-: ਗੁਰਦੁਆਰਾ ਟਰਲਕ, ਕੈਲੇਫੋਰਨੀਆਂ ਵਿੱਖੇ ਹੋਏ ਸੰਵਾਦ ਬਾਰੇ-2:-
ਮੇਰਾ ਵਿਚਾਰ ਵਟਾਂਦਰੇ ਦਾ ਮੁਖ ਵਿਸ਼ਾ ਆਮ ਤੌਰ ਤੇ ਗੁਰਬਾਣੀ-ਵਿਚਾਰ ਹੀ ਹੁੰਦਾ ਹੈ ਇਸ ਲਈ ਕੈਲੇਫੋਰਨੀਆ ਦੇ ਗੁਦੁਆਰੇ ਵਿਖੇ ਹੋਏ ਸੰਵਾਦ ਬਾਰੇ ਮੈਂ ਗੁਰਬਾਣੀ ਸੰਬੰਧੀ ਹੀ ਵਿਚਾਰ ਪੇਸ਼ ਕੀਤੇ ਸਨ।ਸਿੱਖ ਰਹਿਤ ਮਰਿਆਦਾ ਅਤੇ ਦਸਮ ਗ੍ਰੰਥ ਬਾਰੇ ਵਿਚਾਰ ਛੱਡ ਦਿੱਤੇ ਸਨ।ਪਰ ਮੈਂ ਮਹਿਸੂਸ ਕੀਤਾ ਹੈ ਕਿ ਇਨ੍ਹਾਂ ਵਿਸ਼ਿਆਂ ਬਾਰੇ ਵੀ ਆਪਣੀ ਸਮਝ ਮੁਤਾਬਕ ਕੁੱਝ ਵਿਚਾਰ ਪੇਸ਼ ਕਰਾਂ।
ਇਹ ਠੀਕ ਹੈ ਕਿ ਸ: ਧੁੰਦਾ ਨੇ ਰਹਿਤ ਮਰਿਆਦਾ ਅਤੇ ਦਸਮ ਗ੍ਰੰਥ ਬਾਰੇ ਸਪੱਸ਼ਟ ਗੱਲ ਨਹੀਂ ਕੀਤੀ।ਪਰ ਮੈਂ ਸਮਝਦਾ ਹਾਂ ਕਿ ਇਨ੍ਹਾਂ ਵਿਸ਼ਿਆਂ ਬਾਰੇ ਸਪੱਸ਼ਟ ਗੱਲ ਹੋ ਹੀ ਨਹੀਂ ਸਕਦੀ।ਇਸ ਦਾ ਕਾਰਣ ਹੈ ਕਿ ਜਿਸ ਅਕਾਲ ਤਖਤ ਤੋਂ ਸਿੱਖ ਜਗਤ ਨਾਲ ਸੰਬੰਧਤ ਹੁਕਮਨਾਮੇ ਜਾਰੀ ਹੁੰਦੇ ਹਨ ਉਹ ਸਪੱਸ਼ਟ ਅਤੇ ਸਿੱਖ ਪੰਥ ਦੇ ਹਿੱਤ ਵਿੱਚ ਜਾਰੀ ਨਹੀਂ ਹੋ ਰਹੇ।ਗੁਰੂ ਸਾਹਿਬ ਦੇ ਬਖਸ਼ੇ ਅਕਾਲ ਤਖਤ ਦੀ ਦੁਰ ਵਰਤੋਂ ਹੋ ਰਹੀ ਹੈ।ਜਿਸ ‘ਅਕਾਲ ਤਖਤ’ ਤੋਂ ਸਿੱਖਾਂ ਦੀ ਚੜ੍ਹਦੀ ਕਲਾ ਦੀ ਸੇਧ ਦੇਣ ਵਾਲੇ ਸੰਦੇਸ਼ ਜਾਰੀ ਹੋਣੇ ਚਾਹੀਦੇ ਹਨ, ਉਥੋਂ ਪੰਥ ਦਾ ਬੇੜਾ ਡੋਬਣ ਵਾਲੀਆਂ ਗਤੀ ਵਿਧੀਆਂ ਹੋ ਰਹੀਆਂ ਹਨ।ਉਥੋਂ ਗੁਰ-ਇਤਿਹਾਸ ਨੂੰ ਵਗਾੜਿਆ ਜਾ ਰਿਹਾ ਹੈ।ਉਥੋਂ ਗੁਰੂ ਸਾਹਿਬ ਨੂੰ ਅਸ਼ਲੀਲ ਅਤੇ ਘਟੀਆ ਆਚਰਣ ਵਾਲੇ ਸਾਬਤ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਰਹਿਤ ਮਰਿਆਦਾ ਵਿੱਚ ਸਾਫ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ।ਇਸ ਦੇ ਬਾਵਜੂਦ ਕਈ ਥਾਈਂ ਐਸਾ ਹੋ ਰਿਹਾ ਹੈ ਅਤੇ ਅਖੌਤੀ ਜੱਥੇਦਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ।ਸੋ ਜਿੰਨੀ ਦੇਰ ਅਕਾਲ ਤਖਤ ਤੋਂ ਗੰਦੀ ਸਿਆਸਤ ਦੇ ਦਬਾਵ ਹੇਠਾਂ ਸਿੱਖ-ਵਿਰੋਧੀ ਅਤੇ ਸਿੱਖ-ਮਾਰੂ ਗਤੀਵਿਧੀਆਂ ਹੁੰਦੀਆਂ ਰਹਿਣਗੀਆਂ ਓਨੀਂ ਦੇਰ ਰਹਿਤ ਮਰਿਆਦਾ ਅਤੇ ਦਸਮ ਗ੍ਰੰਥ ਸੰਬੰਧੀ ਸਪੱਸ਼ਟ ਵਿਚਾਰ ਨਹੀਂ ਦਿੱਤੇ ਜਾ ਸਕਦੇ।
ਜਸਬੀਰ ਸਿੰਘ ਵਿਰਦੀ 09-05-2015