਰ ਆਖੇ, ਪਰ ਮਾਂ ਕਦੇ ਨਹੀਂ ਮੰਨੇਗੀ ਕਿ ਮੇਰਾ ਪੁੱਤਰ ਦੋਸ਼ੀ ਹੈ।
ਮਾਂ ਨੂੰ ਸਤਿਗੁਰੁ ਨੇ ਬਾਣੀ ਵਿੱਚ ਬਹੁਤ ਥਾਂ ਉੱਤੇ ਵਡਿਆਈ ਦਿੱਤੀ ਹੈ। ਗੁਰੂ ਸਾਹਿਬ ਨੇ ਜਪੁਜੀ ਸਾਹਿਬ ਦੇ ਅੰਤ ਵਿੱਚ ਲਿਖੇ ਸਲੋਕ ਵਿੱਚ ਵੀ ਕਿਹਾ ਹੈ
‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’
ਧਰਤੀ ਨੂੰ ਮਾਂ ਵਰਗਾ ਸਤਿਕਾਰ ਦਿੱਤਾ ਹੈ ਜੇ ਇਸ ਨੂੰ ਹੋਰ ਗੰਭੀਰਤਾ ਨਾਲ ਵਿਚਾਰੀਏ ਤਾਂ ਮਾਂ ਨੂੰ ਧਰਤੀ ਜਿੱਡਾ ਮਾਨ ਬਖਸ਼ਿਆ ਹੈ। ਇੰਜ ਹੀ ਗੁਰਦੇਵ ਮਾਤਾ ,ਗੁਰਦੇਵ ਪਿਤਾ ਆਖ ਕੇ ਵੀ ਕਿੱਡੀ ਵੱਡੀ ਵਡਿਆਈ ਬਖਸ਼ਿਸ਼ ਕੀਤੀ ਹੈ। ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਵੀ ਪ੍ਰਭੁ ਮਿਲਾਪ ਦੀ ਖੁਸ਼ੀ ਸਾਂਝੀ ਕਰਦਿਆਂ ਵੀ ਮਾਂ ਨੂੰ ਸੰਬੋਧਨ ਹੋ ਰਹੇ ਹਨ ‘‘ਅਨੰਦੁ ਭਇਆ ਮੇਰੀ ਮਾਏ ਸਤਿਗੁਰੁ ਮੈ ਪਾਇਆ॥’’
ਮਾਂ ਨੂੰ ਦੁਨਿਆਵੀ ਸਹਿਤਕਾਰਾਂ ਨੇ ਵੀ ਬਹੁਤ ਵੱਡਾ ਸਤਿਕਾਰ ਦਿੱਤਾ ਹੈ, ਜਿਵੇ
‘‘ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਨਜਰ ਨਾ ਆਏ,
ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਨਾਏ’’
, ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਵੀ ਜਦੋਂ ਦੇਵ ਥਰੀਕਿਆਂ ਵਾਲੇ ਦਾ ਲਿਖਿਆ ਗੀਤ
‘‘ਮਾਂ ਹੁੰਦੀ ਏ ਮਾਂ ਓਏ ਦੁਨਿਆ ਵਾਲਿਓ ਮਾਂ ਤਾਂ ਰੱਬ ਦਾ ਨਾ ਓਏ ਦੁਨੀਆਂ ਵਾਲਿਓ’’
ਤਾਂ ਇਕ ਵਾਰ ਹਰ ਕਿਸੇ ਦੀ ਰੂਹ ਨੂੰ ਛੋਹ ਜਾਂਦਾ ਸੀ।
ਮਾਵਾਂ ਦੀ ਕਦੇ ਵੀ ਲੋਚਾ ਨਹੀਂ ਹੁੰਦੀ ਕਿ ਉਹਨਾਂ ਦੀ ਔਲਾਦ ਕੋਈ ਅਜਿਹਾ ਕੰਮ ਕਰੇ, ਜਿਸ ਨਾਲ ਉਹਨਾਂ ਨੂੰ ਸੰਸਾਰਿਕ ਬਦਨਾਮੀ ਦਾ ਸਾਹਮਣਾ ਕਰਨਾ ਪਵੇ। ਸਿਆਣਿਆਂ ਨੇ ਮਾਂ ਨੂੰ ਚੰਗੀ ਸੰਤਾਨ ਪੈਦਾ ਕਰਨ ਦੀ ਤਕੀਦ ਕਰਦਿਆਂ, ਤਾਹਨੇ ਰੂਪੀ ਸ਼ਬਦਾਵਲੀ ਵੀ ਵਰਤੀ ਹੈ,
‘‘ਜਨਨੀ ਜਣੇ ਤੋ ਭਗਤ ਜਨ ਕੈ ਦਾਤਾ ਕੈ ਸੂਰ
ਨਾਹਿ ਤੋ ਜਨਨੀ ਬਾਂਝ ਰਹੈ ਕਾਹਿ ਗਵਾਵੈ ਨੂਰ’’
ਲੇਕਿਨ ਇਹ ਜਿੰਮੇਵਾਰੀ ਸਿਰਫ ਮਾਤਾ ਦੀ ਨਹੀਂ, ਇਹ ਸਾਡੀ ਭਾਵ ਸੰਤਾਨ ਦੀ ਵੀ ਜਿੰਮੇਵਾਰੀ ਹੈ, ਕਿ ਆਪਣੀ ਮਾਤਾ ਦੀ ਕੁੱਖ ਸਫਲੀ ਕਰੀਏ, ਜਿਸ ਨਾਲ ਮਾਂ ਨੂੰ ਤਾਹਨੇ ਨਾ ਸੁਣਨੇ ਪੈਣ। ਕਈ ਲੋਕ ਕਹਾਵਤਾਂ ਵਿੱਚ ਅਖੀਰ ਨੂੰ ਕਿਸੇ ਬੰਦੇ ਦੇ ਮਾੜੇ ਕੰਮਾਂ ਦੀਆਂ ਲਾਹਨਤਾਂ ਮਾਂ ਨੂੰ ਹੀ ਝੱਲਣੀਆਂ ਪੈਂਦੀਆਂ ਹਨ, ਜਿਵੇ ਆਮ ਹੀ ਸੁਣਦੇ ਹਾ
‘‘ਚੋਰ ਦੀ ਮਾਂ ਕੋਠੀ ‘ਚ ਮੁੰਹ’’ ਅਤੇ
‘‘ਚੋਰ ਨਾ ਮਰੇ, ਚੋਰ ਦੀ ਮਾਂ ਮਰੇ, ਤਾਂ ਕਿ ਹੋਰ ਨਾ ਜਣੇ’’
ਇਸ ਦਾ ਮਤਲਬ ਇਹ ਹੈ ਸਾਡੇ ਕੀਤੇ ਦਾ ਫਲ ਮਾਂ ਨੂੰ ਵੀ ਭੁਗਤਨਾ ਪੈਂਦਾ ਹੈ।
ਪਰ ਧੰਨ ਹਨ ਉਹ ਮਾਵਾਂ ਜਿਹਨਾਂ ਦੇ ਪੁੱਤਰਾ ਨੇ ਸੰਸਾਰ ਨੂੰ ਜਿਉਣ ਦਾ ਰਸਤਾ ਵਿਖਾ ਦਿੱਤਾ। ਮਾਤਾ ਤ੍ਰਿਪਤਾ ਨੂੰ ਕਰੋੜ ਵਾਰ ਧੰਨ ਧੰਨ ਆਖੀਏ, ਫਿਰ ਵੀ ਸਬਰ ਨਹੀਂ ਆਉਂਦਾ, ਜਿਸ ਨੇ ਗੁਰੂ ਨਾਨਕ ਵਰਗੇ ਰੂਹਾਨੀ ਸਪੁੱਤਰ ਨੂੰ ਜਨਮ ਦੇ ਕੇ, ਇਸ ਸੰਸਾਰ ਦੀ ਅੰਧਵਿਸ਼ਵਾਸ਼ ਵਾਲੀ ਅਗਨੀ ਤੋਂ ਬਚਾਓ ਦਾ ਰਸਤਾ ਖੋਲਿਆ। ਗੁਰੂ ਇਤਿਹਾਸ ਵਿੱਚ ਮਾਵਾਂ ਦੀ ਕਰਨੀ ਇਕ ਤੋਂ ਵੱਧਕੇ ਇਕ ਦਰਜ਼ ਹੈ, ਛੋਟੇ ਜਿਹੇ ਲੇਖ ਵਿੱਚ ਤਾਂ ਉਹਨਾਂ ਸਾਰੀਆਂ ਮਾਵਾਂ ਦੇ ਨਾਮ ਹੀ ਦਰਜ਼ ਨਹੀਂ ਹੋ ਸਕਦੇ, ਜਿਹਨਾਂ ਦੇ ਜਾਇਆਂ ਨੇ ਹਕੂਮਤਾਂ ਦੇ ਤੇਵਰ ਬਦਲ ਦਿੱਤੇ, ਇਤਿਹਾਸ ਦੇ ਪੰਨਿਆਂ ਨੂੰ ਅਜਿਹਾ ਸ਼ਿੰਗਾਰਿਆ, ਕਿ ਰਹਿੰਦੀ ਦੁਨੀਆਂ ਤੱਕ, ਉਹਨਾਂ ਦੀ ਦਿੱਖ ਸੂਰਜ ਵਾਂਗੂੰ ਚਮਕਦੀ ਰਹੇਗੀ। ਗੁਰੂ ਤੋਂ ਗੁੜ੍ਹਤੀ ਲੈ ਕੇ ਸਿੱਖਾਂ ਦੀਆਂ ਮਾਵਾਂ ਨੇ, ਉਹਨਾਂ ਦੇ ਨਕਸ਼ੇ ਕਦਮਾਂ ਉੱਤੇ ਚੱਲਦਿਆਂ, ਆਪਣੇ ਸਬਰ ਦੀ ਕਰਦੀ ਪ੍ਰੀਖਿਆ ਦਿੱਤੀ, ਜਿਸ ਵਿੱਚ ਉਹਨਾਂ ਨੇ ਧਰਮ ਕਰਮ ਪ੍ਰਧਾਨ ਮੰਨਦਿਆਂ, ਆਪਣੀ ਸੰਤਾਨ ਭਾਵ ਜਿਗਰ ਦੇ ਟੁਕੜਿਆਂ ਦੇ ਟੋਟੇ ਟੋਟੇ ਕਰਵਾ ਕੇ, ਇੱਕ ਅਜਿਹਾ ਇਤਿਹਾਸ ਸਿਰਜ ਦਿੱਤਾ, ਕਿ ਸਿੱਖ ਦਿਨ ਵਿੱਚ ਜਿੰਨੀ ਵਾਰ ਮਰਜ਼ੀ ਅਰਦਾਸ ਕਰਨ, ਤਾਂ ਉਹ ਉਹਨਾਂ ਮਾਵਾਂ ਦੀ ਕਮਾਈ ਨੂੰ ਯਾਦ ਕਰਦੇ ਹਨ। ਮਾਂ ਨੇ ਹੀ ਬਾਬਾ ਸ਼ੇਖ ਫਰੀਦ ਜੀ ਨੂੰ, ਸੱਕਰ ਦਾ ਲਾਲਚ ਦੇ ਕੇ, ਅਜਿਹਾ ਭਗਤੀ ਰਸ ਭਰ ਦਿੱਤਾ ਕਿ ਬਾਬਾ ਫਰੀਦ ਦੇ ਨਾਲ ਉਹਨਾਂ ਦੀ ਮਾਂ ਵੀ ਪੂਰ ਚੜ੍ਹ ਗਈ।
ਗੁਰੂ ਇਤਿਹਾਸ ਜਾਂ ਸਿੱਖ ਵਿਰਸੇ ਨੂੰ ਮਾਨ ਹੈ ਕਿ ਜਿੰਨੇ ਵੀ ਵਡੇਰਿਆਂ ਨੇ ਸੁਨਹਿਰੀ ਪੂਰਨੇ ਪਾਏ, ਉਹਨਾਂ ਸਾਰਿਆਂ ਨੇ ਹੀ ਮਾਂ ਦੇ ਪੇਟੋਂ ਜਨਮ ਲਿਆ ਹੈ, ਕਿਸੇ ਇੱਕ ਦੀ ਵੀ ਅਜਿਹੀ ਕਹਾਣੀ ਨਹੀਂ ਕਿ ਉਹ ਕਿਸੇ ਦੇ ਪਸੀਨੇ ਦੀ ਬੂੰਦ ਵਿਚੋਂ ਜਾਂ ਕਿਸੇ ਦੇ ਕੰਨ ਵਿੱਚ ਫੂਕ ਮਾਰਨ ਨਾਲ ਜਨਮ ਲਿਆ ਹੋਵੇ। ਸਮਕਾਲੀ ਮਿਥਿਹਾਸ ਵਿੱਚ ਤਾਂ ਮਤਰੇਈਆਂ ਮਾਵਾਂ ਵੱਲੋਂ ਆਪਣੇ ਪਤੀ ਦੀ ਸੰਤਾਨ ਨੂੰ ਘਰੋਂ ਨਿਕਾਲੇ ਤੱਕ ਦੇ ਦੇਣ ਦੀਆਂ ਕਥਾਵਾਂ ਦਰਜ਼ ਹਨ ਅਤੇ ਇਹ ਵੀ ਗੌਰਵ ਵਾਲੀ ਗੱਲ ਹੈ ਕਿ ਸਿੱਖ ਇਤਿਹਾਸ ਵਿੱਚ ਕੋਈ ਇੱਕ ਵੀ ਮਾਂ ਅਜਿਹੀ ਨਜਰ ਨਹੀਂ ਆਉਂਦੀ, ਜਿਸ ਨੇ ਆਪਣੇ ਬੱਚੇ ਨੂੰ, ਖੁਦਾ ਦੇ ਬਨਾਏ ਅਸੂਲਾਂ ਦੀ ਸਲਾਮਤੀ ਵਾਸਤੇ, ਆਪਾ ਕੁਰਬਾਨ ਕਰਨ ਤੋਂ ਰੋਕਿਆ ਹੋਵੇ, ਸਗੋਂ ਹੱਸ ਹੱਸ ਕੇ ਪੁੱਤਰਾਂ ਨੂੰ ਅਜਿਹਾ ਕਰਨ ਦੀ ਤਕੀਦ ਕੀਤੀ ਅਤੇ ਹੌਂਸਲਾ ਵੀ ਦਿੱਤਾ। ਇਸ ਕਰਕੇ ਸਿੱਖਾਂ ਦੀਆਂ ਮਾਵਾਂ, ਅੱਜ ਮਾਂ ਦਿਵਸ ਉੱਤੇ ਖਾਸ ਸਤਿਕਾਰ ਦੀਆਂ ਹੱਕਦਾਰ ਹਨ, ਪਰ ਸਿਰਫ ਇਤਿਹਾਸ ਵਿਚਲੀਆਂ ਮਾਵਾਂ ਨੂੰ ਸਤਿਕਾਰ ਭੇਂਟ ਕਰ ਦੇਣ ਨਾਲ ਜਾਂ ਯਾਦ ਕਰ ਲੈਣ ਨਾਲ ਉਹਨਾਂ ਮਾਵਾਂ ਦੇ ਆਸ਼ਿਆਂ ਦੀ ਪੂਰਤੀ ਨਹੀਂ ਹੁੰਦੀ।
ਅੱਜ ਵੀ ਮਾਵਾਂ ਹਨ, ਜਿਹਨਾਂ ਦੇ ਬੱਚੇ ਆਪਣਾ ਆਪ ਸਾਬਤ ਨਹੀਂ ਰੱਖ ਸਕੇ ਨਾ ਕਿਸੇ ਦੇ ਪੱਲੇ ਸਿੱਖੀ ਰਹੀ ਹੈ, ਨਾ ਸਿੱਖੀ ਸੰਸਕਾਰ ਬਚੇ ਹਨ, ਸਗੋਂ ਨਸ਼ਿਆਂ ਦੀ ਇਲਤ ਵਿੱਚ ਫਸ ਕੇ ਲਾਹਨਤੀ ਬਣ ਗਿਆ ਹੈ, ਹੋਰ ਤਾਂ ਹੋਰ ਆਪਣੇ ਮਾਤਾ ਪਿਤਾ ਦੀ ਸੇਵਾ ਤੋਂ ਵੀ ਮੁਨਕਰ ਹੋ ਗਿਆ ਹੈ। ਆਪਣੀ ਜਨਨੀ ਦੇ ਬੁਢਾਪੇ ਵਾਸਤੇ ਬਿਰਧ ਆਸ਼ਰਮ ਵਿੱਚ ਕਮਰੇ ਦੇਖਦਾ ਫਿਰਦਾ ਹੈ। ਤਿਲ ਤਿਲ ਜੋੜਕੇ, ਮਹਿੰਗੀਆਂ ਪੜ੍ਹਾਈਆਂ ਕਰਵਾ ਕੇ, ਅੱਜ ਮਾਂ ਉਸ ਪੁੱਤ ਦੇ ਸਹਾਰੇ ਨੂੰ ਤਰਸਦੀ ਹੈ। ਕੋਈ ਵਿਦੇਸ਼ ਬੈਠਾ ਹੈ, ਮਾਂ ਇਧਰ ਰੁਲਦੀ ਹੈ, ਜਦੋਂ ਮਰ ਜਾਂਦੀ ਹੈ, ਫਿਰ ਭੋਗ ਉੱਤੇ ਵੱਡਾ ਇਕੱਠ ਕਰਕੇ, ਮੇਰੇ ਵਰਗੇ ਕਿਸੇ ਭਾੜੇ ਦੇ ਬੁਲਾਰੇ ਤੋਂ, ਗੁਰੂ ਸਾਹਿਬ ਦੇ ਹਜੂਰੀ ਵਿੱਚ ਝੂਠ ਬੁਲਵਾਉਂਦਾ ਹੈ ਕਿ ਮਾਤਾ ਜੀ ਬੜੇ ਅਨੰਦ ਵਿੱਚ ਜੀਵਨ ਬਸਰ ਕਰਕੇ ਗਏ ਹਨ, ਪਰ ਜਿਉਂਦੇ ਜੀ ਆਪਣੀ ਉਮਰ ਦੇ ਓਨੇ ਪਲ ਤਾਂ ਆਪਣੀ ਮਾਂ ਨੂੰ ਦਿੱਤੇ ਜਾਣ, ਜਿੰਨੇ ਉਸ ਨੇ ਜਨਮ ਤੋਂ ਲੈ ਕੇ ਤੁਹਾਨੂੰ ਦਿੱਤੇ ਹਨ।
ਪਰ ਅੱਜ ਮਾਂ ਦਿਵਸ ਉੱਤੇ ਕਿਹੜੀ ਮਾਂ ਨੂੰ, ਕਿਹੜਾ ਪੁੱਤਰ ਕੁੱਝ ਦੇਣ ਦੇ ਕਾਬਿਲ ਹੈ, ਕੀਹ ਹੈ ਸਾਡੇ ਕੋਲ ਆਪਣੀ ਮਾਂ ਨੂੰ ਮਾਂ ਦਿਵਸ ਉੱਤੇ ਭੇਂਟ ਕਰਨ ਲਈ? ਜੇ ਹੈ ਤਾਂ ਰਿਸ਼ਵਤਾਂ ,ਨਜਾਇਜ ਕਬਜਿਆਂ ,ਲੋਕਾਂ ਦੇ ਹੱਕ ਖੋਹ ਕੇ, ਮਿਲਾਵਟ ਕਰਕੇ, ਨਕਲੀ ਚੀਜਾਂ ਵੇਚਕੇ, ਇਕੱਠੇ ਕੀਤੇ ਧਨ ਨਾਲ ਬਣਾਇਆ ਵੱਡਾ ਆਲੀਸ਼ਾਨ ਬੰਗਲਾ ਜਾਂ ਲਗਜਰੀ ਕਾਰ, ਪਰ ਸ਼ੋਹਰਤ ਕਿੱਥੇ ਹੈ, ਜਿਹੜੀ ਮਾਂ ਨੇ ਕਦੇ ਤੁਹਾਨੂੰ ਗਰਭ ਵਿੱਚ ਰੱਖਦਿਆਂ, ਆਪਣੇ ਮਨ ਅੰਦਰ ਕਲਪਨਾ ਕੀਤੀ ਸੀ, ਕਦੇ ਬਾਬੇ ਨਾਨਕ ਦੀ ਤਸਵੀਰ ਵੇਖ ਕੇ ਚਿਤਵਿਆ ਸੀ, ਹੇ ਬਾਬਾ ਮੇਰਾ ਪੁੱਤਰ ਦੇ ਨਕਸ਼ੇ ਕਦਮਾਂ ਉਤੇ ਚੱਲਣ ਵਾਲਾ ਪੈਦਾ ਹੋਵੇ, ਪਰ ਅੱਜ ਦੀ ਮਾਂ ਦਾ ਪੁੱਤਰ ਤਾਂ ਚਿੱਟੇ ਦੀਆਂ ਪੁੜੀਆਂ ਵੇਚ ਕੇ, ਕਿਸੇ ਮਾਂ ਦੇ ਪੁੱਤਰਾਂ ਦੇ ਭਵਿੱਖ ਵਿਚ ਜਹਿਰ ਘੋਲ ਰਿਹਾ ਹੈ। ਚਿੱਟੇ ਦੀ ਕਮਾਈ ਨਾਲ, ਫੁੱਲਾਂ ਦਾ ਮਹਿੰਗਾ ਗੁਲਦਸਤਾ ਬਜਾਰੋਂ ਖਰੀਦਕੇ, ਸਵੇਰੇ ਸਵੇਰੇ ਆਖੇਗਾ ‘‘ਹੈਪੀ ਮਦਰ ਡੇ ਮੌਮ’’, ਲੇਕਿਨ ਮਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਇਸ ਅਮੀਰਜ਼ਾਦੇ ਨੇ ਚਿੱਟੇ ਦੀਆਂ ਪੁੜੀਆਂ ਵੇਚ ਵੇਚਕੇ, ਕਿੰਨੀਆਂ ਮਾਂਵਾਂ ਨੂੰ ਅਗਲੇ ਸਾਲ, ‘‘ਹੈਪੀ ਮਦਰ ਡੇ’’ ਆਖਣ ਵਾਲਿਆਂ ਤੋਂ ਵਾਂਝੇ ਕਰ ਦੇਣਾ ਹੈ।
ਇਸ ਵਾਸਤੇ ਆਓ ਜੇ ਅੱਜ ਮਾਂ ਨੂੰ ਸੱਚੀਂ ਮਾਂ ਦਿਵਸ ਮੁਬਾਰਿਕ ਆਖਣਾ ਹੈ ਤਾਂ ਪਹਿਲਾਂ ਨੇਕ ਸਪੁੱਤਰ ਬਨਣ ਦਾ ਯਤਨ ਕਰੀਏ। ਮਾਂ ਸਿਰਫ ਆਪਣੀ ਹੀ ਨਹੀਂ ਹਰ ਮਾਂ ਬਾਰੇ ਸੋਚੋ, ਮਾਂ ਮਾਸ ਦੀ ਔਰਤ ਨਹੀਂ ਹੈ, ਮਾਂ ਇੱਕ ਰੁੱਤਬਾ ਹੈ , ਮਾਂ ਇੱਕ ਸਤਿਕਾਰ ਹੈ ,ਮਾਂ ਇੱਕ ਤੀਰਥ ਹੈ, ਇਸ ਨੂੰ ਮੈਲਾ ਨਾ ਕਰੀਏ। ਜਿਸ ਨਾਲ ਸਾਡੀ ਮਾਂ ਨੂੰ ਮੁੰਹ ਲਕੋਣਾ ਪਵੇ, ਉਨ੍ਹਾਂ ਕੰਮਾਂ ਤੋਂ ਤੋਬਾ ਕਰੀਏ, ਪਰ ਨਾਲ ਹੀ ਆਪਣੀਆਂ ਮਾਵਾਂ ਨੂੰ ਵੀ ਇਕ ਦਰਦ ਭਰੀ ਅਪੀਲ ਕਰਦਾ ਹਾ ਕਿ ਤੁਸੀਂ ਵੀ ਵਿਰਸੇ ਸੰਭਾਲੋ, ਜੇ ਜੰਗਲ ਵਰਗੀ ਦੁਨੀਆਂ ਵਿੱਚ ਬਾਬਾ ਫਰੀਦ ਦੀ ਮਾਂ ਪੁੱਤ ਨੂੰ ਮਹਾਨ ਬਣਾ ਸਕਦੀ ਹੈ, ਜੇ ਧਰੂ ਭਗਤ ਦੀ ਮਾਂ ਦੀ ਸਿੱਖਿਆ ਵਿੱਚ ਬਲ ਹੈ, ਤੇ ਫਿਰ ਮਾਤਾ ਸਾਹਿਬ ਕੌਰ ਨੂੰ ਯਾਦ ਕਰਕੇ ਅੱਜ ਤੁਸੀਂ ਵੀ ਆਪਣੇ ਆਪ ਨੂੰ ਉਥੇ ਲਿਆਓ, ਜਿੱਥੋਂ ਸੰਸਾਰ ਦੀ ਨੀਹ ਤੁਰਦੀ ਹੈ। ਤੁਹਾਡੇ ਹੱਥ ਵਿੱਚ ਜਦੋਂ ਕੜ੍ਹਛੀ ਹੋਵੇ ਤਾਂ ਤੁਹਾਡੀ ਰਸਨਾਂ ਉਤੇ ਜਪੁਜੀ ਸਾਹਿਬ ਜਾਂ ਸੋਦਰ ਦੀ ਬਾਣੀ ਦਾ ਰਸ ਹੋਣਾ ਚਾਹੀਦਾ ਹੈ, ਨਾ ਕਿ ਜੋਧਾ ਅਕਬਰ ਜਾਂ ਕੋਈ ਹੋਰ ਟੀ.ਵੀ ਲੜੀਵਾਰ ਵੱਲ ਨਿਗਾ ਹੋਣੀ ਚਾਹੀਦੀ ਹੈ।
ਅੱਜ ਰੋਟੀ ਤਾਂ ਬੇਸ਼ਕ ਤਵੇ ਉਤੇ ਸੜ ਜਾਵੇ, ਪਰ ਟੀ.ਵੀ. ਸੀਰੀਅਲ ਦਾ ਕੋਈ ਸੀਨ ਦੇਖੇ, ਬਿਨ੍ਹਾਂ ਨਾ ਰਹਿ ਜਾਵੇ, ਜੇ ਅੱਜ ਦੀ ਮਾਂ ਕੁਦਰਤ ਵੱਲੋਂ ਦਿੱਤੇ ਰੂਪ ਨੂੰ ਨਕਾਰਕੇ, ਆਪਣੀ ਧੀ ਨੂੰ ਖੂਬਸੂਰਤ ਬਣਾਉਣ ਵਾਸਤੇ, ਖੁਦ ਬਿਉਟੀ ਪਾਰਲਰ ਲੈ ਕੇ ਜਾਂਦੀ ਹੈ ਤਾਂ ਉਹਨਾਂ ਧੀਆਂ ਦੇ ਪੇਟੋ ਕਿਸੇ ਭਗਤ ਕਬੀਰ ਦੇ ਜਨਮ ਦੀ ਆਸ ਨਾ ਕਰੇ, ਇਸ ਲਈ ਅੱਜ ਮਾਂ ਦਿਵਸ ਉੱਤੇ ਮਾਤਾ ਤਰਿਪਤਾ ਜੀ, ਮਾਤਾ ਖੀਵੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਭਾਗੋ ਜੀ ਵਰਗੀਆਂ ਮਹਾਨ ਮਾਤਾਵਾਂ ਨੂੰ ਯਾਦ ਕਰੋ ਅਤੇ ਉਹਨਾਂ ਵਰਗਾ ਸਤਿਕਾਰ ਬਣਾਉਣ ਵਾਸਤੇ ਆਪਣੇ ਪੁੱਤਰਾਂ ਧੀਆਂ ਨੂੰ ਸੰਭਾਲੋ, ਫਿਰ ਹੀ ਮਾਂ ਦਿਵਸ ਉੱਤੇ ਮਾਤਾ ਅਤੇ ਸੰਤਾਨ ਦਾ ਆਪਸ ਵਿੱਚ ਵਧਾਈਆਂ ਦੇਣ ਜਾਂ ਸਤਿਕਾਰ ਭੇਟ ਕਰਨ ਦਾ ਮਕਸਦ ਪੂਰਾ ਹੋ ਸਕਦਾ ਹੈ।
ਗੁਰੂ ਰਾਖਾ !!
ਗੁਰਿੰਦਰਪਾਲ ਸਿੰਘ ਧਨੌਲਾ
93161 76519