-: ਅਜੋਕਾ ਗੁਰਮਤਿ ਪ੍ਰਚਾਰ(?) ਭਾਗ-34 :-
ਗੁਰਮੀਤ ਸਿੰਘ ਬਰਸਾਲ ਜੀ ਦੀ ਨਵੀਂ ਕਵਿਤਾ “ਰੱਬ ਦੀ ਪ੍ਰਾਪਤੀ ਬਾਰੇ”:-
ਗੁਰਮੀਤ ਸਿੰਘ ਬਰਸਾਲ ਜੀ! ਜਿਹੜਾ ਗੁਰਮਤਿ ਪ੍ਰਚਾਰ ਕਰ ਰਹੇ ਹਨ, ਉਨ੍ਹਾਂਨੂੰ ਗੁਰਮਤਿ ਅਨੁਸਾਰੀ ਲੱਗਦਾ ਹੋਵੇਗਾ।ਪਰ ਉਨ੍ਹਾਂਦੇ ਇਸ ‘ਗੁਰਮਤਿ ਪ੍ਰਚਾਰ (?)’ ਤੋਂ ਅਨੇਕਾਂ ਸਵਾਲ ਪੈਦਾ ਹੋ ਰਹੇ ਹਨ।ਕਈ ਵਾਰੀਂ ਉਨ੍ਹਾਂ ਦੇ ਲੇਖਾਂ / ਕਵਿਤਾਵਾਂ ਤੋਂ ਉੱਠੇ ਸਵਾਲਾਂ ਬਾਰੇ ਉਨ੍ਹਾਂ ਕੋਲ ਜਿਕਰ ਵੀ ਕੀਤਾ ਜਾਂਦਾ ਰਿਹਾ ਹੈ।ਪਰ ਉਹ ਕਦੇ ਵੀ ਆਪਣਾ ਜਵਾਬੀ-ਪੱਖ ਪੇਸ਼ ਨਹੀਂ ਕਰਦੇ।
ਇਸ ਮੌਜੂਦਾ ਕਵਿਤਾ ਵਿੱਚ ਬਰਸਾਲ ਜੀ ਨੇ ਲਿਖਿਆ ਹੈ-
“ਬੰਦਿਆਂ ਆਪਣੇ ਵਾਂਗੂ ਆਪਣੇ ਖਿਆਲਾਂ ਵਿੱਚ ਰੱਬ ਨੂੰ ਵਡਿਆਈ-ਖੋਰ ਜਤਾਇਆ ਹੈ।
ਆਪਣੇ ਹੀ ਗੁਣ ਸੁਣਕੇ ਉਹ ਖੁਸ਼ ਹੁੰਦਾ ਹੈ, ਏਦਾਂ ਕਹਿਕੇ ਸਭ ਨੂੰ ਭੇਡ ਬਣਾਇਆ ਹੈ।”
ਇਸ ਸੰਬੰਧੀ ਗੁਰਬਾਣੀ ਦੀਆਂ ਕੁਝ ਉਦਾਹਰਣਾਂ ਪੇਸ਼ ਕਰ ਰਿਹਾ ਹਾਂ:-
“ਜਿਸ ਦਾ ਦਿਤਾ ਸਭੁ ਕਿਛੁ ਲੈਣਾ॥ਛਤੀਹ ਅੰਮ੍ਰਿਤ ਭੋਜਨ ਖਾਣਾ॥
ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ॥
ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ॥ਸਾ ਮਤਿ ਦੀਜੈ ਜਿਤੁ ਤੁਧੁ ਧਿਆਈ॥
ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਹੁਰ ਚਰਣਾ ਜੀਉ॥” (ਪੰਨਾ 100)
“ਅਨਦਿਨੁ ਗੁਣ ਗਾਵਾ ਪ੍ਰਭ ਤੇਰੇ॥ਤੁਧੁ ਸਾਲਾਹੀ ਪ੍ਰੀਤਮ ਮੇਰੇ॥
ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ॥
ਅਗਮੁ ਅਗੋਚਰੁ ਮਿਤਿ ਨਹੀ ਪਾਈ॥ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ॥
ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ॥” (ਪੰਨਾ 130)
“ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ॥
ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ॥
ਗੁਣ ਗਾਵਾ ਨਿਤ ਨਿਤ ਸਦ ਹਰਿ ਕੇ ਮਨੁ ਜੀਵੈ ਨਾਮੁ ਸੁਣਿ ਤੇਰਾ॥
ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ॥” (ਪੰਨਾ 562)
“ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ॥ਆਠ ਪਹਰ ਤੇਰੇ ਗੁਣ ਗਾਵਾ॥
ਪੇਖਿ ਪੇਖਿ ਲੀਲਾ ਮਨਿ ਆਨੰਦਾ॥ਗੁਣ ਅਪਾਰ ਪ੍ਰਭ ਪਰਮਾਨੰਦਾ॥” (ਪੰਨਾ 740)
“ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ॥ਜਿਸੁ ਬੁਝਾਏ ਆਪਿ ਨੁੜਾ ਤਿਸੁ ਹੇ॥
ਵਿਸਰੁ ਨਾਹੀ ਦਾਤਾਰ ਅਪਣਾ ਨਾਮੁ ਦੇਹੁ॥ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ॥” (ਪੰਨਾ 762)
ਇਸ ਤਰ੍ਹਾਂ ਦੀਆਂ ਹੋਰ ਸੈਂਕੜੇ ਗੁਰਬਾਣੀ-ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਂ ਨੇ “ਰੱਬ ਦੇ ਗੁਣ ਗਾਉਣ” ਦੀ ਗੱਲ ਕੀਤੀ ਹੈ।ਤਾਂ ਕੀ ਗੁਰਮੀਤ ਸਿੰਘ ਬਰਸਾਲ ਜੀ ਇਹ ਕਹਿਣਾ ਚਾਹੁੰਦੇ ਹਨ ਕਿ ਗੁਰੂ ਸਾਹਿਬਾਂ ਨੇ ਇਸ ਤਰ੍ਹਾਂ ਕਹਿਕੇ “ਸਭ ਨੂੰ ਭੇਡ ਬਣਾਇਆ ਹੈ? ਜੇਕਰ ਬਰਸਾਲ ਜੀ ਨੂੰ ਗੁਰਬਾਣੀ ਦੇ ਕੁਝ ਕੌਨਸੈਪਟ ਮਨਜ਼ੂਰ ਨਹੀਂ ਹਨ ਤਾਂ ਇਹ ਉਨ੍ਹਾਂ ਦੀ ਆਪਣੀ ਨਿਜੀ ਸੋਚ ਅਤੇ ਇੱਛਾ ਹੈ।ਉਨ੍ਹਾਂਨੂੰ ਕੁਝ ਵੀ ਸੋਚਣ ਜਾਂ ਮੰਨਣ ਦਾ ਪੂਰਾ ਹੱਕ ਹੈ।ਪਰ ਪਬਲਿਕ ਮੀਡੀਆ ਤੇ “ਗੁਰਮਤਿ ਪ੍ਰਚਾਰ ਦੇ ਨਾਂ ਤੇ ਗੁਰਮਤਿ ਦੇ ਉਲਟ ਪ੍ਰਚਾਰ” ਕਰਨ ਦਾ ਉਨ੍ਹਾਂਨੂੰ ਕੋਈ ਹੱਕ ਨਹੀਂ ਹੈ।ਗੁਰਮੀਤ ਸਿੰਘ ਬਰਸਾਲ ਜੀ ਅੱਗੇ ਬੇਨਤੀ ਹੈ ਕਿ, ਮੇਰੇ ਇਨਾਂ ਉੱਪਰ ਦਿੱਤੇ ਵਿਚਾਰਾਂ ਬਾਰੇ ਆਪਣਾ ਪੱਖ ਪੇਸ਼ ਕਰਨ ਦੀ ਖੇਚਲ ਕਰਨ, ਤਾਂ ਕਿ ਵਿਚਾਰ ਵਟਾਂਦਰੇ ਦੇ ਜਰੀਏ ਭੁਲੇਖੇ ਦੂਰ ਕੀਤੇ ਜਾ ਸਕਣ।ਜੇ ਗੁਰਮੀਤ ਸਿੰਘ ਜੀ ਕਿਸੇ ਕਾਰਣ ਵਿਚਾਰ ਵਟਾਂਦਰਾ ਨਹੀਂ ਕਰਦੇ ਤਾਂ ਉਨ੍ਹਾਂਨੂੰ ਆਪਣਾ ‘ਇਸ ਤਰ੍ਹਾਂ ਦਾ ਗੁਰਮਿਤ ਪ੍ਰਚਾਰ (?)’ ਬੰਦ ਕਰ ਦੇਣਾ ਚਾਹੀਦਾ ਹੈ।
ਬੇਨਤੀ-ਨੁਮਾ ਸਪੱਸ਼ਟੀਕਰਨ:- ਨਿਜੀ ਤੌਰ ਤੇ ਕਿਸੇ ਵੀ ਸੱਜਣ ਦਾ ਵਿਰੋਧ ਕਰਨਾ ਮੇਰਾ ਮਕਸਦ ਨਹੀਂ ਹੈ।ਪਰ ਅੱਜ ਦੇ ਸਮੇਂ ਵਿੱਚ ਗੁਰਮਤਿ ਸੰਬੰਧੀ ਪਏ ਭੁਲੇਖੇ ਦੂਰ ਹੋਣ ਦੀ ਬਜਾਏ ਬੜੀ ਤੇਜੀ ਨਾਲ ਇਨ੍ਹਾਂ ਵਿੱਚ ਵਾਧਾ ਹੋਈ ਜਾ ਰਿਹਾ ਹੈ।ਸੋ ਇਨ੍ਹਾਂ ਵਧ ਰਹੇ ਭੁਲੇਖਿਆਂ ਵਿੱਚ ਠੱਲ੍ਹ ਪਾਉਣ ਲਈ ਵਿਵਾਦਤ ਲਿਖਤਾਂ ਦੀ ਪੜਚੋਲ ਹੋਣੀ ਬਹੁਤ ਜਰੂਰੀ ਹੈ।ਸਿਰਫ ਇਸੇ ਮਕਸਦ ਨੂੰ ਮੁੱਖ ਰੱਖਕੇ ਹੀ ਇਹ ਵਿਚਾਰ / ਸਵਾਲ ਰੱਖੇ ਗਏ ਹਨ।ਨਿਜੀ ਤੌਰ ਤੇ ਕਿਸੇ ਸੱਜਣ ਨੂੰ ਨੀਚਾ ਜਾਂ ਗ਼ਲਤ ਠਹਿਰਾਉਣਾ ਮੇਰਾ ਮਕਸਦ ਨਹੀਂ ਹੈ ਅਤੇ ਨਾ ਹੀ ਮੇਰਾ ਇਹ ਦਾਅਵਾ ਹੈ ਕਿ ਮੇਰੇ ਵਿਚਾਰ ਹੀ ਸੌ ਫੀ-ਸਦੀ ਸਹੀ ਹਨ।ਮੇਰਾ ਮਕਸਦ ਵਿਚਾਰ ਵਟਾਂਦਰਿਆਂ ਦੇ ਜ਼ਰੀਏ ਗੁਰਮਤਿ ਵਿੱਚ ਵੜ ਚੁੱਕੇ ਗੰਧਲੇਪਨ ਵਿੱਚ ਸੁਧਾਰ ਲਿਆਉਣਾ ਹੈ।
ਜਸਬੀਰ ਸਿੰਘ ਵਿਰਦੀ 29-05-2015
ਜਸਬੀਰ ਸਿੰਘ ਵਿਰਦੀ
-: ਅਜੋਕਾ ਗੁਰਮਤਿ ਪ੍ਰਚਾਰ(?) ਭਾਗ-34 :-
Page Visitors: 3263