ਸਿੱਖ ਬੱਚੀਆਂ ਅੱਗੇ ਵੱਡੀ ਚੁਨੌਤੀ !
ਅੱਜ ਸਿੱਖ ਕੌਮ ਨੂੰ ਵਿਸ਼ੇਸ਼ ਤੌਰ ਤੇ ਸਿੱਖ ਨੌਜੁਆਨੀ ਨੂੰ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਤਿਗੁਰੂ ਨੇ ਇਸਤ੍ਰੀ ਪੁਰਸ਼ ਨੂੰ ਸਮਾਜਿਕ ਬਰਾਬਰੀ ਬਖਸ਼ੀ ਹੈ ਤਾਂ ਸਿੱਖ ਬੱਚੀਆਂ ਨੇ ਵੀ ਹਰ ਖੇਤਰ ਵਿੱਚ ਬਰਾਬਰ ਦਾ ਫ਼ਰਜ਼ ਨਿਭਾਉਣਾ ਹੈ। ਸਗੋਂ ਸਿੱਖ ਬੱਚੀਆਂ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਅੱਗੇ ਤਾਂ ਹੋਰ ਵੀ ਵਧੇਰੇ ਵੱਡੀ ਚੁਨੌਤੀ ਹੈ। ਪਹਿਲਾਂ ਤਾਂ ਸਿੱਖ ਨੌਜੁਆਨੀ ਤੇ ਕੁਝ ਸਾਂਝੇ ਹਮਲਿਆਂ ਤੋਂ ਇਲਾਵਾ ਸਿੱਖ ਬੱਚੀਆਂ ਤੇ ਇਕ ਹੋਰ ਵੱਡਾ ਖਤਰਨਾਕ ਹਮਲਾ ਹੈ, ਉਹ ਹੈ ਸਿੱਖ ਬੱਚੀ ਦੇ ਕਿਰਦਾਰ ਨੂੰ ਗਿਰਾਉਣ ਦਾ, ਦਾਗ਼ਦਾਰ ਕਰਨ ਦਾ। ਸਕੂਲਾਂ ਕਾਲਜਾਂ ਵਿੱਚ ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਸਿੱਖ ਹੋਣ ਕਾਰਨ ਹੀਨ ਭਾਵਨਾ ਮਹਿਸੂਸ ਹੋਵੇ। ਉਨ੍ਹਾਂ ਦੇ ਪਹਿਰਾਵੇ ਦਾ, ਸਿੱਖੀ ਸਰੂਪ ਦਾ ਮਜ਼ਾਕ ਉਡਾਇਆ ਜਾਂਦਾ ਹੈ। ਜੇ ਉਹ ਸਿੱਖੀ ਸਿਧਾਂਤਾਂ ਮੁਤਾਬਕ ਜਿਊਣ ਦੀ ਕੋਸ਼ਿਸ਼ ਕਰਨ ਤਾਂ ਉਨ੍ਹਾਂ ਨੂੰ ਪਿਛਾਹ ਖਿਚੂ ਵਿਚਾਰਾਂ ਦੀਆਂ ਗਰਦਾਨਿਆ ਜਾਂਦਾ ਹੈ। ਮਾਡਰਨ ਬਣਨ ਦੇ ਨਾਂਅ ਤੇ ਉਨ੍ਹਾਂ ਨੂੰ ਨੰਗੇਜ਼ ਅਤੇ ਨਸ਼ਿਆਂ ਵੱਲ ਪ੍ਰੇਰਿਆ ਜਾਂਦਾ ਹੈ। ਇਸੇ ਆਧੁਨਿਕਤਾ ਦੇ ਨਾਂਅ ਤੇ ਉਨ੍ਹਾਂ ਦੇ ਆਚਰਣ ਨੂੰ ਗਿਰਾਉਣ ਦੀ ਕੋਸ਼ਿਸ਼ ਹੁੰਦੀ ਹੈ। ਸਿੱਖਾਂ ਬਾਰੇ ਘਟੀਆ ਚੁਟਕਲੇ ਸੁਣਾਏ ਜਾਂਦੇ ਹਨ। ਸਿੱਖ ਮਰਦਾਂ ਦੇ ਸਰੂਪ, ਖਾਸ ਤੌਰ ਤੇ ਕੇਸਾਂ ਬਾਰੇ ਉਨ੍ਹਾਂ ਅੰਦਰ ਘਟੀਆ ਭਾਵਨਾ ਅਤੇ ਹੀਨਤਾ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਅਨਮਤੀ ਕੌਮਾਂ ਨਾਲ ਸੰਬੰਧਤ ਸਹੇਲੀਆਂ, ਕੇਸਾਂ ਬਾਰੇ ਇਹੋ ਜਿਹੀਆਂ ਟਿਪਣੀਆਂ ਕਰਦੀਆਂ ਹਨ(ਜਿਨ੍ਹਾਂ ਨੂੰ ਇਥੇ ਲਿਖਣਾ ਸੰਭਵ ਨਹੀਂ) ਕਿ ਉਹ ਸਿੱਖੀ ਸਰੂਪ ਅਤੇ ਸਿੱਖੀ ਸਰੂਪ ਵਾਲੇ ਨੌਜੁਆਨਾ ਨੂੰ ਨਫ਼ਰਤ ਕਰਨ ਲੱਗ ਪੈਣ।
ਸੁਭਾਵਕ ਹੀ ਉਹ ਅਨਮਤੀ ਲੜਕਿਆਂ ਵੱਲ ਖਿਚਾਵ ਮਹਿਸੂਸ ਕਰਦੀਆਂ ਹਨ। ਇਥੇ ਵੀ ਉਨ੍ਹਾਂ ਦੀਆਂ ਅਨਮਤੀ ਸਹੇਲੀਆਂ ਵੱਡਾ ਰੋਲ ਅਦਾ ਕਰਦੀਆਂ ਹਨ। ਆਪਣੇ ਮਿਤਰਾਂ ਜਾਂ ਭਰਾਵਾਂ ਨਾਲ ਉਨ੍ਹਾਂ ਦੇ ਸੰਬੰਧ ਬਣਵਾਉਣ ਵਿੱਚ ਉਹ ਵੱਡਾ ਮਾਣ ਮਹਿਸੂਸ ਕਰਦੀਆਂ ਹਨ। ਅਨਮਤੀ ਲੜਕਿਆਂ ਵਾਸਤੇ ਵੀ ਸਿੱਖ ਲੜਕੀਆਂ ਨਾਲ ਸੰਬੰਧ ਬਨਾਉਣਾ ਵੱਡੀ ਫ਼ਖਰ ਵਾਲੀ ਗੱਲ ਸਮਝੀ ਜਾਂਦੀ ਹੈ ਪਰ ਉਹ ਆਪਣੇ ਸਾਥੀਆਂ ਸਾਮ੍ਹਣੇ ਬਹੁਤ ਸ਼ੇਖੀਆਂ ਮਾਰਦੇ ਅਤੇ ਸਿੱਖ ਲੜਕੀਆਂ ਬਾਰੇ ਬਹੁਤ ਘਟੀਆ ਸ਼ਬਦਾਵਲੀ ਵਰਤਦੇ ਹਨ। ਆਮ ਤੌਰ ਤੇ ਉਨ੍ਹਾਂ ਦੀ ਵਧੇਰੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹ ਸਿੱਖ ਲੜਕੀਆਂ ਦੇ ਜੀਵਨ ਨਾਲ ਖਿਲਵਾੜ ਕਰਕੇ ਛੱਡ ਦੇਣ ਬਲਕਿ ਕਈ ਲੜਕੇ ਰੱਲ ਕੇ ਉਨ੍ਹਾਂ ਨੂੰ ਆਚਰਨਹੀਨ ਬਨਾਉਣ ਦੀ ਕੋਸ਼ਿਸ਼ ਕਰਦੇ ਹਨ।ਇਹ ਇਕ ਵੱਡੀ ਸਾਜਿਸ਼ ਹੈ ਜਿਸ ਦਾ ਸਿੱਖ ਕੌਮ ਤੇ ਬੜਾ ਮਾਰੂ ਪ੍ਰਭਾਵ ਪੈ ਰਿਹਾ ਹੈ। ਪਹਿਲਾਂ ਤਾਂ ਜਿਸ ਵੇਲੇ ਸਿੱਖ ਨੌਜੁਆਨ ਆਪਣੀ ਕੌਮ ਦੀਆਂ ਲੜਕੀਆਂ ਨੂੰ ਅਨਮਤੀ ਲੜਕਿਆਂ ਨਾਲ ਘੁੰਮਦੇ ਵੇਖਦੇ ਹਨ ਤਾਂ ਉਨ੍ਹਾਂ ਅੰਦਰ ਹੀਨ ਭਾਵਨਾ ਪੈਦਾ ਹੁੰਦੀ ਹੈ। ਬਹੁਤੇ ਤਾਂ ਇਸੇ ਭਾਵਨਾ ਕਾਰਨ ਹੀ ਸਿੱਖੀ ਸਰੂਪ ਤੋਂ ਪਤਿਤ ਹੋ ਜਾਂਦੇ ਹਨ। ਹਾਲਾਂਕਿ ਸੱਚਾਈ ਇਹੀ ਹੈ ਕਿ ਸਾਬਤ ਸੂਰਤ ਸਿੱਖ ਦੀ ਮਰਦਾਂਵੀ ਛਵੀ ਦਾ ਦੁਨੀਆਂ ਵਿੱਚ ਕੋਈ ਮੁਕਾਬਲਾ ਨਹੀਂ। ਉਂਝ ਵੀ ਇਕ ਸੁਖੀ ਤ੍ਰਿਪਤ ਵਿਵਾਹਿਤ ਜੀਵਨ ਵਿੱਚ ਵੀ ਵਾਲਾਂ ਦਾ ਬਹੁਤ ਵੱਡਾ ਰੋਲ ਹੈ, ਜਿਸਨੂੰ ਸਗੋਂ ਅਨਮਤੀਆਂ ਵੱਲੋਂ ਪੁੱਠੇ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਜੇ ਕੁਝ ਸੰਬੰਧ ਵਿਆਹ ਤੱਕ ਪੁੱਜ ਵੀ ਜਾਣ ਤਾਂ ਪਹਿਲਾਂ ਤਾਂ ਸਿੱਖ ਲੜਕੀ ਦੇ ਮਾਂ ਬਾਪ ਨੂੰ ਭਾਰੀ ਸਮਾਜਿਕ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਫੇਰ ਉਸ ਲੜਕੀ ਦਾ ਰਿਸ਼ਤਾ ਪਰਵਾਨ ਹੋਣ ਨਾਲ ਉਸ ਬੱਚੀ ਤੋਂ ਚਲਣ ਵਾਲਾ ਕੁੱਲ ਤਾਂ ਸਿੱਖੀ ਤੋਂ ਖੁਸਦਾ ਹੀ ਹੈ, ਪ੍ਰਵਾਰ ਦੇ ਬਾਕੀ ਭੈਣ ਭਰਾਵਾਂ ਨੂੰ ਵੀ ਪਤਿਤ ਹੋਣ ਦੀ ਖੁਲ੍ਹ ਮਿਲ ਜਾਂਦੀ ਹੈ।
ਗਿਰਾਵਟ ਇਥੋਂ ਤੱਕ ਆਉਂਦੀ ਹੈ ਕਿ ਮੈਂ ਕਈ ਐਸੇ ਮਾਤਾ ਪਿਤਾ ਨੂੰ ਐਸਾ ਭਾਣਾ ਵਰਤਨ ਤੋਂ ਬਾਅਦ ਬੜੀਆਂ ਅਖੌਤੀ ਸੈਕੂਲਰ ਗੱਲਾਂ ਕਰਦੇ ਅਤੇ ਸਿੱਖੀ ਦੀ ਵਿਆਖਿਆ ਆਪਣੇ ਤਰੀਕੇ ਨਾਲ ਕਰਦੇ ਵੇਖਿਆ ਹੈ। ਸ਼ਾਇਦ ਉਹ ਐਸਾ ਆਪਣੀ ਸ਼ਰਮਿੰਦਗੀ ਲੁਕਾਉਣ ਲਈ ਕਰਦੇ ਹਨ।ਬੇਸ਼ਕ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਇਸ ਸਾਜਿਸ਼ ਨੂੰ ਸਮਝਣ ਅਤੇ ਇਸ ਦਾ ਟਾਕਰਾ ਕਰਨ ਵਿੱਚ ਕਾਮਯਾਬ ਨਹੀਂ ਹੋਈਆਂ ਪਰ ਇਸ ਸਭ ਵਰਤਾਰੇ ਵਾਸਤੇ ਮੈਂ ਕੇਵਲ ਬੱਚੀਆਂ ਨੂੰ ਹੀ ਜ਼ਿਮੇਂਵਾਰ ਨਹੀਂ ਸਮਝਦਾ। ਇਸ ਵਿੱਚ ਮਾਂ-ਬਾਪ ਵੀ ਬਰਾਬਰ ਦੇ ਜ਼ਿਮੇਂਵਾਰ ਹਨ, ਜਿਨ੍ਹਾਂ ਆਪਣੇ ਬੱਚਿਆਂ ਨੂੰ ਐਸੇ ਵਿਸ਼ੈਲੇ ਮਾਹੌਲ ਦਾ ਟਾਕਰਾ ਕਰਨ ਲਈ ਤਿਆਰ ਹੀ ਨਹੀਂ ਕੀਤਾ। ਪਹਿਲਾਂ ਤਾਂ ਘਰਾਂ ਵਿੱਚ ਟੀ. ਵੀ. ਦੀ ਬਿਮਾਰੀ ਨੇ ਬੱਚਿਆਂ ਅਤੇ ਮਾਪਿਆਂ ਦਾ ਆਪਸ ਵਿੱਚ ਮਿਲ ਬੈਠਣ ਅਤੇ ਆਪਸੀ ਵਿਚਾਰਾਂ ਕਰਨ ਦਾ ਸਿਲਸਿਲਾ ਹੀ ਤੋੜ ਦਿੱਤਾ ਹੈ। ਜੋ ਕੁਝ ਮਾੜਾ-ਮੋਟਾ ਸੰਪਰਕ ਬਾਕੀ ਵੀ ਹੈ, ਮਾਤਾ ਪਿਤਾ ਐਸੀਆਂ ਗੱਲਾਂ ਬੱਚਿਆਂ ਨਾਲ ਸਾਂਝੀਆਂ ਕਰਨਾ ਜ਼ਰੂਰੀ ਹੀ ਨਹੀਂ ਸਮਝਦੇ। ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਆਪ ਇਤਨੀ ਸੋਝੀ ਹੀ ਨਹੀਂ ਹੈ। ਬਚੀ-ਖੁਚੀ ਕਸਰ ਮਾਵਾਂ ਦੀ ਆਪਣੀ ਫੈਸ਼ਨ ਪ੍ਰਸਤੀ ਪੂਰੀ ਕਰ ਦੇਂਦੀ ਹੈ।ਇਥੇ ਮੈਂ ਇਕ ਖਾਸ ਪ੍ਰਮਾਣ ਦੇਣਾ ਜ਼ਰੂਰੀ ਸਮਝਦਾ ਹਾਂ।
ਬਾਹਰ ਵਿਦੇਸ਼ਾਂ ਵਿੱਚ ਨੌਜੁਆਨ ਮੁਸਲਮਾਨਾਂ ਦੀ ਇਕ ਜਥੇਬੰਦੀ ਹੈ 'ਦੀ ਰੀਅਲ ਖਲੀਫਾ (The real Khallifa)'। ਇਸ ਜਥੇਬੰਦੀ ਦਾ ਮਕਸਦ ਹੀ ਅਨਮਤੀ ਲੜਕੀਆਂ ਨੂੰ ਆਪਣੇ ਚੁੰਗਲ ਵਿੱਚ ਫਸਾਉਣਾ ਹੈ, ਜਿਸ ਵਿੱਚ ਸਿੱਖ ਲੜਕੀਆਂ ਇਨ੍ਹਾਂ ਦੇ ਖਾਸ ਨਿਸ਼ਾਨੇ ਤੇ ਹਨ, ਬਲਕਿ ਉਨ੍ਹਾਂ ਨੂੰ ਉਹ ਆਪਣਾ ਸੌਖਾ ਨਿਸ਼ਾਨਾ ਸਮਝਦੇ ਹਨ। ਇਸ ਗ਼ੈਰ ਇਖਲਾਕੀ ਅਤੇ ਨਾਪਾਕ ਕੰਮ ਨੂੰ ਉਹ ਆਪਣੇ ਧਰਮ ਦੀ ਵੱਡੀ ਸੇਵਾ ਕਰਨਾ ਸਮਝਦੇ ਹਨ, ਇਥੋਂ ਤੱਕ ਕਿ ਇਸ ਘੱਟੀਆ ਕੰਮ ਨੂੰ ਕਰਨ ਵਾਲੇ ਆਪਣੇ ਨੌਜੁਆਨਾਂ ਵਾਸਤੇ ਖਾਸ ਮਾਇਕ ਅਤੇ ਹੋਰ ਕੀਮਤੀ ਇਨਾਮ ਰੱਖੇ ਹੋਏ ਹਨ। ਇਸ ਜਥੇਬੰਦੀ ਦਾ ਇਕ ਲੁਕਵਾਂ ਦਸਤਾਵੇਜ ਵੀ ਕੁਝ ਸਾਲ ਪਹਿਲੇ ਦਾਸ ਕੋਲ ਪੁੱਜਾ ਜਿਸ ਵਿੱਚ ਮੁਸਲਮਾਨ ਨੋਜੁਆਨਾਂ ਨੂੰ ਵੱਖ ਵੱਖ ਅਨਮਤੀ ਕੌਮਾਂ ਦੀਆਂ ਕੁੜੀਆਂ ਨੂੰ ਫਸਾਉਣ ਵਾਸਤੇ ਪ੍ਰੇਰਨਾ ਅਤੇ ਅਲੱਗ ਅਲੱਗ ਮਾਇਕ ਇਨਾਮਾਂ ਦਾ ਵੇਰਵਾ ਸੀ ਪਰ ਉਸ ਵਿੱਚ ਸਭ ਤੋਂ ਦੁੱਖਦਾਈ ਉਹ ਟਿਪਣੀਆਂ ਹਨ ਜੋ ਉਨ੍ਹਾਂ ਸਿੱਖ ਬੱਚੀਆਂ ਬਾਰੇ ਕੀਤੀਆਂ ਸਨ। ਇਸ ਵਿੱਚ ਲਿਖਿਆ ਸੀ, "ਸਿੱਖ ਲੜਕੀਆਂ ਨੂੰ ਫਸਾਉਣਾ ਸਭ ਤੋਂ ਸੌਖਾ ਹੈ। ਕਿਉਂਕਿ ਉਹ ਆਪਣੇ ਆਪ ਨੂੰ ਬਹੁਤ ਅਗਾਹ-ਵਧੂ (Modern) ਸਮਝਦੀਆਂ ਹਨ, ਉਨ੍ਹਾਂ ਨੂੰ ਜਦੋਂ ਵੀ ਕਾਫ਼ੀ (Cofee) ਜਾਂ ਡਰਿੰਕ (Drink) ਵਾਸਤੇ ਸੱਦਾ ਦਿਓ, ਉਹ ਛੇਤੀ ਹੀ ਪ੍ਰਵਾਨ ਕਰ ਲੈਂਦੀਆਂ ਹਨ। ਫਿਰ ਇਸ ਦੋਸਤੀ ਨੂੰ ਤੁਸੀਂ ਕਿਸੇ ਹੱਦ ਤੱਕ ਲੈ ਜਾ ਸਕਦੇ ਹੋ। ਕਿਉਂਕਿ ਜਿਵੇਂ ਸਾਡੀਆਂ ਮੁਸਲਮਾਨ ਲੜਕੀਆਂ ਨੂੰ ਘਰ ਵਿੱਚ ਪੂਰੀ ਤਰ੍ਹਾਂ ਟਰੇਂਡ ਕੀਤਾ ਜਾਂਦਾ ਹੈ, ਉਸ ਦੇ ਉਲਟ ਉਨ੍ਹਾਂ ਨੂੰ ਘਰ ਵਿੱਚ ਕੋਈ ਟਰੇਨਿੰਗ ਨਹੀਂ ਹੁੰਦੀ, ਇਸ ਲਈ ਉਹ ਛੇਤੀ ਹੀ ਝਾਂਸੇ ਵਿੱਚ ਫਸ ਜਾਂਦੀਆਂ ਹਨ।"ਇਸ ਟਿੱਪਣੀ ਨੇ ਜਿਥੇ ਮੈਨੂੰ ਭਾਰੀ ਮਾਨਸਿਕ ਪੀੜਾ ਪਹੁੰਚਾਈ, ਮੇਰਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ, ਉਥੇ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਕਿ ਕੀ ਇਹ ਸੱਚ ਨਹੀਂ? ਇਹ ਗੱਲ ਅੱਜ ਹਰ ਸਿੱਖ ਪਰਿਵਾਰ ਨੂੰ ਸੋਚਣ ਦੀ ਲੋੜ ਹੈ ਅਤੇ ਲੋੜ ਹੈ ਕਿ ਘਰਾਂ ਵਿੱਚ ਧੀਆਂ ਨੂੰ ਇਕ ਮਜਬੂਤ ਸ਼ਖਸੀਅਤ ਅਤੇ ਉੱਚੇ ਆਚਰਣ ਦਾ ਮਾਲਕ ਬਣਾਇਆ ਜਾਵੇ ਤਾਂਕਿ ਉਹ ਸਮਾਜ ਵਿੱਚ ਜਾਕੇ ਹਰ ਚੁਨੌਤੀ ਦਾ ਟਾਕਰਾ ਕਰ ਸਕਣ। ਆਪਣੇ ਧਰਮ ਅਤੇ ਮਾਤਾ-ਪਿਤਾ ਦੇ ਸਤਿਕਾਰ ਨੂੰ ਹਰ ਜਜ਼ਬਾਤ ਤੋਂ ਉਪਰ ਸਥਾਨ ਦੇਣ।
ਬੱਚੀਆਂ ਕੋਲੋਂ ਸੰਗ ਕਰਨ, ਜਾਂ ਵਧੇਰੇ ਪੜਦਾ ਕਰਨ ਦੀ ਲੋੜ ਨਹੀਂ, ਸਗੋਂ ਉਨ੍ਹਾਂ ਨਾਲ ਦੋਸਤਾਨਾ ਸਬੰਧ ਬਨਾਉਣ ਅਤੇ ਖੁਲ੍ਹ ਕੇ ਵਿਚਾਰਾਂ ਕਰਨ ਦੀ ਲੋੜ ਹੈ। ਬੇਸ਼ਕ ਜੇ ਲੋੜ ਪਵੇ ਤਾਂ ਆਪਣੇ ਕੌਮੀ ਅਕੀਦੇ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਵੀ ਲੋੜ ਹੈ। ਜੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਆਪਣੇ ਸਾਰੇ ਲਾਇਕ ਪੁੱਤਰਾਂ ਨੂੰ ਕੌਮ ਤੋਂ ਵਾਰ ਸਕਦੇ ਹਨ ਤਾਂ ਕੀ ਅਸੀਂ ਨਾਲਾਇਕ ਅਤੇ ਗ਼ੈਰ-ਜ਼ਿਮੇਂਵਾਰ ਬੱਚਿਆਂ ਦਾ ਧਰਮ ਅਤੇ ਕੌਮ ਲਈ ਤਿਆਗ ਨਹੀਂ ਕਰ ਸਕਦੇ? ਸਾਡੀਆਂ ਬੱਚੀਆਂ ਨੂੰ ਵੀ ਇਕ ਦ੍ਰਿੜ ਇਰਾਦੇ ਅਤੇ ਉੱਚੇ ਸੁੱਚੇ ਆਚਰਣ ਤੇ ਪਹਿਰਾ ਦੇਣ ਦੀ ਲੋੜ ਹੈ।ਸਿੱਖ ਬੱਚੀਆਂ ਦਾ ਯੋਗਦਾਨ ਸਿਰਫ ਆਪਣੇ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਤੇ ਸਭ ਤੋਂ ਵੱਡੀ ਜ਼ਿਮੇਂਵਾਰੀ ਹੈ ਕਿ ਉਨ੍ਹਾਂ ਨੇ ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਜਨਮ ਵੀ ਦੇਣਾ ਹੈ ਅਤੇ ਸਿੱਖੀ ਸੰਸਕਾਰਾਂ ਨਾਲ ਸ਼ਿੰਗਾਰਨਾ ਵੀ ਹੈ। ਕੌਮ ਦਾ ਇਹ ਭਵਿੱਖ ਪੂਰੀ ਤਰ੍ਹਾਂ ਨਾਲ ਉਨ੍ਹਾਂ ਹੱਥ ਹੈ। ਇਹ ਤਾਂ ਹੀ ਸੰਭਵ ਹੈ ਜੇ ਉਹ ਆਪ ਗੁਰਮਤਿ ਗਿਆਨ ਦੀ ਖੜਗ ਨਾਲ ਤਿਆਰ-ਬਰ-ਤਿਆਰ ਅਤੇ ਕੌਮੀ ਭਾਵਨਾ ਨਾਲ ਸਰੋਸ਼ਾਰ ਹੋਣ।
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਰਾਜਿੰਦਰ ਸਿੰਘ
(ਮੁਖ ਸੇਵਾਦਾਰ, ਸ਼੍ਰੋਮਣੀ ਖ਼ਾਲਸਾ ਪੰਚਾਇਤ)
ਮੋਬਾਇਲ: ੯੮੭੬੧੦੪੭੨੬