ਖਾਲਸੇ ਦੀ ਜਨਮ-ਭੂਮੀ ਤੇ ਭਗਵਿਆਂ ਦੀ ਸਰਦਾਰੀ
ਖਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਦੇ 350ਵੇਂ ਵਰੇ ਨੂੰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਆਪਣੇ ਵਿਰਸੇ ਨੂੰ ਯਾਦ ਕਰਨਾ, ਉਸਦੀ ਮਹਾਨਤਾ ਤੋਂ ਦੁਨੀਆ ਨੂੰ ਜਾਣੂ ਕਰਵਾਉਣਾ ਹਰ ਕੌਮ ਦੇ ਮੁੱਢਲੇ ਫਰਜ਼ਾਂ ’ਚ ਸ਼ਾਮਲ ਹੈ। ਪ੍ਰੰਤੂ ਅੱਜ ਅਜਿਹੇ ਸਮਾਗਮ ਸਿਰਫ਼ ਫੋਕੀ ਸ਼ੋਹਰਤ ਦਾ ਸਾਧਨ ਬਣ ਕੇ ਰਹਿ ਗਏ ਹਨ। ਰੂਹ ਗੁਆਚ ਗਈ ਹੈ, ਸਿਰਫ਼ੇ ਵਿਖਾਵੇ ਦਾ ਕਲਬੂਤ ਬਾਕੀ ਰਹਿ ਗਿਆ ਹੈ। ਜਿਸ ਕੌਮ ਨੇ ਅੱਜ ਤੱਕ ਆਪਣੀ ਭਾਵ ਖਾਲਸੇ ਦੀ ਕਦੇ ਅਰਧ ਸ਼ਤਾਬਦੀ ਨਹੀਂ ਮਨਾਈ ਸੀ, ਉਸਨੂੰ ਜੇ ਖਾਲਸੇ ਦੀ ਜਨਮ-ਭੂਮੀ ਦੀ ਅਰਧ ਸ਼ਤਾਬਦੀ ਮਨਾਉਣ ਦਾ ਚੇਤਾ ਆਇਆ ਹੈ ਤਾਂ ਇਸ ਪਿੱਛੇ ਕੀ ਕੌਮ ਨੂੰ ਆਨੰਦਪੁਰੀ ਦੇ ਸੁਨੇਹੇ ਨਾਲ ਜੋੜਨ ਦਾ ਮਕਸਦ ਹੈ ਜਾਂ ਫਿਰ ਸਿਰਫ਼ ਤੇ ਸਿਰਫ਼ ਫੋਕੀ ਸ਼ੋਹਰਤ ਤੇ ਨੰਬਰ ਬਣਾਉਣ ਦੀ ਖੇਡ ਹੈ? ਆਨੰਦਪੁਰੀ ਦਾ ਇੱਕੋ-ਇੱਕ ਸੁਨੇਹਾ ‘‘ਗੁਰੂ ਦੇ ਲੜ ਲੱਗਣ’’ ਦਾ ਹੈ।’’ ਅੰਮਿ੍ਰਤ ਛੱਕੋ-ਸਿੰਘ ਸੱਜੋ’ ਦਾ ਹੈ। ਕੀ ਇਹ ਸਨੇਹਾ ਦੇਣ ਲਈ ਅਰਧ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ?
ਸੂਬੇ ਦੇ ਕਰਤੇ-ਧਰਤੇ, ਜਿਨਾਂ ਦੀ ਧੜਕਣ, ਭਗਵਾਂ ਬਿ੍ਰਗੇਡ ਨਾਲ ਹੀ ਧੜਕਦੀ ਹੈ, ਉਨਾਂ ਕਰਤੇ-ਧਰਤਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ 350 ਵਰਿਆਂ ਨੂੰ ਸਮਰਪਿਤ ਕਰਵਾਉਣ ਵਾਲੇ ਸਮਾਗਮ ’ਚ ‘‘ਕੌਮ ਦੇ ਬਾਪੂ’’ ਦੀ ਥਾਂ ‘‘ਆਪਣੇ ਆਕਾ’’ ਨੂੰ ਦੇ ਦਿੱਤੀ ਹੈ। ਅਰਧ ਸ਼ਤਾਬਦੀ ਸਮਾਗਮ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਦਿਆ ਗਿਆ, ਪ੍ਰਧਾਨ ਮੰਤਰੀ ਦੇ ਆਉਣ ਕਾਰਣ, ਸਮਾਗਮ ਦੀ ਸਰਪ੍ਰਸਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਮੋਦੀ ਨੂੰ ਦੇ ਦਿੱਤੀ ਗਈ ਹੈ। ਬਾਦਲਾਂ ਦਾ ਫੈਸਲਾ ਹੋਇਆ ਹੈ ਕਿ ਉਸ ਸਟੇਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ। ਆਖ਼ਰ ਫਿਰ ਇਹ ਸਮਾਗਮ ਕਿਹੜਾ ਸੁਨੇਹਾ ਦੇਣ ਲਈ ਕੀਤੇ ਜਾ ਰਹੇ ਹਨ। ਜਿਹੜੇ ਸਮਾਗਮ ਦਾ ਸੁਨੇਹਾ, ਆਨੰਦਪੁਰੀ ਦੇ ਸੁਨੇਹੇ ਦੇ ਰੂਪ ’ਚ ਸਮੁੱਚੀ ਕੌਮ ਦੇ ਦਿਲ-ਦਿਮਾਗ ਤੇ ਅੰਕਿਤ ਹੋਣਾ ਸੀ, ਜਿਸ ਸਨੇਹੇ ਦੀ ਰੂਹਾਨੀ ਚੁੰਬਕੀ ਖਿੱਚ ਨੇ, ਸਿੱਖੀ ਦੀ ਨਵੀਂ ਪੀੜੀ ਨੂੰ ਗੁਰੂ ਨਾਲ ਜੋੜਨਾ ਸੀ, ਕੀ ਉਹ ਸੁਨੇਹਾ ਮੋਦੀ ਦੀ ਸ਼ਕਲ ਦੇਵੇਗੀ?
ਅਸੀਂ ਭਾਵੇਂ ਕੌਮ ਨੂੰ ਵਿਰਸੇ ਨਾਲ ਜੋੜੀ ਰੱਖਣ ਵਾਲੇ ਹਰ ਧਾਰਮਿਕ ਸਮਾਗਮ ਤੇ ਕੱਟੜ ਮੁੱਦਈ ਹਾਂ, ਪ੍ਰੰਤੂ ਅਜਿਹੇ ਸਮਾਗਮਾਂ ਨੂੰ ਭਗਵਿਆਂ ਦੀ ਝੋਲੀ ਪਾ ਕੇ ਆਪਣੇ ਵਿਰਸੇ ਦੇ ਮੂੰਹ ਤੇ ਚਪੇੜ ਮਰਵਾਉਣ ਲਈ ਅਸੀਂ ਕਤਈ ਤਿਆਰ ਨਹੀਂ। ਇਸ ਲਈ ਅਸੀਂ ਕੌਮ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਉਹ ਕੌਮ ਦੇ ਵਿਰਸੇ ਨਾਲ, ਇਤਿਹਾਸ ਨਾਲ ਸਬੰਧਿਤ ਸਮਾਗਮਾਂ ’ਚ ਰਾਜਸੀ ਦਖ਼ਲ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਅੱਗੇ ਆਵੇ। ਗੁਰੂ ਦੇ ਨਾਮ ਤੋਂ ਸਾਡੇ ਲਈ ਕੋਈ ਵੱਡਾ ਨਹੀਂ। ਇਸ ਲਈ ਜਿਹੜਾ ਸਮਾਗਮ ਗੁਰੂ ਸਾਹਿਬ ਦੀ ਪਵਿੱਤਰ ਦੇਣ ਜਾਂ ਯਾਦ ਨਾਲ ਜੁੜਿਆ ਹੋਇਆ ਹੈ, ਉਸ ਦੀ ਮਹਾਨਤਾ ਨੂੰ ਕਿਸੇ ਮੋਦੀ ਵਰਗੇ ਦੀ ਆਮਦ ਦੀ ਮੁਹਤਾਜ ਨਹੀਂ ਹੁੰਦੀ।ਖਾਲਸਾ ਪੰਥ ਆਪਣੀ ਜਨਮ-ਭੂਮੀ ਦੀ ਸਾਢੇ ਤਿੰਨ ਸੌਵੀ ਯਾਦ ਮਨਾ ਰਿਹਾ ਹੈ, ਇਹ ਆਪਣੇ ਆਪ ’ਚ ਵੱਡਾ ਸੁਨੇਹਾ ਹੈ ਅਤੇ ਸਮੁੱਚੀ ਦੁਨੀਆ ਨੂੰ ਸਿੱਖ ਪੰਥ ਵੱਲੋਂ ਭੂਮੀ ਅਥਵਾ ਧਰਤੀ ਨੂੰ ਦਿੱਤੀ ਜਾਂਦੀ ਸ਼ਰਧਾ ਦੀ ਇਕ ਅਹਿਮ ਮਿਸ਼ਾਲ ਹੈ। ਅੱਜ ਦੇ ਪਦਾਰਥਵਾਦੀ ਯੁੱਗ ’ਚ ਪੌਣ-ਪਾਣੀ, ਧਰਤੀ, ਵਾਤਾਵਰਣ ਦੀ ਸੰਭਾਲ ਲਈ ਇਸ ਤੋਂ ਵੱਡਾ ਸੁਨੇਹਾ ਭਲਾ ਹੋਰ ਕੀ ਹੋ ਸਕਦਾ ਹੈ?
ਅਨੰਦਪੁਰ ਸਾਹਿਬ ਤੇ ਖਾਲਸਾ ਇਕ ਦੂਜੇ ’ਚ ਅਭੇਦ ਹਨ। ਇਨਾਂ ਦੋਵਾਂ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਆਨੰਦਪੁਰ ਸਾਹਿਬ ਦਾ ਨਾਮ ਲੈਣ ਤੇ ਖਾਲਸਾ ਪੰਥ ਦਾ ਲਿਸ਼ਕੋਰਾ ਆਪਣੇ-ਆਪ ਮਨ-ਮਸਤਕ ਤੇ ਵੱਜ ਜਾਂਦਾ ਹੈ। ਇਸੇ ਤਰਾਂ ਖਾਲਸਾ ਪੰਥ ਦਾ ਨਾਮ ਲੈਂਦਿਆ, ਉਸਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੀ ਰੀਲ ਆਪਣੇ-ਆਪ ਚੱਲ ਪੈਂਦੀ ਹੈ। ਕੌਮ ਦੇ ਪਵਿੱਤਰ, ਇਤਿਹਾਸਕ ਤੇ ਵਿਰਾਸਤੀ ਦਿਹਾੜੇ ਕਿਸੇ ਦੁਨੀਆ ਦੀ ਮਨੁੱਖ ਦੀ ਖੁਸ਼ੀ ਹਾਸਲ ਕਰਨ ਦਾ ਹਥਿਆਰ ਨਹੀਂ ਬਣਾਏ ਜਾ ਸਕਦੇ। ਅਸੀਂ ਬਾਦਲਕਿਆਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਹਾਲੇਂ ਵੀ ਡੁੱਲੇ, ਬੇਰਾਂ ਦਾ ਕੁਝ ਨਹੀਂ ਵਿਗੜਿਆ। ਉਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ-ਮਰਿਆਦਾ, ਸ਼ਰਧਾ-ਸਤਿਕਾਰ ਦਾ ਧਿਆਨ ਰੱਖਦਿਆਂ, ਆਪਣੇ ਗ਼ਲਤ ਫੈਸਲੇ ਨੂੰ ਤੁਰੰਤ ਦੁਰੱਸਤ ਕਰਨਾ ਚਾਹੀਦਾ ਹੈ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਖਾਲਸੇ ਦੀ ਜਨਮ ਭੂਮੀ ਹੈ, ਇਸ ਧਰਤੀ ਤੋਂ ਖਾਲਸੇ ਦੇ ਬੋਲ-ਬਾਲੇ ਦੀ ਗੂੰਜ ਉਠਣੀ ਚਾਹੀਦੀ ਹੈ ਨਾਂਹ ਕਿ ਭਗਵਾਂ ਬਿ੍ਰਗੇਡ ਦਾ ਸਿੱਖਾਂ ਤੇ ਗ਼ਲਬਾ ਦਿਖਾਈ ਦੇਣਾ ਚਾਹੀਦਾ ਹੈ। ਦਸਮੇਸ਼ ਪਿਤਾ ਦੀ ਧਰਤੀ ਦੇ ਸੁਨੇਹੇ ਨੂੰ ਵੀ ਜੇ ਅਸੀਂ ਭਗਵਾਂ ਰੰਗ ਚਾੜਨ ਲੱਗ ਪਏ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਆਪਣੇ ਵਿਰਸੇ ਨਾਲ ਕਿਵੇਂ ਜੁੜੀਆਂ ਰਹਿਣਗੀਆਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਤੇ ਮਹਾਨਤਾ ਦਾ ਅਸੀਂ ਕਿਸੇ ਦੁਨਿਆਵੀ ਸ਼ਕਤੀ ਨਾਲ ਮੁਕਾਬਲਾ ਸੁਫ਼ਨੇ ’ਚ ਵੀ ਨਹੀਂ ਕਰ ਸਕਦੇ। ਇਹ ਵੱਖਰੀ ਗੱਲ ਹੈ ਕਿ ਸੱਤਾ ਤੇ ਧਨ ਦੌਲਤ ਦੇ ਲੋਭੀਆਂ ਦਾ ਕੋਈ ਦੀਨ-ਇਮਾਨ ਨਹੀਂ ਹੁੰਦਾ, ਕੋਈ ਗੁਰ-ਪੀਰ ਨਹੀਂ ਹੁੰਦਾ। ਉਨਾਂ ਲਈ ਸੱਤਾ ਤੇ ਧਨ ਦੌਲਤ ਹੀ ਸਭ ਕੁਝ ਹੁੰਦੀ ਹੈ। ਸ੍ਰੀ ਆਨੰਦਪੁਰ ਸਾਹਿਬ ਨੂੰ ਚਿੱਟਾ ਸ਼ਹਿਰ ਬਣਾ ਦੇਣ ਜਾਂ ਨਗਰ ਕੀਰਤਨ ਕੱਢ ਲੈਣ ਨਾਲ ਆਨੰਦਪੁਰੀ ਦੇ ਸੁਨੇਹੇ ਨੇ ਰੂਹਾਂ ਨਾਲ ਇੱਕ-ਮਿੱਕ ਨਹੀਂ ਹੋਣਾ। ਉਸ ਲਈ ਹਰ ਰੂਹ ਨੂੰ ਰੂਹਾਨੀਅਤ ਦੇ ਰੰਗ ’ਚ ਰੰਗਣਾ ਪੈਣਾ ਹੈ। ਪ੍ਰੰਤੂ ਇਥੇ ਤਾਂ ਗੁਰੂ ਨੂੰ ਆਲੋਪ ਕੀਤਾ ਜਾ ਰਿਹਾ ਹੈ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਵਿਸ਼ੇਸ਼ ਕਰਕੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਹ ਅਪੀਲ ਕਰਾਂਗੇ ਕਿ ਉਹ ਅਕਾਲੀ ਦਲ ਨੂੰ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਸਟੇਜ ਲਾਉਣ ਤੋਂ ਮਨਾਂ ਕਰਨ। ਇਹ ਖਾਲਸਾ ਪੰਥ ਦੀ ਆਪਣੇ ਗੁਰੂ ਪ੍ਰਤੀ ਸ਼ਰਧਾ ਤੇ ਸਮਰਪਿਤ ਭਾਵਨਾ ਦਾ ਸੁਆਲ ਹੈ। ‘‘ਗੁਰੂ ਵੱਡਾ ਕਿ ਰਾਜਾ’’ ਵਾਲਾ ਪ੍ਰਸ਼ਨ ਹੈ। ਇਸ ਸਮਾਗਮ ’ਚ ਕੌਮ ਤੇ ਕੌਮ ਦੇ ਜਥੇਦਾਰ, ਪਾਸ ਹੁੰਦੇ ਹਨ ਜਾਂ ਫੇਲ, ਇਹ ਸ਼ਤਾਬਦੀ ਸਮਾਗਮ ’ਚ ਮੋਦੀ ਦੀ ਫੇਰੀ ਸਮੇਂ ਪਤਾ ਲੱਗ ਜਾਵੇਗਾ।
ਜਸਪਾਲ ਸਿੰਘ ਹੇਰਾਂ