ਮੋਦੀ ਸਰਕਾਰ ਦਾ ਇਕ ਵਰ੍ਹਾ,
‘ ਅੱਛੇ ਦਿਨ ਆਨੇ ਵਾਲੇ ਹੈਂ ’
ਪਰ ਕਿਸਦੇ…?
ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ, ਜਨਸੰਘ, ਆਰ.ਐਸ.ਐਸ. ਜਾਂ ਭਾਰਤੀ ਜਨਤਾ ਪਾਰਟੀ, ਪਹਿਲੀ ਵਾਰ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਵਿੱਚ ਸਫਲ ਹੋਈ ਹੈ, ਬੇਸ਼ੱਕ ਅੰਦਰੋ ਅੰਦਰੀ ਨਰਿੰਦਰ ਮੋਦੀ ਨੂੰ ਹੀਰੋ ਬਣਾ ਕੇ ਹਿੰਦੂ ਪੱਤਾ ਖੇਡਿਆ ਗਿਆ, ਪਰ ਆਮ ਭਾਰਤੀ ਲੋਕਾਂ ਦੀਆਂ ਵੋਟਾਂ ਬਟੋਰਨ ਵਾਸਤੇ ਅਤੇ ਵਿਕਸਤ ਜਾਂ ਧਰਮ ਨਿਰਪੱਖ ਮੁਲਕਾਂ ਦੇ ਅੱਖੀਂ ਘੱਟਾ ਪਾਉਣ ਲਈ, ਦੇਸ਼ ਪ੍ਰੇਮ ਅਤੇ ਸਮਾਜ਼ ਕਲਿਆਣ ਦੇ ਬਹੁਤ ਵੱਡੇ ਵੱਡੇ ਨਾਹਰੇ ਦਿੱਤੇ ਗਏ ਅਤੇ ਵਾਹਦੇ ਕਰਨ ਲੱਗਿਆਂ ਸ਼ੇਖ ਚਿੱਲੀ ਦੀ ਰੂਹ ਨੂੰ ਵੀ ਸ਼ਰਮਸ਼ਾਰ ਕਰ ਦਿੱਤਾ।
ਭਾਰਤ ਦੇ ਲੋਕਾਂ ਨਾਲ ਸਭ ਤੋਂ ਵੱਡਾ ਵਾਹਦਾ ਕੀਤਾ ਗਿਆ ਸੀ, ਜਿਸ ਨੂੰ ਇੱਕ ਯੋਗਸਵਾਮੀ ਬਾਬਾ ਰਾਮ ਦੇਵ ਨੇ ਆਪਣੇ ਯੋਗਾ ਕੈਂਪਾਂ ਵਿੱਚ ਬੜਾ ਉਚੀ ਸੁਰ ਵਿੱਚ ਪਰਚਾਰਿਆ ਅਤੇ ਲੋਕਾਂ ਅੰਦਰ ਬੀ.ਜੇ.ਪੀ. ਸਰਕਾਰ ਬਣਾਉਣ ਦੀ ਜਗਿਆਸਾ ਜਗਾਉਣ ਦੇ ਨਾਲ ਨਾਲ, ਆਪਣੇ ਅਟਕਲ ਪੱਚੂ ਵਾਲੇ ਹਿਸਾਬ ਨਾਲ ਲੋਕਾਂ ਨੂੰ ਲੱਕੜ ਦੇ ਮੁੰਡੇ ਦਿੱਤੇ ਕਿ ਲੀਡਰਾਂ ( ਭਾਵ ਕਾਂਗਰਸੀਆਂ ) ਦਾ ਏਨਾ ਕੁ ਕਾਲਾ ਧਨ ਸਵਿੱਸ ਬੈਂਕ ਵਿੱਚ ਪਿਆ ਹੈ ਕਿ ਜੇ ਉਹ ਵਾਪਿਸ ਆ ਜਾਵੇ ਤਾਂ ਹਰ ਭਾਰਤੀ ਨੂੰ ਦਸ ਤੋਂ ਪੰਦਰਾਂ ਲੱਖ ਰੁਪੈ ਅਸਾਨੀ ਨਾਲ ਮਿਲ ਸਕਦੇ ਹਨ ਅਤੇ ਸਾਰਾ ਭਾਰਤ ਖੁਸ਼ਹਾਲ ਹੋ ਜਾਵੇਗਾ, ਪਰ ਉਹ ਲੱਕੜ ਦਾ ਮੁੰਡਾ ਭਾਰਤੀ ਇੱਕ ਸਾਲ ਤੋਂ ਹਿੱਕ ਨਾਲ ਲਾਈ ਫਿਰ ਰਹੇ ਹਨ ਨਾਂ ਰੋਂਦਾ ਹੈ, ਨਾਂ ਹਸਦਾ ਹੈ, ਨਾਂ ਹੀ ਸੁੱਟਣ ਨੂੰ ਦਿਲ ਕਰਦਾ ਹੈ ਕਿਉਂਕਿ ਸਿਰਫ ਲੀਡਰਾਂ ਨੇ ਹੀ ਨਹੀਂ ਇਸ ਲੱਕੜ ਦੇ ਮੁੰਡੇ ਨੂੰ ਤਾਂ ਬਾਬਾ ਰਾਮਦੇਵ ਨੇ ਵੀ ਆਸ਼ੀਰਵਾਦ ਦਿੱਤਾ ਹੋਇਆ ਹੈ। ਮੋਦੀ ਸਰਕਾਰ ਦਾ ਇੱਕ ਸਾਲ ਪੂਰਾ ਹੋ ਗਿਆ ਹੈ, ਪਰ ਕਾਲਾ ਧਨ ਉਡੀਕਦਿਆਂ ਉਡੀਕਦਿਆਂ, ਸਵਿਟਜ਼ਰਲੈਂਡ ਵੱਲੋਂ ਆਉਂਦੇ ਜਹਾਜ਼ ਦੇਖ ਦੇਖਕੇ ਅੱਧੇ ਭਾਰਤੀਆਂ ਦੀਆਂ ਅੱਖਾਂ ਵਿੱਚ ਕਾਲਾ ਮੋਤੀਆ ਉਤਰਣ ਵਾਲਾ ਹੋਇਆ ਪਿਆ ਹੈ।
ਜੇ ਲੋਕਸਭਾ ਚੋਣ ਤੋਂ ਪਹਿਲਾਂ ਨਰਿੰਦਰ ਮੋਦੀ ਪੰਜਾਬ ਵਿੱਚ ਆਇਆ ਤਾਂ ਅਕਾਲੀ ਦਲ ਬਾਦਲ ਨੇ ਬੜਾ ਹੁੱਬ੍ਕੇ ਫਤਿਹ ਰੈਲੀ ਕਰਵਾਈ ਅਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰੋ, ਭਾਰਤ ਨੂੰ ਮਜਬੂਤ ਕਰੋ, ਮੋਦੀ ਦੀ ਅਗਵਾਈ ਵਿੱਚ ਕਿਸਾਨ, ਮਜਦੂਰ, ਮੁਲਾਜਮ, ਵਿਉਪਾਰੀ ਸਭ ਖੁਸ਼ਹਾਲ ਹੋ ਜਾਣਗੇ। ਲੋਕਾਂ ਨੂੰ ਸ. ਬਾਦਲ ਦੇ ਵਾਹਦਿਆਂ ਉੱਤੇ ਬਹੁਤਾ ਭਰੋਸਾ ਨਹੀਂ ਸੀ ਅਤੇ ਜਾਗਦੀਆਂ ਕਲਮਾਂ ਨੇ ਲਿਖਿਆ ਕਿ ਮੋਦੀ ਤੋਂ ਕਿਸਾਨੀ ਦਾ ਭਲਾ ਸੋਚਣਾ, ‘ਘੋੜੇ ਦੀ ਘਾਹ ਨਾਲ ਦੋਸਤੀ ਦੇ ਤੁਲ ਹੈ’, ਜਿਹੜਾ ਮੁੱਖ ਮੰਤਰੀ ਹੁੰਦਿਆਂ, ਆਪਣੇ ਸੂਬੇ ਵਿੱਚ ਮੁਸਲਿਮ ਭਾਈਚਾਰੇ ਦੀ ਨਸਲਕੁਸ਼ੀ ਅਤੇ ਦਹਾਕਿਆਂ ਤੋਂ ਜਿਹੜੇ ਪੰਜਾਬੀ ਕਿਸਾਨ, ਸ੍ਰੀ ਲਾਲ ਬਹਾਦੁਰ ਸ਼ਾਸ਼ਤਰੀ ਵੱਲੋਂ ਲਿਜਾ ਕੇ ਗੁਜਰਾਤ ਵਿੱਚ ਵਸਾਏ ਗਏ ਸਨ, ਉਹਨਾਂ ਦੇ ਉਜਾੜੇ ਵਾਸਤੇ ਤਾਂ ਮੋਦੀ ਅਦਾਲਤ ਤੱਕ ਵੀ ਕਿਸਾਨਾਂ ਦਾ ਪਿੱਛਾ ਕਰ ਰਿਹਾ ਹੈ। ਫਿਰ ਇਸ ਤੋਂ ਪ੍ਰਧਾਨ ਮੰਤਰੀ ਹੁੰਦਿਆਂ ਕਿਸਾਨਾਂ ਨੂੰ ਕਿਸੇ ਚੰਗੇ ਦੀ ਆਸ ਕਿਵੇ ਹੋ ਸਕਦੀ ਅਤੇ ਖਾਸ ਕਰਕੇ ਪੰਜਾਬੀ ਸਿੱਖ ਕਿਸਾਨਾਂ ਨੂੰ ਤਾਂ ਸੁਫਨੇ ਵਿੱਚ ਵੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਨਰਿੰਦਰ ਮੋਦੀ ਜਾਂ ਸੰਘ ਸਰਕਾਰ ਉਹਨਾਂ ਦਾ ਕੋਈ ਭਲਾ ਕਰੇਗੀ।
‘ਅੱਛੇ ਦਿਨ ਆਨੇ ਵਾਲੇ ਹੈਂ’ ਉਹਨਾਂ ਦੇ, ਜਿਹਨਾਂ ਦੇ ਆਉਣੇ ਸਨ ਆ ਚੁੱਕੇ ਹਨ, ਜਿਹੜੀਆਂ ਕੰਪਨੀਆਂ ਨੇ ਮੋਦੀ ਚਮਕਾਓ ਲਹਿਰ ਵਾਸਤੇ, ਹਜ਼ਾਰਾਂ ਕਰੋੜ ਖਰਚ ਕੀਤੇ, ਉਹ ਕੰਪਨੀਆਂ ਵਾਲੇ ਹੀ ਅੱਜ ਫਾਇਦੇ ਦੇ ਭਾਗੀ ਵਿਖਾਈ ਦੇ ਰਹੇ ਹਨ। ਆਮ ਲੋਕ ਤਾਂ ਜਿਵੇ ਕਾਂਗਰਸ ਜਾਂ ਯੂ.ਪੀ.ਏ. ਸਰਕਾਰ ਵਿੱਚ ਸਨ,ਉਸ ਤੋਂ ਕੋਈ ਰਾਹਤ ਨਹੀਂ ਮਹਿਸੂਸ ਕਰ ਰਹੇ, ਸਗੋਂ ਉਹਨਾਂ ਦੀਆਂ ਦੁਸ਼ਵਾਰੀਆਂ ਵਧੀਆਂ ਹੀ ਹਨ। ਪੈਟ੍ਰੋਲ ਅਤੇ ਡੀਜ਼ਲ ਆਮ ਆਦਮੀ ਦੀ ਜਿੰਦਗੀ ਨਾਲ ਜੁੜਿਆ ਹੋਇਆ ਹੈ, ਉਸ ਦਾ ਭਾਅ ਯੂ.ਪੀ.ਏ ਸਰਕਾਰ ਤੋਂ ਹੁਣ ਇਸ ਵੇਲੇ ਵਾਧੇ ਵਿੱਚ ਹੈ ਅਤੇ ਪਿਛਲੇ ਪੰਦਰਾਂ ਦਿਨਾਂ ਵਿੱਚ ਦੋ ਵਾਰੀ ਪੈਟ੍ਰੋਲ ਅਤੇ ਡੀਜ਼ਲ ਦੇ ਭਾਅ ਵਧੇ ਹਨ। ਜਿਸ ਵੇਲੇ ਕੌਮਾਂਤਰੀ ਮੰਡੀ ਵਿੱਚ ਤੇਲ ਦੀ ਕੁੱਝ ਘੱਟ ਹੋਈ ਕੀਮਤ ਕਰਕੇ, ਭਾਰਤੀ ਤੇਲ ਕੰਪਨੀਆਂ ਨੇ ਵੀ ਡੀਜ਼ਲ ਪੈਟ੍ਰੋਲ ਕੁੱਝ ਘਟਾਇਆ ਤਾਂ ਮੋਦੀ ਸਰਕਾਰ ਅਤੇ ਉਸ ਦੀ ਪਾਰਟੀ ਦੇ ਵਰਕਰ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਵਜੋਂ ਪ੍ਰਚਾਰ ਰਹੇ ਸਨ, ਪਰ ਹੁਣ ਉਸ ਦੀ ਵੀ ਫੂਕ ਨਿਕਲ ਚੁੱਕੀ ਹੈ। ਇਸ ਨਾਲ ਆਮ ਜਨਤਾ ਵਿੱਚ ਮੋਦੀ ਸਰਕਾਰ ਦੇ ਖਿਲਾਫ਼ ਇੱਕ ਦੰਦ ਕਥਾ ਸ਼ੁਰੂ ਹੋ ਗਈ ਹੈ ਅਤੇ ਇੱਕ ਦਿਨ ਸਰਕਾਰ ਨੂੰ ਲੈ ਬੈਠੇਗੀ।
ਸੰਘ ਦੀ ਮੋਦੀ ਸਰਕਾਰ ਨੇ, ਜਿਹੜਾ ਉਸ ਦਾ ਲੁਕਵਾ ਏਜੰਡਾ, ਹਿੰਦੂ ਹਿੰਦੀ ਹਿੰਦੁਸਤਾਨ ਦਾ ਸੀ, ਉਹ ਜਰੂਰ ਲਾਗੂ ਕਰਨਾ ਆਰੰਭ ਦਿਤਾ ਹੈ। ਪਾਠਕਾਂ ਨੇ ਅਖਬਾਰਾਂ ਵਿੱਚ ਪੜਿ੍ਹਆ ਹੀ ਹੈ ਕਿ ਜਬਰ ਦਸਤੀ, ਡਰਾਕੇ ਅਤੇ ਲਾਲਚ ਦੇ ਕੇ ਲੋਕਾਂ ਨੂੰ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਜਾਂ ਫਿਰ ਸੰਘ ਮੁਖੀ ਮੋਹਨ ਭਗਵਤ ਪੰਜਾਬ ਵਿੱਚ ਭੋਲੇ ਭਾਲੇ ਹਿੰਦੂ ਦੁਕਾਨਦਾਰਾਂ ਦੇ ਮੋਢਿਆਂ ਉੱਤੇ ਬੰਦੂਕਾਂ ਚੁਕਵਾ ਕੇ, ਪੰਜਾਬ ਦੇ ਅਮਨ ਨੂੰ ਅੱਗ ਲਾ ਕੇ, ਸਿੱਖਾਂ ਉੱਤੇ ਤਸ਼ੱਦਦ ਕਰਨ ਦੇ ਮੌਕੇ ਲੱਭ ਰਿਹਾ ਹੈ ਤਾਂ ਕਿ ਸਿੱਖਾਂ ਦੀ ਨਸਲਕੁਸ਼ੀ ਵਾਸਤੇ ਰਾਹ ਪੱਧਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਿੱਖਾਂ ਵਿੱਚਲੇ ਭੇਖਧਾਰੀ ਡੇਰੇਦਾਰਾਂ ਨੂੰ ਅਤੇ ਕੁੱਝ ਦੇਹਧਾਰੀ ਗੁਰੂ ਡੰਮੀਆਂ ਨੂੰ ਸਿੱਖ ਪੰਥ ਦੁਆਲੇ ਘੇਰਾ ਬੰਦੀ ਕਰਨ ਵਾਸਤੇ ਪਰੇਰਿਆ ਜਾ ਰਿਹਾ ਹੈ ਤਾਂ ਕਿ ਸਿੱਖ ਕੌਮ ਦੀ ਵੱਖਰੀ ਹਸਤੀ ਨੂੰ ਨੇਸਤੋ ਨਬੂਦ ਕੀਤਾ ਜਾ ਸਕੇ ਜਾਂ ਫਿਰ ਪੰਜਾਬ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਣ ਵਾਲੇ ਅਫਸਰਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ, ਤਦ ਹੀ ਪਿੰਕੀ ਕੈਟ ਵਰਗੇ ਬਦਨਾਮ ਅਫਸਰ, ਕਤਲ ਵਿੱਚ ਉਮਰ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਵੀ, ਸੰਘ ਅਤੇ ਬੀ.ਜੇ.ਪੀ. ਕੋਲ ਵਾਸਤੇ ਪਾ ਕੇ ਆਖ ਰਿਹਾ ਹੈ ਕਿ ਮੈਂ ਹਿੰਦੂਆਂ ਦੀ ਰਾਖੀ ਕੀਤੀ ਹੈ ਅਤੇ ਸਿੱਖਾਂ ਦਾ ਘਾਣ ਕੀਤਾ ਹੈ, ਇਸ ਵਾਸਤੇ ਮੈਨੂੰ ਕਾਨੂੰਨ ਦੀ ਹੱਦ ਤੋ ਪਰੇ੍ਹ ਜਾ ਕੇ ਵੀ ਦੁਬਾਰਾ ਨੌਕਰੀ ਉੱਤੇ ਬਹਾਲ ਕਰੋ?
ਮੋਦੀ ਸਰਕਾਰ ਨੇ ਪੰਜਾਬ ਵਿੱਚ ਸ਼ਰੇਆਮ ਹੁੰਦੀ ਨਸ਼ਾ-ਤਸਕਰੀ ਅਤੇ ਨਸ਼ੇ ਦੇ ਸੁਦਾਗਰਾਂ ਨਾਲ ਅਕਾਲੀ, ਬੀ.ਜੇ.ਪੀ. ਦੀ ਸਾਂਝੀ ਪੰਜਾਬ ਸਰਕਾਰ ਦੇ ਕੁੱਝ ਮੰਤਰੀਆਂ ਦੀ ਸਿੱਧੀ ਸਾਂਝ ਸਾਬਤ ਹੋਣ ਦੇ ਬਾਵਜੂਦ ਵੀ, ਇੱਕ ਸਾਲ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਮੁੱਚੇ ਪੰਜਾਬੀਆਂ ਦੀ ਮੰਗ ਕਿ ਨਸ਼ਿਆਂ ਵਿੱਚ ਸ਼ਾਮਲ ਮੰਤਰੀਆਂ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਈ ਜਾਵੇ, ਵੱਲ ਉੱਕਾ ਹੀ ਕੋਈ ਧਿਆਨ ਨਹੀਂ ਦਿੱਤਾ, ਸਗੋਂ ਵਿਧਾਨਸਭਾ ਦੇ ਵਿੱਚ ਅਤੇ ਬਾਹਰ ਬੀ.ਜੇ.ਪੀ. ਉਹਨਾਂ ਦਾਗੀ ਮੰਤਰੀਆਂ ਨਾਲ ਸਿਆਸੀ ਪੀਂਘੲ ਝੂਟ ਰਹੀ ਹੈ। ਪੰਜਾਬ ਇਸ ਵੇਲੇ ਕੈਂਸਰ ਅਤੇ ਕਾਲੇ ਪੀਲੀਏ ਦੀ ਗ੍ਰਿਫਤ ਵਿੱਚ ਹੈ, ਰੋਜ਼ ਦਰਜਨਾਂ ਮੌਤਾਂ ਕੈਂਸਰ ਅਤੇ ਪੀਲੀਏ ਕਰਕੇ ਹੋ ਰਹੀਆਂ ਹਨ, ਲੇਕਿਨ ਮੋਦੀ ਸਰਕਾਰ ਨੇ ਇੱਕ ਸਾਲ ਵਿੱਚ ਆਪਣੀ ਭਾਈਵਾਲ ਪੰਜਾਬ ਸਰਕਾਰ ਨਾਲ ਰਲਕੇ, ਇੱਕ ਵੀ ਅਜਿਹਾ ਪ੍ਰੋਜੈਕਟ ਤਿਆਰ ਨਹੀਂ ਕੀਤਾ, ਜਿਸ ਨਾਲ ਕੈਂਸਰ ਰੋਗੀਆਂ ਦੇ ਇਲਾਜ਼ ਦਾ ਕੋਈ ਪ੍ਰਬੰਧ ਹੋਇਆ ਹੋਵੇ ਜਾਂ ਉਹਨਾਂ ਨੂੰ ਕਿਸੇ ਵਾਜਿਬ ਰੇਟ ਉੱਤੇ ਦਵਾਈਆਂ ਦੇਣ ਦਾ ਕੋਈ ਇੰਤਜ਼ਾਮ ਕੀਤਾ ਹੋਵੇ। ਪੰਜਾਬ ਸਿਰ ਦੇਸ਼ ਦੀ ਸੁਰੱਖਿਆ ਅਤੇ ਅਮਨ ਦੇ ਨਾਮ ਹੇਠ ਚੜਿ੍ਹਆ ਕਰਜਾ ਕੌੜੀ ਵੇਲ ਵਾਂਗੂੰ ਵਧ ਰਿਹਾ ਹੈ, ਉਸ ਦੀ ਮਾਫ਼ੀ ਦਾ ਕਿਤੇ ਜ਼ਿਕਰ ਨਹੀਂ ਹੋਇਆ।
ਮੋਦੀ ਸਰਕਾਰ ਦੇ ਲੰਘੇ ਇੱਕ ਸਾਲ ਵਿੱਚ ਕਿਸਾਨ ਦੀ ਤਾਂ ਬਹੁਤ ਹੀ ਅਣਦੇਖੀ ਹੋਈ ਹੈ। ਕਿਸਾਨਾਂ ਦੀ ਬਿਹਤਰੀ ਵਾਲੀ ਸਵਾਮੀ ਨਾਥਨ ਰਿਪੋਰਟ ਦੀ ਫਾਇਲ ਉੱਤੇ ਮਿੱਟੀ ਜਿਉਂ ਦੀ ਤਿਉਂ ਪਈ ਹੈ, ਉਸ ਨੂੰ ਹਵਾ ਤੱਕ ਨਹੀਂ ਲਵਾਈ। ਪਿਛਲੇ ਕਈ ਸਾਲਾਂ ਤੋਂ ਵਧੇਰੇ ਮੰਡੀਆਂ ਵਿੱਚ ਕਿਸਾਨ ਦੀ ਖਜਲ ਖਵਾਰੀ ਹੋਈ ਹੈ, ਕਿਸਾਨਾਂ ਨੂੰ ਬੜੇ ਸਾਲਾਂ ਬਾਅਦ ਮੋਦੀ ਸਰਕਾਰ ਵਿੱਚ ਫਿਰ ਯੂਰੀਏ ਅਤੇ ਹੋਰ ਖਾਦਾਂ ਵਾਸਤੇ ਬਹੁਤ ਦਿਨ ਬਦੀਨ ਹੋਣਾ ਪਿਆ, ਕੁਦਰਤੀ ਆਫਤ ਕਿਸਾਨ ਦੇ ਵੱਸ ਦਾ ਰੋਗ ਨਹੀਂ ਹੈ, ਪਰ ਪੰਜਾਬੀ ਕਿਸਾਨ ਪ੍ਰਤੀ ਨਫਰਤ ਭਰੀ ਪਹੁੰਚ ਰੱਖਦਿਆਂ ਨਾਲ ਲੱਗਦੇ ਸੂਬੇ, ਹਰਿਆਣਾ ਵਿੱਚ ਸੰਘ ਦੀ ਸਰਕਾਰ ਹੋਣ ਕਰਕੇ, ਉਥੇ ਕਣਕ ਦੇ ਰੰਗ ਅਤੇ ਨਮੀ ਵਿੱਚ ਕਾਫੀ ਛੋਟ ਦਿੱਤੀ ਗਈ ਹੈ, ਜਦੋਂ ਕਿ ਹਰਿਆਣੇ ਦੇ ਖੇਤ ਵਿੱਚ ਖੜ੍ਹੇ ਤੁਸੀਂ ਅਗਲਾ ਕਦਮ ਰੱਖੋ ਤਾਂ ਪੰਜਾਬ ਵਿੱਚ ਟਿਕੇਗਾ, ਪਰ ਪੰਜਾਬ ਦੀ ਧਰਤੀ ਅਤੇ ਪੰਜਾਬੀ ਕਿਸਾਨ ਸਿੱਖ ਹੋਣ ਕਰਕੇ, ਪੰਜਾਬ ਵਿੱਚ ਸਖਤੀ, ਲੇਕਿਨ ਹਰਿਆਣਾ ਵਿੱਚ ਨਰਮੀ ਰੱਖੀ ਹੈ। ਪੰਜਾਬ ਵਿੱਚ ਕਿਸਾਨਾਂ ਦੇ ਵਾਸਤੇ ਕੋਈ ਹੀ ਕਿਸਾਨੀ ਨਾਲ ਸਬੰਧਤ ਨਵਾਂ ਪ੍ਰੋਜੈਕਟ ਨਹੀਂ ਲੱਗਿਆ। ਉਲਟਾ ਭੂੰਮੀ ਪ੍ਰਾਪਤੀ ਬਿੱਲ ਰਾਹੀਂ ਕਿਸਾਨ ਦੀ ਜਮੀਨੀ ਮਾਲਕੀ ਦਾ ਅਧਿਕਾਰ ਖੋਹ ਲਿਆ ਹੈ।
ਮੋਦੀ ਸਰਕਾਰ ਦਾ ਇਕ ਸਾਲ ਜੇ ਰਾਸ ਆਇਆ ਹੈ ਤਾਂ ਸਿਰਫ਼ ਉਹ ਬਾਦਲ ਪਰਿਵਾਰ ਨੂੰ ਹੀ ਆਇਆ ਹੈ ਕਿਉਂਕਿ ਕੇਂਦਰ ਵਿੱਚ ਪੂਰਨ ਬਹੁਮਤ ਹੋਣ ਦੇ ਬਾਵਜੂਦ ਵੀ, ਬਾਦਲ ਪਰਿਵਾਰ ਦੀ ਨੂੰਹ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਈ ਗਈ ਹੈ। ਬਾਦਲ ਪਰਿਵਾਰ ਨੂੰ ਖੁੱਲ੍ਹ ਹੈ ਕਿ ਉਹ ਜਿਵੇ ਮਰਜ਼ੀ ਸ਼੍ਰੋਮਣੀ ਕਮੇਟੀ ਨੂੰ ਚਲਾਵੇ ਜਾਂ ਸਰਕਾਰ ਵਿੱਚ ਜੋ ਵੀ ਮਨਮਾਨੀ ਕਰੇ, ਕੋਈ ਰੁਕਾਵਟ ਨਹੀਂ। ਮੰਤਰੀਆਂ ਉੱਤੇ ਭਾਵੇਂ ਨਸ਼ਾਂ ਤਸਕਰਾਂ ਨਾਲ ਰਲੇ ਹੋਣ ਦੇ ਦੋਸ਼ ਲੱਗਣ, ਉਸਦੇ ਬਾਵਜੂਦ ਵੀ ਕੇਂਦਰ ਦੀ ਸੰਘ ਜਾਂ ਮੋਦੀ ਦੀ ਸਰਕਾਰ ਕਦੇ ਕੋਈ ਨੋਟਿਸ ਨਹੀਂ ਲਵੇਗੀ, ਬਾਕੀ ਦਾ ਲੇਖਾ ਜੋਖਾ ਪਾਠਕ ਆਪ ਕਰ ਸਕਦੇ ਹਨ, ਕਿ ਉਹਨਾਂ ਨੇ ਕੀਹ ਮਹਿਸੂਸ ਕੀਤਾ ਹੈ। ਜਿਹੜਾ ਨਾਹਰਾ ਬੀ.ਜੇ.ਪੀ. ਨੇ ਦਿੱਤਾ ਕਿ ‘ਅੱਛੇ ਦਿਨ ਆਨੇ ਵਾਲੇ ਹੈਂ’ ਉਹ ਕਿਸ ਦੇ ਆਏ ਹਨ, ਸਾਡੇ ਤਾਂ ਹਾਲੇ ਤੱਕ ਬੁਰੇ ਹੀ ਚੱਲ ਰਹੇ ਹਨ।
ਗੁਰੂ ਰਾਖਾ!!
ਗੁਰਿੰਦਰਪਾਲ ਸਿੰਘ ਧਨੌਲਾ 93161 76519
Gurinderpal Singh Dhanoula
ਮੋਦੀ ਸਰਕਾਰ ਦਾ ਇਕ ਵਰ੍ਹਾ, ‘ ਅੱਛੇ ਦਿਨ ਆਨੇ ਵਾਲੇ ਹੈਂ ’ ਪਰ ਕਿਸਦੇ…?
Page Visitors: 2863