ਸਿੱਖ ਘੱਟ ਰਹੇ ਹਨ ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ !
ਸਿੱਖ ਕਦੋਂ ਤਕ ਜਲੂਸਾਂ, ਮਾਰਚਾਂ ਵਿਚ ਰੁੱਝੇ ਰਹਿ ਕੇ ਸਿੱਖੀ ਨੂੰ ਖੁਰਦੀ ਜਾਂਦੀ ਨੂੰ ਵੇਖਦੇ ਰਹਿਣਗੇ? ਪਿਛਲੇ 13 ਸਾਲਾਂ ਤੋਂ, ਹਰ ਸਾਲ ਸਵਾ ਲੱਖ ਸਿੱਖ ਘੱਟ ਰਹੇ ਹਨ ਪਰ ਕਿਸੇ ਨੂੰ ਪ੍ਰਵਾਹ ਹੀ ਕੋਈ ਨਹੀਂ
ਅਪਣੇ ਆਪ ਵਿਚ ਇਹ ਕੋਈ ਛੋਟੀ ਖ਼ਬਰ ਨਹੀਂ ਕਿ ਸਿੱਖੀ ਨੂੰ ਦਰਪੇਸ਼ ਸੰਕਟ ਉਸ ਗੰਭੀਰ ਅਵੱਸਥਾ ਵਿਚ ਪਹੁੰਚ ਗਿਆ ਹੈ ਜਿਥੇ ਹਰ ਸਾਲ, ਸਵਾ ਲੱਖ ਸਿੱਖ, ਭਾਰਤ ਵਿਚ ਹੀ ਘੱਟ ਜਾਂਦੇ ਹਨ ਤੇ ਇਹ ਸਿਲਸਿਲਾ, ਪਿਛਲੇ 13 ਸਾਲਾਂ ਤੋਂ ਚਲ ਰਿਹਾ ਹੈ। ਕਿਥੇ ਚਲੇ ਜਾਂਦੇ ਹਨ ਇਹ ਸਿੱਖ? ਕੀ ਉਹ ਦੂਜੇ ਧਰਮਾਂ ਨੂੰ ਅਪਨਾ ਰਹੇ ਹਨ? ਕੀ ਉਹ ਹਿੰਦੂ ਬਣ ਰਹੇ ਹਨ? ਕੀ ਉਹ ਈਸਾਈ ਬਣ ਰਹੇ ਹਨ? ਜੇ ਬਣ ਵੀ ਰਹੇ ਹੋਣਗੇ ਤਾਂ ਸਿੱਖਾਂ ਦੀ ਕੋਈ ਅਜਿਹੀ ਜਥੇਬੰਦੀ ਨਹੀਂ ਜੋ ਇਸ ਬਾਰੇ ਫ਼ਿਕਰਮੰਦ ਹੋਵੇ ਤੇ ਕੁੱਝ ਕਰਨ ਦੀ ਸੋਚੇ। ਸਾਰੀਆਂ ‘ਪੰਥਕ’ ਜਥੇਬੰਦੀਆਂ ਵਿਚ, ਸਿਆਸਤਦਾਨਾਂ ਦੇ ਬੰਦੇ ਬਿਠਾਏ ਗਏ ਹੋਏ ਹਨ ਜੋ ਇਨ੍ਹਾਂ ਜਥੇਬੰਦੀਆਂ ਨੂੰ ‘ਅਪੰਗ’ ਬਣਾ ਛਡਦੇ ਹਨ, ਭਾਵੇਂ ਬਾਹਰੀ ਤੌਰ ਤੇ ਸਿਆਸੀ ਪ੍ਰੰਪਰਾ ਅਨੁਸਾਰ, ਬੇਮਤਲਬ ਰੌਲਾ ਬਹੁਤ ਪਾਈ ਰਖਦੇ ਹਨ। ਸਿਆਸਤਦਾਨ ਦੀ ਫ਼ਿਤਰਤ ਹੀ ਅਜਿਹੀ ਹੁੰਦੀ ਹੈ ਕਿ ਉਹ ਕੁੱਝ ਪ੍ਰਾਪਤ ਕਰਨ ਵਿਚ ਏਨਾ ਯਕੀਨ ਨਹੀਂ ਰਖਦਾ ਜਿੰਨਾ ਸ਼ੋਰ ਮਚਾਈ ਰੱਖਣ ਵਿਚ ਰਖਦਾ ਹੈ। ਸਿੱਖ ਧਰਮ ਇਸ ਵੇਲੇ ਪੂਰੀ ਤਰ੍ਹਾਂ ਸਿਆਸੀ ਲੋਕਾਂ ਦੇ ਕਾਬੂ ਹੇਠ ਚਲ ਰਿਹਾ ਹੈ, ਇਸ ਲਈ ਇਹ ਧਰਮ ਭਾਵੇਂ ਖਰਦਾ ਖੁਰਦਾ ਅਲੋਪ ਵੀ ਹੋ ਜਾਵੇ, ਇਸ ਦੇ ਸਿਆਸੀ ਪ੍ਰਭੂ, ਅੰਤ ਤਕ ਸ਼ੋਰ ਮਚਾਈ ਰੱਖਣਗੇ ਪਰ ਅਜਿਹਾ ਕੁੱਝ ਨਹੀਂ ਕਰਨਗੇ ਜੋ ਇਸ ਧਰਮ ਨੂੰ ਅਲੋਪ ਹੋਣੋਂ ਬਚਾਅ ਲਵੇ।
ਅਜਕਲ ਵੀ ਸਿਆਸੀ ਲੋਕਾਂ ਵਲੋਂ, ਅਪਣੇ ਗੁਨਾਹਾਂ ਵਲੋਂ ਲੋਕਾਂ ਦਾ ਧਿਆਨ ਹਟਾਉਣ ਲਈ, ਗੁਰੂ ਗੋਬਿੰਦ ਸਿੰਘ ਜੀ ਦੀਆਂ ‘ਨਿਸ਼ਾਨੀਆਂ’ ਨੂੰ ਲੈ ਕੇ ਖ਼ੂਬ ਮਾਰਚ ਕੱਢੇ ਜਾ ਰਹੇ ਹਨ। ਸਿੱਖ ਕਿਉਂਕਿ ਅਜਿਹੇ ਪ੍ਰੋਗਰਾਮਾਂ ਵਿਚ ਹੁਮ ਹੁਮਾ ਕੇ ਪੁਜਦੇ ਹਨ, ਇਸ ਲਈ ਸਿਆਸੀ ਲੋਕ ਤੇ ਉਨ੍ਹਾਂ ਦੇ ਬਣਾਏ ਹੋਏ ‘ਧਰਮੀ ਆਗੂ’ ਵੀ, ਇਨ੍ਹਾਂ ਪ੍ਰੋਗਰਾਮਾਂ ਨੂੰ ਖ਼ੂਬ ਹੱਲਾਸ਼ੇਰੀ ਦੇਂਦੇ ਹਨ ਤਾਕਿ ਸਿਆਸੀ ਆਗੂਆਂ ਦੀ ਖ਼ੁਸ਼ੀ ਦੀ ਛਾਂ ਰੱਜ ਕੇ ਮਾਣ ਸਕਣ। ਅਜਿਹਾ ਕਰਨ ਸਮੇਂ ਜੇ ਉਨ੍ਹਾਂ ਨੂੰ ਕੋਈ ਇਹ ਪੁੱਛਣ ਦਾ ਹੀਆ ਕਰ ਬੈਠੇ ਕਿ ਇਸ ਸਾਰੇ ਰੌਲੇ ਰੱਪੇ ਅਤੇ ਵਿਖਾਵੇ ਦਾ, ਸਿੱਖਾਂ ਨੂੰ ਕੋਈ ਫ਼ਾਇਦਾ ਵੀ ਹੋਵੇਗਾ ਤਾਂ ਉਹ ਗੁੱਸੇ ਨਾਲ ਲਾਲ ਪੀਲੇ ਹੋ ਜਾਂਦੇ ਹਨ। ਰੌਲਾ ਰੱਪਾ, ਮਾਰਚ, ਜਲੂਸ ਆਦਿ ਤਾਂ ਸਿੱਖਾਂ ਦੇ ਸਿਆਸੀ ਤੇ ਧਾਰਮਕ ਲੀਡਰਾਂ ਦਾ ਜਨਮ ਸਿਧ ਅਧਿਕਾਰ ਹੈ, ਉਹ ਇਸ ਨੂੰ ਕਿਵੇਂ ਛੱਡ ਦੇਣ? ਜੇ ਫ਼ਾਇਦੇ ਦੀ ਥਾਂ ਨੁਕਸਾਨ ਵੀ ਹੋਣਾ ਸ਼ੁਰੂ ਹੋ ਜਾਏ, ਤਾਂ ਵੀ ਨਹੀਂ ਛੱਡਣਗੇ। ਨੁਕਸਾਨ ਤਾਂ ਹੋਣਾ ਸ਼ੁਰੂ ਹੋ ਹੀ ਗਿਆ ਹੈ ਪਰ ਕਿਸੇ ਧਾਰਮਕ ਜਾਂ ਸਿਆਸੀ ਆਗੂ ਦੇ ਸਿਰ ਤੇ ਜੂੰ ਵੀ ਨਹੀਂ ਰੇਂਗੀ।
ਅਤੇ ਆਉ ਜ਼ਰਾ ‘ਨਿਸ਼ਾਨੀਆਂ’ ਦੀ ਗੱਲ ਵੀ ਕਰ ਲਈਏ। 30 ਸਾਲ ਪਹਿਲਾਂ, ਹੇਮਕੁੰਟ ਗੁਰਦਵਾਰੇ ਦੀ ਪ੍ਰਬੰਧਕੀ ਕਮੇਟੀ ਨਾਲ ਸਬੰਧਤ ਇਕ ਸੱਜਣ ਨੇ ਗੁਰੂ ਗੋਬਿੰਦ ਸਿੰਘ ਦੀਆਂ ‘ਪਵਿੱਤਰ ਜੁਤੀਆਂ’ ਨੂੰ ਲੈ ਕੇ, ਸਾਰੇ ਹਿੰਦੁਸਤਾਨ ਵਿਚ ‘ਯਾਤਰਾ’ ਕੱਢੀ ਤੇ ਕਰੋੜਾਂ ਰੁਪਏ ਇਕੱਠੇ ਕੀਤੇ। ਲੋਕ ਜੁੱਤੀਆਂ ਨੂੰ ਮੱਥਾ ਟੇਕਦੇ ਤੇ 100-100 ਰੁਪਏ ਭੇਂਟ ਕਰਦੇ। ਮਗਰੋਂ ਉਸ ਸੱਜਣ ਨੇ ਆਪ ਹੀ ਮੰਨਿਆ ਕਿ ਜੁੱਤੀਆਂ ਤਾਂ ਉਸ ਨੇ ਇਕ ਮੋਚੀ ਕੋਲੋਂ ਬਣਵਾਈਆਂ ਸਨ ਤੇ ਵੇਖਣਾ ਚਾਹਿਆ ਸੀ ਕਿ ਸਿੱਖਾਂ ਨੂੰ ਕਿਸ ਹੱਦ ਤਕ ਮੂਰਖ ਬਣਾਇਆ ਜਾ ਸਕਦਾ ਹੈ। ਉਸ ਤੋਂ ਬਾਅਦ, ਪਤਾ ਹੀ ਨਹੀਂ ਲੱਗਾ ਕਿ ਜੁੱਤੀਆਂ ਗਈਆਂ ਕਿਥੇ?
ਇਹ ਪੁਰਾਣੀ ਘਟਨਾ ਉਦੋਂ ਯਾਦ ਆ ਗਈ ਜਦੋਂ ਕਾਂਗਰਸੀ ਆਗੂ ਮਨਜੀਤ ਸਿੰਘ ਖਹਿਰਾ ਨੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਦਸਿਆ ਕਿ ਪੀਰ ਬੁੱਧੂ ਸ਼ਾਹ, ਜਿਸ ਨੂੰ ਗੁਰੂ ਗੋਬਿੰਦ ਜੀ ਨੇ ਕੰਘਾ ਤੇ ਕੇਸ ਬਖ਼ਸ਼ਿਸ਼ ਕੀਤੇ ਸਨ, ਉਸ ਦੇ ਵੰਸ਼ਜਾਂ ਨੇ ਲੰਡਨ ਤੋਂ ਉਨ੍ਹਾਂ ਨੂੰ ਦਸਿਆ ਹੈ ਕਿ ਗੁਰੂ ਜੀ ਦੀਆਂ ਅਸਲ ਨਿਸ਼ਾਨੀਆਂ ਤਾਂ ਇੰਗਲੈਂਡ ਵਿਚ ਉਨ੍ਹਾਂ ਕੋਲ ਮੌਜੂਦ ਹਨ, ਇਸ ਲਈ ਜਿਹੜੀਆਂ ‘ਨਿਸ਼ਾਨੀਆਂ’ ਨੂੰ ਪੰਜਾਬ ਵਿਚ ਫਿਰਾਇਆ ਜਾ ਰਿਹਾ ਹੈ, ਉਹ ਗੁਰੂ ਜੀ ਦੀਆਂ ਅਸਲ ਨਿਸ਼ਾਨੀਆਂ ਨਹੀਂ ਹੋ ਸਕਦੀਆਂ। ਖਹਿਰਾ ਦੇ ਇਸ ਬਿਆਨ ਤੇ ਅਕਾਲੀ ਹਲਕੇ ਟੁਟ ਕੇ ਉਸ ਉਤੇ ਪੈ ਗਏ ਹਨ ਪਰ ਜਨਤਾ ਅਤੇ ਵਿਦਵਾਨਾਂ ਦੀ ਤਸੱਲੀ ਕਰਵਾਉਣ ਦੀ ਗੱਲ ਹੀ ਨਹੀਂ ਛੇੜੀ ਗਈ।
ਅਤੇ ਹੁਣ ਰੌਲੇ ਰੱਪੇ ਦੀ ਗੱਡੀ ਚਾਲੂ ਰਖਦੇ ਹੋਏ, ਫ਼ੈਸਲਾ ਕੀਤਾ ਗਿਆ ਹੈ ਕਿ ਸਿਆਸੀ ਲੀਡਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਲੰਦਨ ਤੋਂ ਲਿਆਂਦੀ ਗਈ ਗੁਰੂ ਗੋਬਿੰਦ ਸਿੰਘ ਦੀ ਉਸ ‘ਕਲਗੀ’ ਨੂੰ ਵੀ ਭੀੜਾਂ ਇਕੱਠੀਆਂ ਕਰਨ ਲਈ 2017 ਦੀਆਂ ਚੋਣਾਂ ਤਕ ਵਰਤਿਆ ਜਾਏ ਜਿਸ ਨੂੰ ਪਹਿਲਾਂ ਆਪ ਹੀ ਸ਼੍ਰੋਮਣੀ ਕਮੇਟੀ ‘ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਕਲਗ਼ੀ’ ਮੰਨਣ ਤੋਂ ਇਨਕਾਰ ਕਰ ਚੁਕੀ ਹੈ। ਅਸਲੀ ਹੋਵੇ ਜਾਂ ਨਕਲੀ, ਜਦ ਸ਼ਰਧਾਲੂ ਭੀੜਾਂ ਹੁਮ ਹੁਮਾ ਕੇ ਮੱਥੇ ਟੇਕਣ ਤੇ ਮਾਇਆ ਚੜ੍ਹਾਉਣ ਲਈ ਆ ਜੁੜਦੀਆਂ ਹੋਣ ਤਾਂ ਸਿਆਸੀ ਲੋਕ ਇਸ ਦਾ ਫ਼ਾਇਦਾ ਕਿਉਂ ਨਹੀਂ ਉਠਾਉਣਗੇ? ਉਨ੍ਹਾਂ ਦੀ ਅੱਖ ਦਾ ਇਸ਼ਾਰਾ ਪ੍ਰਾਪਤ ਕਰ ਕੇ, ਉਨ੍ਹਾਂ ਦੇ ਥਾਪੇ ਹੋਏ ਧਾਰਮਕ ਆਗੂ, ਸੰਗਤਾਂ ਨੂੰ ਇਹ ਦੱਸਣ ਲਈ ਉੱਚੀ ਉੱਚੀ ਕੂਕਣਾ ਸ਼ੁਰੂ ਕਰ ਦੇਣਗੇ ਕਿ ਫ਼ਲਾਣੇ ਮਹਾਨ ਆਗੂਆਂ ਦੀ ਮਿਹਰਬਾਨੀ ਸਦਕਾ, ਗੁਰੂਆਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨੇ ਸੰਭਵ ਹੋ ਸਕੇ ਹਨ। ਬੋਲੋ ਵਾਹਿਗੁਰੂ!! ਸਿੱਖੀ ਦਾ ਸੁਨੇਹਾ ਹੈ ਕਿ ਪੂਜਾ ਕੇਵਲ ਅਕਾਲ ਪੁਰਖ ਦੀ ਕਰਨੀ ਹੈ, ਕਿਸੇ ਦੁਨਿਆਵੀ ਚੀਜ਼ ਦੀ ਨਹੀਂ। ਇਹ ਲੋਕ ‘ਗੁਰੂ ਦੀਆਂ ਨਿਸ਼ਾਨੀਆਂ’ ਕਹਿ ਕੇ ਅਸਲੀ, ਨਕਲੀ, ਹਰ ਪ੍ਰਕਾਰ ਦੀਆਂ ਦੁਨਿਆਵੀ ਵਸਤਾਂ ਦੀ ਪੂਜਾ ਕਰਵਾਉਣ ਤੇ ਲਾ ਦੇਂਦੇ ਹਨ ਸ਼ਰਧਾਲੂਆਂ ਨੂੰ। ਦੇਸ਼ ਵਿਚ ਸਦੀਆਂ ਤੋਂ ਪੁਜਾਰੀ ਸ਼੍ਰੇਣੀ ਤੇ ਰਾਜੇ ਮਹਾਰਾਜੇ ਇਹੀ ਕੁੱਝ ਕਰਦੇ ਆਏ ਹਨ। ਸਿੱਖ ਸਿਆਸਤਦਾਨ ਤੇ ਪੁਜਾਰੀ ਵਰਗ ਪਿੱਛੇ ਕਿਉਂ ਰਹਿ ਜਾਣ?
With thanks from 'Rozana Spokesman'