ਕੈਟੇਗਰੀ

ਤੁਹਾਡੀ ਰਾਇ



ਜਸਵੰਤ ਸਿੰਘ ਅਜੀਤ
ਅਤੇ ਹਰਮਨ ਸਿੰਘ ਸੰਸਾਰ ਭਰ ਦਾ ਹਰਮਨ ਪਿਆਰਾ ਹੋ ਗਿਆ
ਅਤੇ ਹਰਮਨ ਸਿੰਘ ਸੰਸਾਰ ਭਰ ਦਾ ਹਰਮਨ ਪਿਆਰਾ ਹੋ ਗਿਆ
Page Visitors: 2954

ਅਤੇ ਹਰਮਨ ਸਿੰਘ ਸੰਸਾਰ ਭਰ ਦਾ ਹਰਮਨ ਪਿਆਰਾ ਹੋ ਗਿਆ
ਕੁਝ ਹੀ ਦਿਨ ਹੋਏ ਨੇ ਕਿ ਇੱਕ ਖਬਰ ਆਈ ਸੀ, ਕਿ ਨਿਊਜ਼ੀਲੈਂਡ ਦੇ ਸ਼ਹਿਰ, ਦਖਣੀ ਆਕਲੈਂਡ ਵਿੱਚ ਇੱਕ ਪੰਜ ਵਰ੍ਹਿਆਂ ਦਾ ਬੱਚਾ, ਜੋ ਸਕੂਲ ਜਾ ਰਿਹਾ ਸੀ, ਕਾਰ ਦੀ ਟੱਕਰ ਲਗਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੁਰਘਟਨਾ ਦੇ ਸਮੇਂ ਇੱਕ ਸਿੱਖ ਨੌਜਵਾਨ, ਹਰਮਨ ਸਿੰਘ, ਜੋ ਉਥੇ ਪੜ੍ਹਨ ਗਿਆ ਹੋਇਆ ਹੈ, ਆਪਣੇ ਘਰ ਵਿੱਚ ਸੀ, ਨੇ ਜਦੋਂ ਕਾਰ ਦੇ ਟਾਇਰਾਂ ਦੇ ਰਗੜਨ ਦੀ ਆਵਾਜ਼ ਸੁਣੀ ਤਾਂ ਉਹ ਝਟ ਦੌੜ ਕੇ ਬਾਹਰ ਆਇਆ। ਉਸ ਵੇਖਿਆ ਕਿ ਇੱਕ ਬੱਚਾ ਸੜਕ ਪੁਰ ਡਿਗਾ ਹੋਇਆ ਹੈ `ਤੇ ਉਸਦੇ ਸਿਰ ਵਿਚੋਂ ਖੂਨ ਦੀ ਧਾਰ ਵਹਿ ਰਹੀ ਹੈ। ਉਸਨੇ ਬਿਨਾਂ ਅਗਾ-ਪਿਛਾ ਸੋਚਿਆਂ ਝਟ ਆਪਣੇ ਸਿਰ ਤੋਂ ਪਗੜੀ ਉਤਾਰੀ `ਤੇ ਬੱਚੇ ਦੇ ਸਿਰ ਦੇ ਉਸ ਹਿਸੇ ਪੁਰ ਬੰਨ੍ਹ ਦਿੱਤੀ, ਜਿਥੋਂ ਖੂਨ ਲਗਾਤਾਰ ਰਿਸ ਰਿਹਾ ਸੀ। ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸਦੀ ਹਾਲਤ ਬਹੁਤ ਗੰਭੀਰ ਦਸੀ ਗਈ। (ਹੁਣ ਉਸਦੀ ਹਾਲਤ ਬਿਲਕੁਲ ਠੀਕ ਦਸੀ ਜਾ ਰਹੀ ਹੈ)।
ਜੇ ਇਸ ਘਟਨਾ ਨੂੰ ਸੰਸਾਰ ਭਰ ਵਿੱਚ ਰੋਜ਼-ਦਿਨ ਵਾਪਰਨ ਵਾਲੀਆਂ ਅਜਿਹੀਆਂ ਹੀ ਦੁਰਘਟਨਾਵਾਂ ਦੀਆਂ ਨਜ਼ਰਾਂ ਨਾਲ ਵੇਖਿਆ ਜਾਏ ਤਾਂ ਇਹ ਇੱਕ ਸਾਧਾਰਣ-ਜਿਹੀ ਘਟਨਾ ਸੀ। ਜਿਸਨੂੰ, ਬੱਚੇ ਨੂੰ ਹਸਪਤਾਲ ਪਹੁੰਚਾ ਦੇਣ ਦੇ ਨਾਲ ਹੀ ਭੁਲਾਇਆ ਜਾ ਸਕਦਾ ਸੀ, ਪ੍ਰੰਤੂ ਜਿਸਤਰ੍ਹਾਂ ਸੰਸਾਰ ਭਰ ਦੇ ਲੋਕਾਂ, ਸਿੱਖਾਂ ਨੇ ਨਹੀਂ, ਨੇ ਇਸ ਘਟਨਾ ਵਿੱਚ ਹਰਮਨ ਸਿੰਘ ਵਲੋਂ ਨਿਬਾਹੀ ਗਈ ਭੂਮਿਕਾ ਦੀ ਸਰਾਹੁਣਾ ਅਤੇ ਪ੍ਰਸ਼ੰਸਾ ਕਰ, ਉਸ ਵਲ ਦੋਸਤੀ ਦਾ ਹੱਥ ਵਧਾਇਆ, ਉਸਤੋਂ ਇਉਂ ਜਾਪਿਆ, ਜਿਵੇਂ ਉਨ੍ਹਾਂ ਹਰਮਨ ਸਿੰਘ ਦੀ ਨਹੀਂ, ਸਗੋਂ ਜਿਵੇਂ ਉਸਨੇ ਆਪਣੀ ਪਗੜੀ ਉਤਾਰ, ਬੱਚੇ ਦੇ ਸਿਰ ਤੋਂ ਵਹਿ ਰਹੇ ਖੂਨ ਨੂੰ ਰੋਕਣ ਲਈ ਉਸਦੇ ਜ਼ਖਮ ਪੁਰ ਬੰਨ੍ਹੀ, ਉਸਨੂੰ, ਜਦੋਂ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਜੋੜ ਕੇ ਵੇਖਿਆ, ਤਾਂ ਉਹ ਉਸਦੀ ਪ੍ਰਸ਼ੰਸਾ ਕੀਤੇ ਬਿਨਾ ਨਾ ਰਹਿ ਸਕੇ। ਹਰਮਨ ਸਿੰਘ ਦਾ ਆਪਣਾ ਮੰਨਣਾ ਹੈ ਕਿ ਉਸਨੇ ਆਪ ਇਸ ਗਲ ਨੂੰ ਇਤਨੀ ਗੰਭੀਰਤਾ ਨਾਲ ਨਹੀਂ ਸੀ ਲਿਆ, ਜਿਤਨੀ ਗੰਭੀਰਤਾ ਨਾਲ ਸੰਸਾਰ ਭਰ ਦੇ ਲੋਕਾਂ ਨੇ ਲਿਆ ਹੈ। ਉਸਨੇ ਤਾਂ ਆਪਣੇ ਧਰਮ ਦੀਆਂ ਸਿਖਿਆਵਾਂ ਦੇ ਅਧਾਰ `ਤੇ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਨਿਸ਼ਠਾ ਅਤੇ ਜ਼ਿਮੇਂਦਾਰੀ ਦਾ ਪਾਲਣ ਕੀਤਾ ਸੀ, ਕਿਉਂਕਿ ਉਸ ਸਮੇਂ ਉਸਦੇ ਸਾਹਮਣੇ ਵਹਿ ਰਹੇ ਖੂਨ ਨੂੰ ਰੋਕਣ ਦਾ ਮੁੱਖ ਸਵਾਲ ਸੀ ਅਤੇ ਇਸਦੇ ਲਈ ਕੋਈ ਵੀ ਹੋਰ ਸਾਧਨ ਉਪਲਬੱਧ ਨਹੀਂ ਸੀ, ਸੋਚਣ ਦਾ ਸਮਾਂ ਵੀ ਨਹੀਂ ਸੀ, ਵਹਿੰਦੇ ਖੂਨ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਣਾ ਬਹੁਤ ਜ਼ਰੂਰੀ ਸੀ। ਉਸਨੇ ਬਿਨਾਂ ਸਮਾਂ ਗੁਆਏ ਜਲਦੀ ਨਾਲ ਪਗੜੀ ਉਤਾਰ ਬੱਚੇ ਦੇ ਖੂਨ ਵਹਿ ਰਹੇ ਜ਼ਖਮ ਪੁਰ ਬੰਨ੍ਹ ਦਿੱਤੀ।
ਜਾਪਦਾ ਹੈ, ਕਿ ਇਹ ਗਲ ਸੰਸਾਰ ਭਰ ਦੇ ਲੋਕਾਂ ਲਈ ਇਸਲਈ ਮਹੱਤਵਪੂਰਣ ਬਣ ਗਈ, ਕਿਉਂਕਿ ਸੰਸਾਰ-ਭਰ ਦੇ ਲੋਕੀ ਜਾਣਦੇ ਹਨ ਕਿ ਕਈ ਦੇਸ਼ਾਂ ਵਿੱਚ ਸਿੱਖ, ਪਗੜੀ ਬੰਨ੍ਹੀ ਰਖਣ ਦੇ ਅਧਿਕਾਰ ਦੀ ਰਖਿਆ ਲਈ ਲੰਮੇਂ ਸਮੇਂ ਤੋਂ ਕਾਨੂੰਨੀ ਅਤੇ ਸੰਵਿਧਾਨਕ ਲੜਾਈ ਲੜਦੇ ਚਲੇ ਆ ਰਹੇ ਹਨ। ਸ਼ਾਇਦ ਇਹੀ ਲੜਾਈ ਹੈ, ਜਿਸਨੇ ਸੰਸਾਰ ਭਰ ਦੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਉਸ ਪਗੜੀ, ਜਿਸਨੂੰ ਸਿੱਖ ਆਪਣੇ ਪਹਿਰਾਵੇ ਦਾ ਧਾਰਮਕ ਅੰਗ ਮੰਨਦਿਆਂ, ਨਾ ਉਤਾਰਨ ਪੁਰ ਬਜ਼ਿਦ ਰਹਿੰਦਿਆਂ, ਪਗੜੀ ਨਾ ਪਹਿਨਣ ਨਾਲ ਵੱਖ-ਵੱਖ ਦੇਸ਼ਾਂ ਵਿੱਚ ਮਿਲਣ ਵਾਲੇ ਲਾਭਾਂ ਅਤੇ ਸਹੂਲਤਾਂ ਨੂੰ ਠੁਕਰਾਈ ਚਲੇ ਆ ਰਹੇ ਹਨ, ਨੂੰ ਇੱਕ ਸਿੱਖ ਨੌਜਵਾਨ ਨੇ ਬੱਚੇ ਦੀ ਜਾਨ ਬਚਾਣ ਲਈ ਆਪਣੇ ਸਿਰ ਤੋਂ ਉਤਾਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਿਚਕਿਚਾਹਟ ਨਹੀਂ ਵਿਖਾਈ।
ਇਸ ਘਟਨਾ ਨੂੰ ਸੰਸਾਰ ਭਰ ਦੇ ਲੋਕਾਂ ਨੇ ਜਿਸ ਦ੍ਰਿਸ਼ਟੀਕੋਣ ਤੋਂ ਲਿਆ ਅਤੇ ਸਲਾਹਿਆ, ਉਸਦੇ ਕੁੱਝ ਸਾਰਥਕ ਨਤੀਜੇ ਵੀ ਸਾਹਮਣੇ ਆਉਂਦੇ ਵਿਖਾਈ ਦੇਣ ਲਗੇ ਹਨ। ਇੱਕ ਪਾਸੇ ਆਮ ਲੋਕਾਂ ਵਿੱਚ ਹਮਦਰਦੀ ਦੇ ਜਜ਼ਬੇ ਨੂੰ ਸਨਮਾਨਿਆ ਜਾਣ ਲਗਾ ਹੈ ਅਤੇ ਦੂਸਰੇ ਪਾਸੇ ਦਸਿਆ ਜਾਂਦਾ ਹੈ ਕਿ ਇੰਗਲੈਂਡ ਅਤੇ ਫਰਾਂਸ ਸਹਿਤ ਕਈ ਦੇਸ਼ਾਂ ਵਿੱਚ ਸਿੱਖਾਂ ਦੇ ਪਗੜੀ ਬੰਨ੍ਹੇ ਜਾਣ ਤੇ ਲਗੀ ਕਾਨੂੰਨੀ ਰੋਕ ਤੇ ਮੁੜ ਵਿੱਚਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਤਲਾਸ਼ੇ ਜਾਣ ਲਈ ਦਬਾਉ ਬਣਾਏ ਜਾਣ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ।
ਇਧਰ ਜਦੋਂ ਹਰਮਨ ਸਿੰਘ ਨੂੰ ਕਿਹਾ ਗਿਆ ਕਿ ਉਸਦੀ ਸੰਸਾਰ ਭਰ ਵਿੱਚ ਬਹੁਤ ਪ੍ਰਸ਼ੰਸਾ ਹੋ ਰਹੀ ਹੈ ਤਾਂ ਉਸਨੇ ਬਹੁਤ ਹੀ ਨਿਮਾਣਿਆਂ ਹੋ ਕਿਹਾ ਕਿ ਇਹ ਉਸਦੀ ਨਹੀਂ ਉਸਦੇ ਧਰਮ, ਸਿੱਖੀ ਦੇ ਆਦਰਸ਼ਾਂ ਦੀ ਪ੍ਰਸ਼ੰਸਾ ਹੋ ਰਹੀ ਹੈ। ਇਸਦੇ ਨਾਲ ਹੀ ਇੱਕ ਹੋਰ ਗਲ ਵੀ ਸਾਹਮਣੇ ਆਈ ਉਹ ਇਹ ਕਿ ਜਦੋਂ ਉਪ੍ਰੋਕਤ ਘਟਨਾ ਬਾਰੇ ਹਰਮਨ ਸਿੰਘ ਨਾਲ ਗਲ ਕਰਨ ਲਈ ਇੱਕ ਸਥਾਨਕ ਟੀਵੀ ਚੈਨਲ ਦੇ ਕਾਰਿੰਦੇ ਉਸਦੇ ਘਰ ਪੁਜੇ ਤਾਂ ਉਨ੍ਹਾਂ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਉਹ ਸਜਣ, ਜੋ ਇਸ ਸਮੇਂ ਸੰਸਾਰ ਭਰ ਦੇ ਲੋਕਾਂ ਦੇ ਪਿਆਰ ਦਾ ਕੇਂਦਰ ਬਣਿਆ ਹੋਇਆ ਹੈ, ਘਰ ਵਜੋਂ ਉਸ ਪਾਸ ਇੱਕ ਕਮਰਾ ਹੈ ਤੇ ਫਰਨੀਚਰ ਵਜੋਂ ਇੱਕ ਸਾਧਾਰਣ ਜਿਹਾ ਮੇਜ਼ ਤੇ ਕੁਰਸੀ ਅਤੇ ਸੋਣ ਲਈ ਜ਼ਮੀਨ ਪੁਰ ਵਿਛੀ ਹੋਈ ਇੱਕ ਚਟਾਈ। ਉਨ੍ਹਾਂ ਇਸ ਬਾਰੇ ਹਰਮਨ ਸਿੰਘ ਤੋਂ ਪਛਿਆ ਤੇ ਕਿਹਾ ਕੀ ਤੇਰੇ ਕਮਰੇ ਵਿੱਚ ਸੋਫਾ ਆਦਿ ਫਰਨੀਚਰ ਨਹੀਂ ਹੋਣਾ ਚਾਹੀਦਾ? ਤਾਂ ਉਸ ਨਿਮਰਤਾ ਨਾਲ ਕਿਹਾ ਕਿ ਚਾਹੀਦਾ ਤਾਂ ਸਭ ਕੁੱਝ ਹੈ ਪਰ ਉਹ ਇਤਨੇ ਨਾਲ ਹੀ ਸੰਤੁਸ਼ਟ ਹੈ। ਦਸਿਆ ਗਿਆ ਕਿ ਇਸ ਗਲਬਾਤ ਤੋਂ ਕੁੱਝ ਹੀ ਦੇਰ ਬਾਅਦ ਉਸਦੇ ਕਮਰੇ ਵਿੱਚ ਇੱਕ ਸਥਾਨਕ ਪ੍ਰਸਿੱਧ ਕੰਪਨੀ ਵਲੋਂ ਵੱਧੀਆ ਫਰਨੀਚਰ ਸਜਾ ਦਿੱਤਾ ਗਿਆ। ਸੋਚਿਆ ਜਾਏ ਤਾਂ ਇਹ ਸਭ-ਕੁਝ ਇੱਕ ਦਰਦਮੰਦ ਦਿਲ ਤੇ ਸੋਚ ਪ੍ਰਤੀ ਲੋਕਾਂ ਵਲੋਂ ਪ੍ਰਗਟ ਕੀਤੇ ਪਿਆਰ ਦਾ ਇੱਕ ਹਿਸਾ ਸੀ।
ਗਲ ਬਹੁਤ ਕੌੜੀ ਹੈ, ਪ੍ਰੰਤੂ ਹੈ ਸੱਚ, ਜੇ ਅਜਿਹੀ ਘਟਨਾ ਇਸ ਦੇਸ਼ (ਭਾਰਤ) ਦੇ ਕਿਸੇ ਹਿਸੇ ਵਿੱਚ ਵਾਪਰਦੀ ਤਾਂ ਸ਼ਾਇਦ ਕਿਸੇ ਨੇ ਇਸਦਾ ਨੋਟਿਸ ਤਕ ਨਾ ਲਿਆ ਹੁੰਦਾ। ਇਥੋਂ ਤਕ ਕਿ ਸਿੱਖਾਂ ਨੇ ਵੀ ਇਸਨੂੰ ਇੱਕ ਸਾਧਾਰਣ ਜਿਹੀ ਘਟਨਾ ਮੰਨ, ਇਸਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੁੰਦਾ।
ਇੱਕ ਯਾਦ: ਕੋਈ ਤਿੰਨ-ਕੁ ਸਾਲ ਪਹਿਲਾਂ ਇੱਕ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਜੋਸ਼ੀਮਠ (ਉਤਰਾਂਚਲ) ਦੇ ਗੁਰਦੁਆਰਾ ਕੰਪਲੈਕਸ ਵਿੱਚ ਮੁਸਲਿਮ ਭਾਈਚਾਰੇ ਦੇ ਲਗਭਗ 800 ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਇਸਦਾ ਕਾਰਣ ਇਹ ਦਸਿਆ ਗਿਆ ਕਿ ਜੋਸ਼ੀਮਠ ਵਿੱਚ ਨਾ ਕੋਈ ਮਸਜਿਦ ਹੈ ਅਤੇ ਨਾ ਹੀ ਕੋਈ ਈਦਗਾਹ। ਜਿਸ ਕਾਰਣ ਉਥੋਂ ਦੇ ਮੁਸਲਮਾਨ ਜੁਮੇਂ ਅਤੇ ਈਦ ਦੀ ਨਮਾਜ਼ ਖੁਲ੍ਹੇ ਗਾਂਧੀ ਮੈਦਾਨ ਵਿੱਚ ਅਦਾ ਕਰਦੇ ਚਲੇ ਆ ਰਹੇ ਹਨ। ਪ੍ਰੰਤੂ ਇਸ ਵਾਰ ਈਦ ਦੇ ਦਿਨ ਬਹੁਤ ਤੇਜ਼ ਬਾਰਸ਼ ਹੋ ਰਹੀ ਸੀ, ਜਿਸ ਕਾਰਣ ਮੁਸਲਮਾਨਾਂ ਲਈ ਖੁਲ੍ਹੇ ਵਿੱਚ ਈਦ ਦੀ ਨਮਾਜ਼ ਅਦਾ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ ਰਹਿ ਗਿਆ ਹੋਇਆ। ਉਨ੍ਹਾਂ ਨੂੰ ਇਸ ਹਾਲਤ ਵਿਚੋਂ ਉਭਰਨ ਦਾ ਕੋਈ ਰਸਤਾ ਵੀ ਵਿਖਾਈ ਨਹੀਂ ਸੀ ਦੇ ਰਿਹਾ। ਜਿਸ ਕਰਕੇ ਉਹ ਬਹੁਤ ਹੀ ਪ੍ਰੇਸ਼ਾਨ, ਦੁਖੀ ਅਤੇ ਚਿੰਤਤ ਹੋ ਰਹੇ ਸਨ।
ਇਨ੍ਹਾਂ ਹਾਲਾਤ ਵਿੱਚੋਂ ਉਨ੍ਹਾਂ ਨੂੰ ਉਭਾਰਨ ਲਈ ਸਥਾਨਕ ਸਿੱਖ ਭਾਈਚਾਰੇ ਦੇ ਲੋਕੀ ਅੱਗੇ ਆਏ। ਗੁਰਦੁਆਰੇ ਦੇ ਪ੍ਰਧਾਨ ਸ. ਬੂਟਾ ਸਿੰਘ ਨੇ ਆਪਣੇ ਸਾਥੀ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕਰ ਚਿੰਤਤ ਮੁਸਲਮਾਣਾਂ ਨੂੰ ਸਦਾ ਦਿੱਤਾ ਕਿ ਜੇ ਉਹ ਚਾਹੁਣ ਤਾਂ ਗੁਰਦੁਆਰਾ ਕੰਪਲੈਕਸ ਵਿੱਚ ਈਦ ਦੀ ਨਮਾਜ਼ ਅਦਾ ਕਰ ਸਕਦੇ ਹਨ। ਜਿਸਨੂੰ ਉਨ੍ਹਾਂ ‘ਅਲਾਹ ਦੀ ਰਹਿਮਤ’ ਸਮਝ, ਖੁਸ਼ੀ ਨਾਲ ਸਵੀਕਾਰ ਕਰ ਲਿਆ। ਨਮਾਜ਼ ਦੀ ਅਦਾਇਗੀ ਤੋਂ ਬਾਅਦ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਜੋਸ਼ੀਮਠ ਦੇ ਸਾਰੇ ਵਰਗਾਂ ਦੀਆਂ ਪ੍ਰਮੁਖ ਹਸਤੀਆਂ ਨੇ ਹਿੱਸਾ ਲਿਆ। ਮੁਸਲਿਮ ਭਾਈਚਾਰੇ ਦੇ ਮੁੱਖੀਆਂ ਸਹਿਤ ਸਾਰਿਆਂ ਨੇ ਸਿੱਖਾਂ ਦੇ ਇਸ ਸਦਭਾਵਨਾ-ਪੂਰਣ ਵਿਹਾਰ ਦੀ ਪ੍ਰਸ਼ੰਸਾ ਕੀਤੀ। ਜਿਸ ਪੁਰ ਸਿੱਖ ਮੁੱਖੀਆਂ ਨੇ ਕਿਹਾ ਕਿ ਅਜਿਹਾ ਕਰ ਉਨ੍ਹਾਂ ਕਿਸੇ ਪੁਰ ਕੋਈ ਅਹਿਸਾਨ ਨਹੀਂ ਕੀਤਾ। ਉਨ੍ਹਾਂ ਤਾਂ ਆਪਣੀ ਸਮਰਥਾ ਅਨੁਸਾਰ ਗੁਰੂ ਸਾਹਿਬਾਨ ਵਲੋਂ ਸਥਾਪਤ ਸਦਭਾਵਨਾ ਅਤੇ ਸਰਬਤ ਦਾ ਭਲਾ ਆਦਰਸ਼ਾਂ ਪੁਰ ਪਹਿਰਾ ਦੇਣ ਦੀ ਨਿਮਾਣੀ-ਜਿਹੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਇਸ ਵਿਹਾਰ ਦੀ ਉਤਰਾਂਚਲ-ਭਰ ਵਿੱਚ ਚਰਚਾ ਹੋਈ ਅਤੇ ਉਥੋਂ ਦੇ ਲੋਕਾਂ ਨੇ ਸਿੱਖਾਂ ਪ੍ਰਤੀ ਸਨਮਾਨ-ਪੂਰਣ ਅਭਾਰ (ਧੰਨਵਾਦ) ਵੀ ਪ੍ਰਗਟ ਕੀਤਾ।
ਜੇ ਵੇਖਿਆ ਜਾਏ ਤਾਂ ਇਹ ਘਟਨਾ ਵੀ ਮਾਨਵੀ ਕਦਰਾਂ-ਕੀਮਤਾਂ ਦੀ ਨਜ਼ਰ ਤੋਂ ਬਹੁਤ ਹੀ ਮਹੱਤਵਪੂਰਣ ਸੀ, ਕਿਉਂਕਿ ਧਾਰਮਕ ਸਿੱਖ ਮਾਨਤਾਵਾਂ ਅਨੁਸਾਰ ਕਿਸੇ ਵੀ ਗੁਰਦੁਆਰੇ ਦੇ ਕੰਪਲੈਕਸ ਵਿੱਚ ਕਿਸੇ ਵੀ ਗੈਰ-ਸਿੱਖ ਧਰਮ ਦੀਆਂ ਰੀਤਾਂ-ਰਸਮਾਂ ਆਦਿ ਦੇ ਪਾਲਣ ਦੀ ਪ੍ਰਕ੍ਰਿਆ ਨਹੀਂ ਹੋ ਸਕਦੀ, ਪਰੰਤੂ ਇਸਦੇ ਬਾਵਜੂਦ ਜੋਸ਼ੀਮਠ ਦੇ ਸਿੱਖਾਂ ਨੇ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਆਪਣੇ ਧਰਮ ਦੀ ਨਿਸ਼ਠਾ ਅਤੇ ਵਿਸ਼ੇਸ਼ ਰੂਪ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਉਨ੍ਹਾਂ ਧਾਰਮਕ ਚਿੰਨ੍ਹਾਂ ਅਤੇ ਮਾਨਤਾਵਾਂ, ਜਿਨ੍ਹਾਂ ਪ੍ਰਤੀ ਉਨ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਸੀ, ਦੀ ਰਖਿਆ ਲਈ ਦਿੱਤੀ ਗਈ ਸ਼ਹਾਦਤ ਦੇ ਸੰਦੇਸ਼ ਪੁਰ ਪਹਿਰਾ ਦਿੰਦਿਆਂ, ਮੁਸਲਮਾਨ ਭਰਾਵਾਂ ਨੂੰ ਨਾ ਕੇਵਲ ਗੁਰਦੁਆਰਾ ਕੰਪਲੈਕਸ ਵਿੱਚ ਈਦ ਦੀ ਨਮਾਜ਼ ਅਦਾ ਕਰਨ ਲਈ ਸਦਾ ਦਿੱਤਾ, ਸਗੋਂ ਉਨ੍ਹਾਂ ਲਈ ਈਦ ਦੀ ਦਾਅਵਤ ਦਾ ਪ੍ਰਬੰਧ ਵੀ ਕੀਤਾ। ਪ੍ਰੰਤੂ ਹੈਰਾਨੀ ਦੀ ਗਲ ਤਾਂ ਇਹ ਰਹੀ ਕਿ ਜਦੋਂ ਇਹ ਖਬਰ ਉਤਰਾਂਚਲ ਤੋਂ ਬਾਹਰ ਪੁਜੀ ਤਾਂ ਹੋਰਾਂ ਦੀ ਗਲ ਤਾਂ ਛੱਡੋ, ਸਿੱਖਾਂ ਤਕ ਵਲੋਂ ਵੀ ਇਸਦਾ ਸਵਾਗਤ ਬਹੁਤ ਠੰਡਾ ਰਿਹਾ।
ਅਤੇ ਅੰਤ ਵਿੱਚ: ਹੋਰ ਤਾਂ ਹੋਰ ਨੇਪਾਲ ਦੀ ਭੂਚਾਲ ਤ੍ਰਾਸਦੀ ਵਿੱਚ ਵਿਦੇਸ਼ੀ ਸਿੱਖਾਂ ਦੀ ਸਾਂਝੀ ਟੀਮ ‘ਖਾਲਸਾ ਏਡ’ ਵਲੋਂ ਜਿਵੇਂ ਨਿਸ਼ਕਾਮਤਾ ਨਾਲ ਭੂਚਾਲ ਪੀੜਤਾਂ ਦੀ ਮਦਦ ਲਈ ਸਰਗਰਮ ਭੂਮਕਾ ਅਦਾ ਕੀਤੀ ਜਾਂਦੀ ਚਲੀ ਆ ਰਹੀ ਹੈ, ਉਸਦੇ ਬੇ-ਮਿਸਾਲ ਹੋਣ ਦੇ ਬਾਵਜੂਦ, ਉਨ੍ਹਾਂ ਦੇ ਇਸ ਕੰਮ ਦੀ ਚਰਚਾ ਤਕ ਵੀ ਕਿਧਰੇ ਹੁੰਦੀ ਸੁਣਾਈ ਨਹੀਂ ਦੇ ਰਹੀ।

ਜਸਵੰਤ ਸਿੰਘ ‘ਅਜੀਤ’ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.