‘ਗੁਰੂ ਨਾਨਕ ਜੀ ਦਾ ਧਰਮ’
ਅੱਜ ਦੇ ਇਕ ਸੱਜਣ ਗੁਰੂ ਨਾਨਕ ਜੀ ਵਲੋਂ ਦਰਸਾਏ ਧਰਮ ਨੂੰ ਨੱਕਾਰਦੇ ਹੋਏ ਉਸ ਨੂੰ ਇਕ 'ਵਾਦ' (ਮਾਨਵਤਾਵਾਦ) ਨਾਲ ਜੋੜਦੇ ਇਹ ਦਰਸਾਉਣ ਦਾ ਜਤਨ ਕਰਦੇ ਹਨ ਕਿ ਗੁਰੂ ਨਾਨਕ ਸਿੱਖ ਧਰਮ ਦੇ ਨਹੀਂ ਬਲਕਿ ਮਾਨਵਤਾਵਾਦ ਦੇ ਬਾਨੀ ਸਨ। ਇਸ ਵਿਚ ਸ਼ੱਕ ਨਹੀਂ ਕਿ ਮਨੁੱਖੀ (ਸਰਬਤ ਦਾ) ਭਲਾ ਗੁਰੂ ਨਾਨਕ ਦੇ ਧਰਮ ਦੇ ਧੁਰੇ ਦਾ ਦੁਆਲਾ ਹੈ। ਪਰ ਜੇ ਕਰ ਗੁਰੂ ਨਾਨਕ ਨੂੰ ਧਰਮ ਨਾਲ ਜੋੜਨਾ ਗਲਤ ਹੈ ਤਾਂ ਕੀ ਗੁਰੂ ਨਾਨਕ ਨੂੰ ਕਿਸੇ 'ਵਾਦ' ਨਾਲ ਜੋੜਨਾ ਉਚਿੱਤ ਹੈ ? ਇਸ ਪ੍ਰਸ਼ਨ ਵਿਚ ਉਸ ਵਿਚਾਰ ਦੀ ਕੱਚਿਆਈ ਉਜਾਗਰ ਹੁੰਦੀ ਹੈ ਜਿਸ ਅਨੁਸਾਰ, ਗੁਰੂ ਨਾਨਕ ਦਾ ਕੋਈ ਧਰਮ ਨਹੀਂ ਸੀ ਬਲਕਿ ਉਨ੍ਹਾਂ ਵਲੋਂ ਚਲਾਇਆ ਇਕ ਵਾਦ (ਮਾਨਵਤਾਵਾਦ) ਸੀ।
ਜ਼ਰਾ ਕੁ ਨਜ਼ਰ ਮਾਰੀਏ ਤਾਂ ਗੁਰੂ ਨਾਨਕ ਜੀ ਤੋਂ ੧੫੦੦ ਸੌ ਸਾਲ ਪਹਿਲਾਂ 'ਹੈਲਨਿਸ ਦਰਸ਼ਨ' ਵਿਚ ਉਹ ਸੂਤਰ ਮੌਜੂਦ ਸਨ ਜਿਸ ਨੂੰ ਅੱਜ ਦੇ ਸੱਜਣ ਗੁਰੂ ਨਾਨਕ ਵਲੋਂ ਅਰੰਭੇ ਮਾਨਵਤਾਵਾਦ ਨਾਲ ਜੋੜਦੇ ਹਨ। ਇਸ ਦਰਸ਼ਨ ਦੇ ਮੁੱਖ ਨੁਕੱਤੇ ਇਸ ਪ੍ਰਕਾਰ ਸਨ:-
(੧) ਮਨੁੱਖ ਨੂੰ ਤਰਕ ਸੰਗਤ ਹੋ ਕੇ ਜੀਉਣਾ ਚਾਹੀਦਾ ਹੈ।
(੨) ਆਪਣੇ ਜੀਵਨ ਨੂੰ ਦਿੱਵਯ ਹੁਕਮ ਸਵੀਕਾਰ ਕੇ ਬਤੀਤ ਕਰਨਾ ਚਾਹੀਦਾ ਹੈ।
(੩) ਸਾਰੇ ਮਨੁੱਖ ਇਕ 'ਬ੍ਰਹਮੰਡੀ ਆਤਮਾ' ਦਾ ਸਵਰੂਪ ਹਨ ਅਤੇ ਇਸ ਲਈ ਉਨ੍ਹਾਂ ਨੂੰ ਆਪਸੀ ਪਿਆਰ ਅਤੇ ਭਾਈਚਾਰੇ ਨਾਲ ਰਹਿੰਦੇ ਹੋਏ, ਇਕ ਦੂਜੇ ਦੀ ਸਹਾਇਅਤਾ ਲਈ ਤਿਆਰ ਰਹਿਣਾ ਚਾਹੀਦਾ ਹੈ।
(੪) ਅਹੁਦੇ ਅਤੇ ਪੈਸੇ ਵਰਗੇ ਬਾਹਰੀ ਫ਼ਰਕ ਅਹਮਿਅਤ ਨਹੀਂ ਰੱਖਦੇ। ਅਸਲੀ ਮਹੱਤਵ ਆਪਸੀ ਭਾਈਚਾਰੇ ਅਤੇ ਕੁਦਰਤੀ ਏਕੇ ਦਾ ਹੈ।
ਅਚਰਜ ਨਹੀਂ ਕਿ ਉਪਰੋਕਤ ਨੁੱਕਤਿਆਂ ਨੂੰ ਪੜ ਕੇ ਗੁਰੂ ਨਾਨਕ ਨੂੰ ਉਸਦੇ ਧਰਮ ਨਾਲੋਂ ਤੋੜ ਮਾਨਵਤਾਵਾਦ ਨਾਲ ਜੋੜਨ ਦਾ ਜਤਨ ਕਰਨ ਵਾਲੇ ਸੱਜਣ ਚੌਂਕ ਜਾਣ ਕਿਉਂਕਿ ਉਪਰੋਕਤ ਮਾਨਵਤਾਵਾਦੀ ਨੁੱਕਤਿਆਂ ਦੀ ਉੱਤਪਤੀ ਸੰਨ ੧੪੬੯ ਤੋਂ ੧੫੦੦ ਕੁ ਸਾਲ ਪਹਿਲਾਂ, ਸਿਕੰਦਰ ਮਹਾਨ (੩੨੬ ਬੀਸੀ) ਅਤੇ ਰੋਮਨਰਾਜ ਦੇ ਉੱਥਾਨ ਵਿਚਕਾਰਲੇ ਸਮੇਂ (੩੧ ਬੀਸੀ) ਦੀ ਹੈ ਜਿਸ ਵੇਲੇ ਗ੍ਰੀਕ ਸੱਭਿਯਤਾ ਆਪਣੀ ਚਰਮ ਸੀਮਾ ਤੇ ਸੀ।
ਇਸ ਸਥਿਤੀ ਵਿਚ ਗੁਰੂ ਨਾਨਕ ਜੀ ਨੂੰ ਕਿਸ ਦਾ ਬਾਨੀ ਕਹੀਏ ? ਸਿੱਖ ਧਰਮ ਦਾ ਜਾਂ ਮਾਨਵਤਾਵਾਦ ਦਾ ?
ਹਰਦੇਵ ਸਿੰਘ, ਜੰਮੂ