‘ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ’
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਉਪਰੰਤ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਹਿਦਾਅਤ ਦਿੱਤੀ। ਸਧਾਰਣ ਜਿਹੀ ਨਜ਼ਰ ਆਉਂਦੀ ਇਸ ਗੱਲ ਪਿੱਛਲਾ ਸੰਧਰਭ ਡੁੰਗਾ ਹੈ। ਦਸ਼ਮੇਸ਼ ਜੀ ਨੇ ਇਹ ਹਿਦਾਅਤ ਨਹੀਂ ਦਿੱਤੀ ਕਿ ਸਿੱਖ ਸੱਚ ਨੂੰ ਆਪਣਾ ਗੁਰੂ ਮੰਨਣ। ਕਿਉਂ ? ਕਿਉਂਕਿ ਗੁਰੂ ਦੀ ਬਾਣੀ ਵਿਚਲੇ ਸੱਚ ਬਾਰੇ ਭਾਂਤ-ਭਾਂਤ ਦੇ ਵਿਚਾਰ ਹੋ ਸਕਦੇ ਹਨ। ਕੁੱਝ ਸੱਚੇ, ਕੁੱਝ ਝੂਠੇ, ਕੁੱਝ ਪੱਕੇ ਕੁੱਝ ਕੱਚੇ। ਇਸੇ ਲਈ ਗੁਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ ਨਾ ਕਿ ਆਪੋ- ਆਪਣੀ ਸਮਝ ਵਿਚ ਆਉਂਦੇ ਸੱਚ ਜਾਂ ਗਿਆਨ ਨੂੰ।
ਜਿਹੜਾ ਬੰਦਾ ਗੁਰੂ ਵਿਚਲੇ ਸੱਚ ਦੇ ਨਿਰਣੈ ਲਈ ਆਪ ਜੱਜ ਬਣਦੇ ਹੋਏ, ਆਪਣੇ ਵੱਲੋਂ ਸਮਝੇ ਸੱਚ ਨੂੰ ਸਿੱਖਾਂ ਦਾ ਗੁਰੂ ਬਨਾਉਣ ਲੱਗ ਜਾਏ ਤਾਂ ਉਹ ਘੋਰ ਭੁੱਲੇਖੇ ਵਿਚ ਕਿਹਾ ਜਾ ਸਕਦਾ ਹੈ। ਗੁਰੂ ਸਾਡੀ ਸਮਝ ਅਨੁਸਾਰ ਨਹੀਂ ਬਦਲ ਸਕਦਾ ਜਦ ਕਿ ਉਸ ਵਿਚਲੇ ਸੱਚ ਬਾਰੇ ਸਾਡੀ ਸਮਝ ਬਦਲਦੀ ਰਹਿੰਦੀ ਹੈ। ਮਸਲਨ ਜਪੁ ਦੀ ਬਾਣੀ ਵਿਚਲੇ ਸੱਚ ਦੇ ਅਰਥ ਕਰਨ ਵਾਲੇ ੧੦੦ ਬੰਦਿਆਂ ਵਿਚ ੧੦੦ ਪ੍ਰਕਾਰ ਦੇ ਫ਼ਰਕ ਹਨ। ਫਿਰ ਕਿਹੜੇ ਸੱਚ, ਕਿਹੜੇ ਗਿਆਨ ਨੂੰ ਗੁਰੂ ਮੰਨਿਆ ਜਾਏ ? ਇਸੇ ਲਈ ਦਸ਼ਮੇਸ਼ ਜੀ ਦਾ ਹੁਕਮ ਸੱਚ ਨੂੰ ਗੁਰੂ ਘੋਸ਼ਤ ਕਰਨ ਦਾ ਨਹੀਂ, ਬਲਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਵੀਕਾਰ ਕਰਵਾਉਂਣ ਦਾ ਸੀ ਜਿਸ ਦੀ ਗੁਰਤਾ ਹਰ ਹਾਲ ਵਿਚ ਸੱਚੀ ਅਤੇ ਭੁੱਲੇਖੇ ਤੋਂ ਰਹਿਤ ਹੈ।
ਜਿਹੜਾ ਬੰਦਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਦੇ ਬਜਾਏ ਆਪਣੀ ਸਮਝ ਵਿਚ ਆਏ ਅਰਧ ਸੱਤਿਯ ਨੂੰ ਸਮਰਪਿਤ ਹੋ ਵਿਚਰਦਾ ਰਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਨਹੀਂ ਸਵੀਕਾਰ ਸਕਦਾ।ਉਹ ਆਪਣੀ ਸਮਝ ਵਿਚ ਆਏ ਸੱਚ ਦਾ ਸਿੱਖ ਹੋ ਚੁੱਕਾ ਹੁੰਦਾ ਹੈ। ਉਸ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਦੀ ਹਿੰਮਤ ਨਹੀਂ ਬਚੀ ਰਹਿੰਦੀ ਪਰ ਫਿਰ ਵੀ ਉਹ ਆਪਣੇ ਨੂੰ ਹਿੰਮਤਵਾਲਾ ਦਰਸਾਉਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਵਿਚ ਨਿਸ਼ਚੇ ਤੋਂ ਬਿਨ੍ਹਾਂ ਉਸਦੀ ਬਾਣੀ ਤੇ ਨਿਸ਼ਚਾ ਨਹੀਂ, ਬਲਕਿ ਨਿਸ਼ਚੇ ਦਾ ਢੋਂਗ/ਭੁੱਲੇਖਾ ਹੋ ਸਕਦਾ ਹੈ।
ਜੇ ਕਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਵਾਲਾ ਬੰਦਾ ਇਹ ਕਹੇ ਕਿ ਉਹ ਫੈਸਲੇ ਨੂੰ ਸਮਰਪਤਿ ਹੈ ਪਰ ਸੁਪਰੀਮ ਕੋਰਟ ਨੂੰ ਨਹੀਂ ਮੰਨਦਾ ਤਾਂ ਉਸ ਦੀ ਸੋਚ ਕਿਹੋ ਜਿਹੀ ਸਮਝੀ ਜਾਏ ਗੀ ? ਨਾਲ ਹੀ ਜੇ ਕਰ ਕੋਈ ਬੰਦਾ ਇਹ ਕਹੇ ਕਿ ਉਹ ਸੁਪਰੀਮ ਕੋਰਟ ਵਿਚ ਨਿਸ਼ਚਾ ਤਾਂ ਰੱਖਦਾ ਹੈ ਪਰ ਉਸਦੇ ਫ਼ੈਸਲੇ ਨੂੰ ਨਹੀਂ ਮੰਨਦਾ ਤਾਂ ਉਸਦੀ ਸਥਿਤੀ ਕਿਹੋ ਜਿਹੀ ਕਹੀ ਜਾਏਗੀ ?
ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਉਸਦੀ ਸਰਵੋੱਚਤਾ ਨੂੰ ਮੰਨਣਾ ਪਵੇਗਾ। ਐਸਾ ਨਹੀਂ ਹੋ ਸਕਦਾ ਕਿ ਉਸਦੀ ਸਰਵੋੱਚਤਾ ਨੂੰ ਮੰਨੇ ਬਿਨਾਂ੍ਹ ਕੋਈ ਉਸਦੇ ਫੈਸਲੇ ਤੇ ਸਮਰਪਿਤ ਹੋਣ ਦਾ ਦਾਵਾ ਪੇਸ਼ ਕਰੇ।ਪਰ ਇੱਧਰ ਕੁੱਝ ਸੱਜਣ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਨੂੰ ਅਸਵੀਕਾਰ ਕਰਦੇ ਉਸਦੀ ਬਾਣੀ ਨੂੰ ਸਮਰਪਿਤ ਹੋਣ ਦਾ ਦਾਵਾ ਪੇਸ਼ ਕਰਦੇ ਹਨ। ਇਨ੍ਹਾਂ ਨੂੰ ਦਸਮੇਸ਼ ਜੀ ਦੇ ਚਿਰ ਪਰਿਚਿਤ ਹੁਕਮ ਪੁਰ ਯਕੀਨ ਨਹੀਂ।ਇਸ ਪੱਖੋਂ ਉਨ੍ਹਾਂ ਦੀ ਸਮਝ ਕਮਜ਼ੋਰ ਹੈ।
ਹਰਦੇਵ ਸਿੰਘ, ਜੰਮੂ-੨੭.੦੫.੨੦੧੫