ਅਨੰਦਪੁਰ ਸਾਹਿਬ ਦੇ ਸਮਾਗਮ ‘ਤੇ ਮੋਦੀ ਨੂੰ ਬੁਲਾਉਣਾ, ਕੀ ਕੌਮ ਦੇ ਹਿੱਤ ਵਿੱਚ ਹੈ ?
ਇੱਕ ਸਵਾਲ
ਧਰਮ ਦੀ ਚਾਦਰ ਗੁਰ ਤੇਗ ਬਹਾਦਰ ਪਾਤਸ਼ਾਹ ਵੱਲੋਂ ਵਰੋਸਾਈਂ ਨਗਰੀ ਅਨੰਦਪੁਰ ਸਾਹਿਬ, ਜਿਸ ਨੂੰ ਖਾਲਸਾ ਪੰਥ ਦੀ ਜਨਮ ਭੂਮੀ ਦਾ ਸਨਮਾਨ ਮਿਲਿਆ ਹੈ, ਦਾ ਸਾਢੇ ਤਿੰਨ ਸੋ ਸਾਲਾ ਸਥਾਪਨਾ ਦਿਵਸ 19 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸ ਨਗਰੀ ਦਾ ਸਬੰਧ ਕੇਵਲ ਸਿੱਖ ਧਰਮ ਦੀ ਮੁਕੰਮਲਤਾਂ ਨਾਲ ਹੀ ਨਹੀਂ, ਸਗੋਂ ਇੱਥੋਂ ਇੱਕ ਐਸੇ ਰੂਹਾਨੀ ਇਨਕਲਾਬ ਦਾ ਜਨਮ ਹੋਇਆ , ਜਿਸ ਨੇ ਨਿਰਜਿੰਦ ਲੋਕਾਂ ਨੂੰ ਹਾਕਮਾਂ ਦੇ ਸਾਹਮਣੇ ਪਰਬਤ ਬਣਕੇ ਖੜੇ ਹੋਣ ਦਾ ਸਾਹਸ ਅਤੇ ਸੇਧ ਪ੍ਰਦਾਨ ਕੀਤੀ। ਸਦੀਆਂ ਪੁਰਾਣੀ ਗੁਲਾਮੀ ਨੂੰ ਖਤਮ ਕਰਨ ਲਈ ਅਸਲ ਜੰਗੀ ਮਸ਼ਕਾਂ ਦਸਮੇਸ਼ ਜੀ ਨੇ ਇਥੋਂ ਹੀ ਆਰੰਭ ਕੀਤੀਆਂ ਸਨ।
ਜਿਸ ਦਿਨ ਸਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਹੇਠ ਵੱਸੇ, ਇਸ ਨਗਰ ਅਨੰਦਪੁਰ ਨੂੰ ਕਲਗੀਧਰ ਨੇ ਅਨੰਦਪੁਰ ਸਾਹਿਬ ਜਾ ਕਿਲਾ ਅਨੰਦਗੜ੍ਹ ਦਾ ਨਾਮ ਬਖਸਿਸ਼ ਕਰਕੇ, ਪਹਿਲੇ ਦਿਨ ਜਦੋ ਰਣਜੀਤ ਨਗਾਰੇ ਤੇ ਚੋਟ ਲਗਾਈ ਸੀ ਤਾਂ ਉਸ ਦਿਨ ਸਦੀਆਂ ਤੋਂ ਸਥਾਪਿਤ ਪਾਤਸ਼ਾਹੀਆ ਦੇ ਹਿਰਦਿਆਂ ਤੋਂ ਲੈ ਕੇ, ਇਸ ਦੀ ਧਮਕ ਐਵਰੈਸਟ ਚੋਟੀ ਤੱਕ ਥਰਥਰਾਹਟ ਪੈਂਦਾ ਕਰ ਗਈ ਸੀ, ਇਸ ਲਈ ਇਹ ਨਗਰੀ ਗੁਲਾਮ ਮਨੁੱਖਤਾ ਨੂੰ ਹਮੇਸ਼ਾ ਅਜ਼ਾਦੀ ਲਈ ਸੰਘਰਸ਼ ਕਰਨ ਦਾ ਸੰਦੇਸ਼ ਦੇਣ ਲਈ ਇੱਕ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਅੱਜ ਜਦੋਂ ਸਾਢੇ ਤਿੰਨ ਸੋ ਸਾਲਾਂ ਬਾਅਦ ਗੁਰੂਆਂ ਦੀ ਚਰਨਛੋਹ ਪ੍ਰਾਪਤ ਇਸ ਰੱਬੀ ਧਰਤੀ ਤੇ, ਇਸ ਦਾ ਸਾਢੇ ਤਿੰਨ ਸੌ ਸਾਲਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਉਸ ਸਮੇਂ ਦੀ ਮਰਯਾਦਾ ਅਤੇ ਸਿਧਾਤਾਂ ਨੂੰ ਜਿਹਨ ਵਿੱਚ ਰੱਖਕੇ, ਸਮਾਗਮਾਂ ਦੀ ਅਸਲੀਅਤ ਨੂੰ ਕਾਇਮ ਰੱਖਣਾ ਸਾਡੀ ਵੱਡੀ ਜੁੰਮੇਵਾਰੀ ਦਾ ਇੱਕ ਹਿੱਸਾ ਹੈ।
ਸਿੱਖ ਸਿਆਸਤ ਦੇ ਕਬਜਾਧਾਰੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਸਮਾਗਮਾ ਦੀ ਸ਼ਾਨੋ-ਸੌਂਕਤ ਨੂੰ ਵਧਾਉਣ ਲਈ, ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੱਟੜਵਾਦੀ ਹਿੰਦੂਤਵ ਪਾਰਟੀ ਦੇ ਸਿਰਕੱਢ ਆਗੂ ਸ੍ਰੀ ਰਾਜਨਾਥ ਸਿੰਘ ਅਤੇ ਸ੍ਰੀ ਅਰੁਣ ਜੇਤਲੀ ਨੂੰ ਵੀ ਸੱਦਾ ਦਿੱਤਾ ਹੈ, ਜਿਹੜੇ ਕੇਵਲ ਭਾਰਤੀ ਹਕੂਮਤ ਦੀਆਂ ਉੱਚੀਆਂ ਕੁਰਸੀਆਂ ਦੇ ਹੀ ਮਾਲਕ ਨਹੀਂ, ਸਗੋਂ ਹਿੰਦੂ, ਹਿੰਦੀ, ਹਿੰਦੋਸਤਾਨ ਦਾ ਸੰਕਲਪ ਲੈ ਕੇ ਤੁਰ ਰਹੀ ਜਥੇਬੰਦੀ, ਆਰ.ਐਸ.ਐਸ.ਦੇ ਵੀ ਕਰਤਾ ਧਰਤਾ ਹਨ।
ਅਜਿਹੇ ਸੋਭਾਮਈ ਸਮਾਗਮਾਂ ਉੱਪਰ ਕਿਸੇ ਵੱਡੀ ਸ਼ਖਸੀਅਤ ਨੂੰ ਬੁਲਾਉਣਾ ਕੋਈ ਗੁਨਾਹ ਨਹੀਂ ਹੈ, ਖਾਸ ਕਰਕੇ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਸਿੱਖਾਂ ਦਾ ਮੂਲ ਅਧਾਰ ਹੈ ਅਤੇ ਬਹੁਤ ਸਾਰਾ ਇਤਿਹਾਸ਼, ਇਸੇ ਧਰਤੀ ਦੀ ਹਿੱਕ ਉਤੇ ਸਾਡੇ ਵਡਾਰੂਆਂ ਨੇ ਆਪਣੇ ਸਿਰਾਂ ਦੀਆਂ ਕਲਮਾਂ ਬਣਾਕੇ, ਕੌਮ ਦੀ ਰੱਤ ਦੀ ਸ਼ਾਹੀ ਨਾਲ ਲਿਖਿਆ ਹੈ, ਇਹ ਧਰਤੀ ਸਿੱਖਾਂ ਦੀ ਸਰ ਜਮੀਨ ਅਖਵਾਉਂਦੀ ਹੈ, ਇਥੋਂ ਦੇ ਹਾਕਮਾਂ ਨੂੰ ਬੁਲਾਉਣਾ ਕੋਈ ਮਾੜਾ ਨਹੀਂ, ਪਰ ਸ਼ਰਤ ਇੱਕ ਹੈ ਕਿ ਉਹਨਾਂ ਲੋਕਾਂ ਦੀਆਂ ਗਤੀਵਿਧੀਆਂ ਜਾਂ ਕਾਰਜਸ਼ੈਲੀ ਸਿੱਖਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ ਜਾਂ ਇਸ ਤੋਂ ਵੀ ਅੱਗੇ ਕਿ ਅਜਿਹੇ ਲੋਕ ਕਦੇ ਭਵਿੱਖ ਵਿੱਚ, ਇਹਨਾਂ ਸਮਾਗਮਾਂ ਵਿਚਲੀ ਆਪਣੀ ਸ਼ਮੂਲੀਅਤ ਨੂੰ ਕੋਈ ਹੋਰ ਰੰਗ ਦੇ ਕੇ, ਸਿੱਖਾਂ ਦੀ ਵਿਲੱਖਣ ਹਸ਼ਤੀ ਨੂੰ ਕੋਈ ਠੇਸ ਪਹੁੰਚਾਉਣ ਦਾ ਯਤਨ ਨਾ ਕਰਨ।
ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤੀ ਹਾਕਮਾਂ ਨੂੰ ਅਨੰਦਪੁਰ ਸਾਹਿਬ ਵੱਲ ਮੂੰਹ ਕਰਨ ਲੱਗਿਆ, ਇਹ ਗੱਲ ਆਪਣੇ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਸ ਸਮੇਂ ਔਰੰਗਜੇਬ ਸਵਾ-ਸਵਾ ਮਣ ਜੇਨਊ ਲਾਹ ਕੇ, ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਸੀ ਤਾਂ ਉਸ ਸਮੇਂ ਇਹੀ ਇੱਕ ਧਰਤੀ ਸੀ, ਜਿੱਥੇ ਬੈਠਾ ਇੱਕ ਪੇਗੰਬਰ ਡੁੱਬਦੇ ਧਰਮ ਦਾ ਸਹਾਰਾ ਬਣਿਆ ਅਤੇ ਵਿਸ਼ਾਲ ਭਾਰਤ ਵਿੱਚੋਂ ਪੀੜਤ ਲੋਕਾਂ ਨੂੰ ਸਥਾਪਤ ਮੱਠਾਂ ਜਾ ਅਖਾੜਿਆਂ ਤੋਂ ਜਦੋ ਕੋਈ ਆਸ ਨਾ ਬੱਝੀ ਤਾਂ ਕੇਵਲ ਗੁਰੂ ਨਾਨਕ ਦੇ ਘਰ ਵਿੱਚੋਂ ਇੱਕ ਰੋਸ਼ਨੀ ਦੀ ਕਿਰਨ ਵਿਖਾਈ ਦਿੱਤੀ ਸੀ। ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਰੰਭ ਹੋਏ ਇਨਕਲਾਬ ਨੂੰ ਪੂਰ ਚੜਾਉਂਦਿਆਂ, ਕਲਗੀਧਰ ਦਾ ਸਾਰਾ ਸਰਬੰਸ ਅਤੇ ਲੱਖਾਂ ਸਿੱਖ ਅੱਜ ਤੱਕ ਜਾਮ ਏ ਸ਼ਹਾਦਤ ਪੀ ਚੁੱਕੇ ਹਨ। ਇਸ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਆਰੰਭੇ ਮਿਸ਼ਨ ਦੀ ਸੰਪੂਰਨਤਾ ਕਰਦਿਆਂ, ਕਲਗੀਧਰ ਨੇ ਸਿੱਖ ਕੌਮ ਨੂੰ ਇੱਕ ਨਿਰਾਲੀ ਅਤੇ ਨਿਆਰੀ ਕੌਮ ਦਾ ਦਰਜਾ ਦੇ ਕੇ ਰੂਪ ਮਾਣ ਕੀਤਾ ਸੀ, ਲੇਕਿਨ ਅਫਸੋਸ਼ ਹੈ ਅੱਜ ਭਾਰਤ ਅੰਦਰ ਹੀ ਸਿੱਖ ਆਪਣੀ ਵੱਖਰੀ ਪਹਿਚਾਣ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ।
ਜਿਹੜੇ ਹਾਕਮ 19 ਜੂਨ ਨੂੰ ਅਨੰਦਪੁਰ ਸਾਹਿਬ ਆਉਣਗੇ ਜਾਂ ਖਾਲਸੇ ਦੇ 300 ਸਾਲਾ ਸਾਜਨਾ ਦਿਵਸ਼ ਮੌਕੇ 1999 ਦੀ ਵਿਸ਼ਾਖੀ ਨੂੰ ਆਏ ਸਨ, ਅਸਲ ਵਿੱਚ ਇਹ ਹੀ ਸਿੱਖਾ ਦੀ ਵੱਖਰੀ ਪਹਿਚਾਨ ਦੇ ਦੁਸ਼ਮਨ ਹਨ, ਹਾਲਾ ਕਿ ਸਿੱਖਾਂ ਨੂੰ ਕਿਸੇ ਕੌਮ ਜਾ ਫਿਰਕੇ ਨਾਲ ਕੋਈ ਦੁਸਮਨੀ ਨਹੀਂ ਅਤੇ ਨਾ ਹੀ ਸਿੱਖ ਕਿਸੇ ਦੇ ਧਰਮ ਵਿੱਚ ਦਖ਼ਲ ਅੰਦਾਜੀ ਕਰਕੇ, ਕਦੇ ਕੋਈ ਬਦਅਮਨੀ ਨਹੀਂ ਪੈਦਾ ਕਰਦੇਕਿਉਂਕਿ ਉਹਨਾਂ ਨੂੰ ਗੁੜ੍ਹਤੀ ਵਿੱਚ ਹੀ ਸਿੱਖ ਗੁਰੂ ਸਾਹਿਬ ਨੇ ਤਕੀਦ ਕੀਤੀ ਹੋਈ ਹੈ
‘‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’
ਪਰ ਫਿਰ ਵੀ ਸਿੱਖਾ ਦੇ ਧਰਮ ਵਿੱਚ ਸਿਰਫ ਹਿੰਦੂ ਧਰਮ ਜਾ ਕੱਟੜਵਾਦੀ ਹਿੰਦੂ ਜਥੇਬੰਦੀਆਂ ਹੀ ਨਹੀਂ, ਸਗੋਂ ਭਾਰਤ ਨਿਜਾਮ ਵੀ ਸਮਾਂ ਬਾ ਸਮਾਂ ਦਖ਼ਲ ਅੰਦਾਜੀ ਕਰਨੋ ਬਾਜ ਨਹੀਂ ਆਉਂਦਾ, ਹਿੰਦੂਤਵ ਦੀਆਂ ਸਦੀਆਂ ਲੰਮੀਆਂ ਯੋਜਨਾਵਾਂ ਹਨ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਕੇ ਸਿੱਖ ਕੌਮ ਦੀ ਨਿਰਾਲੀ ਹੋਂਦ ਨੂੰ ਖਤਮ ਕਿਵੇਂ ਕਰਨਾ ਹੈ ਖਾਲਸੇ ਦੇ ਤਿੰਨ ਸਾਲਾ ਸਾਜਨਾ ਦਿਵਸ ਮੌਕੇ ਵਾਜਪਾਈ ਸਰਕਾਰ ਵੱਲੋਂ ਦਿੱਤਾ ਪੈਸਾ, ਅੱਜ ਤੱਕ ਹਿੰਦੂ ਜਥੇਬੰਦੀਆਂ ਖਾਸ ਕਰਕੇ ਆਰ.ਐਸ.ਐਸ ਰਾਹੀਂ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ ਵਾਸਤੇ ਖਰਚਿਆਂ ਜਾ ਰਿਹਾ ਹੈ, ਜਿਸ ਸਮੇਂ 300 ਸਾਲਾ ਸਮਾਗਮ ਦੀ ਸੋਭਾ ਲਈ ਖਾਲਸਾ ਮਾਰਚ ਅਨੰਦਪੁਰ ਸਾਹਿਬ ਪਹੁੰਚ ਰਿਹਾ ਸੀ ਤਾਂ ਉਥੇ ਆਰ.ਐਸ.ਐਸ ਦੇ ਵੱਡੇ ਆਗੂਆਂ ਨੇ ਅੱਗੇ ਹੋ ਕੇ ਆਪਣੀਆਂ ਤਸਵੀਰਾਂ ਖਿਚਵਾਈਆਂ ਸਨ। ਇਹ ਤਸ਼ਵੀਰਾਂ ਸਾਂਭ ਕੇ ਰੱਖੀਆਂ ਜਾਣਗੀਆ, ਪਰ ਜਦੋ ਖਾਲਸੇ ਦਾ 400 ਸਾਲਾ ਆਵੇਗਾ ਉਸ ਵੇਲੇ ਸਾਡੀ ਨਵੀਂ ਪੀੜੀ ਨੂੰ ਗੁੰਮਰਾਹ ਕਰਨ ਵਾਸਤੇ, ਇਹ ਤਸ਼ਵੀਰਾਂ ਜਾਰੀ ਕਰਕੇ ਪ੍ਰਚਾਰ ਕੀਤਾ ਜਾਵੇਗਾ ਕਿ ਤਿੰਨ ਸਾਲਾ ਮਨਾਉਣ ਲਈ ਪੈਸਾ ਅਟੱਲ ਬਿਹਾਰੀ ਵਾਜਪਾਈ ਭਾਵ ਭਾਰਤ ਦੀ ਹਿੰਦੂਵਾਦੀ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਸੀ ਅਤੇ ਖਾਲਸਾ ਮਾਰਚਾ ਦੀ ਅਗਵਾਈ ਆਰ.ਐਸ.ਐਸ ਨੇ ਕੀਤੀ ਸੀ, ਇਸ ਕਰਕੇ ਸਿੱਖ ਹਿੰਦੂਆਂ ਦਾ ਹੀ ਇੱਕ ਹਿੱਸਾ ਹਨ ਕੋਈ ਵੱਖਰੀ ਕੌਮ ਨਹੀਂ ਹੈ।
ਅੱਜ ਸਰਦਾਰ ਬਾਦਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ, ਪਰ ਨਰਿੰਦਰ ਮੋਦੀ ਦੇ ਅਨੰਦਪੁਰ ਸਾਹਿਬ ਵਿਖੇ ਆਉਣ ਨਾਲ ਸਿੱਖ ਕੌਮ ਜਾਂ ਅਨੰਦਪੁਰ ਸਾਹਿਬ ਨੂੰ ਕੀ ਫਾਇਦਾ ਹੋਵੇਗਾ? ਜੇਕਰ ਪ੍ਰਧਾਨ ਮੰਤਰੀ ਸ਼ਹਿਰ ਵਾਸਤੇ ਕੋਈ ਗ੍ਰਾਂਟ ਜਾਂ ਪ੍ਰਜੈਕਟ ਐਲਾਨਦੇ ਹਨ ਤਾਂ ਉਹ ਸਾਰਾ ਕੁੱਝ ਇਸ ਧਰਤੀ ਤੇ ਹੀ ਰਹਿਣਾ ਹੈ, ਸਿੱਖ ਕੌਮ ਦੀ ਸ਼ਰਧਾ ਅਤੇ ਪਿਆਰ ਸਰਕਾਰੀ ਗ੍ਰਾਂਟਾ ਨਾਲੋ ਕਈ ਗੁਣਾ ਵਧੇਰੇ ਕਾਰਜ ਚਲਾਉਣ ਦੇ ਸਮਰੱਥ ਹੈ, ਜੇਕਰ ਅਜਿਹੇ ਲੋਕਾਂ ਨੂੰ ਬੁਲਾਉਣਾ ਹੈ ਜਾਂ ਉਹ ਸਾਡੇ ਸਮਾਗਮਾ ਤੇ ਆਉਣਾ ਪਸੰਦ ਕਰਦੇ ਹਨ ਤਾਂ ਫੇਰ ਕੁੱਝ ਮਸਲਿਆਂ ਨੂੰ ਲੈ ਕੇ ਸੱਦਾ ਪੱਤਰ ਦੇਣਾ ਚਾਹੀਦਾ ਹੈ, ਜਿਸ ਦੇ ਜਵਾਬ ਵਿੱਚ ਆਉਣ ਵਾਲੇ ਮਸਲਿਆਂ ਦੇ ਹੱਲ ਦੀ ਸ਼ਰਧਾ ਭੇਟਾ ਲੈ ਕੇ ਆਉਣ।
ਸਰਦਾਰ ਬਾਦਲ ਨੂੰ ਚਾਹੀਦਾ ਹੈ ਕਿ ਜਦੋ ਨਰਿੰਦਰ ਮੋਦੀ ਅਨੰਦਪੁਰ ਸਾਹਿਬ ਆਉਣ ਤਾਂ ਘੱਟੋ -ਘੱਟ ਉਹਨਾਂ ਤੋਂ ਇਹ ਐਲਾਨ ਜਰੂਰ ਕਰਵਾਉਣ ਕਿ ਅਸੀ ਸਿੱਖ ਕੌਮ ਦੀ ਵੱਖਰੀ ਹਸਤੀ ਨੂੰ ਸੰਵਧਾਨਿਕ ਮਾਨਤਾ ਦਿੰਦੇ ਹੋਏ, ਸਿੱਖ ਪਰਸ਼ਨ ਲਾਅ ਅਤੇ ਅਨੰਦ ਮੇਰਿਜ਼ ਐਕਟ ਨੂੰ ਅੱਜ ਹੀ ਲਾਗੂ ਕਰਦੇ ਹਾਂ। ਹੋਰ ਵੀ ਚੰਗਾ ਹੋਵੇ ਜੇਕਰ ਸਜਾਵਾਂ ਪੂਰੀਆ ਕਰ ਚੁੱਕੇ, ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਨਜ਼ਰਬੰਦਾਂ ਦੀ ਤੁਰੰਤ ਰਿਹਾਈ ਦਾ ਐਲਾਨ ਕੀਤਾ ਜਾਵੇ, ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਇੱਕ ਐਸੀ ਧਰਤੀ ਹੈ ਜਿਸ ਨੇ ਆਪਣਾ ਬਗੀਚਾ ਉਜਾੜ ਕੇ ਭਾਰਤ ਦੇ ਬਾਗ ਨੂੰ ਹਰਾ ਭਰਾ ਰੱਖਿਆ ਹੈ।
ਕੇਵਲ ਹਕੂਮਤ ਦਾ ਕਸੂਰ ਕੱਢ ਕੇ ਵੀ ਸਾਡਾ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਸਾਡੇ ਆਪਣੇ ਜਾਂ ਜਿਹਨਾਂ ਨੂੰ ਹਰ ਵਾਰ ਰਾਜ ਸਕਤੀ ਦੇਣ ਦੀ ਗਲਤੀ ਅਸੀ ਦਹਰਾਉਂਦੇ ਆ ਰਹੇ ਹਾਂ, ਉਹ ਲੋਕ ਇਸ ਕਿਸਮ ਦਾ ਜਿਗਰਾ ਨਹੀਂ ਰੱਖਦੇ, ਕਿ ਕਿਸੇ ਹਕੂਮਤ ਦੇ ਸਾਹਮਣੇ ਗਰਦਨ ਉੱਚੀ ਕਰਕੇ ਗੱਲ ਕਰ ਸਕਣ ਕਿਉਂਕਿ ਹਕੂਮਤਾਂ ਵੱਲੋਂ ਮਿਲੇ ਸੂਬੇਦਾਰੀਆਂ ਦੇ ਤਾਜ਼ ਨੇ ਉਹਨਾਂ ਦੇ ਸਿਰ ਤੇ ਇਹਨਾਂ ਕੁ ਭਾਰ ਪਾ ਦਿੱਤਾ ਹੈ, ਕਿ ਉਹ ਸਰਦਾਰੀ ਛੱਡਕੇ ਤਾਂਬਿਆਦਾਰੀ ਦੇ ਰਸਤੇ ਦੇ ਪਾਂਧੀ ਬਣ ਚੁੱਕੇ ਹਨ, ਉਹਨਾਂ ਲੋਕਾਂ ਨੇ ਅੱਜ ਤੱਕ ਆਪਣੇ ਆਪ ਨੂੰ ਅਨੰਦਪੁਰ ਸਾਹਿਬ ਦੇ ਵਾਸੀ ਹੀ ਨਹੀਂ ਮੰਨਿਆ, ਕੇਵਲ ਬਾਈ ਧਾਰਾ ਦੇ ਨਿਲੱਜ ਹਿੰਦੂ ਰਾਜਿਆਂ ਵਰਗੀ ਜਹਿਨੀਅਤ ਲੈ ਕੇ ਹੀ ਦਰ ਗੁਜਰ ਕਰ ਰਹੇ ਹਨ, ਜਿਵੇਂ ਬਾਈ ਧਾਰਾ ਦੇ ਰਾਜੇ ਔਰੰਗਜ਼ੇਬ ਦੀ ਸ਼ਾਨੀ ਵੀ ਭਰਦੇ ਸਨ ਅਤੇ ਹਿੰਦੂਆਂ ਉਤੇ ਹੁੰਦਾ ਜੁਲਮ ਵੀ ਮੂਕ ਦਰਸਕ ਬਣਕੇ ਦੇਖਦੇ ਰਹਿੰਦੇ ਸਨ।
ਜੇ ਕਿਤੇ ਅੱਜ ਸਿੱਖਾ ਦੇ ਆਗੂ ਬਣੇ ਸਰਦਾਰ ਬਾਦਲ ਅਨੰਦਪੁਰ ਦੇ ਵਾਸੀ ਬਣਕੇ ਮੋਦੀ ਨੂੰ ਸੱਦਾ ਦੇਣ ਜਾਂਦੇ ਅਤੇ ਉਹਨਾਂ ਦੀ ਗੁਫਤਾਰ ਵਿੱਚ ਜਫਰਨਾਮੇ ਵਰਗੇ ਲਫਜ਼ ਹੁੰਦੇ ਤਾਂ ਭਾਰਤੀ ਤਖ਼ਤ ਤੇ ਬੈਠਾ ਹਾਕਮ ਪਛਤਾਵਾਂ ਵੀ ਕਰਦਾ ਅਤੇ ਜੇ ਅਨੰਦਪੁਰ ਸਾਹਿਬ ਆਉਣ ਦਾ ਹੀਆ ਕਰਦਾ ਤਾਂ ਹੱਥ ਵਿੱਚ ਕੁੱਝ ਮਸਲਿਆਂ ਦਾ ਹੱਲ ਇੱਕ ਸ਼ਰਧਾ ਭੇਟਾ ਵਜੋਂ ਲੈ ਕੇ ਆਉਂਦਾ, ਲੇਕਿਨ ਅਫਸੋਸ ਕਿ ‘‘ਇੱਕ ਸਰਕਾਰ ਬਾਝੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਗੁਰੂ ਰਾਖਾ !!!
ਗੁਰਿੰਦਰਪਾਲ ਸਿੰਘ ਧਨੌਲਾ