ਗੁਰਬਾਣੀ ਨੂੰ ਸਮਝਣ ਦੀ ਲੋੜ ਹੈ ਤਰਕ-ਵਿਤਰਕ ਦੀ ਨਹੀਂ !
ਅੱਜ-ਕਲ ਸਿੱਖ ਵਿਦਵਾਨ ਏਨੇ ਸਿਆਣੇ ਹੋ ਗਏ ਹਨ ਕਿ ਗੁਰਮਤਿ ਦੀ ਵਿਆਖਿਆ ਕਰਨ ਲਈ ਵੀ ਉਨ੍ਹਾਂ ਨੂੰ ਗੁਰਬਾਣੀ ਪੜ੍ਹਨ ਦੀ ਲੋੜ ਨਹੀਂ ਪੈਂਦੀ । ਤਕਰੀਬਨ ਵੀਹਾਂ ਕੁ ਸਾਲਾਂ ਤੋਂ ਵਿਦਵਾਨਾਂ ਨੇ ਇਕ ਨਵਾਂ ਹੀ ਸ਼ੋਸ਼ਾ ਛੱਡਿਆ ਹੋਇਆ ਹੈ ਕਿ ਗੁਰਮਤਿ ਅਨੁਸਾਰ ਮਰਨ ਮਗਰੋਂ ਦੁਬਾਰਾ ਕੋਈ ਜਨਮ ਨਹੀਂ ਹੁੰਦਾ, ਨਾ ਹੀ ਕੋਈ ਲੇਖਾ ਦੇਣਾ ਪੈਂਦਾ ਹੈ। ਪਿਛਲੇ 20-22 ਸਾਲਾਂ ਵਿਚ ਇਸ ਵਿਚਾਰ ਦੇ ਵਿਦਵਾਨਾਂ ਦੀ ਗਿਣਤੀ , ਸਿੱਖ ਵਿਦਵਾਨਾਂ ਵਿਚ 90% ਤੋਂ ਵੱਧ ਹੋ ਚੁੱਕੀ ਹੈ, ਪਰ ਮਜ਼ੇ ਦੀ ਗੱਲ ਇਹ ਹੈ ਕਿ ਇਸ ਦੌਰਾਨ ਇਨ੍ਹਾਂ ਵਿਦਵਾਨਾਂ ਵਿਚੋਂ ਕਿਸੇ ਇਕ ਨੇ ਵੀ ਇਸ ਨੂੰ ਸਾਬਤ ਕਰਨ ਲਈ ਗੁਰਬਾਣੀ ਵਿਚਲੇ ਕਿਸੇ ਪੂਰੇ ਇਕ ਸ਼ਬਦ ਦੀ ਵੀ ਵਿਆਖਿਆ ਪੇਸ਼ ਨਹੀਂ ਕੀਤੀ। ਬੱਸ ਕਿਤਿਉਂ ਇਕ-ਅੱਧੀ ਤੁਕ ਲੈ ਕੇ, ਉਸ ਦੁਆਲੇ ਆਪਣੀ ਮਨ-ਮਤ ਦਾ ਜਾਲ ਬੁਣ ਕੇ ਪਰਚਾਰ ਕੀਤਾ ਜਾਂਦਾ ਹੈ। ਵਿਚ-ਵਿਚ ਗੱਲਾਂ ਚੱਲਣ ਤੋਂ ਇਲਾਵਾ, ਇਸ ਬਾਰੇ ਸਮਝਣ ਦਾ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ ।
21-7-2014 ਨੂੰ ਤੱਤ ਗੁਰਮਤਿ ਵਾਲਿਆਂ ਨੇ ਇਸ ਬਾਰੇ ਵਿਚਾਰ ਸਾਂਝ ਕਰਨ ਦਾ ਮਨ ਬਣਾਇਆ ਸੀ, ਪਰ ਉਨ੍ਹਾਂ ਵਲੋਂ ਸੁਝਾਇਆ ਢੰਗ ਵੀ ਬ੍ਰਾਹਮਣਾਂ ਵਲੋਂ ਵੇਦਾਂ ਬਾਰੇ ਕੀਤੇ ਜਾਂਦੇ ਤਰਕ-ਵਿਤਰਕ ਦਾ ਹੀ ਨਵਾਂ ਸੰਸਕਰਣ ਸੀ। ਜਿਸ ਤੇ ਮੈਂ ਉਨ੍ਹਾਂ ਨੂੰ ਲਿਖਿਆ ਸੀ ਕਿ ਗੁਰਬਾਣੀ, ਵਿਚਾਰ ਦਾ ਵਿਸ਼ਾ ਹੈ, ਤਰਕ-ਵਿਤਰਕ ਦਾ ਨਹੀਂ । 50-60-100 ਬੰਦੇ ਇਕੱਠੇ ਹੋ ਕੇ ਤਰਕ-ਵਿਤਰਕ ਤਾਂ ਕਰ ਸਕਦੇ ਹਨ, ਵਿਚਾਰ ਨਹੀਂ । ਗੁਰਬਾਣੀ ਨੂੰ ਵਿਚਾਰਨ ਲਈ ਇਕਾਂਤ ਅਤੇ ਸ਼ਾਂਤੀ ਦੀ ਲੋੜ ਹੁੰਦੀ ਹੈ, ਸਪੀਕਰਾਂ ਅਤੇ ਵੀਡੀਉ ਕੈਮਰਿਆਂ ਦੀ ਨਹੀਂ । ਜੇ ਵਿਚਾਰ ਕਰਨੀ ਹੈ ਤਾਂ ਲਿਖਤੀ ਰੂਪ ਵਿਚ ਗੁਰਬਾਣੀ ਦਾ ਵਿਸਲੇਸ਼ਨ ਵੈਬਸਾਈਟਾਂ ਤੇ ਪਾਇਆ ਜਾ ਸਕਦਾ ਹੈ, ਜਿਸ ਤੋਂ ਲਾਹਾ ਲੈਂਦੇ ਹਜ਼ਾਰਾਂ ਪਾਠਕ ਨਿਰਣਾ ਕਰ ਸਕਦੇ ਹਨ ਕਿ ਠੀਕ ਕੀ ਹੈ ?
ਪਰ ਕਿਸੇ ਵਲੋਂ ਵੀ ਹੁੰਗਾਰਾ ਨਾ ਮਿਲਣ ਤੇ ਮੈਂ ਇਸ ਬਾਰੇ 3-9-2014 ਨੂੰ ਇਕ ਲੇਖ ਲੜੀ “ ਗੁਰਮਤਿ ਵਿਚ ਆਵਾ-ਗਵਣ ਦਾ ਸੰਕਲਪ ” ਦੇ ਸਿਰਲੇਖ ਹੇਠ ਸ਼ੁਰੂ ਕਰ ਦਿੱਤੀ, ਜੋ ਅੱਜ ਤਕ ਨਿਰਵਿਘਨ ਚਲ ਰਹੀ ਹੈ। ਪਿਛਲੇ ਅੱਠ ਮਹੀਨੇ ਕਰੀਬ ਵਿਚ ਇਸ ਬਾਰੇ ਕਿਸੇ ਦਾ ਕੋਈ ਲੇਖ, ਕਿਸੇ ਵੀ ਵੈਬਸਾਈਟ ਤੇ ਨਹੀਂ ਆਇਆ। ਗੱਲ ਤਦ ਭਖੀ ਜਦ ਸੰਗਤਾਂ ਨੇ ਇਹ ਜਾਣਿਆ ਕਿ ਗੁਰਬਾਣੀ ਤਾਂ ਕਿਤੇ ਵੀ ਆਵਾ-ਗਵਣ ਨੂੰ ਰੱਦ ਨਹੀਂ ਕਰਦੀ ਸਵਾਂ ਇਸ ਦੀ ਪ੍ਰੋੜ੍ਹਤਾ ਕਰਦੀ ਹੈ ਤਾਂ ਉਨ੍ਹਾਂ ਇਕ ਵਿਦਵਾਨ ਵੀਰ (ਕਹੇ ਜਾਂਦੇ ਪ੍ਰੋਫੈਸਰ) ਸਰਬਜੀਤ ਸਿੰਘ ਧੂੰਦਾ ਨਾਲ ਇਸ ਬਾਰੇ ਵਿਚਾਰ-ਸਾਂਝ ਕਰਨ ਦਾ ਮਨ ਬਣਾ ਲਿਆ ਅਤੇ ਟਰਲਾਕ ਗੁਰਦਵਾਰੇ ਵਿਚ ਇਨ੍ਹਾਂ ਦੀ ਵਿਚਾਰ ਸਾਂਝ ਹੋ ਗਈ, ਜਿਸ ਵਿਚ ਸ, ਸਰਬਜੀਤ ਸਿੰਘ ਧੂੰਦਾ ਜੀ ਇਸ ਮਸਲ੍ਹੇ ਤੇ ਸਹੀ ਜਵਾਬ ਨਾ ਦੇ ਸਕੇ, ਅਤੇ ਗੁਰਦਵਾਰੇ ਦੀ ਸਟੇਜ ਛੱਡ ਕੇ ਚਲੇ ਗੲੈ।
ਸ. ਜਸਬੀਰ ਸਿੰਘ ਵਿਰਦੀ ਜੀ ਨੇ ਵੀ ਵੀਰ ਭੁਪਿੰਦਰ ਸਿੰਘ ਜੀ ਯੂ.ਕੇ. ਅਤੇ ਪ੍ਰਿੰ. ਗੁਰਬਚਨ ਸਿੰਘ ਜੀ ਪੰਨੂਆ ਦੀ ਵਿਆਖਿਆ ਬਾਰੇ ਕੁਝ ਸਵਾਲ ਉਠਾਏ । ਜੋ ਇਸ ਵਿਚਾਰ ਦੇ ਵੀਰਾਂ ਨੂੰ ਰਾਸ ਨਹੀਂ ਆਏ, ਤਾਂ ਉਹ ਮੈਦਾਨ ਵਿਚ ਨਿੱਤਰੇ ਹਨ । ਇਵੇਂ ਇਹ ਲੇਖ ਲਿਖਣ ਦਾ ਮੁੱਢ ਬੱਝਾ, ਆਉ ਵਿਚਾਰ ਕਰਦੇ ਹਾਂ ।
1. ਵੀਰ ਗੁਰਸੇਵਕ ਸਿੰਘ ਮਦਰੱਸਾ ਜੀ ਨੇ 4-5-2015 ਨੂੰ ਦਿੱਲੀ ਵਿਖੇ, ਸ. ਗੁਰਬਖਸ਼ ਸਿੰਘ ਜੀ ਦੀ ਧਰਮ-ਸੁਪਤਨੀ ਬੀਬੀ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਵਿਚ ਕਥਾ ਕਰਦਿਆਂ ਕਿਹਾ ਕਿ “ ਮਰਨ ਤੋਂ ਬਾਅਦ ਦੇ ਜੀਵਨ ਨੂੰ ਤਾਂ ਗੁਰਬਾਣੀ ਵੀ ਨਹੀਂ ਮੰਨਦੀ ” ਜੇ ਉਨ੍ਹਾਂ ਗੁਰਬਾਣੀ ਦਾ ਜ਼ਿਕਰ ਨਾ ਕੀਤਾ ਹੁੰਦਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਣਾ ਸੀ ਪਰ ਗੁਰਬਾਣੀ ਦੀ ਗੱਲ ਤਾਂ ਗੁਰਬਾਣੀ ਦੇ ਸ਼ਬਦ-ਵਿਚਾਰ ਰਾਹੀਂ ਹੀ ਸਿੱਧ ਹੋ ਸਕਦੀ ਹੈ, ਇਸ ਲਈ ਮੈਂ ਉਨ੍ਹਾਂ ਦੇ ਵਿਚਾਰ ਵਾਲੇ ਲੇਖ ਥੱਲੇ ਇਹ ਟਿੱਪਣੀ ਲਿਖੀ ਸੀ।
ਟਿੱਪਣੀ:- ਇਹ ਲੇਖ ‘ਖਾਲਸਾ ਨਿਊਜ਼’ ਵਿਚ ਛੱਪਿਆ ਹੈ, ਕਿਉਂਜੋ ਮੁੱਦਾ ਗੁਰਬਾਣੀ ਦੇ ਸਿਧਾਂਤ ਦਾ ਹੈ, ਇਸ ਲਈ ਆਪਣੀ ਸਾਈਟ ਤੇ ਛਾਪ ਕੇ ਲਿਖਿਆ, ਵੀਰ ਜੀ ਨੂੰ ਬੇਨਤੀ ਹੈ ਕਿ ਗੁਰਬਾਣੀ ਦੇ ਸਿਧਾਂਤ ਮਨਮੱਤ ਦੀਆਂ ਕਹਾਣੀਆਂ ਆਸਰੇ ਨਹੀਂ ਸਪੱਸ਼ਟ ਹੁੰਦੇ, ਇਨ੍ਹਾਂ ਨੂੰ ਸਪੱਸ਼ਟ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਆਖਿਆ ਕਰਨ ਦੀ ਲੋੜ ਹੁੰਦੀ ਹੈ। ਜੇ ਕਿਰਪਾ ਕਰ ਕੇ ਆਪਣਾ ਇਹ ਟਾਪਕ ‘ ਕਿ ਮਰਣ ਤੋਂ ਬਾਅਦ ਦੇ ਜੀਵਨ ਨੂੰ ਤਾਂ ਗੁਰਬਾਣੀ ਵੀ ਪ੍ਰਵਾਣ ਨਹੀਂ ਕਰਦੀ, ’ ਗੁਰਬਾਣੀ ਦੇ ਧਬਦਾਂ ਦੀ ਵਿਆਖਿਆ ਦੇ ਆਧਾਰ ਤੇ ਸਪੱਸ਼ਟ ਕਰ ਦੇਵੋਂ ਤਾਂ ਪਾਠਕਾਂ ਤੇ ਬੜਾ ਅਹਿਸਾਨ ਹੋਵੇਗਾ।
ਅਮਰ ਜੀਤ ਸਿੰਘ ਚੰਦੀ
ਦੇਖੋ ਉਹ ਇਸ ਬਾਰੇ ਕੀ ਲਿਖਦੇ ਹਨ?
2 . ਵੀਰ ਸਤਿਨਾਮ ਸਿੰਘ ਮੌਂਟ੍ਰੀਅਲ ਜੀ ਦਾ ਇਕ ਲੇਖ 7-5-2015 ਨੂੰ ‘ ਸਿੱਖ ਮਾਰਗ ’ ਤੇ ਛਪਿਆ , ਜਿਸ ਦਾ ਸਿਰਲੇਖ ਹੈ
॥ਐਸੇ ਲੋਗਨ ਸਿਉ ਕਿਆ ਕਹੀਐ ॥
ਜਿਸ ਵਿਚਲੇ ਸੱਤ ਵਿਸ਼ਿਆਂ ਵਿਚ ਇਕ ਇਹ ਵੀ ਹੈ,
‘ਹਾਏ ਇਹ ਜਮਣ ਮਰਣ ਨੂੰ ਨਹੀਂ ਮੰਨਦੇ ? ਜਿਸ ਦੇ ਜਵਾਬ ਵਿਚ ਉਨ੍ਹਾਂ ਲਿਖਿਆ ਹੈ,
ਜਵਾਬ - ਕਈ ਬਾਰ ਕਿਹਾ ਕਿ ਵੀਰੋ ਜੇ ਥੁਹਾਡੇ ਬਾਬੇ ਨੂੰ ਗੁਰਮਤਿ ਦੀ ਸਮਝ ਨਹੀ ਹੈ ਤਾਂ ਆਪਣੇ ਬਾਬੇ ਦੀ ਮੱਤ ਪੰਥ ਤੇ ਕਿਉਂ ਥੋਪਦੇ ਹੋ? ਪਰ ਕਿਥੇ! ਮਰ ਕੇ ਗਧਾਂ ਕੁੱਤਾ ਬਣਨ ਨੂੰ ਕਾਹਲੇ ਲੋਕ ਸਮਝਣ ਨੂੰ ਤਿਆਰ ਹੀ ਨਹੀ, ਗੁਰਬਾਣੀ ਤਾਂ ਸਿਰਫ ਮਨ ਦੇ ਅੰਦਰ ਦੇ ਸੁਭਾ ਦੀ ਗੱਲ ਕਰਦੀ ਹੈ, ਜਿਹੜਾ ਮਨੁੱਖ ਦੇ ਅੰਦਰ ਨਿਤ ਜਮਦਾ ਤੇ ਮਰਦਾ ਰਹਿੰਦਾ ਹੈ, ਗੁਰਬਾਣੀ ਵਿੱਚ ਸਾਫ ਲਿਖਿਆ ਕਿ “ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥ ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥126॥” ਹੁਣ ਤੁਸੀਂ ਸਾਨੂੰ ਦੱਸੋ ਕਿ ਅਸੀਂ ਗੁਰਬਾਣੀ ਦੀ ਮਨੀਏ ਜਾ ਥੁਹਾਡੇ ਕਿਸੇ ਭ੍ਰਮਗਿਆਨੀ ਦੀ ਮਨੀਏ??
ਇਸ ਵਿਚ ਜੰਮਣ-ਮਰਨ ਨੂੰ ਰੱਦ ਕਰਦੀ , ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪੰਗਤੀ ਲਿਖੀ ਹੈ,
ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥ (126)
ਜਿਸ ਨੂੰ ਪੜ੍ਹ ਕੇ ਮੈਨੂੰ ਇਨ੍ਹਾਂ ਦੇ ਗੁਰਮਤਿ ਗਿਆਨ ਤੇ ਤਰਸ ਹੀ ਆਇਆ ਹੈ। ਵੈਸੇ ਮੈਂ ਇਹ ਵੀ ਸਮਝ ਨਹੀਂ ਸਕਿਆ ਕਿ ਵੀਰ ਜੀ ਆਪ ਹੀ ਗੁਰਬਾਣੀ ਨੂੰ ਨਹੀਂ ਸਮਝਦੇ ? ਜਾਂ ਆਮ ਸਿੱਖਾਂ ਨੂੰ ਹੀ ਅਗਿਆਨੀ ਸਮਝਦੇ ਹਨ ? ਚਲੋ ਆਪਾਂ ਵੇਖਦੇ ਹਾਂ ਕਿ ਇਹ ਪੰਗਤੀ ‘ਜਨਮ-ਮਰਨ’ ਦੇ ਗੇੜ ਨੂੰ ਰੱਦ ਕਰਦੀ ਹੈ ਜਾਂ ਉਸ ਦੀ ਪ੍ਰੋੜ੍ਹਤਾ ਕਰਦੀ ਹੈ ?
ਅਰਥ:- ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪਰਬਲ ਹੈ, ਮਮਤਾ (ਮੈਂ-ਮੇਰਾ) ਪਰਬਲ ਹੈ, ਉਸ ਮਨੁੱਖ ਦਾ ਜਨਮ-ਮਰਨ ਰੂਪ ਗੇੜਾ ਮੁਕਦਾ ਹੀ ਨਹੀਂ ।
ਜਿਹੜਾ ਮਨੁੱਖ ਗੁਰਮੁਖਿ ਹੋ ਕੇ, ਗੁਰੂ ਦੀ ਆਗਿਆ ਵਿਚ ਰਹਿੰਦਾ ਹੈ, ਉਹ ਆਪਣੇ ਅੰਦਰੋਂ ਹਉਮੈ ਮਾਰ ਲੈਂਦਾ ਹੈ, ਤੇ ਉਹ ਹਉਮੈਂ ਮਾਰ ਕੇ ਸਦਾ-ਥਿਰ ਰਹਣ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹੈ ।
ਇਹ ਤਾਂ ਇਸ ਤੁਕ ਦੇ ਅਰਥ ਹਨ , ਵੈਸੇ ਇਸ ਪੂਰੇ ਸ਼ਬਦ ਦੇ ਅਰਥ ਇਵੇਂ ਹਨ,
ਸ਼ਬਦ: ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥ ਗੁਰ ਪਰਸਾਦੀ ਘਰ ਹੀ ਮਹਿ ਪਾਈ ॥
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥1॥
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥1॥ਰਹਾਉ॥
ਘਰ ਮਹਿ ਧਰਤੀ ਧਉਲੁ ਪਾਤਾਲਾ ॥ ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥2॥
ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥3॥
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥4॥
ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥ ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥5॥
ਅੰਤਰਿ ਜੋਤਿ ਪਰਗਟੁ ਪਾਸਾਰਾ ॥ ਗੁਰ ਸਾਖੀ ਮਿਟਿਆ ਅੰਧਿਆਰਾ ॥
ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥6॥
ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥ ਗਰਮੁਖਿ ਪਾਏ ਨਾਮ ਅਪਾਰਾ ॥
ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥7॥
ਆਪੇ ਵਥੁ ਰਾਖੈ ਆਪੇ ਦੇਇ ॥ ਗੁਰਮੁਖਿ ਵਣਜਹਿ ਕੇਈ ਕੇਇ ॥
ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥8॥27॥ (126)
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥1॥ਰਹਾਉ॥
ਹੇ ਭਾਈ ਮੈਂ ਸਦਾ ਉਨ੍ਹਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ । ਪਰਮਾਤਮਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ । ਜਿਹੜਾ ਮਨੁੱਖ ਵੀ ਗੁਰੂ ਦੀ ਮੱਤ ਆਸਰੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ , ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।
ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥ ਗੁਰ ਪਰਸਾਦੀ ਘਰ ਹੀ ਮਹਿ ਪਾਈ ॥
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥1॥
ਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ , ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਆਪਣੇ ਹਿਰਦੇ ਘਰ ਵਿਚ ਹੀ ਲੱਭ ਲਿਆ ਹੈ । ਮੈਂ ਹੁਣ ਉਸ ਨੂੰ ਸਦਾ ਸਿਮਰਦਾ ਹਾਂ, ਸਦਾ ਇਕਾਗਰ-ਮਨ ਹੋ ਕੇ ਉਸ ਦਾ ਧਿਆਨ ਧਰਦਾ ਹਾਂ। ਜਿਹੜਾ ਵੀ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਉਹ ਸਦਾ-ਥਿਰ ਪਰਮਾਤਮਾ ਦੇ ਧਿਆਨ ਵਿਚ ਲੀਨ ਰਹਿੰਦਾ ਹੈ ।
ਘਰ ਮਹਿ ਧਰਤੀ ਧਉਲੁ ਪਾਤਾਲਾ ॥ ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥2॥
ਜਿਹੜਾ ਕਰਤਾਰ ਸਾਰੀਆਂ ਧਰਤੀਆਂ ਅਤੇ ਪਾਤਾਲਾਂ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਘਰ ਵਿਚ ਵਸਦਾ ਹੈ, ਉਹ ਪ੍ਰਭੂ ਪ੍ਰੀਤਮ ਸਦਾ ਜਵਾਨ ਰਹਣ ਵਾਲਾ ਹੈ । ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ, ਉਸ ਸੁਖ ਦੇਣ ਵਾਲੇ ਪ੍ਰਭੂ ਨੂੰ ਸਿਮਰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਰਹਿੰਦਾ ਹੇ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।
ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥3॥
ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪਰਬਲ ਹੈ, ਮਮਤਾ (ਮੈਂ-ਮੇਰਾ) ਪਰਬਲ ਹੈ, ਉਸ ਮਨੁੱਖ ਦਾ ਜਨਮ-ਮਰਨ ਰੂਪ ਗੇੜਾ ਮੁਕਦਾ ਹੀ ਨਹੀਂ ।
ਜਿਹੜਾ ਮਨੁੱਖ ਗੁਰਮੁਖਿ ਹੋ ਕੇ, ਗੁਰੂ ਦੀ ਆਗਿਆ ਵਿਚ ਰਹਿੰਦਾ ਹੈ, ਉਹ ਆਪਣੇ ਅੰਦਰੋਂ ਹਉਮੈ ਮਾਰ ਲੈਂਦਾ ਹੈ, ਤੇ ਉਹ ਹਉਮੈਂ ਮਾਰ ਕੇ ਸਦਾ-ਥਿਰ ਰਹਣ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹੈ ।
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥4॥
ਹਉਮੈ ਦੇ ਪ੍ਰਭਾਵ ਹੇਠ ਰਹਣ ਵਾਲੇ ਮਨੁੱਖ ਦੇ ਸਰੀਰ ਵਿਚ, ਹਉਮੈ ਤੋਂ ਪੈਦਾ ਹੋਏ ਪਾਪ ਤੇ ਪੁੰਨ ਦੋਵੇਂ ਭਰਾ ਵਸਦੇ ਹਨ, ਇਨ੍ਹਾਂ ਦੋਵਾਂ ਨੇ ਹੀ ਮਿਲ ਕੇ ਜਗਤ ਦੀ ਰਚਨਾ ਕੀਤੀ ਹੈ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ, ਇਨ੍ਹਾਂ ਦੇ ਪ੍ਰਭਾਵ ਨੂੰ ਮਾਰਦਾ ਹੈ, ਉਹ ਇਕੋ ਘਰ ਵਿਚ(ਪ੍ਰਭੂ ਚਰਨਾਂ ਵਿਚ ਹੀ ਟਿਕ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।
ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥ ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥5॥
ਪਰਮਾਤਮਾ ਬੰਦੇ ਦੇ ਹਿਰਦੇ ਘਰ ਵਿਚ ਹੀ ਵਸਦਾ ਹੈ, ਪਰ ਮਾਇਆ ਦੇ ਪ੍ਰਭਾਵ ਦੇ ਕਾਰਨ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ ਹੈ । ਜਦੋਂ ਮਨੁੱਖ ਗੁਰੂ ਦੀ ਸਰਨ ਲੈ ਕੇ ਆਪਣੇ ਅੰਦਰੋਂ ਹਉਮੈ ਤੇ ਮਮਤਾ ਦੂਰ ਕਰਦਾ ਹੈ, ਤਦ ਉਸ ਦੇ ਅੰਦਰ ਪਰਮਾਤਮਾ ਦੀ ਜੋਤ ਦਾ ਚਾਨਣ ਹੋ ਜਾਂਦਾ ਹੈ । ਆਤਮਕ ਆਨੰਦ ਦੇਣ ਵਾਲੀ ਕਰਤਾਰ ਦੀ ਸਿਫਤ-ਸਾਲਾਹ ਉਸ ਦੇ ਅੰਦਰ ਉੱਘੜ ਪੈਂਦੀ ਹੈ, ਅਤੇ ਉਹ ਹਰ ਵੇਲੇ ਵਾਹਿਗੁਰੂ ਦਾ ਨਾਮ ਸਿਮਰਦਾ ਹੈ ।
ਅੰਤਰਿ ਜੋਤਿ ਪਰਗਟੁ ਪਾਸਾਰਾ ॥ ਗੁਰ ਸਾਖੀ ਮਿਟਿਆ ਅੰਧਿਆਰਾ ॥
ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥6॥
ਅਕਾਲ-ਪੁਰਖ ਦੀ ਜਿਸ ਜੋਤ ਨੇ ਜਗਤ ਦਾ ਸਾਰਾ ਪਸਾਰਾ ਪਸਾਰਿਆ ਹੈ, ਗੁਰੂ ਸ਼ਬਦ ਦੀ ਸਿਖਿਆ ਨਾਲ, ਉਹ ਜਿਸ ਮਨੁੱਖ ਦੇ ਅੰਦਰ ਪਰਗਟ ਹੋ ਜਾਂਦੀ ਹੈ, ਉਸ ਦੇ ਅਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ, ਉਸ ਦਾ ਹਿਰਦਾ ਕਮਲ-ਫੁੱਲ ਵਾਙ ਖਿੜ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤ ਵਿਚ ਜੁੜੀ ਰਹਿੰਦੀ ਹੈ ।
ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥ ਗਰਮੁਖਿ ਪਾਏ ਨਾਮ ਅਪਾਰਾ ॥
ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥7॥
ਮਨੁੱਖ ਦਾ ਸਰੀਰ ਪਰਮਾਤਮਾ ਦੇ ਗੁਣਾਂ ਰੂਪ ਹੀਰੇ-ਜਵਾਹਰਾਤ ਨਾਲ ਭਰਿਆ ਹੋਇਆ ਹੈ, ਪਰ ਇਹ ਲੱਭਦੇ ਉਸ ਨੂੰ ਹਨ, ਇਨ੍ਹਾਂ ਬਾਰੇ ਸੋਝੀ ਉਸ ਨੂੰ ਹੁੰਦੀ ਹੈ, ਜਿਹੜਾ ਗੁਰੂ ਦੀ ਸਰਨ ਪੈ ਕੇ, ਉਸ ਦੀ ਸਿਖਿਆ ਅਨੁਸਾਰ ਪ੍ਰਭੂ ਦੀ ਰਜ਼ਾ ਵਿਚ ਚਲਦਾ ਹੈ। ਗੁਰੂ ਦੀ ਸਿਖਿਆ ਅਨੁਸਾਰ ਚੱਲਣ ਵਾਲਾ ਮਨੁੱਖ, ਪ੍ਰਭੂ ਦੇ ਹੁਕਮ ਦਾ ਵਪਾਰੀ ਬਣ ਕੇ, ਆਤਮਕ ਗੁਣਾਂ ਰੂਪੀ, ਰਤਨਾਂ ਦਾ ਵਪਾਰ ਕਰਦਾ ਹੈ, ਅਤੇ ਹਮੇਸ਼ਾ ਪ੍ਰਭੂ ਦੇ ਨਾਮ ਦੀ, ਉਸ ਦੇ ਹੁਕਮ ਵਿਚ ਚੱਲਣ ਦੀ ਖੱਟੀ ਖੱਟਦਾ ਹੈ।
ਇਸ ਬਾਰੇ ਹੀ ਗੁਰਬਾਣੀ ਫੁਰਮਾਨ ਹੈ ,
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ (1)
ਹੇ ਨਾਨਕ ਪਰਮਾਤਮਾ ਦੀ ਰਜ਼ਾ ਵਿਚ ਚੱਲਣਾ ਹੀ ਬੰਦੇ ਲਈ ਮੁੱਢਲਾ ਉਪਦੇਸ਼ ਹੈ।
ਆਪੇ ਵਥੁ ਰਾਖੈ ਆਪੇ ਦੇਇ ॥ ਗੁਰਮੁਖਿ ਵਣਜਹਿ ਕੇਈ ਕੇਇ ॥
ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥8॥27॥
ਪਰ ਜੀਵਾਂ ਦੇ ਵੱਸ ਦੀ ਕੋਈ ਗੱਲ ਨਹੀਂ, ਰੱਬ ਆਪ ਹੀ ਜੀਵਾਂ ਦੇ ਅੰਦਰ ਆਪਣਾ ਨਾਮ ਪਦਾਰਥ , ਆਪਣੀ ਰਜ਼ਾ ਵਿਚ ਚੱਲਣ ਦੀ ਸਮਰਥਾ ਟਿਕਾਂਦਾ ਹੈ, ਆਪ ਹੀ ਜੀਵਾਂ ਨੂੰ ਇਹ ਦਾਤ ਦੇਂਦਾ ਹੈ। ਗੁਰੂ (ਸ਼ਬਦ) ਦੀ ਸਰਨ ਪੈ ਕੇ ਅਨੇਕਾਂ ਮਨੁੱਖ ਨਾਮ ਵਸਤ ਦਾ ਸੌਦਾ ਕਰਦੇ ਹਨ । ਹੇ ਨਾਨਕ, ਜਿਸ ਮਨੁੱਖ ਉੱਤੇ ਰੱਬ ਮਿਹਰ ਦੀ ਨਜ਼ਰ ਕਰਦਾ ਹੈ , ਉਹੀ ਪ੍ਰਭੂ ਦਾ ਨਾਮ ਪ੍ਰਾਪਤ ਕਰਦਾ ਹੈ, ਪ੍ਰਭੂ ਦੀ ਰਜ਼ਾ ਵਿਚ ਚਲਦਾ ਹੈ। ਇਵੇਂ ਜਿਸ ਨੂੰ ਪ੍ਰਭੂ ਦੀ ਕਿਰਪਾ ਸਦਕਾ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਹ ਸਦਾ ਹੀ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ ।
ਇਹ ਹੈ ਪਰਮਾਤਮਾ ਦੀ ਖੇਡ, ਜਿਸ ਨੂੰ ਗੁਰੂ (ਸ਼ਬਦ) ਦੀ ਸਿਖਿਆ ਆਸਰੇ ਜਿੱਤਿਆ ਜਾ ਸਕਦਾ ਹੈ। ਪਰ ਮਾਇਆ ਦੀ ਚਕਾ-ਚੌਂਧ ਵਿਚ, ਜੋ ਮਨੁੱਖ ਅਕਾਲ-ਪੁਰਖ ਨੂੰ ਵੀ ਮਾਦੀ ਪਦਾਰਥਾਂ ਵਾਙ ਵੇਖਣ ਦਾ ਚਾਹਵਾਨ ਹੋਵੇ, ਉਸ ਨੂੰ ਸ਼ਬਦ ਗੁਰੂ ਤੇ ਕਿਵੇਂ ਭਰੋਸਾ ਹੋ ਸਕਦਾ ਹੈ ?
ਪਰਮਾਤਮਾ ਉਸ ਨੂੰ ਪਰਤੱਖ ਦਿਸਦਾ ਨਹੀਂ, ਕਰਤਾਰ ਤੋਂ ਮੁਨਕਿਰ ਹੁੰਦਾ ਹੋਇਆ, ਉਹ ਸ਼ਬਦ ਵਿਚ ਮਨ ਜੋੜਦਾ ਨਹੀਂ। ਫਿਰ ਉਹ ਆਪਣੇ ਮਨ ਦੇ ਖੜੇ ਕੀਤੇ ਕਿਲ੍ਹੇ ਨੂੰ ਸਹੀ ਸਾਬਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਤੁਕਾਂ ਲੱਭਦਾ ਹੈ।
ਇਸ ਪੂਰੇ ਸ਼ਬਦ ਵਿਚ ਗੁਰੂ ਸਾਹਿਬ ਨੇ ਮਨੁੱਖੀ ਸਰੀਰ ਦੇ ਅੰਦਰਲੀਆਂ ਅਨੇਕਾਂ ਵਸਤਾਂ ਦਾ ਜ਼ਿਕਰ ਕੀਤਾ ਹੈ, ਪਰ ਵੀਰ ਸਤਿਨਾਮ ਸਿੰਘ ਮੌਂਟ੍ਰੀਅਲ ਨੂੰ ਉਨ੍ਹਾਂ ਵਿਚੋਂ ਤਾਂ ਕਿਸੇ ਬਾਰੇ ਸੋਝੀ ਨਹੀਂ ਹੋਈ, ਇਹ ਇਲਹਾਮ ਪਤਾ ਨਹੀਂ ਕਿੱਥੋਂ ਹੋ ਗਿਆ ? ਕਿ “ਗੁਰਬਾਣੀ ਤਾਂ ਸਿਰਫ ਮਨ ਦੇ ਅੰਦਰ ਦੇ ਸੁਭਾ ਦੀ ਗੱਲ ਕਰਦੀ ਹੈ, ਜਿਹੜਾ ਮਨੁੱਖ ਦੇ ਅੰਦਰ ਨਿਤ ਜਮਦਾ ਤੇ ਮਰਦਾ ਰਹਿੰਦਾ ਹੈ, ” ਜੇ ਵੀਰ ਜੀ ਉਸ ਦੇ ਸ੍ਰੋਤ ਬਾਰੇ ਵੀ ਜਾਣਕਾਰੀ ਦੇ ਦੇਣ ਤਾਂ ਉਨ੍ਹਾਂ ਦੀ ਬੜੀ ਮਿਹਰਬਾਨੀ ਹੋਵੇਗੀ।
ਏਥੇ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਬੰਦੇ ਜਦ ਰੱਬ ਨੂੰ ਹੀ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਜੀ ਤੇ ਉਨ੍ਹਾਂ ਨੂੰ ਭਰੋਸਾ ਹੁੰਦਾ ਨਹੀਂ, ਫਿਰ ਉਹ ਸ਼ਬਦ ਗੁਰੂ ਦੀ ਆੜ ਕਿਉਂ ਲੈਂਦੇ ਹਨ ?
ਇਹ ਉਨ੍ਹਾਂ ਦੀ ਮਜਬੂਰੀ ਹੈ, ਸ਼ਬਦ ਦਾ ਆਸਰਾ ਲਏ ਬਗੈਰ, ਮਾਇਆ ਦੀ ਚਕਾ-ਚੌਂਧ ਪੂਰੀ ਨਹੀਂ ਹੁੰਦੀ, ਲੋਕ ਇਨ੍ਹਾਂ ਨੂੰ ਡਾਲਰ ਨਹੀਂ ਦਿੰਦੇ, ਡਾਲਰ ਇਨ੍ਹਾਂ ਦੇ ਪਰਚਾਰ ਦਾ ਮਕਸਦ ਹੈ। ਆਪਣੀ ਕਿਰਤ-ਕਮਾਈ ਆਸਰੇ ਗੁਜ਼ਾਰਾ ਕਰ ਕੇ ਗੁਰਮਤਿ ਦਾ ਪਰਚਾਰ ਕਰਨਾ ਇਨ੍ਹਾਂ ਦੇ ਵੱਸ ਦਾ ਨਹੀਂ । ਗੁਰਬਾਣੀ ਨੂੰ ਸਮਝਣ ਦਾ ਸਮਾ ਇਨ੍ਹਾਂ ਕੋਲ ਹੁੰਦਾ ਨਹੀਂ, ਇਵੇਂ ਇਹ ਰੋਟੀਆਂ ਕਾਰਨ ਤਾਲ ਪੂਰਦੇ ਹੋਏ ਸੰਗਤ ਨੂੰ ਗੁਰਮਤਿ ਨਾਲੋਂ ਤੋੜ ਰਹੇ ਹਨ, ਇਹੀ ਕਾਰਨ ਹੈ ਕਿ ਲੱਖਾਂ ਪਰਚਾਰਕਾਂ ਦੇ ਹੁੰਦੇ ਹੋਏ ਵੀ ਸੰਗਤ ਨੂੰ ਗੁਰਮਤਿ ਬਾਰੇ ਜ਼ਰਾ ਜਿੰਨੀ ਸੋਝੀ ਨਹੀਂ ਹੋ ਰਹੀ ।
ਗੱਲ ਤਾਂ ਬੜੀ ਸਾਫ ਹੈ ਕਿ ਗੁਰਬਾਣੀ ਦੇ ਸੈਂਕੜੇ ਸ਼ਬਦ ਆਵਾ-ਗਵਣ ਦੀ ਪ੍ਰੋੜ੍ਹਤਾ ਕਰਦੇ ਹਨ, ਪਰ ਇਨ੍ਹਾਂ ਨਵਾਂ ਫਲਸਫਾ ਬਨਾਉਣ ਵਾਲਿਆਂ ਨੇ ਦੋ ਦਹਾਕਿਆਂ ਤੋਂ ਵੱਧ ਸਮੇ ਵਿਚ ਗੁਰਬਾਣੀ ਵਿਚੋਂ ਆਵਾ-ਗਵਣ ਨੂੰ ਰੱਦ ਕਰਦਾ ਇਕ ਵੀ ਪੂਰਾ ਸ਼ਬਦ ਆਪਣੇ ਫਲਸਫੇ ਦੀ ਪਰੋੜ੍ਹਤਾ ਵਿਚ ਪੇਸ਼ ਨਹੀਂ ਕੀਤਾ, ਨਾ ਹੀ ਕਰ ਸਕਦੇ ਹਨ।
ਜਿਹੜੇ ਵਿਦਵਾਨਾਂ ਨੂੰ ਆਪ ਨੂੰ ਹੀ ਪਤਾ ਨਹੀਂ ਲੱਗਾ ਕਿ ‘ੴ ’ ਕੀ ਹੈ ? ‘ਅੰਮ੍ਰਿਤ-ਵੇਲਾ ’ ਕੀ ਹੈ ? ‘ਰਸਨਾ’ ਕੀ ਹੈ ? ‘ ਨਾਮ ’ ਕੀ ਹੈ ? ‘ ਸੈਭੰ ’ ਕੀ ਚੀਜ਼ ਹੈ ? ਪਰਮਾਤਮਾ ਕਿਵੇਂ ਦਿਸਦਾ ਹੈ ? (ਜਦ ਕਿ ਇਹ ਸਾਰੀਆਂ ਚੀਜ਼ਾਂ ਗੁਰਬਾਣੀ ਵਿਚ ਸਪੱਸ਼ਟ ਕੀਤੀਆਂ ਹਨ)
ਇਵੇਂ ਹੀ ਉਹ ਭੱਦਰ ਪੁਰਸ਼, ਜੋ ਆਪਣੇ-ਆਪ ਨੂੰ ‘ ਸੰਤ-ਮਹਾਂਪੁਰਖ-ਬ੍ਰਹਮਗਿਆਨੀ ’ ਅਖਵਾਉਂਦੇ ਸਿੱਖਾਂ ਨੂੰ ਸਭ ਤੋ ਵੱਧ ਲੁੱਟਦੇ ਅਤੇ ਗੁਰਬਾਣੀ ਪੱਖੋਂ ਕੁਰਾਹੇ ਪਾਉਂਦੇ ਹਨ, ਉਨ੍ਹਾਂ ਨੂੰ ਗੁਰਬਾਣੀ ਵਿਚ ਇਕ ਚੀਜ਼ 500 ਤੋਂ ਵੱਧ ਵਾਰੀ ਲਿਖੀ ਹੋਈ, 300 ਸਾਲ ਵਿਚ ਵੀ ਸਮਝ ਨਹੀਂ ਆਈ । ਗੁਰਬਾਣੀ ਵਿਚ ਸਾਫ ਲਫਜ਼ਾਂ ਵਿਚ ਲਿਖਿਆ ਹੋਇਆ,
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥1॥ (1078-79)
ਹੋਣ ਤੇ ਵੀ ਇਨ੍ਹਾਂ ਨੂੰ ਹੁਣ ਤੱਕ ਸਿਮਰਨ ਬਾਰੇ ਵੀ ਪਤਾ ਨਹੀਂ ਲੱਗਾ ।
‘ਅੰਮ੍ਰਿਤ-ਵੇਲਾ’ ਇਨ੍ਹਾਂ ਦੀ ਸਮਝ ਵਿਚ ਨਹੀਂ ਆ ਸਕਦਾ, ਜੇ ਸਿੱਖ ਇਹ ਸਮਝ ਲੈਣ ਕਿ ‘ਅੰਮ੍ਰਿਤ-ਵੇਲਾ’ ਜ਼ਿੰਦਗੀ ਦਾ ਉਹ ਵੇਲਾ ਹੈ ਜਦੋਂ ਬੰਦਾ ਅਕਾਲਪੁਰਖ ਨਾਲ ਜੁੜਿਆ ਹੁੰਦਾ ਹੈ, ਤਾਂ ਉਹ ਇਨ੍ਹਾਂ ਵੇਲ੍ਹੜਾਂ ਦੇ ਭਗਤੀ ਦੇ ਪਾਖੰਡ ਵਿਚ ਫਸ ਕੇ ਇਨ੍ਹਾਂ ਨੂੰ ਆਪਣੇ ਤੋਂ ਵੱਧ ਧਾਰਮਿਕ ਸਮਝਣ ਦੀ ਗਲਤੀ ਨਾ ਕਰਨ। ਨਾ ਹੀ ਇਨ੍ਹਾਂ ਹੱਥੋਂ ਲੁੱਟ ਹੋਣ।
ਸਾਨੂੰ ਉਨ੍ਹਾਂ ਬੰਦਿਆਂ ਤੇ ਕੋਈ ਗਿਲ੍ਹਾ ਨਹੀਂ ਜੋ ਕਿਸੇ ਵੀ ਚੀਜ਼ ਨੂੰ ਆਪਣਾ ਸਿਧਾਂਤ ਕਹਿ ਕੇ ਪਰਚਾਰਦੇ ਹੋਣ, ਪਰ ਜੋ ਬੰਦਾ ਕਿਸੇ ਚੀਜ਼ ਨੂੰ ਗੁਰਬਾਣੀ ਦਾ ਫਲਸਫਾ ਕਹਿ ਕੇ ਪਰਚਾਰਦਾ ਹੈ, ਉਸ ਨੂੰ ਉਹ ਗੱਲ ਗੁਰਬਾਣੀ ਵਿਚੋਂ ਸਾਬਤ ਕਰਨੀ ਹੀ ਪੈਣੀ ਹੈ, ਇਸ ਲਈ ਅਸੀਂ ਹਮੇਸ਼ਾ ਯਤਨ-ਸ਼ੀਲ ਰਹਾਂਗੇ ।
ਅਮਰ ਜੀਤ ਸਿੰਘ ਚੰਦੀ