ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਮਹਾਰਾਜਾ ਰਣਜੀਤ ਸਿੰਘ ਅਤੇ ਸਰਕਾਰ
ਮਹਾਰਾਜਾ ਰਣਜੀਤ ਸਿੰਘ ਅਤੇ ਸਰਕਾਰ
Page Visitors: 2807

ਮਹਾਰਾਜਾ ਰਣਜੀਤ ਸਿੰਘ ਅਤੇ ਸਰਕਾਰ
ਮੱਧਕਾਲੀਨ ਭਾਰਤ ਅੰਦਰ ਖ਼ਾਲਸਾ ਪ੍ਰਭੂੱਤਵ ਦੀ ਗਲ ਕਰੀਏ ਤਾਂ ਸੁਭਾਵਕ ਤੋਰ ਤੇ ਗਲ ਬੰਦਾ ਸਿੰਘ ਬਹਾਦਰ, ਫਿਰ ਉਸ ਤੋਂ ਲੱਗਭਗ 50 ਕੁ ਸਾਲ ਬਾਦ ਮਿਸਲਾਂ ਅਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੁੰਦੀ ਹੈ।ਇਨ੍ਹਾਂ ਰਾਜ ਸਮਿਆਂ ਵਿਚ ਨਾਨਕਸ਼ਾਹੀ ਅਤੇ ਗੋਬਿੰਦਸ਼ਾਹੀ ਕਰਕੇ ਜਾਣੇ ਜਾਂਦੇ ਸਿੱਕੇ ਜਾਰੀ ਹੋਏ ਜਿਨ੍ਹਾਂ ਤੇ ਅਕਾਲ ਤਖ਼ਤ ਦੇ ਦਾਰਸ਼ਨਿਕ ਪ੍ਰਭੂੱਤਵ ਦੀ ਛਾਪ ਸਪਸ਼ਟ ਸੀ।ਸਿੱਕਾ(ਕਰੰਸੀ) ਜਾਰੀ ਕਰਨਾ ਕਿਸੇ ਵੀ ਰਾਜਨੀਤਕ ਪ੍ਰਭੂਸੱਤਾ ਦੀ ਪ੍ਰਮੁੱਖ ਨਿਸ਼ਾਨੀ ਮੰਨੀ ਜਾਂਦੀ ਹੈ।
ਖ਼ੈਰ, ਮਿਸਲ ਕਾਲ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਲਿਖੇ ਗਏ ਇਤਹਾਸਕ ਸਰੋਤਾਂ ਵਿਚ ਅਕਾਲ ਤਖ਼ਤ ਵਿਵਸਥਾ ਦੇ ਮਾਧਿੱਅਮ ਸਮਕਾਲੀ ਅਕਾਲੀਆਂ ਦੇ ਰਾਜਨੀਤਕ ਪ੍ਰਭਾਵਸ਼ਾਲੀਨਤਾ ਦੇ ਵ੍ਰਿਤਾਂਤ ਵੀ ਮਿਲਦੇ ਹਨ। ਮਸਲਨ ਅਕਾਲੀ ਫੂਲਾ ਸਿੰਘ! ਅਕਾਲੀਆਂ ਦੇ ਇਸ ਪ੍ਰਭਾਵ ਦੇ ਨਾਲ-ਨਾਲ ਕੁੱਝ ਮਾਹਨ ਸਿੱਖ ਸ਼ਖ਼ਸੀਅਤਾਂ ਦਾ ਰਾਜਨੀਤਕ ਪ੍ਰਭਾਵ ਵੀ ਸਪਸ਼ਟ ਨਜ਼ਰ ਆਉਂਦਾ ਹੈ ਮਸਲਨ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ!
ਹਾਂਲਾਕਿ ਰਣਜੀਤ ਸਿੰਘ ਦੀ ਖ਼ਾਲਸਾ ਸਰਕਾਰ ਅੰਦਰ ਜੀਨ ਫ੍ਰੇਕੋਸਿਸ, ਪੋਲੋ ਡੀ ਅਤੇ ਜੋਸਿਆ ਹਰੀਅਨ ਵਰਗੇ ਫ੍ਰਾਂਸਿਸੀ, ਇਤਾਲਵੀ ਅਤੇ ਅਮਰੀਕੀ ਪੇਸ਼ਾਵਰ ਲੜਾਕੇ ਵੀ ਸਨ, ਪਰ ਉਸ ਸਰਕਾਰ ਨਾਲ ਸਬੰਧਤ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਦੀ ਭੂਮਿਕਾ ਪੇਸ਼ਾਵਰ ਦ੍ਰਿਸ਼ਟੀ ਨਾਲ ਨਹੀਂ ਵੇਖੀ ਜਾ ਸਕਦੀ ਕਿਉਂਕਿ ਉਹ ਭੂਮਿਕਾ ਕਿਸੇ  ਵੱਡੇ ਸਮਰਪਣ ਨਾਲ ਭਰਪੂਰ ਸੀ।
ਕੁੱਝ ਸੱਜਣਾਂ ਨੂੰ ਉਸ ਵੇਲੇ ਦੀ ਸਰਕਾਰ ਲਈ ਵਰਤੇ ਜਾਂਦੇ ਲਕਬ ‘ਖ਼ਾਲਸਾ ਸਰਕਾਰ’  ਤੇ ਕੁੱਝ ਇਤਰਾਜ਼ ਹੋ ਸਕਦੇ ਹਨ, ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਇਕ ਐਸੀ ਵਿਵਸਥਾ ਦੀ ਪ੍ਰਾਪਤੀ ਸੰਭਵ ਨਹੀਂ ਹੁੰਦੀ ਜਿਸ ਅੰਦਰ ਦਾਰਸ਼ਨਿਕ ਪੱਖਾਂ ਦੇ ਸਮੁੱਚੇ ਸ਼ਿਖ਼ਰ ਨੂੰ ਅਮਲੀ ਤੋਰ ਤੇ ਪ੍ਰਾਪਤ ਕਰ ਲਿਆ ਜਾਏ।
ਖ਼ੈਰ, ਇਸ ਸੰਖੇਪ ਲੇਖ ਦਾ ਮਕਸਦ ਇਕ ਅਜਿਹੇ ਸੁਭਾਵਕ ਸਵਾਲ ਨੂੰ ਖੜਾ ਕਰਨਾ ਹੈ, ਜਿਸ ਪੁਰ ਅੱਜੇ ਐਸੇ ਸੱਜਣਾਂ ਵਲੋਂ ਵਿਚਾਰ ਨਹੀਂ ਕੀਤੀ ਗਈ ਜੇ ਕਿ, ਰਣਜੀਤ ਸਿੰਘ ਦੇ ਰਾਜਕਾਲ ਬਾਰੇ ਟੀਕਾ-ਟਿੱਪਣੀ ਕਰਦੇ, ਮਹਾਰਾਜਾ ਨੂੰ ਮਾਤਰ ਇਕ ਖ਼ਲਨਾਯਕ ਵੱਜੋਂ ਪੇਸ਼ ਕਰਦੇ ਹਨ।ਦਿਲਚਸਪ ਗਲ ਇਹ ਹੈ ਕਿ ਇਹ ਉਹੀ ਸੱਜਣ ਹਨ ਜੋ ਕਿ ਅਕਾਲੀ ਫੂਲਾ ਸਿੰਘ ਅਤੇ ਸਮੁੱਚੇ ਆਲਮੀ ਇਤਹਾਸ ਅੰਦਰਲੇ ਪ੍ਰਮੁੱਖ ਜਰਨੈਲ ਹਰੀ ਸਿੰਘ ਨਲਵਾ ਨੂੰ ਮਹਾਨ ਸਿੱਖ ਸ਼ਖ਼ਸੀਅਤ ਦਰਸਾਉਂਦੇ, ਉਨ੍ਹਾਂ ਦੀ ਉਸਤਤ ਦੇ  ਕਸੀਦੇ ਪੜਦੇ-ਲਿਖਦੇ ਹਨ।
ਮਹਾਰਾਜਾ ਰਣਜੀਤ ਸਿੰਘ ਅਤੇ ਉਸਦੀ ਸਰਕਾਰ ਕੀ ਸੀ, ਇਹ ਗਲ ਨੂੰ ਅਕਾਲੀ ਫ਼ੂਲਾ ਸਿੰਘ ਜਾਂ ਹਰੀ ਸਿੰਘ ਨਲਵਾ ਨੂੰ ਨਹੀਂ ਸੀ ਪਤਾ? ਕੀ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਉਸਦੇ ਸਮਕਾਲੀ ਅਕਾਲੀ ਫ਼ੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਨਾਲੋਂ ਵੱਧ ਜਾਣਦੇ ਹਾਂ ? ਇਤਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਵਾਰ ਅਕਾਲੀ ਫ਼ੂਲਾ ਸਿੰਘ ਨੇ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਤੇ ਬੁਲਾ ਸਜ਼ਾ ਲਾਈ ਸੀ।ਇਤਹਾਸ ਵਿਚ ਇਹ ਤੱਥ ਵੀ ਦਰਜ ਹੈ ਕਿ ਅਕਾਲੀ ਫ਼ੂਲਾ ਸਿੰਘ ਜੀ ਅਤੇ ਰਣਜੀਤ ਸਿੰਘ ਵਿਚਕਾਰ ਕੁੱਝ ਵਾਰ ਟਕਰਾਉ ਦੀ ਸਥਿਤੀ ਵੀ ਉਤਪੰਨ ਹੋਈ ਸੀ।ਪਰ ਕੀ ਕਾਰਣ ਸੀ ਕਿ ਗੁਰਮਤਿ ਸਿਧਾਂਤ ਨੂੰ ਸਮਰਪਤ ਅਕਾਲੀ ਫ਼ੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਨੇ ਆਪਣੇ ਜੀਵਨ ਦੀ ਆਖ਼ਰੀ ਲੜਾਈ ਵੀ ਰਣਜੀਤ ਸਿੰਘ ਦੇ ਹਕ ਵਿਚ ਲੜਦੇ ਹੋਏ ਐਸੀ ਲਾਸਾਨੀ ਸ਼ਹੀਦੀ ਪ੍ਰਾਪਤ ਕੀਤੀ ਜਿਸ ਨੂੰ ਵੇਖ ਚਸ਼ਮਦੀਦ ਦੰਗ ਰਹਿ ਗਏ?
ਮਹਾਨ ਅਕਾਲੀ ਫ਼ੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਰਣਜੀਤ ਸਿੰਘ ਅਤੇ ਉਸਦੀ ਸਰਕਾਰ ਦੇ ਨਾਲ ਖੜੇ-ਮਰੇ ਸਨ।ਪਰ ਅੱਜ ਕੁੱਝ ਸੱਜਣ ਰਣਜੀਤ ਸਿੰਘ ਅਤੇ ਉਸਦੀ ਸਰਕਾਰ ਦੇ ਵਿਰੁੱਧ ਕਿਉਂ ਹਨ?
ਇਹ ਦੋ ਮਾਹਨ ਸ਼ਖ਼ਸੀਅਤਾਂ ਆਪਣੇ ਜੀਵਨ ਕਾਲ ਵਿਚ ਰਣਜੀਤ ਸਿੰਘ ਵਾਸਤੇ ਝੂਝੀਆਂ ਜਾਂ ਫਿਰ ਖ਼ਾਲਸਾ ਸਰਕਾਰ ਵਾਸਤੇ ? ਜੇ ਕਰ ਉਹ ਸਰਕਾਰ ਵਾਸਤੇ ਝੂਝੀਆਂ ਤਾਂ ਉਹ ਸਰਕਾਰ ‘ਖ਼ਾਲਸਾ ਸਰਕਾਰ’ ਸੀ ਪਰ ਜੇ ਕਰ ਉਹ ਰਣਜੀਤ ਸਿੰਘ ਵਾਸਤੇ ਝੂਝੀਆਂ ਤਾਂ ਮਹਾਰਾਜਾ ਰਣਜੀਤ ਸਿੰਘ ਸਿੱਖ ਇਤਹਾਸ ਦਾ ਖ਼ਲਨਾਯਕ ਮਾਤਰ ਨਹੀਂ ਕਿਹਾ ਜਾ ਸਕਦਾ।
ਹਰਦੇਵ ਸਿੰਘ, ਜੰਮੂ-16.05.2015
……………………………..

ਟਿੱਪਣੀ:- ਸ. ਹਰਦੇਵ ਸਿੰਘ ਜੰਮੂ ਜੀ ਨੇ ਬਹੁਤ ਚੰਗਾ ਸਵਾਲ ਉਠਾਇਆ ਹੈ, ਕਿਉਂਕਿ ਇਤਿਹਾਸ ਤੋਂ ਸਬਕ ਲੈ ਕੇ ਹੀ ਆਪਣਾ ਭਵਿੱਖ ਸਵਾਰਿਆ ਜਾ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੇ ਦੋ ਪੱਖ ਹਨ, ਇਕ ਰਾਜ ਸਥਾਪਤ ਕਰਨ ਤੋਂ ਪਹਿਲਾਂ ਦਾ ਅਤੇ ਦੂਸਰਾ ਰਾਜ ਸਥਾਪਤੀ ਮਗਰੋਂ ਦਾ। ਪਹਿਲੇ ਵਿਚ ਖਾਲਸਾ ਰਾਜ ਦੀ ਗੱਲ ਹੈ, ਜਿਸ ਵਿਚ ਸ. ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਬਰਾਬਰ ਦੇ ਭਾਈ ਵਾਲ ਸਨ, ਇਸ ਵਿਚ ਕਿਤੇ ਵੀ ਆਪਸੀ ਮਤ-ਭੇਦ ਨਹੀਂ ਹੈ। ਪਰ ਰਾਜ ਲਈ ਕੋਈ ਯੋਗ ਢੰਗ ਲੱਭਣ ਦੀ ਥਾਂ, ਆਪਸੀ ਖਾਨਾ-ਜੰਗੀ ਹੀ ਭਾਰੂ ਹੈ, ਜੋ ਖਾਲਸਾ ਰਾਜ ਨੂੰ ਵਿਅਕਤੀ ਰਾਜ ਵੱਲ ਲੈ ਗਿਆ। ਏਥੋਂ ਸ਼ੁਰੂ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਅਤੇ ਸ. ਹਰੀ ਸਿੰਘ ਨਲੂਏ-ਅਕਾਲੀ ਫੂਲਾ ਸਿੰਘ ਦਾ ਵਿਚਾਰਕ ਮੱਤ-ਭੇਦ।
    ਦੋਵੇਂ ਜਰਨੈਲ ਇਸ ਰਾਜ ਨੂੰ ਖਾਲਸਾ ਰਾਜ ਬਨਾਉਣਾ ਚਾਹੁੰਦੇ ਹਨ, ਪਰ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਪਿਤਾ-ਪੁਰਖੀ ਰਾਜ ਬਨਾਉਣਾ ਚਾਹੁੰਦਾ ਸੀ। ਜਿਸ ਦੇ ਸਿੱਟੇ ਕੁਝ ਅਜਿਹੇ ਨਿਕਲੇ, ਜਿਨ੍ਹਾਂ ਕਾਰਨ ਇਸ ਰਾਜ ਵਿਚ ਸਿੱਖਾਂ ਦੀ ਪਕੜ ਘਟਦੀ ਗਈ ਅਤੇ ਗੈਰ ਸਿੱਖਾਂ ਦੀ ਪਕੜ ਵਧਦੀ ਗਈ। ਇਹ ਰਾਜ ਐਸ਼-ਪ੍ਰਸਤਾਂ ਦਾ ਰਾਜ ਬਣ ਗਿਆ ਜਿਸ ਦੀ ਮਿਸਾਲ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਵਿਚੋਂ ਸਾਫ ਝਲਕਦੀ ਹੈ। ਇਸ ਰਾਜ ਵਿਚ ਹੀ ਸਿੱਖਾਂ ਦੇ ਆਪਸੀ ਭਾਈਚਾਰੇ ਨੂੰ ਬਹੁਤ ਸੱਟ ਵੱਜੀ, ਅਤੇ ਸਿੱਖਾਂ ਵਿਚ ਹੀ ਰਾਜੇ, ਰਜਵਾੜੇ, ਜਗੀਰਦਾਰ ਅਤੇ ਰਾਹਕਾਂ ਦੀਆਂ ਵੰਡੀਆਂ ਪੈ ਗਈਆਂ, ਜੋ ਅੱਗੇ ਚੱਲ ਕੇ ਜਾਤੀ-ਵਾਦ ਦਾ ਨਾ ਖਤਮ ਹੋਣ ਵਾਲਾ ਕੋੜ੍ਹ ਬਣ ਗਿਆ।
  ਇਤਿਹਾਸਕਾਰਾਂ ਨੂੰ ਇਸ ਤੇ ਪੂਰੀ ਖੋਜ ਕਰ ਕੇ ਪੂਰਾ-ਪੂਰਾ ਸੱਚ ਸਾਮ੍ਹਣੇ ਲਿਆਉਣਾ ਚਾਹੀਦਾ ਹੈ ਤਾਂ ਜੋ ਇਸ ਦੇ ਕੁਪ੍ਰਭਾਵਾਂ ਨੂੰ ਦੂਰ ਕਰਨ ਦਾ ਰਾਹ ਲੱਭਿਆ ਜਾ ਸਕੇ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਵਿਅਕਤੀ ਰਾਜ ਬਹੁਤ ਸਾਰੀਆਂ ਖਾਮੀਆਂ ਦਾ ਜਨਕ ਹੁੰਦਾ ਹੈ, ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਇਨ੍ਹਾਂ ਖਾਮੀਆਂ ਤੋਂ ਖਾਲੀ ਨਹੀਂ ਸੀ, ਪਰ ਇਹ ਦੁਨੀਆ ਦਾ ਇਕੋ-ਇਕ ਅਜੇਹਾ ਵਿਅਕਤੀ ਰਾਜ ਸੀ, ਜਿਸ ਵਿਚ ਆਮ ਲੋਕਾਂ ਦੇ ਆਪਣੇ ਹੱਕ ਕਾਫੀ ਹੱਦ ਤਕ ਸੁਰੱਕਸ਼ਤ ਸਨ।
ਦੂਸਰੇ ਪਾਸੇ ਖਾਲਸਾ ਰਾਜ ਦੇ ਆਪਣੇ ਸਿਧਾਂਤ ਹਨ, ਜਿਨ੍ਹਾਂ ਤੇ ਇਹ ਰਾਜ ਪੂਰਾ ਨਹੀਂ ਉਤਰਦਾ, ਇਸ ਲਈ ਦੋਵਾਂ ਪੱਖਾਂ ਨੂੰ ਨਜ਼ਰ ਵਿਚ ਰੱਖ ਕੇ, ਇਤਿਹਾਸ ਦਾ ਵਿਸਲੇਸ਼ਨ ਕਰਨਾ ਬਣਦਾ ਹੈ।                
                           ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.