ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ
ਸੂਰਜ ਵੱਤ ਰੌਸ਼ਨ ਕੜਵਾ ਜਾਂ ਮਿੱਠਾ ਸੱਚ !
ਸੂਰਜ ਵੱਤ ਰੌਸ਼ਨ ਕੜਵਾ ਜਾਂ ਮਿੱਠਾ ਸੱਚ !
Page Visitors: 2978

ਸੂਰਜ ਵੱਤ ਰੌਸ਼ਨ ਕੜਵਾ ਜਾਂ ਮਿੱਠਾ ਸੱਚ !
    ਪਿਛਲੇ ਲੰਮੇ ਸਮੇਂ ਤੋਂ ਹਰ ਜ਼ਿਆਦਤੀ ਸਹਿੰਦੇ ਹੋਏ ਵੀ (ਜਿਸ ਵਿਚ ਸਿੱਖ ਬੱਚੀਆਂ ਦੀ ਦਿਨ ਦੀਂਵੀਂ ਬੇ-ਪਤੀ, ਸਿੱਖ ਬੱਚਿਆਂ ਦੇ ਕਤਲ, ਸਿੱਖ ਬੱਚਿਆਂ ਲਈ ਰਚਿਆ, ਨਸ਼ਿਆਂ ਦਾ ਜਾਲ ਅਤੇ ਹੋਰ ਵੀ ਬਹੁਤ ਕੁੱਝ) ਬਹੁਤੇ ਸਿੱਖ ਬੁੱਧੀਜੀਵੀਆਂ ਨੇ ਇਕੋ ਨਿਸ਼ਾਨਾ ਰੱਖਿਆ ਹੈ ਕਿ, ਕੁਝ ਵੀ ਹੋ ਜਾਵੇ, ਪੰਜਾਬ ਵਿਚ ਅੱਗ ਨਹੀਂ ਲੱਗਣ ਦੇਣੀ। ਪਰ ਪਿਛਲੇ ਇਕ ਸਾਲ ਤੋਂ, ਜਦ ਦੀ ਪੰਜਾਬ ਲੋਕਸਭਾ ਦੀ ਚੋਣ ਵਿਚ, ਬੀ.ਜੇ.ਪੀ. ਅਤੇ ਬਾਦਲ ਦੀ ਹਾਰ(ਖਾਸ ਤੌਰ ਤੇ ਜੈਟਲੀ ਦੀ ਹਾਰ) ਹੋਣ ਕਾਰਨ ਹਾਲਾਤ ਅਜਿਹੇ ਹੋ ਰਹੇ ਹਨ ਕਿ, ਬੀ.ਜੇ.ਪੀ. ਨੂੰ ਬਾਦਲ ਤੇ ਭਰੋਸਾ ਨਹੀਂ ਰਿਹਾ, ਇਸ ਬਾਰੇ ਬੀ.ਜੇ.ਪੀ. ਕਈ ਵਾਰੀ ਬਿਆਨ ਦੇ ਚੁੱਕੀ ਹੈ, ਅਮਿੱਤਸ਼ਾਹ ਆਪਣੀ ਪੰਜਾਬ ਫੇਰੀ ਵਿਚ ਸਾਫ ਲਫਜ਼ਾਂ ਵਿਚ ਕਹਿ ਗਏ ਹਨ ਕਿ 2017 ਦੀਆਂ ਚੋਣਾਂ ਵਿਚ ਉਹ ਪੰਜਾਬ ਦੇ ਹਰ ਹਲਕੇ ਵਿਚ ਆਪਣੇ ਉਮੀਦਵਾਰ ਖੜੇ ਕਰਨਗੇ । ਪ੍ਰਤੀਕਰਮ ਵਜੋਂ ਬਾਦਲ ਵੀ ਇਸ ਫਿਕਰ ਵਿਚ ਹੈ ਕਿ ਉਹ ਘੱਟੋ-ਘੱਟ ਏਨੀਆਂ ਸੀਟਾਂ ਜ਼ਰੂਰ ਲੈ ਲਵੇ, ਜਿਸ ਨਾਲ ਬੀ.ਜੇ.ਪੀ. ਉਸ ਨੂੰ ਸਮੱਰਥਨ ਦੇਣ ਲਈ ਮਜਬੂਰ ਹੋ ਜਾਵੇ। ਪਰ ਆਪ(ਅਅਫ) ਪਾਰਟੀ ਦੇ ਡਰ ਕਾਰਨ ਦੋਵੇਂ ਇਕ-ਦੂਜੇ ਤੋਂ ਤੋੜ-ਵਿਛੋੜਾ ਕਰਨ ਦੀ ਹਿਮਤ ਨਹੀਂ ਜੁਟਾ ਪਾ ਰਹੇ।
  ਹੁਣ ਦੋਵਾਂ ਦਾ ਇਕੋ ਏਜੈਂਡਾ ਹੈ ਕਿ, ਜੇਕਰ ਪੰਜਾਬ ਵਿਚ ਅੱਗ ਲਾ ਕੇ, ਉਸ ਦੀ ਜ਼ਿਮੇਵਾਰੀ ਸਿੱਖਾਂ ਤੇ ਪਾ ਦਿੱਤੀ ਜਾਵੇ ਤਾਂ, ਉਨ੍ਹਾਂ ਨੂੰ, ਸਿੱਖਾਂ ਨੂੰ ਇਕ ਹੋਰ ਸਬਕ ਸਿਖਾਉਣ ਦਾ ਮੌਕਾ ਮਿਲ ਜਾਵੇਗਾ ਅਤੇ 2017 ਦੀਆਂ ਚੋਣਾਂ ਵਿਚ ਉਨ੍ਹਾਂ ਦੀ ਜਿੱਤ ਵੀ ਸੌਖੀ ਹੋ ਜਾਵੇਗੀ । ਜਿਸ ਦੇ ਸਿੱਟੇ ਵਜੋਂ ਪੰਜਾਬ ਵਿਚ ਹਰ ਕੰਮ, ਕਾਨੂਨ ਨੂੰ ਛਿੱਕੇ ਤੇ ਟੰਗ ਕੇ ਕੀਤਾ ਜਾ ਰਿਹਾ ਹੈ। ਪੁਲਸੀਆਂ ਦੀ ਉਹੀ ਫੌਜ ਜੋ 1984 ਵੇਲੇ ਵਜੂਦ ਵਿਚ ਆਈ ਸੀ ਉਸ ਨੂੰ ਹੀ ਫਿਰ ਸੰਗਠਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਦ ਸਰਕਾਰ ਹੀ ਕਿਸੇ ਇਲਾਕੇ ਵਿਚ ਅੱਗ ਲਾਉਣ ਦੀ ਚਾਹਵਾਨ ਹੋਵੇ ਤਾਂ ਆਮ ਲੋਕ ਉਸ ਨੂੰ ਕਿਵੇਂ ਰੋਕ ਸਕਦੇ ਹਨ ? (ਪੰਜਾਬ ਇਸ ਦਾ ਪ੍ਰਤੱਖ ਗਵਾਹ ਹੈ)  
 ਪਿਛਲੀ ਵਾਰ ਤਾਂ ਸਿੱਖਾਂ ਵਿਚ ਜ਼ੁਲਮ ਦਾ ਵਿਰੋਧ ਕਰਨ ਦੀ ਹਿੱਮਤ ਸੀ, ਜਿਸ ਨੂੰ ਢਾਲ ਬਣਾ ਕੇ ਦੁਨੀਆ ਵਿਚ ਪੰਜਾਬ ਵਿਚਲੇ ਅੱਤਵਾਦ ਦਾ ਮੀਡੀਏ ਰਾਹੀਂ ਖੂਬ ਪਰਚਾਰ ਕੀਤਾ ਗਿਆ ਸੀ, ਜਿਸ ਵਿਚ ਕੁਝ ਹਿੰਦੂਆਂ ਅਤੇ ਸਿੱਖਾਂ ਨੇ ਵੀ ਸਰਕਾਰ ਦਾ ਪੂਰਾ ਸਾਥ ਦਿੱਤਾ ਸੀ, ਜਿਸ ਦੇ ਸਿੱਟੇ ਵਜੋਂ ਸਿੱਖਾਂ ਦੀ ਨਸਲਕੁਸ਼ੀ ਵੱਲ ਨਾ ਤਾਂ ਯੂ.ਐਨ.ਓ. ਨੇ ਹੀ ਧਿਆਨ ਦਿੱਤਾ ਸੀ ਅਤੇ ਨਾ ਹੀ ਆਜ਼ਾਦ ਸੋਚ ਵਾਲੇ ਮੁਲਕਾਂ ਨੇ ਹੀ ਕੁਝ ਕੀਤਾ ਸੀ। (ਪਰ ਅਸਲੀਅਤ ਇਹ ਹੈ ਕਿ ਪੰਜਾਬ ਵਿਚ ਅੱਤਵਾਦ ਦੀ ਬਹੁਤ ਤੇਜ਼ ਹਨੇਰੀ ਤਾਂ ਚੱਲ ਰਹੀ ਸੀ ਪਰ ਫਰਕ ਏਨਾ ਹੈ ਕਿ ਇਹ ਹਨੇਰੀ ਸਰਕਾਰੀ ਅੱਤਵਾਦ ਦੀ ਸੀ , ਨਾ ਕਿ ਸਿੱਖਾਂ ਦੇ ਅੱਤ ਵਾਦ ਦੀ , ਜਿਸ ਦੀ ਆੜ ਵਿਚ ਸਰਕਾਰ ਨੇ ਢਾਈ ਲੱਖ ਤੋਂ ਉੱਪਰ ਸਿੱਖ ਨੌਜਵਾਨ , ਮਾਰ ਦਿੱਤੇ ਸਨ। ਪਰ ਇਸ ਵਾਰ ਕੁਝ ਸਿੱਖ ਨੌਜਵਾਨ ਵਿਦੇਸ਼ ਚਲੇ ਗਏ ਹਨ, ਬਹੁਤੇ ਨਸ਼ਿਆਂ ਦੀ ਭੇਂਟ ਚੜ੍ਹ ਚੁੱਕੇ ਹਨ, ਬਾਕੀ ਬਚੇ ਇਹ ਸਮਝਦੇ ਹਨ, ਕਿ ਸਾਨੂੰ ਇਨਸਾਫ ਤਾਂ ਮਿਲਣਾ ਨਹੀਂ, ਸਰਕਾਰ ਅਜਿਹੀਆਂ ਤਰਕੀਬਾਂ ਨਾਲ ਸਾਨੂੰ ਮਾਰਨ ਦੀ ਵਿਉਂਤ ਬਣਾ ਰਹੀ ਹੈ, ਇਸ ਲਈ ਉਹ ਸੁਚੇਤ ਹਨ । ਜਦ ਕਿ ਸਿੱਖਾਂ ਨੂੰ ਉਕਸਾਉਣ ਲਈ ਪੰਜਾਬ ਵਿਚ ਬਾਦਲ, ਆਰ.ਐਸ.ਐਸ. , ਬੀ.ਜੇ.ਪੀ. , ਸ਼ਿਵ-ਸੈਨਾ, ਬਜਰੰਗ-ਦਲ, ਨਮੋ ਸੈਨਾ ਆਦਿ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ।
  ਅਜਿਹੀ ਹਾਲਤ ਵਿਚ ਮੋਦੀ ਜੀ ਨੂੰ ਇਕ ਬੇਨਤੀ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿ , ਤੁਹਾਡੇ ਵਿਕਾਸ ਦੇ ਭੁਕਾਨੇ ਦੀ ਹੌਲੀ-ਹੌਲੀ ਫੂਕ ਨਿਕਲ ਰਹੀ ਹੈ, ਤੁਹਾਡੇ ਇਕ ਸਾਲ ਦੇ ਲੇਖੇ-ਜੋਖੇ ਨੇ ਇਹ ਸਾਰਾ ਕੁਝ, ਜੱਗ-ਜ਼ਾਹਰ ਕਰ ਦਿੱਤਾ ਹੈ,ਤੁਸੀਂ ਤਾਂ ਇਕ ਸਾਲ ਵਿਚ ਓਨਾ ਕੰਮ ਵੀ ਨਹੀਂ ਕਰ ਸਕੇ, ਜਿੰਨਾ ਕੇਜਰੀਵਾਲ ਨੇ 49 ਦਿਨਾਂ ਵਿਚ ਕਰ ਦਿੱਤਾ ਸੀ। ਲੋਕ ਹੌਲੀ-ਹੌਲੀ ਤੁਹਾਡੇ ‘ਮਨ ਕੀ ਬਾਤ’ ਸਮਝਣ ਲੱਗ ਪਏ ਹਨ,ਇਹ ਸਮਝਣ ਲੱਗ ਪਏ ਹਨ ਕਿ ਤੁਹਾਡੀਆਂ ਨਿਗਾਹਾਂ ਕਿੱਥੇ ਹਨ ਅਤੇ ਨਿਸ਼ਾਨਾ ਕਿੱਥੇ ਹੈ ? ਕਾਰਪੋਰੇਟ ਜਗਤ ਨਾਲ ਤੁਹਾਡੀ ਯਾਰੀ ਜੱਗ ਜ਼ਾਹਰ ਹੋ ਚਿੁੱਕੀ ਹੈ, ਇਸ ਆਧਾਰ ਤੇ ਤੁਸੀਂ ਹੁਣ ਕੋਈ ਵੀ ਨਵੀਂ ਚੋਣ ਜਿੱਤਣ ਦੀ ਹਾਲਤ ਵਿਚ ਨਹੀਂ ਹੋ, ਇਹ ਤੁਸੀਂ ਵੀ ਸਮਝਦੇ ਹੋ।
   ਇਸ ਲਈ ਪੰਜਾਬ ਨੂੰ ਇਕ ਵਾਰ ਫਿਰ ਅੱਤਵਾਦ ਦਾ ਕੇਂਦਰ ਬਨਾਉਣ ਦੀ ਘਾੜਤ ਘੜੀ ਜਾ ਰਹੀ ਹੈ, ਸਰਕਾਰ ਵਲੋਂ (ਬੀ.ਜੇ.ਪੀ.    ਅਤੇ ਬਾਦਲ ਵਲੋਂ ਅਲੱਗ-ਅਲੱਗ) ਕਤਲਾਂ ਦੇ ਕੇਸਾਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਪੁਲਸੀਆਂ ਨੂੰ ਮੁਆਫੀਆਂ ਦੇ ਕੇ ਫਿਰ ਬਹਾਲ ਕੀਤਾ ਜਾ ਰਿਹਾ ਹੈ। ਪਰ ਯਾਦ ਰੱਖਣ ਵਾਲੀ ਗੱਲ ਹੈ ਕਿ 2017 ਅਜੇ ਬਹੁਤ ਦੂਰ ਹੈ, ਉਸ ਤੋਂ ਪਹਿਲਾਂ ਬਹੁਤ-ਕੁਝ ਵਾਪਰ ਸਕਦਾ ਹੈ, ਜਿਸ ਬੰਗਲਾ-ਦੇਸ਼ ਨਾਲ ਤੁਸੀਂ ਪਿਆਰ ਦੀਆਂ ਪੀਂਘਾਂ ਝੂਟ ਰਹੇ ਹੋ, ਉਸ ਵਿਚ ਇਸਲਾਮਿਕ-ਸਟੇਟ ਦਾ ਬੜਾ ਵਾਡਾ ਨੈਟ-ਵਰਕ ਬਣ ਰਿਹਾ ਹੈ ।
  ਜਿਸ ਚੀਨ ਅਤੇ ਪਾਕਿਸਤਾਨ ਨੂੰ ਤੁਸੀਂ ਧੋਖਾ ਦੇਣ ਦੀਆਂ ਘਾੜਤਾਂ ਘੜ ਰਹੇ ਹੋ, (ਤਾਂ ਜੋ ਭਾਰਤ ਨੂੰ ਬਿਨਾ ਕਿਸੇ ਦਿੱਕਤ ਦੇ ਹਿੰਦੂ-ਰਾਸ਼ਟ੍ਰ ਬਣਾਇਆ ਜਾ ਸਕੇ) ਉਹ ਵੀ ਤੁਹਾਨੂੰ ਚਾਰੇ ਪਾਸਿਆਂ ਤੋਂ ਇਸਲਾਮਿਕ ਕੱਟੜਵਾਦ ਦੇ ਘੇਰੇ ਵਿਚ ਘੇਰ ਰਹੇ ਹਨ, ਇਨ੍ਹਾਂ ਹਾਲਾਤ ਨੇ ਤੁਹਾਨੂੰ 2017 ਦੀ ਪੰਜਾਬ ਦੀ ਖੇਡ ਖੇਡਣ ਦਾ ਮੌਕਾ ਨਹੀਂ ਦੇਣਾ। ਉਸ ਵੇਲੇ ਤੁਹਾਨੂੰ ਭਾਰਤ ਦੀ ਸੁਰੱੀਖਆ ਦੀ ਲੋੜ ਪੈਣੀ ਹੈ, ਤੁਹਾਡੀ ਫੌਜ ਦੀ ਕੀ ਹਾਲਤ ਹੈ? ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਤੁਹਾਡੀ ਆਰ.ਐਸ.ਐਸ. ਅਤੇ ਹੋਰ ਹਿੰਦੂ ਸੰਗਠਨਾਂ ਦੇ ਕਾਗਜ਼ੀ ਸ਼ੇਰ ਕਿੰਨੇ ਜੋਗੇ ਹਨ ? ਇਹ ਵੀ ਸਾਫ ਹੈ । ਮੁਸਲਮਾਨਾਂ ਅਤੇ ਈਸਾਈਆਂ ਨੂੰ ਕੁੱਟ-ਮਾਰ ਕੇ, ਬਦਨਾਮ ਕਰ ਕੇ, ਉਨ੍ਹਾਂ ਤੋਂ ਹੀ ਦੇਸ਼ ਦੀ ਰੱਖਿਆ ਦੀ ਆਸ ਕਰਨੀ ਬੇ-ਮਾਨੀ ਹੈ।
  ਬਾਕੀ ਰਹਿ ਗਏ ਹਨ ਸਿੱਖ, ਉਨ੍ਹਾਂ ਵਿਚੋਂ ਕੁਝ ਤਾਂ ਤੁਹਾਡੇ ਆਤੰਕ ਦੇ ਮਾਰੇ ਭੱਜ ਕੇ ਦੂਸਰੇ ਮੁਲਕਾਂ ਵਿਚ ਚਲੇ ਗਏ ਹਨ, ਬਹੁਤਿਆਂ ਨੂੰ ਤੁਸੀਂ ਨਸ਼ੇੜੀ ਬਣਾ ਦਿੱਤਾ ਹੈ, ਨਸ਼ੇੜੀਆਂ ਤੋਂ ਤੁਸੀਂ ਕੀ ਆਸ ਕਰ ਸਦੇ ਹੋ? ਜਿਹੜੇ ਕੁਝ ਏਥੇ ਤੁਹਾਡਾ ਜਾਂ ਬਾਦਲ ਦਾ ਜ਼ੁਲਮ ਸਹਿ ਰਹੇ ਹਨ, ਉਹ ਜਾਣਦੇ ਹਨ ਕਿ ਭਾਰਤ ਵਿਚ ਸਾਡੀ ਹੈਸੀਅਤ ਗੁਲਾਮਾਂ ਤੋਂ ਵੱਧ ਕੁਝ ਵੀ ਨਹੀਂ। ਅਤੇ ਗੁਲਾਮ ਕਦੇ ਕਿਸੇ ਲਈ ਜਾਨਾਂ ਨਹੀਂ ਵਾਰਦੇ। ਇਸ ਹਾਲਤ ਵਿਚ ਬਹੁਤ ਸਾਫ ਨਜ਼ਰ ਆ ਰਿਹਾ ਹੈ ਕਿ ਭਾਰਤ ਦੇਸ਼ ਨੂੰ ਇਕ ਵਾਰ ਤਾਂ ਮੁਸਲਮਾਨ ਦੇਸ਼ ਬਣਨ ਤੋਂ (ਭੁੱਲੜ ਦੇਸ਼ ਭਗਤ) ਗੁਰੂ ਗੋਬਿੰਦ ਸਿੰਘ ਜੀ ਨੇ ਬਚਾ ਲਿਆ ਸੀ, ਪਰ ਹੁਣ ਕੋਈ ਅਜਿਹਾ ਪੈਦਾ ਨਹੀਂ ਹੋਣਾ।
  ਇਸ ਲਈ ਤੁਹਾਡੇ ਅੱਗੇ ਇਹੀ ਗੁਜ਼ਾਰਸ਼ ਹੈ ਕਿ ਪੰਜਾਬ ਵਿਚ ਅੱਗ ਲਾਉਣ ਦੀ ਥਾਂ ਆਪਣੇ ਰਖਵਾਲਿਆਂ ਨੂੰ ਇਮਸ਼ਾਫ ਦੇਣ ਦੀ ਗੱਲ ਕਰੋ, ਤਾਂ ਜੋ ਭਾਰਤ ਨੂੰ ਬਚਾਇਆ ਜਾ ਸਕੇ । ਜੇ ਤੁਸੀ ਬਾਦਲ ਨੂੰ, ਇਨ੍ਹਾਂ ਹਿੰਦੂ ਸੰਗਠਨਾਂ ਨੂੰ, ਆਪਣੇ ਮੰਤ੍ਰੀਆਂ ਅਤੇ ਅਧਿਕਾਰੀਆਂ ਨੂੰ ਪੰਜਾਬ ਵਿਚ ਅੱਗ ਲਾਉਣ ਤੋਂ ਨਾ ਰੋਕਿਆ ਤਾਂ 2017-19 ਦੇ ਵਿਚਾਲੇ-ਵਿਚਾਲੇ ਭਾਰਤ ਮੁਸਲਮ-ਦੇਸ਼ ਬਣ ਜਾਵੇਗਾ, ਨਾ ਤੁਹਾਡੀ ਸਰਕਾਰ ਰਹੇਗੀ, ਨਾ ਹੀ ਭਾਰਤ ਦੀ ਆਜ਼ਾਦੀ।
   ਫੈਸਲਾ ਤੁਹਾਡੇ ਹੱਥ ਵਿਚ ਹੈ, ਇਹ ਤੁਸੀਂ ਸੋਚਣਾ ਹੈ ਕਿ ਤੁਸੀਂ ਸਾਰਾ ਜ਼ੋਰ 370 ਸੀਟਾਂ ਲੈਣ ਤੇ ਲਾਉਣਾ ਹੈ ? ਜਾਂ ਭਾਰਤ ਨੂੰ ਬਚਾਉਣ ਤੇ ਲਾਉਣਾ ਹੈ ? ਇਤਿਹਾਸ ਨੂੰ ਪੜ੍ਹੋ ਤੇ ਵਿਚਾਰੋ, ਫਿਰ ਉਸ ਸਿਖਿਆ ਅਨੁਸਾਰ ਨੀਤੀਆਂ ਬਣਾਉ, ਖਾਲੀ ਇਤਿਹਾਸ ਨੂੰ ਆਪਣੀ ਮਰਜ਼ੀ ਅਨੁਸਾਰ ਲਿਖਵਾ ਦੇਣ ਨਾਲ ਇਤਿਹਾਸ ਨਹੀਂ ਬਦਲਣ-ਵਾਲਾ ।
    ਤੁਹਾਡਾ ਭਗਵਾਨ ਤੁਹਾਨੂੰ ਸੱਦ-ਬੁੱਧੀ ਦੇਵੇ।     

                                               ਅਮਰ ਜੀਤ ਸਿੰਘ ਚੰਦੀ                                               

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.