‘ਸਧਾਰਨ ਬਨਾਮ ਗੰਭੀਰ ਬਿਮਾਰੀਆਂ’
ਜਿਸ ਵੇਲੇ ਸਾਧਾਰਨ ਜ਼ੁਕਾਮ ਨਾਲ ਪੀੜਤ ਵਿੱਯਕਤੀ ਕਿਸੇ ਡਾਕਟਰ ਪਾਸ ਜਾਏ ਤਾਂ ਜ਼ੁਕਾਮ ਪ੍ਰਤੀ ਡਾਕਟਰ ਦੀ ਪ੍ਰਤੀਕ੍ਰਿਆ ਵੀ ਸਾਧਾਰਨ ਜਿਹੀ ਹੁੰਦੀ ਹੈ।ਪਰ ਜਿਸ ਵੇਲੇ ਕਿਸੇ ਅਤਿ ਗੰਭੀਰ ਬਿਮਾਰੀ ਦੇ ਪੁਖ਼ਤਾ ਲੱਛਣਾਂ ਯੁੱਕਤ ਬੰਦਾ ਕਿਸੇ ਡਾਕਟਰ ਪਾਸ ਜਾਏ ਤਾਂ ਡਾਕਟਰ ਦੀ ਪ੍ਰਤੀਕ੍ਰਿਆ ਵੀ ਗੰਭੀਰ ਹੁੰਦੀ ਹੈ। ਬਿਮਾਰੀ ਜ਼ੁਕਾਮ ਵੀ ਹੈ ਅਤੇ ਕੈਂਸਰ ਵੀ, ਫ਼ਰਕ ਗੰਭੀਰਤਾ ਦਾ ਹੈ।ਯਾਨੀ ਕਿ ਇਕ ਸਾਧਾਰਨ ਬਿਮਾਰੀ ਹੈ ਅਤੇ ਦੂਜੀ ਜਾਨ ਲੇਵਾ! ਪਰ ਉਹ ਡਾਕਟਰ ਕੈਸਾ ਡਾਕਟਰ ਹੋਵੇਗਾ ਜੋ ਕਿ ਜ਼ੁਕਾਮ ਪ੍ਰਤੀ ਗੰਭੀਰ ਹੋਵੇ ਪਰ ਕੈਂਸਰ ਪ੍ਰਤੀ ਲਾਪਰਵਾਹ? ਜਾਂ ਫਿਰ ਉਹ ਡਾਕਟਰ ਕੈਸਾ ਹੋਵੇਗਾ ਜੋ ਜ਼ੁਕਾਮ ਦੀ ਰੋਕਥਾਮ ਦਾ ਯਤਨ ਕਰਦਾ ਆਪ ਕੈਂਸਰ ਫੈਲਾਉਣ ਲੱਗਾ ਹੋਵੇ?
ਮਿਸ਼ਨਾਂ ਨਾਲ ਸਬੰਧਤ ਪ੍ਰਚਾਰਕ ਵੀ ਜੇ ਕਰ (ਮਿਸਾਲ ਵਜੋਂ) ਡਾਕਟਰ ਸਮਝ ਲਏ ਜਾਣ ਤਾਂ ਇਤਨਾ ਵਿਚਾਰ ਕਰਨਾ ਬਣਦਾ ਹੈ ਕਿ ਕਿਸੇ ਸਮੱਸਿਆ ਅਤੇ ਉਸਦੇ ਇਲਾਜ ਪ੍ਰਤੀ ਉਹ ਕਿਤਨੀ ਕੁ ਗੰਭੀਰਤਾ ਰੱਖਦੇ ਹਨ? ਬਿੰਦੀ ਜਾਂ ਵਰਤ ਪੁਰ ਤਾਂ ਇਹ ਪ੍ਰਚਾਰਕ ਸਤਵਾਂ ਅਸਮਾਨ ਚੁੱਕ ਲੈਂਦੇ ਹਨ, ਪਰ ਜੇ ਕਰ ਇਨ੍ਹਾਂ ਵਿੱਚੋਂ ਹੀ ਕੋਈ ਗੁਰਬਾਣੀ ਲਿਖਤ ਨਾਲ ਨਿਰੰਤਰ ਛੇੜਛਾੜ ਕਰਦਾ ਜਾਏ ਤਾਂ ਇਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਨਾਲੋਂ ਜ਼ੁਕਾਮ ਜ਼ਿਆਦਾ ਖ਼ਤਰਨਾਕ ਨਜ਼ਰ ਆਉਂਦਾ ਹੈ! ਐਸਾ ਕਿਉਂ?
ਦੀਵਾ, ਤੇਲ ਬੱਤੀ ਧੁਪ ਨਾਰਿਅਲ ਆਦਿ ਦਾ ਵਿਰੋਧ ਜ਼ਰੂਰੀ ਹੈ ਪਰ ਕੀ ਗੁਰਬਾਣੀ ਨਾਲ ਛੇੜਖ਼ਾਨੀ ਦਾ ਵਿਰੋਧ ਜ਼ਰੂਰੀ ਨਹੀਂ? ਜ਼ੁਕਾਮ ਦੀ ਰੋਕਥਾਮ ਦਾ ਢੋਲ ਵਜਾਉਂਦੇ ਖ਼ੁਦ ਗੰਭੀਰ ਬਿਮਾਰੀਆਂ ਉੱਤਪੰਨ ਕਰਨਾ ਕਿਸ ਕਿਸਮ ਦਾ ਮਿਸ਼ਨ ਹੈ? ਇਸ ਵਿਚ ਕਿਸਦੀ ਚੜਦੀ ਕਲਾ ਹੈ? ਕਿਸੇ ਵਿਯੱਕਤੀ ਦੀ ਜਾਂ ਕਿਸੇ ਸੰਸਥਾ ਦੀ ?
ਸਮਾਂ ਆਏਗਾ ਜਿਸ ਵੇਲੇ ਭਿਆਨਕ ਬਿਮਾਰੀਆਂ ਫੈਲਾਉਂਦੇ ਅਜਿਹੇ ਪ੍ਰਚਾਰਕਾਂ ਤੋਂ ਜ਼ੁਕਾਮ ਦੇ ਮਰੀਜ਼ ਹੀ ਐਸੇ ਸਵਾਲ ਪੁੱਛਣ ਗੇ, ਕਿਉਂਕਿ ਬਹੁਤੇ “ਸਿਆਣੇਆਂ” ਦੀ ਬੋਲਤੀ ਤਾਂ ਫਿਲਹਾਲ ਬੰਦ ਹੈ।
ਹਰਦੇਵ ਸਿੰਘ,ਜੰਮੂ-13.05.2015