(ਵਿਸ਼ਾ-ਸਤਵਾਂ, ਪੁਨਰਪਿ ਜਨਮੁ ਨ ਹੋਈ )
(ਭਾਗ ਨੌਵਾਂ)
ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥
ਸ਼ਬਦ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥
ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥1॥
ਬਹੁਰਿ ਹਮ ਕਾਹੇ ਆਵਹਿਗੇ ॥
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥1॥ਰਹਾਉ॥
ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥
ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥2॥
ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥
ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥3॥
ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥
ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥4॥4॥ (1103-4)
॥ਰਹਾਉ॥ ਬਹੁਰਿ ਹਮ ਕਾਹੇ ਆਵਹਿਗੇ ॥
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥1॥ਰਹਾਉ॥
ਮੈਂ ਫਿਰ ਕਦੇ (ਜਨਮ ਮਰਨ ਦੇ ਗੇੜ ਵਿਚ) ਨਹੀਂ ਆਵਾਂਗਾ । ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ (ਅਨੁਸਾਰ) ਹੀ ਹੈ , ਮੈਂ ਉਸ ਰਜ਼ਾ ਨੂੰ ਸਮਝ ਕੇ (ਰਜ਼ਾ ਵਿਚ) ਲੀਨ ਹੋ ਗਿਆ ਹਾਂ ।
॥1॥ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥
ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥1
ਜਿਵੇਂ ਪਾਣੀ ਸਮੁੰਦਰ ਦੇ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ , ਜਿਵੇਂ ਨਦੀ ਦੇ ਪਾਣੀ ਦੀਆਂ ਲਹਿਰਾਂ ਨਦੀ ਦੇ ਪਾਣੀ ਵਿਚ ਲੀਨ ਹੋ ਜਾਂਦੀਆਂ ਹਨ , ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ , ਤਿਵੇਂ ਵਾਸ਼ਨਾ-ਰਹਿਤ ਹੋਇਆ ਮੇਰਾ ਮਨ ਅਫੁਰ ਪ੍ਰਭੂ ਵਿਚ ਮਿਲ ਗਿਆ ਹੈ , ਤੇ ਹੁਣ ਮੈਨੂੰ ਹਰ ਥਾਂ ਪ੍ਰਭੂ ਹੀ ਦਿੱਸ ਰਿਹਾ ਹੈ ।
॥2॥ ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥
ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥2॥
ਹੁਣ ਜਦੋਂ (ਪ੍ਰਭੂ ਵਿਚ ਲੀਨ ਹੋਣ ਕਰ ਕੇ) ਮੇਰਾ ਪੰਜ-ਤੱਤੀ ਸਰੀਰ ਦਾ ਮੋਹ ਮੁੱਕ ਗਿਆ ਹੈ , ਮੈਂ ਆਪਣਾ ਭੁਲੇਖਾ ਭੀ ਇਉਂ ਮੁਕਾ ਲਿਆ ਹੈ ਕਿ ਕਿਸੇ ਖਾਸ ਭੇਖ (ਦੀ ਮਹੱਤਤਾ ਦਾ ਖਿਆਲ) ਛੱਡ ਕੇ ਮੈਨੂੰ ਸਭਨਾ ਵਿਚ ਹੀ ਪਰਮਾਤਮਾ ਦਿੱਸਦਾ ਹੈ , ਮੈਂ ਇਕ ਪ੍ਰਭੂ ਦਾ ਨਾਮ ਹੀ ਸਿਮਰ ਰਿਹਾ ਹਾਂ ।
॥3॥ ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥
ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥3॥
(ਪਰ , ਇਹ ਪ੍ਰਭੂ ਦੀ ਆਪਣੀ ਹੀ ਮਿਹਰ ਹੈ) ਜਿਸ ਪਾਸੇ ਉਸ ਨੇ ਮੈਨੂੰ ਲਾਇਆ ਹੈ ਮੈਂ ਉਧਰ ਹੀ ਲੱਗ ਪਿਆ ਹਾਂ (ਜਿਹੋ ਜਿਹੇ ਕੰਮ ਉਹ ਮੈਥੋਂ ਕਰਾਉਂਦਾ ਹੈ) ਉਹੋ ਜਿਹੇ ਕੰਮ ਮੈਂ ਕਰ ਰਿਹਾ ਹਾਂ । ਜਦੋਂ ਭੀ (ਜਿਨ੍ਹਾਂ ਉੱਤੇ) ਪ੍ਰਭੂ ਜੀ ਆਪਣੀ ਮਿਹਰ ਕਰਦੇ ਹਨ , ਉਹ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ।
॥4॥ ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥
ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥4॥4॥
(ਹੇ ਭਾਈ !) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ । ਜਦੋਂ ਇਸ ਤਰ੍ਹਾਂ ਮਰੋਗੇ , ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ । ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ । ਹੇ ਕਬੀਰ ! ਆਖ-ਜੋ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ , ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ।
ਸਵਾਲ :- ਜੇਹੜੇ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ , ਵਾਸ਼ਨਾ ਰਹਿਤ ਹੋ ਕੇ ਵਿਕਾਰਾਂ ਵਲੋਂ ਮਰ ਕੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ , ਉਨ੍ਹਾਂ ਦਾ ਤਾਂ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ । ਜੋ ਸਾਰੀ ਉਮਰ ਵਾਸ਼ਨਾਵਾਂ ਵਿਚ ਹੀ ਉਲਝੇ ਰਹਿੰਦੇ ਹਨ , ਉਨ੍ਹਾਂ ਦਾ ਕੀ ਹੁੰਦਾ ਹੈ ?
ਅਮਰ ਜੀਤ ਸਿੰਘ ਚੰਦੀ