ਯੂਥ ਅਕਾਲੀ ਦਲ ਕਿਉਂ ਹੋਂਦ ਵਿਚ ਆਇਆ ਸੀ ? ਅਤੇ ਅੱਜ ਕਿਸ ਵਾਸਤੇ ਵਰਤਿਆ ਜਾ ਰਿਹਾ ਹੈ…?
ਸਿੱਖਾਂ ਕੋਲ ਵਿਦਿਆਰਥੀ ਜਥੇਬੰਦੀ ਵਜੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਮਜਬੂਤ ਜਥੇਬੰਦੀ ਸੀ। ਜਿਸ ਨੇ ਸਕੂਲਾਂ ਕਾਲਿਜਾਂ ਵਿੱਚ ਵਿਦਿਆਰਥੀ ਨੂੰ ਸਿੱਖੀ ਫਲਸਫੇ ਤੋਂ ਜਾਣੂੰ ਵੀ ਕਰਵਾਇਆ ਅਤੇ ਉਹਨਾਂ ਨੂੰ ਸਿੱਖ ਪੰਥ ਦਾ ਅਟੁੱਟ ਅੰਗ ਬਣਾਉਣ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪੰਥ ਨੂੰ ਬਹੁਤ ਸਾਰੇ ਵੱਡੇ ਸਿੱਖ ਨੇਤਾ ਵੀ ਪੈਦਾ ਕਰ ਕੇ ਦਿੱਤੇ ਅਤੇ ਬਹੁਤ ਵਿਦਵਾਨ ਵੀ ਪੰਥ ਦੀ ਝੋਲੀ ਪਾਏ। ਜਿਹਨਾਂ ਵਿੱਚ ਭਾਰਤ ਦੇ ਪਰਧਾਨ ਮੰਤਰੀ ਸ. ਮਨਮੋਹਨ ਸਿੰਘ ,ਗ੍ਰਹਿ ਮੰਤਰੀ ਸ. ਬੂਟਾ ਸਿੰਘ, ਸ. ਗੁਰਮੀਤ ਸਿੰਘ ਬਰਾੜ ਮੰਤਰੀ , ਸ.ਸੁਰਜੀਤ ਸਿੰਘ ਮਿਨਹਾਸ ਸਪੀਕਰ ,ਸ.ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ,ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ,ਸ. ਬੀਰਦਵਿੰਦਰ ਸਿੰਘ ਮੰਤਰੀ ,ਸ. ਜਗਮੀਤ ਸਿੰਘ ਬਰਾੜ ਐਮ.ਪੀ. ਅਤੇ ਡਾਕਟਰ ਜਸਵੰਤ ਸਿੰਘ ਨੇਕੀ ,ਪਿੰ: ਸਤਵੀਰ ਸਿੰਘ,ਸ.ਭਾਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ,ਸਮੇਤ ਬਹੁਤ ਸਾਰੇ ਵਿਦਵਾਨ ਹੋਰ ਵੀ ਸ਼ਾਮਲ ਹਨ, ਇਹ ਵੱਖਰੀ ਗੱਲ ਹੈ ਕਿ ਕਿਸੇ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ, ਪਰ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕੋਈ ਕਸਰ ਨਹੀ ਛੱਡੀ ,ਇਸ ਕਰਕੇ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਪੰਥ ਦਾ ਹਰਾਵਲ ਦਸਤਾ ਆਖਿਆ ਜਾਂਦਾ ਹੈ।
ਜਿਵੇ ਜਿਵੇ ਦੂਜੀਆਂ ਪਾਰਟੀਆਂ ਨੇ ਆਪਣੀ ਲੋੜ ਮੁਤਾਬਿਕ ਨੌਜਵਾਨਾਂ ਦੀਆਂ ਜਥੇਬੰਦੀਆਂ ਆਪਣੀ ਪਾਰਟੀ ਦੇ ਵਿੰਗ ਵਜੋਂ ਹੋਂਦ ਵਿੱਚ ਲਿਆਂਦੀਆਂ ਤਾਂ ਸ਼ਰੋਮਣੀ ਅਕਾਲੀ ਦਲ ਨੇ ਵੀ 1980 ਵਿਆਂ ਦੌਰਾਨ, ਯੂਥ ਵਿੰਗ ਸ਼ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਂਦਾ, ਜਿਸ ਦੇ ਪਹਿਲੇ ਪਰਧਾਨ ਮਾਰਕਸੀ ਪਿਛੋਕੜ ਵਾਲੇ ਪ੍ਰੋ ਪ੍ਰੇਮ ਸਿੰਘ ਚੰਦੁਮਾਜ਼ਰਾ ਨੂੰ ਬਣਾਇਆ ਗਿਆ ਅਤੇ ਲੋਕਾਂ ਵਿੱਚ ਇਹ ਪ੍ਰਭਾਵ ਗਿਆ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਖਤਮ ਕਰਨ ਵਾਸਤੇ ਜਾਂ ਉਸਦੀ ਸ਼ਾਖ ਨੂੰ ਖੋਰਾ ਲਾਉਣ ਵਾਸਤੇ ਯੂਥ ਵਿੰਗ ਹੋਂਦ ਵਿੱਚ ਲਿਆਂਦਾ ਗਿਆ ਹੈ। ਇਸ ਉਤੇ ਦੋਹਾਂ ਧਿਰਾਂ ਵਿੱਚ ਆਪਾ ਵਿਰੋਧੀ ਵਿਚਾਰਾਂ ਦੀ ਹੋੜ• ਲੱਗੀ ਰਹੀ, ਪਰ ਇਹ ਸੱਚ ਹੈ ਕਿ ਯੂਥ ਵਿੰਗ ਵਿੱਚ ਕੁੱਝ ਗਿਣਤੀ ਦੇ ਨੌਜਵਨ ਹੀ ਸਿੱਖੀ ਵਿਚਾਰਧਾਰਾ ਦੇ ਧਾਰਨੀ ਸਨ। ਦਾਸ ਲੇਖਕ ਨੂੰ ਵੀ ਯੂਥ ਵਿੰਗ ਦੇ ਸਰਕਲ ਜਰਨਲ ਸਕਤਰ ਤੋਂ ਲੈ ਕੇ ਸੂਬਾ ਪਰਧਾਨ ਤੱਕ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਚੰਗੀ ਤਰਾ ਯਾਦ ਹੈ ਕਿ ਜਿਸ ਦਿਨ ਯੂਥ ਵਿੰਗ ਸਰਕਲ ਬਰਨਾਲਾ ਦੀ ਚੋਣ ਹੋਈ ਸੀ ਤਾਂ ਮੀਟਿੰਗ ਵਿਚ ਉਸ ਦਿਨ ਕੇਵਲ ਦਾਸ ਲੇਖਕ ਅਮਰਿਤਧਾਰੀ ਸੀ।
ਲੇਕਿਨ ਯੂਥ ਵਿੰਗ ਬਣਾਉਣ ਦਾ ਅਸਲ ਮਕਸਦ ਜੋ ਅਕਾਲੀ ਲੀਡਰਾਂ ਦੇ ਮੂੰਹੋ ਸੁਣਦੇ ਸੀ ਜਾਂ ਜੋ ਯੂਥ ਵਿੰਗ ਦੇ ਵਿਧਾਨ ਵਿੱਚ ਦਰਜ਼ ਸੀ ,ਉਸ ਮੁਤਾਬਿਕ ਸਕੂਲਾਂ, ਕਾਲਜਾਂ ਦੀ ਤਲੀਮ ਪੂਰੀ ਕਰ ਲੈਣ ਉਪਰੰਤ, ਰਾਜਨੀਤੀ ਵਿੱਚ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨ, ਯੂਥ ਵਿੰਗ ਵਿੱਚ ਕੰਮ ਕਰਨ ਅਤੇ ਜਾਂ ਜਿਹੜੇ ਆਰੰਭ ਤੋਂ ਹੀ ਰਾਜਨੀਤਿਕ ਰੂਚੀ ਵਾਲੇ ਹਨ ਅਤੇ ਉਮਰ ਦੇ ਲਿਹਾਜ਼ ਨਾਲ ਛੋਟੇ ਹਨ, ਉਹਨਾਂ ਨੂੰ ਕੁੱਝ ਸਮਾਂ ਯੂਥ ਵਿੰਗ ਵਿੱਚ ਕੰਮ ਕਰਕੇ ਰਾਜਨੀਤਿਕ ਸੋਝੀ ਆ ਜਾਵੇ ਅਤੇ ਇਸ ਦੀ ਉਮਰ ਦੀ ਹੱਦ ਵੀ ਪੈਂਤੀ ਸਾਲ ਤਹਿ ਕੀਤੀ ਗਈ ਸੀ। ਇਸ ਗੱਲ ਦਾ ਦਾਸ ਲੇਖਕ ਨੂੰ ਮਾਨ ਹੈ ਕਿ ਜਿਸ ਦਿਨ ਮੈਂ ਜਿੰਦਗੀ ਦੇ ਪੈਂਤੀ ਸਾਲ ਪੂਰੇ ਕਰ ਲਏ ਸਨ, ਉਸ ਦਿਨ ਤੋਂ ਬਾਅਦ ਕਦੇ ਆਪਣੇ ਆਪ ਨੂੰ ਯੂਥ ਵਿੰਗ ਦਾ ਆਗੂ ਨਹੀ ਲਿਖਿਆ। ਯੂਥ ਵਿੰਗ ਨੇ ਤਾਂ ਲੀਡਰ ਪੈਦਾ ਕਰਕੇ ਅਕਾਲੀ ਦਲ ਨੂੰ ਦੇਣੇ ਸਨ, ਲੇਕਿਨ ਹੈਰਾਨੀ ਓਦੋਂ ਹੋਈ, ਜਦੋਂ ਸ. ਸੁਖਬੀਰ ਸਿੰਘ ਬਾਦਲ ਬਿਨਾ ਕਿਸੇ ਪਾਰਟੀ ਕੰਮ ਵਿੱਚ ਹਿੱਸਾ ਲਿਆਂ ਅਤੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਪ੍ਰਾਪਤ ਕੀਤ, ਸਿੱਧੇ ਹੀ ਐਮ.ਪੀ. ਅਤੇ ਫਿਰ ਅਕਾਲੀ ਦਲ ਦੇ ਜਰਨਲ ਸਕਤਰ, ਉਸ ਤੋਂ ਬਾਅਦ ਪਿਤਾ ਦੇ ਹਾਣ ਦੇ ਸਾਰੇ ਸੀਨੀਅਰ ਅਕਾਲੀਆਂ ਨੂੰ ਗੁੱਠੇ ਲਾ ਕੇ ਪਰਧਾਨ ਬਣ ਬੈਠੇ।
ਇੱਥੇ ਆ ਕੇ ਸਾਡੇ ਵਰਗਿਆਂ ਨੂੰ ਮਹਿਸੂਸ ਹੋਇਆ ਕਿ ਯੂਥ ਵਿੰਗ ਵਿੱਚ ਕੰਮ ਕਰਨ ਦੀ ਤਾਂ ਲੋੜ ਹੀ ਨਹੀ, ਲੀਡਰ ਬਨਣ ਵਾਸਤੇ ਤਾਂ ਕਿਸੇ ਵੱਡੇ ਲੀਡਰ ਦੇ ਘਰ ਜਨਮ ਲੈਣਾ ਪੈਂਦਾ ਹੈ। ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਤੋਂ ਬਾਅਦ ਜਦੋਂ ਅਕਾਲੀ ਦਲ ਟੁਕੜੇ ਟੁਕੜੇ ਹੋਇਆ ਤਾਂ ਸਭ ਨੇ ਆਪਣੇ ਆਪਣੇ ਯੂਥ ਵਿੰਗ ਵੀ ਬਨਾਏ, ਪਰ ਉਹਨਾਂ ਨੂੰ ਸਿਰਫ ਇੱਕ ਦੂਜੇ ਦੀਆਂ ਪੱਗਾਂ ਲਾਹੁਣ ਵਾਸਤੇ ਹੀ ਵਰਤਿਆ, ਅਜਿਹਾ ਪਾਠਕ ਜਾਣਦੇ ਹਨ ਕਿ ਪਿਛਲੇ ਸਮੇਂ ਅਖਬਾਰੀ ਸੁਰਖੀਆਂ ਵਿੱਚ ਰਿਹਾ ਹੈ, ਇਹ ਵੀ ਸਭ ਦੇ ਸਾਹਮਣੇ ਹੈ ਕਿ ਯੂਥ ਵਿੰਗ ਦੇ ਆਗੂ ਪੈਂਤੀ ਦੀ ਬਜਾਇ ਪੈਂਹਠ ਸਾਲ ਤੱਕ ਦੇ ਬਣੇ ਫਿਰਦੇ ਹਨ। ਉਂਜ ਇਹ ਹਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵੀ ਹੈ, ਜਿਹਨਾਂ ਦੇ ਪੋਤਰੇ ਕਾਲਿਜ਼ ਜਾਣ ਲੱਗ ਪਏ ਹਨ, ਉਹ ਵੀ ਹਾਲੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪਰਧਾਨ ਜਾਂ ਹੋਰ ਅਹੁਦੇਦਾਰ ਬਣੇ ਫਿਰਦੇ ਹਨ। ਮੁੱਕਦੀ ਗੱਲ ਕਿ ਅਸੂਲ ਕਿਤੇ ਵੀ ਨਹੀ, ਸਭ ਕੁੱਝ ਆਪਣੀ ਗੰਦੀ ਰਾਜਨੀਤੀ ਨੇ ਖਾ ਲਿਆ ਹੈ।
ਦਾਸ ਨੂੰ ਆਪਣੀ ਆਰਥਿਕ ਗੱਡੀ ਰੋੜ•ਣ ਵਾਸਤੇ ਢਾਬਾ ਚਲਾਉਣਾ ਪਿਆ ਤਾਂ ਇੱਕ ਰਾਤ ਢਾਬੇ ਤੇ ਖਾਣਾ ਖਾਣ ਵਾਸਤੇ ਤਕਰੀਬਨ ਪੰਝੀ ਦੇ ਕਰੀਬ ਨੌਜਵਾਨ ਆਏ, ਜਿਹਨਾਂ ਦਾ ਆਗੂ ਮੇਰੇ ਇੱਕ ਸਵਰਗੀ ਮਿੱਤਰ ਦਾ ਬੇਟਾ ਸੀ, ਘਰੋਂ ਸਰਦਾ ਪੁੱਜਦਾ ਵੀ ਹੈ ,ਉਸ ਨੇ ਜਦੋਂ ਰੋਟੀ ਖਾਧੀ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਏਨੇ ਸਾਰੇ ਨੌਜਵਾਨ ਇਕੱਠੇ ਹੋ ਕੇ ਕੀਹ ਕਰਦੇ ਫਿਰਦੇ ਹੋ ਤਾਂ ਉਸ ਨੇ ਝੱਟ ਜਵਾਬ ਦਿੱਤਾ, ਅੰਕਲ ਜੀ! ਫਲਾਣੇ ਆਗੂ ਕੋਲ ਜਾ ਕੇ ਆਏ ਹਾ ਤੇ ਉਸਦੀ ਚੋਣ ਵਿੱਚ ਮੱਦਦ ਕਰਨੀ ਹੈ। ਮੈਂ ਸੁਭਾਵਕ ਹੀ ਕਿਹਾ ਕਿ ਤੁਹਾਡੀ ਪੜ•ਾਈ ਖਰਾਬ ਹੋ ਜਾਵੇਗੀ, ਲੀਡਰਾਂ ਨੇ ਕੀਹ ਦੇਣਾ ਹੈ ਤਾਂ ਉਸ ਬੱਚੇ ਨੇ ਬੜੇ ਫਖਰ ਕਿਹਾ, ਨਹੀ ਅੰਕਲ ਜੀ ਸਾਡੀ ਗੱਲ ਹੋ ਗਈ ਹੈ, ਜੇ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਪੰਜ ਲਾਲ ਬੱਤੀਆਂ ਸਾਨੂੰ ਮਿਲ ਜਾਣਗੀਆਂ, ਏਨੀ ਆਖਕੇ ਉਹ ਤਾਂ ਮੇਰੇ ਗੋਡੇ ਹੱਥ ਲਾ ਕੇ ਤੁਰਦੇ ਬਣੇ, ਪਰ ਮੈਂ ਡੂੰਘੀ ਸੋਚ ਵਿੱਚ ਉਤਰ ਗਿਆ ਕਿ ਨੌਜਵਾਨਾਂ ਨੂੰ ਕਿਹੋ ਜਿਹਾ ਲਾਲਚ ਦਿੱਤਾ ਜਾ ਰਿਹਾ ਹੈ ਕਿ ਜੇ ਆਪਣੀ ਸਰਕਾਰ ਬਣੀ ਤਾਂ ਤੇਰੀ ਤੇ ਤੇਰੇ ਦੋਸਤਾ ਦੀਆਂ ਗੱਡੀਆਂ ਉੱਤੇ ਲਾਲ ਬੱਤੀਆਂ ਹੋਣਗੀਆਂ।
ਅੱਜ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਹੁਣ ਯੂਥ ਵਿੰਗ ਦੀ ਭਰਤੀ ਸਾਰੇ ਪੰਜਾਬ ਵਿੱਚ ਕੀਤੀ ਜਾਵੇਗੀ, ਲੇਕਿਨ ਇਹ ਭਰਤੀ ਹੋਏ ਨੌਜਵਾਨਾਂ ਨੂੰ ਮਿਲੇਗਾ ਕੀਹ, ਸਰਪ੍ਰਸਤ ਜਾਂ ਖਾਸ ਅਹੁਦੇਦਾਰ ਤਾਂ ਤੁਹਾਡੇ ਚਹੇਤੇ ਰਿਸ਼ਤੇਦਾਰ ਜਾਂ ਅੱਗੋਂ ਉਹਨਾਂ ਦੇ ਰਿਸ਼ਤੇਦਾਰ ਹੀ ਬਣਨੇ ਹਨ। ਜੇ ਕੋਈ ਬਹੁਤੀ ਚਾਪਲੂਸੀ ਕਰਕੇ ਮੰਤਰੀ ਵੀ ਬਣ ਜਾਵੇ ਤਾਂ ਸਰਕਾਰ ਦੇ ਪੰਜਤਾਲੀ ਅਹਿਮ ਵਿਭਾਗ ਤਾਂ ਬਾਦਲ ਪਰਿਵਾਰ ਜਾਂ ਉਹਨਾਂ ਦੇ ਸਕੇ ਸਤੇਲਿਆਂ ਕੋਲ ਹੀ ਹਨ ਤੇ ਅੱਗੋਂ ਵੀ ਰਹਿਣਗੇ, ਫਿਰ ਉਹਨਾਂ ਨੂੰ ਜੁੱਤੀਆਂ ਤੁੜਵਾਕੇ ਕੀਹ ਮਿਲੇਗਾ।
ਇੱਕ ਗੱਲ ਜਰੂਰ ਹੈ ਕਿ ਸੁਖਬੀਰ ਜੀ ਦੀ ਫੋਟੋ ਵਾਲਾ ਕਾਰਡ ਜਰੂਰ ਹਰ ਕਿਸੇ ਦੀ ਜੇਬ ਵਿੱਚ ਹੋਵੇਗਾ, ਬਿਨ•ਾਂ ਲਾਇਸੰਸ ਤੋਂ ਕਾਰ, ਮੋਟਰ ਸਾਇਕਲ ਚਲਾਉਣ ਦੀ ਖੁੱਲ• ਹੋ ਜਾਵੇਗੀ ਜਾਂ ਫਿਰ ਕਿਤੇ ਕੋਈ ਗਲਤ ਕੰਮ ਕਰਕੇ ਭੱਜਣਾ ਹੋਵੇ ਤਾਂ ਪੁਲਿਸ ਨਾਕੇ ਤੋਂ ਲੰਘਣਾ ਆਸਾਨ ਹੋ ਜਾਵੇਗਾ, ਲੇਕਿਨ ਅਜਿਹਾ ਕਰਕੇ ਪੰਜਾਬ ਜਾਂ ਸਿੱਖ ਨੌਜਵਾਨਾਂ ਨੂੰ ਅਸੀਂ ਕਿਹੜੇ ਰਸਤੇ ਪਾਉਣ ਲੱਗੇ ਹਾ। ਇਹਨਾਂ ਦਾ ਭਵਿੱਖ ਸਿਰਫ ਇਸ ਗਲ ਤੇ ਨਿਰਭਰ ਕਰੇਗਾ ਕਿ ਕਿਤੇ ਰੇਤੇ ਬਜਰੀ ਦੀ ਟਰਾਲੀ ਰਾਤ ਨੂੰ ਕਿਵੇਂ ਲੰਘਾਉਣੀ ਹੈ, ਥਾਣੇ ਜਾਂ ਸਰਕਾਰੀ ਦਫਤਰਾਂ ਵਿੱਚ ਸੌਦੇਬਾਜ਼ੀ ਕਿਵੇ ਕਰਨੀ ਤੇ ਕਰਵਾਉਣੀ ਹੈ ਜਾਂ ਫਿਰ ਚੋਣਾਂ ਵਿੱਚ ਬੂਥਾਂ ਉੱਤੇ ਕਬਜ਼ੇ ਕਿਵੇ ਕਰਨੇ ਹਨ।
ਅੱਜ ਸਿੱਖ ਯੂਥ ਨੂੰ ਇੱਕ ਨਰੋਈ ਸੇਧ ਦੀ ਲੋੜ ਹੈ, ਜਿਹੜੀ ਭਰਤੀ ਬਾਦਲ ਦਲ ਕਰੇਗਾ ਜਾਂ ਜਿਹੋ ਜਿਹੇ ਅਹੁਦੇਦਾਰ ਅੱਜਕੱਲ• ਅਖਬਾਰੀ ਇਸ਼ਤਿਹਾਰਾਂ ਜਾਂ ਸ਼ਹਿਰਾਂ ਵਿੱਚ ਲੱਗੇ ਹ੍ਰੋਡਿੰਗਾਂ ਉੱਤੇ ਦਿਸਦੇ ਹਨ, ਉਹਨਾਂ ਨੇ ਨਾ ਤਾਂ ਪੰਜਾਬ ਦਾ ਕੋਈ ਭਲਾ ਕਰਨਾ ਹੈ ਅਤੇ ਨਾ ਹੀ ਪੰਥ ਦਾ ,ਪਰ ਬਾਦਲ ਦਲ ਦੀ ਨੌਕਰੀ ਜਰੂਰ ਕਰਨਗੇ। ਪਿਛਲੇ ਕੁੱਝ ਦਿਨਾਂ ਤੋਂ ਪਹਿਰੇਦਾਰ ਵਿੱਚ ਵੀ ਇੱਕ ਵਲੰਟੀਅਰ ਭਰਤੀ ਹੋਣ ਦਾ ਇਸ਼ਤਿਹਾਰ ਆ ਰਿਹਾ, ਉਸ ਪਾਸੇ ਵੱਲ ਕੁਰਬਾਨੀ ਦੀ ਗੱਲ ਹੈ, ਕਿਤੇ ਨਜਾਇਜ ਕਬਜ਼ੇ ਹੋਣ ਦੀ ਕੋਈ ਗੁੰਜਾਇਸ਼ ਨਜਰ ਨਹੀ ਆਉਂਦੀ,ਉਧਰ ਧਿਆਨ ਘੱਟ ਹੈ, ਪਰ ਸੁਖਬੀਰ ਬਾਦਲ ਵੱਲੋਂ ਐਲਾਨ ਕੀਤੀ ਭਰਤੀ ਵੇਖਿਓ, ਕਿਵੇ ਭੱਜ ਭੱਜਕੇ ਫਾਰਮ ਭਰਦੇ ਹਨ, ਪਰ ਅੱਜ ਲੋੜ ਹੈ ਕਿ ਅਸੀਂ ਪੰਥ ਅਤੇ ਪੰਜਾਬ ਦੀ ਵਿਗੜੀ ਸੰਵਾਰਨ ਵਾਸਤੇ ਅਜਿਹੀ ਰਾਜਨੀਤੀ ਕਰੀਏ, ਜਿੱਥੇ ਇਮਾਨਦਾਰੀ ਅਤੇ ਲੋਕ ਸੇਵਾ ਦੀ ਗੱਲ ਹੋਵੇ, ਅਜਿਹੀਆਂ ਭਰਤੀਆਂ ਵਿੱਚ ਮੈਂਬਰ ਬਣਕੇ, ਆਪਣੀ ਸ਼ਵੀ ਖਰਾਬ ਕਰਨ ਤੋਂ ਸਿਵਾ ਹੋਰ ਕੁੱਝ ਵੀ ਪੱਲੇ ਨਹੀ ਪੈਣ ਵਾਲਾ। ਇਸ ਲਈ ਜਿਹਨਾਂ ਦਾ ਰਾਜ ਪ੍ਰਬੰਧ ਅਸੀਂ ਪਿਛਲੇ ਲੰਬੇ ਸਮੇਂ ਤੋਂ ਵੇਖ ਰਹੇ ਹਾ, ਜਿਸ ਪ੍ਰਬੰਧ ਨੇ ਰੇਤਾ ਬਜਰੀ ਖਾ ਲਿਆ ਹੈ, ,ਬੱਸਾਂ ਵਿੱਚ ਇੱਜ਼ਤਾਂ ਰੋਲ ਦਿੱਤੀਆਂ ਹਨ ,ਬੇਰੁਜਗਾਰੀ ਨੂੰ ਵਧਾਇਆ ਹੈ ,ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ਼ ਕਰਨ ਵਾਸਤੇ ਕੋਈ ਪ੍ਰਬੰਧ ਨਹੀ ਕੀਤਾ ,ਸੜਕਾਂ ਉਤੇ ਟੋਲ ਲਾ ਕੇ ਸਾਡੇ ਸਫਰ ਮਹਿੰਗੇ ਕਰ ਦਿੱਤੇ ਹਨ ,ਕਿਸਾਨਾਂ ਨੂੰ ਖੁਦਕਸ਼ੀਆਂ ਵਾਸਤੇ ਮਜਬੂਰ ਕਰ ਦਿੱਤਾ ਹੈ, ਪੰਜਾਬ ਦੀ ਜਵਾਨੀ ਨੂੰ ਨਿਰਵਿਘਣ ਚਿੱਟੇ ਦੀ ਸਪਲਾਈ ਜਾਰੀ ਹੈ, ਹਰ ਪਾਸੇ ਲੁੱਟ ਮਚਾਈ ਹੋਈ ਹੈ, ਫਿਰ ਉਸ ਰਾਜ ਨੂੰ ਅੱਗੇ ਚੱਲਦਾ ਰੱਖਣ ਵਾਸਤੇ, ਉਸ ਦੇ ਮੈਂਬਰ ਬਣਕੇ ਆਪਣੇ ਪੈਰੀ ਆਪ ਕੁਹਾੜਾ ਨਾ ਮਾਰੋ, ਸਗੋਂ ਆਓ ਯਤਨ ਕਰੀਏ ਕਿ 2017 ਵਿੱਚ ਇੱਕ ਨਵੇ ਯੁੱਗ ਦੀ ਸ਼ੁਰੁਆਤ ਕਰਨੀ ਹੈ। ਗੁਰੂ ਰਾਖਾ !!
ਗੁਰਿੰਦਰਪਾਲ ਸਿੰਘ ਧਨੌਲਾ
93161 76519
Gurinderpal Singh Dhanoula
ਯੂਥ ਅਕਾਲੀ ਦਲ ਕਿਉਂ ਹੋਂਦ ਵਿਚ ਆਇਆ ਸੀ ? ਅਤੇ ਅੱਜ ਕਿਸ ਵਾਸਤੇ ਵਰਤਿਆ ਜਾ ਰਿਹਾ ਹੈ…?
Page Visitors: 2733