-: ਅੰਤਿ ਕਾਲਿ ਪਛੁਤਾਸੀ :-
“ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ॥
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ॥” (ਪੰਨਾ 76)
“ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ॥
ਪਗਿ ਖਿਸਿਐ ਰਹਿਣਾ ਨਹੀ ਆਗੈ ਠਉਰੁ ਨ ਪਾਇ॥
ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ॥
ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ॥” (ਪੰਨਾ 27-28)
ਰੱਬ ਦੀ ਹੋਂਦ ਮੰਨਣ ਤੋਂ ਇਨਕਾਰੀ ਕੁਝ (ਸਾਰੇ ਨਹੀਂ) ਮਿਸ਼ਨਰੀ ਕਾਲੇਜਾਂ ਵੱਲੋਂ, ਕੁਦਰਤ ਨੂੰ ਰਚਨਹਾਰ ਨੂੰ ਰੱਬ ਮੰਨਣ ਦੀ ਬਜਾਏ ਉਸ ਦੀ ਕਿਰਤ ‘ਕੁਦਰਤ’ ਨੂੰ ਹੀ ਰੱਬ ਨਾਮ ਦੇ ਦਿੱਤਾ ਗਿਆ ਹੈ। ਅਤੇ ਕਈ ਗੁਰਮਤਿ ਪ੍ਰੇਮੀ ਸੱਜਣ ਅਨਜਾਣੇ ਹੀ ਇਨ੍ਹਾਂ ਦੇ ਸ਼ਬਦ-ਜਾਲ ਵਿੱਚ ਫਸਕੇ, ਅਸਲੀਅਤ ਤੋਂ ਭਟਕ ਰਹੇ ਹਨ।
ਪਿਛਲੇ ਦਿਨੀਂ ਫੇਸ ਬੁੱਕ ਤੇ ਇੱਕ ਸੱਜਣ ਨਾਲ ਮੇਰਾ ਵਿਚਾਰ ਵਟਾਂਦਰਾ ਹੋਇਆ, ਜੋ ਕਿ ਕੁਝ ਇਸ ਤਰ੍ਹਾਂ ਹੈ (ਨੋਟ:- ਵਿਚਾਰ ਵਟਾਂਦਰਾ ਹੂ ਬ ਹੂ ਨਹੀਂ ਹੈ, ਲੇਖ-ਰੂਪ ਵਿੱਚ ਲਿਖਣ ਵੇਲੇ ਕਾਫੀ ਸਾਰੀਆਂ ਫਾਲਤੂ ਗੱਲਾਂ ਦਾ ਘਟਾਅ ਅਤੇ ਕਾਫੀ ਸਾਰੀਆਂ ਗੱਲਾਂ ਦਾ ਵਾਧਾ ਕਰਨਾ ਪਿਆ ਹੈ):-
ਰੂਪ ਸਿੰਘ:- “ਆਤਮਾ ਆਪਣੇ ਅੰਤਹ ਕਰਣ, ਹਿਰਦੇ-ਘਰ ਨੂੰ ਕਿਹਾ ਗਿਆ ਹੈ। ਮਨੁੱਖ ਨੇ ਆਪਣੇ ਇਸ ਘਰ ਵਿੱਚ ਹੀ ਟਿਕੇ ਰਹਿਣਾ ਹੈ। ਹੋਰ ਸੌਖੇ ਸ਼ਬਦਾਂ’ਚ ਸਮਝਾਉਣਾ ਹੋਵੇ ਤਾਂ ਇਹ ਸਾਰਾ ਬ੍ਰਹਮੰਡ ਮਾਨੋ ਇਕ ਸਰੀਰ ਹੈ। ਇਸਦੇ ਕੁਦਰਤੀ ਨਿਯਮ ਮਾਨੋ ਇਸ ਦੀ ਆਤਮਾ ਹੈ। ਇਸ ‘ਆਤਮਾ (ਨਿਯਮਾਂ)’ ਅਨੁਸਾਰ ਇਹ ਸਰੀਰ ਚੱਲ ਰਿਹਾ ਹੈ। ਇਸ ਤਰ੍ਹਾਂ ਆਪਣਾ ਸਰੀਰ ਵੀ ਇੱਕ ਛੋਟਾ ਬ੍ਰਹਮੰਡ ਹੈ। ਇਸਦੀ ਵੀ ‘ਆਤਮਾ (ਨਿਯਮ)’ ਹਨ ਜਿਨ੍ਹਾਂ ਦੀ ਪਛਾਣ ਕਰਨੀ ਹੀ ਆਤਮੇ ਦੀ ਪਛਾਣ ਕਰਨੀ ਹੈ। ਜਿਵੇਂ ਗੁਰਬਾਣੀ ਦਾ ਫੁਰਮਾਨ ਹੈ:-
“ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥” (ਪੰਨਾ 695)
ਬ੍ਰਹਮੰਡ ਦੇ ਨਿਯਮਾਂ ਅਨੁਸਾਰ ਆਪਣੇ ਸਰੀਰ ਦੇ ਨਿਯਮਾਂ ਨੂੰ ਇਕ-ਮਿਕ ਕਰਨਾ ਆਪਣੇ ਆਤਮੇ ਨੂੰ ਇਸ ਵਿਰਾਟ ਆਤਮੇ ਨਾਲ ਮਿਲਾਉਣਾ ਹੀ ਪਰਮਾਤਮਾ ਨੂੰ ਮਿਲਣਾ ਧਰਮ ਹੈ।ਜਿਵੇਂ ਆਪਣੀ ਬੂੰਦ ਨੂੰ ਵਿਰਾਟ ਸਾਗਰ ਵਿੱਚ ਲੀਨ ਕਰਨਾ ਜਿਵੇਂ ਆਪਣੇ ਦੀਵੇ ਦੀ ਜੋਤਿ ਨੂੰ ਵਿਰਾਟ ਸੂਰਜ ਦੀ ਜੋਤ ਵਿੱਚ ਇਕ-ਮਿਕ ਕਰਨਾ।ਮੁੱਕਦੀ ਗੱਲ ਕੁਦਰਤਿ ਦੇ ਅਸੂਲਾਂ ਨਾਲ ਆਪਣੇ ਸਰੀਰ ਨੂੰ ਇਕ-ਮਿਕ ਕਰਕੇ ਜੀਵਨ ਜੀਣਾ ਧਰਮ ਹੈ।
ਜਸਬੀਰ ਸਿੰਘ ਵਿਰਦੀ:- ਸਰੀਰ ਅੰਦਰ ਕੰਮ ਕਰਦੇ ਕੁਦਰਤੀ ਨਿਯਮ ‘ਆਤਮਾ’ ਨਹੀਂ।
“ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥”
ਦਾ ਅਰਥ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ ਉਹੀ (ਮਨੁੱਖਾ-)ਸਰੀਰ ਵਿੱਚ ਵੀ ਹੈ।
“ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ॥”
-“ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰਿ॥”
ਜੋ ਕੁਝ ਦਿਸਦਾ ਹੈ ਅਸੀਂ ਉਸੇ ਨੂੰ ਹੀ ਸਭ ਕੁਝ ਮੰਨੀ ਬੈਠੇ ਹਾਂ।ਅਸਲ ਵਿੱਚ ਬਹੁਤ ਕੁਝ ਐਸਾ ਹੈ ਜੋ ਸਾਡੀ ਛੋਟੀ ਜਿਹੀ ਸਮਝ ਤੋਂ ‘ਪਰੇ’ ਦੀ ਗੱਲ ਹੈ। ਇਸ ‘ਪਰੇ’ ਨੂੰ ਜਾਨਣ ਨੂੰ ‘ਪਰਾ-ਗਿਆਨ’ ਕਿਹਾ ਜਾਂਦਾ ਹੈ। ਇਸ ‘ਪਰਾ (ਪਰੇ)’ ਨੂੰ ਜਾਨਣ ਲਈ ਇਨ੍ਹਾਂ ਭੌਤਿਕ ਅੱਖਾਂ ਦੀ ਨਹੀਂ, ਉਨ੍ਹਾਂ ਅੱਖਾਂ ਦੀ ਲੋੜ ਹੈ ਜਿਸ ਬਾਰੇ ਗੁਰੂ ਸਾਹਿਬ ਨੇ ਕਿਹਾ ਹੈ-
“ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥”
ਬ੍ਰਹਮੰਡ ਵਿੱਚ ਸਭ ਕੁਝ ਕੁਦਰਤੀ ਨਿਯਮਾਂ ਅਨੁਸਾਰ ਚੱਲਦਾ ਨਜ਼ਰ ਆ ਰਿਹਾ ਹੈ, ਪਰ ਥੋੜ੍ਹਾ ਡੁੰਘਾਈ ਨਾਲ ਸੋਚਣ ਵਿਚਾਰਨ ਤੇ ਪਤਾ ਚੱਲਦਾ ਹੈ ਕਿ ਇਨ੍ਹਾਂ ਨਿਯਮਾਂ ਦੇ ਉਪਰ ਵੀ ਕੋਈ ਹੈ ਜਿਸ ਦੇ ਹੁਕਮ ਨਾਲ ਇਹ ਨਿਯਮ ਹਨ ਅਤੇ ਚੱਲ ਰਹੇ ਹਨ।ਪਤਾ ਚੱਲਦਾ ਹੈ ਕਿ ਜੋ ਰਚਨਹਾਰ ਏਨੇ ਵਿਸ਼ਾਲ ਬ੍ਰਹਮੰਡ ਨੂੰ ਚਲਾ ਰਿਹਾ ਹੈ ਉਹੀ ਸਾਡੇ ਸਰੀਰ ਨੂੰ ਵੀ ਚਲਾ ਰਿਹਾ ਹੈ।ਏਨੇ ਵਡੇ ਬ੍ਰਹਮੰਡ ਵਿੱਚ ਸਭ ਕੁਝ ਕੁਦਰਤੀ ਨਿਯਮਾਂ ਅਨੁਸਾਰ ਚੱਲ ਰਿਹਾ ਹੈ।ਪਰ ਸਾਡੀ ਸੋਚ ਵਿਚਾਰ ਦੀ ਹੱਦ ਸੀਮਿਤ ਹੋਣ ਕਰਕੇ ਅਸੀਂ ਸੋਚਣ ਤੋਂ ਅਸਮਰਥ ਹਾਂ ਕਿ ਇਸ ਸਭ ਕਾਸੇ ਨੂੰ ਮੁਹਈਆ ਕਰਨ ਵਾਲੀ ਵੀ ਕੋਈ ਹਸਤੀ ਹੈ।
ਆਪਾਂ ਜੋ ਵੀ ਕੰਮ ਕਰਦੇ ਹਾਂ, ਲੱਗਦਾ ਹੈ ਅਸੀਂ ਦਿਮਾਗ ਨਾਲ ਸੋਚਿਆ, ਦਿਮਾਗ਼ ਨੇ ਸਰੀਰ ਦੇ ਸੰਬੰਧਤ ਅੰਗਾਂ ਨੂੰ ਹਦਾਇਤ ਕੀਤੀ ਅਤੇ ਕੰਮ ਹੋ ਗਿਆ। ਸਾਨੂੰ ਲੱਗਦਾ ਹੈ ਕਿ ਸਾਡਾ ਦਿਮਾਗ ਰੂਪੀ ਡਰਾਇਵਰ, ਸਰੀਰ ਰੂਪੀ ਕਾਰ ਨੂੰ ਚਲਾ ਰਿਹਾ ਹੈ ਅਤੇ ਸਾਡਾ ਸਰੀਰ ਸਾਰੇ ਕੰਮ ਕਰ ਰਿਹਾ ਹੈ।ਪਰ ਇਹ ਏਨੀਂ ਕੁ ਗੱਲ ਨਹੀਂ ਹੈ।
ਸਾਡੇ ਦਿਮਾਗ਼-ਰੂਪੀ ਡਰਾਇਵਰ ਨੂੰ ਵੀ ਅੱਗੋਂ ਜਿਸ ਤਰ੍ਹਾਂ ਹਦਾਇਤਾਂ ਮਿਲ ਰਹੀਆਂ ਹਨ, ਉਹ ਉਸ ਪਾਸੇ ਨੂੰ ਹੀ ਸਾਡੀ ਸਰੀਰ-ਰੂਪੀ ਕਾਰ ਨੂੰ ਚਲਾ ਰਿਹਾ ਹੈ।ਸਾਡੇ ਦਿਮਾਗ਼ ਨੂੰ ਹਦਾਇਤ ਦੇਣ ਵਾਲਾ ਕੌਣ ਹੈ ਬੱਸ ਇਹੀ ਗੱਲ ਸਮਝਣ ਦੀ ਜਰੂਰਤ ਹੈ।ਸਾਡੇ ਦਿਮਾਗ਼ ਨੂੰ ਹਦਾਇਤਾਂ ਦੇਣ ਵਾਲੇ ਹਾਂ “ਅਸੀਂ” (ਸਾਡਾ ਮਨ, ਸਾਡੀ ਆਤਮਾ, ਸਾਡਾ ਅੰਤਹਕਰਣ, ਸਾਡਾ ਆਪਣਾ ਆਪਾ)।ਮਿਸਾਲ ਦੇ ਤੌਰ ਤੇ- ਸੜਕ ਤੇ ਕਿਸੇ ਦੀ ਕੋਈ ਕੀਮਤੀ ਚੀਜ਼ ਡਿੱਗੀ ਪਈ ਹੈ।ਹੁਣ ਅਸੀਂ, ਆਪਣੇ ਮਨ ਨਾਲ ਫੈਸਲਾ ਕਰਨਾ ਹੈ ਕਿ ਚੀਜ਼ ਅਸਲੀ ਮਾਲਕ ਤੱਕ ਪੁਚਾਈ ਜਾਵੇ ਜਾਂ ਕੋਈ ਦੇਖ ਤਾਂ ਰਿਹਾ ਨਹੀਂ ਆਪਣੀ ਜੇਬ ਵਿੱਚ ਪਾ ਲਈ ਜਾਵੇ।ਅਸੀਂ ਜਿਸ ਤਰ੍ਹਾਂ ਦਾ ਫੈਸਲਾ ਕਰਕੇ ਦਿਮਾਗ਼ ਨੂੰ ਹਦਾਇਤ ਕਰਾਂਗੇ, ਦਿਮਾਗ਼ ਨੇ ਤਾਂ ਉਸੇ ਤਰ੍ਹਾਂ ਦਾ ਸਰੀਰਕ ਅੰਗਾਂ ਨੂੰ ਹੁਕਮ ਦੇ ਕੇ ਕੰਮ ਕਰਵਾਉਣਾ ਹੈ।ਸੋ ਕੁਦਰਤੀ ਨਿਯਮਾਂ ਅਧੀਨ ਚੱਲਣ ਵਾਲਾ, ਸਾਡੇ ਦਿਮਾਗ਼ ਸਮੇਤ ਸਾਡਾ ਭੌਤਿਕ ਸਰੀਰ ਹੀ ਸਾਡਾ ਵਜੂਦ ਨਹੀਂ ਬਲਕਿ ਸਾਡਾ ਅਸਲਾ, ਸਾਡਾ ਵਜੂਦ, ਸਾਡਾ ਆਪਾ ਇਸ ਭੌਤਿਕ ਸਰੀਰ ਤੋਂ ਵੱਖਰਾ ਪਰਾ-ਭੌਤਿਕ ਹੈ, ਜੋ ਇਸ ਭੌਤਿਕ ਸਰੀਰ ਨੂੰ ਚੱਲਣ ਲਈ ਹੁਕਮ ਕਰਦਾ ਹੈ।ਸਾਡਾ ਭੌਤਿਕ ਸਰੀਰ ਤਾਂ ਇਸ ਭੌਤਿਕ ਸੰਸਾਰ ਵਿੱਚ ਵਿਚਰਨ ਦਾ ਇੱਕ ਜਰੀਆ ਹੈ, ਸਾਧਨ ਹੈ।ਜਿਵੇਂ ਸਾਡਾ ਪਰਾ-ਭੌਤਿਕ ਆਪਾ, ਸਾਡੇ ਭੌਤਿਕ ਸਰੀਰ ਨੂੰ ਆਪਣੇ ਪਰਾ-ਭੌਤਿਕ ਹੁਕਮ ਅਨੁਸਾਰ ਚਲਾ ਰਿਹਾ ਹੈ, ਉਸੇ ਤਰ੍ਹਾਂ ਨਿਰਾਕਾਰ ਪਰਮਾਤਮਾ ਸਾਰੇ ਬ੍ਰਹਮੰਡ ਨੂੰ ਆਪਣੇ ਗੁਪਤ-ਹੁਕਮ ਅਨੁਸਾਰ ਚਲਾ ਰਿਹਾ ਹੈ-
“ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ॥” (ਪੰਨਾ 605)।
ਰੂਪ ਸਿੰਘ:- ਕੁਦਰਤ ਦੇ ਨਿਯਮ ਉਸ ਦਾ ਹੁਕਮ ਹੈ, ਜੋ ਕਾਇਨਾਤ ਵਿੱਚ ਰਮਿਆ ਹੋਇਆ ਹੈ।ਉਸ ਦਾ ਹੁਕਮ ਬਿਆਨਿਆ ਨਹੀਂ ਜਾ ਸਕਦਾ, ਉਸ ਦੇ ਹੁਕਮ ਅਨੁਸਾਰ ਆਪਣੇ ਆਪ ਨੂੰ ਢਾਲਿਆ ਜਾ ਸਕਦਾ ਹੈ।
ਜਸਬੀਰ ਸਿੰਘ ਵਿਰਦੀ:- ਕੁਦਰਤ ਦੇ ਨਿਯਮ ਉਸ ਦੇ ਹੁਕਮ ਨਾਲ ਜਰੂਰ ਹਨ ਪਰ ਕੁਦਰਤ ਦੇ ਨਿਯਮਾਂ ਨੂੰ ਹੀ ਉਸ ਦਾ ਹੁਕਮ ਨਹੀਂ ਕਿਹਾ ਜਾ ਸਕਦਾ।ਮਿਸਾਲ ਦੇ ਤੌਰ ਤੇ, ਕੋਈ ਬੰਦਾ ਕਿਸੇ ਨਾਲ ਠੱਗੀ ਮਾਰਦਾ ਹੈ, ਗਰੀਬ-ਮਾਰ ਕਰਦਾ ਹੈ, ਠੱਗੀ ਮਾਰ ਕੇ, ਗਰੀਬ-ਮਾਰ ਕਰਕੇ ਕਾਨੂੰਨ ਦੀਆਂ ਨਜ਼ਰਾਂ ਤੋਂ ਸੱਜ਼ਾ ਪਾਉਣੋਂ ਬਚ ਜਾਂਦਾ ਹੈ।ਉਸ ਨੇ ਕੁਦਰਤ ਦੇ ਕਿਸੇ ਨਿਯਮ ਦੀ ਉਲੰਘਣਾ ਨਹੀਂ ਕੀਤੀ, ਅਤੇ ਨਾ ਹੀ ਕੁਦਰਤ ਦਾ ਕੋਈ ਨਿਯਮ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੰਦਾ ਹੈ।ਪਰ ਗੁਰਮਤਿ ਅਨੁਸਾਰ ਹਰ ਇਕ ਨੂੰ ਆਪਣੇ ਕੀਤੇ ਦਾ ਫਲ਼ ਮਿਲਦਾ ਹੈ।ਫਲ-ਪ੍ਰਦਾਤਾ ਪ੍ਰਭੂ ਹੈ, ਕੁਦਰਤ ਦੇ ਨਿਯਮ ਨਹੀਂ।
ਰੂਪ ਸਿੰਘ:- ਕੁਦਰਤ ਦਾ ਨਿਯਮ ਹੈ ਸਾਰੇ ਛੋਟੇ ਤੋਂ ਛੋਟੇ ਜੀਵ ਦੀ ਸਾਂਭ ਸੰਭਾਲ ਕਰ ਰਹੀ ਹੈ।ਇਹ ਬ੍ਰਹਮੰਡ ਇੱਕ ਪਰਿਵਾਰ ਵਾਂਗ ਹੈ।ਪਰਿਵਾਰ ਦਾ ਇੱਕ ਮੈਂਬਰ ਲੋਭ-ਗ੍ਰਸਤ ਹੋ ਜਾਵੇ ਦੂਸਰੇ ਮੈਂਬਰਾਂ ਲਈ ਨੁਕਸਾਨ ਦਾਇਕ ਸਾਬਤ ਹੁੰਦਾ ਹੈ।ਬਿਲਕੁਲ ਸਜ਼ਾ ਮਿਲਦੀ ਹੈ।ਜੋ ਇਨਸਾਨ ਲੋਭ ਵੱਸ ਹੋ ਜਾਂਦਾ ਹੈ ਉਹ ਇਨਸਾਨ ਆਪਣੀ ਮਾਨਸਿਕ ਆਤਮਿਕ ਸ਼ਾਂਤੀ ਗਵਾ ਲੈਂਦਾ ਹੈ।ਮਨੁੱਖ ਸਿਰਫ ਸਰੀਰ ਨਹੀਂ, ਮਨ, ਤੇ ਆਤਮਾ ਵੀ ਹੈ।ਲੋਭ ਵਰਗਾ ਵਿਕਾਰ, ਮਾਨਸਿਕ ਤਲ਼ ਤੇ ਵਾਪਰਦਾ ਹੈ।ਕੁਦਰਤੀ ਸਜ਼ਾ ਵੀ ਮਾਨਸਿਕ ਤਲ ਤੇ ਮਿਲਦੀ ਹੈ।ਜਰੂਰੀ ਨਹੀਂ ਸਜ਼ਾ ਸਰੀਰਕ ਤਲ ਤੇ ਮਿਲੇ।
ਜਸਬੀਰ ਸਿੰਘ ਵਿਰਦੀ:- ਸਵਾਲ- ਕੋਈ ਆਦਮੀ ਸਾਰੀ ਉਮਰ ਆਪਣੀ ਮਰਜ਼ੀ ਨਾਲ ਲੋਭ-ਗ੍ਰਸਤ ਹੋ ਕੇ ਵਿਚਰਦਾ ਹੈ ਜਾਂ ਉਸ ਨੂੰ ਲੋਭ-ਗ੍ਰਸਤ ਹੋਣ ਦੀ ਕੋਈ ਸਜ਼ਾ ਮਿਲੀ ਹੋਈ ਹੈ?
ਰੂਪ ਸਿੰਘ:- ਜਿਵੇਂ ਕੋਈ ਸਹੀ ਰਸਤਾ ਛੱਡਕੇ ਜੰਗਲ ਦੀਆਂ ਪਗ-ਡੰਡੀਆਂ ਚੁਣੇ ਕੰਡੇ ਆਪ ਚੁਣੀ ਹੋਈ ਸਜ਼ਾ ਹੈ।ਚਾਹੇ ਤਾਂ ਉਹ ਆਪਣੇ ਵਿਵੇਕ ਨਾਲ ਇੱਕ ਮਿੰਟ’ਚ ਸੁਰਖੁਰੂ ਵੀ ਹੋ ਸਕਦਾ ਹੈ।ਇਸੇ ਨੂੰ ਗੁਰਬਾਣੀ’ਚ ਕਿਹਾ ਹੈ:-
“ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥” (ਪੰਨਾ 406)
ਜਸਬੀਰ ਸਿੰਘ ਵਿਰਦੀ:- ਪਹਿਲੀ ਗੱਲ, ਬੰਦਾ ਪਗਡੰਡੀ ਛੱਡਕੇ ਜੰਗਲ ਦਾ ਰਸਤਾ ਚੁਣੇਗਾ, ਇਹ ਤਾਂ ਭੌਤਿਕ ਵਰਤਾਰਾ ਹੈ।ਜੰਗਲ ਦੇ ਰਸਤੇ ਤੁਰਿਆਂ ਉਸ ਨਾਲ ਜੋ ਵਾਪਰਨਾ ਹੈ ਉਹ ਭੌਤਿਕ ਕਿਰਿਆਵਾਂ ਅਤੇ ਕੁਦਰਤੀ ਨਿਯਮਾਂ ਅਧੀਨ ਵਾਪਰੇਗਾ, ਪਰ ਕੋਈ ਬੰਦਾ ਲੋਭ ਗ੍ਰਸਤ ਹੋ ਕੇ ਜ਼ਿੰਦਗ਼ੀ ਬਸਰ ਕਰਦਾ ਹੈ, ਇਸ “ਲੋਭ” ਵਾਲੀ ਪ੍ਰਕਿਰਿਆ ਵਿੱਚ ਕੋਈ ਭੌਤਿਕ ਜਾਂ ਕੁਦਰਤੀ ਨਿਯਮ ਕੰਮ ਨਹੀਂ ਕਰਦਾ।ਦੂਸਰੀ ਤੇ ਅਹਮ ਗੱਲ, ਬੰਦੇ ਨੇ ‘ਲੋਭ ਵਾਲਾ / ਕੰਡਿਆਂ ਵਾਲਾ’ ਰਸਤਾ ਤਾਂ ਆਪਣੀ ਖੁਸ਼ੀ ਨਾਲ ਹੀ ਚੁਣਿਆ ਹੈ ਨਾ? ਕਿਸੇ ਨੇ ਉਸ ਨੂੰ ਮਜਬੂਰ ਨਹੀਂ ਕੀਤਾ ਇਸ ਰਸਤੇ ਤੇ ਚੱਲਣ ਲਈ।ਉਸ ਨੂੰ ਇਹ ਰਸਤਾ ਚੰਗਾ ਲੱਗਦਾ ਹੈ ਤਾਂ ਹੀ ਤੇ ਮਹਾਂਪੁਰਖਾਂ ਦੇ ਉਪਦੇਸ਼ਾਂ ਦੇ ਬਾਵਜੂਦ ਵੀ ਬੰਦਾ ਇਹ ਰਸਤਾ ਛੱਡਣ ਲਈ ਤਿਆਰ ਨਹੀਂ।ਜੇ ਉਹ ਆਪਣੀ ਮਰਜ਼ੀ ਅਤੇ ਖੁਸ਼ੀ ਨਾਲ ਇਸ ਰਸਤੇ ਤੇ ਚੱਲਕੇ ਸਾਰੀ ਜ਼ਿੰਦਗ਼ੀ ਗੁਜ਼ਾਰ ਦਿੰਦਾ ਹੈ ਫੇਰ ਕੰਡੇ ਕਿਵੇਂ, ਸਜ਼ਾ ਕਿਵੇਂ ਹੋਈ?
“ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥”
ਤੁਕ ਦੇ ਅਰਥ ਹਨ- ਜਿਹੜਾ ਹੱਥ ਕੋਈ ਕੰਮ ਕਰਦਾ ਹੈ ਉਹੀ ਉਸ ਦਾ ਫਲ ਭੁਗਤਦਾ ਹੈ।ਅਰਥਾਤ ਜਿਹੜਾ ਵੀ ਮਨੁੱਖ ਕੋਈ ਕੰਮ ਕਰਦਾ ਹੈ।ਉਸ ਦਾ ਫਲ ਵੀ ਉਸੇ ਨੂੰ ਹੀ ਭੁਗਤਣਾ ਪੈਂਦਾ ਹੈ “ਕੋਈ ਨ ਪਕੜੀਐ ਕਿਸੈ ਥਾਇ॥” ਕਿਸੇ ਇੱਕ ਦੇ ਕੀਤੇ ਕੰਮ ਲਈ ਕਿਸੇ ਦੂਸਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਂਦਾ।
ਰੂਪ ਸਿੰਘ:- ਕੋਈ ਬੰਦਾ ਦੂਜਿਆਂ ਨੂੰ ਬਿਨਾ ਵਜ੍ਹਾ ਦੁਖ ਦੇ ਕੇ ਆਪ ਸੁਖ ਦੀ ਨੀਂਦ ਸੁੱਤਾ ਹੋਵੇ ਐਸਾ ਚਮਤਕਾਰ ਦੁਨੀਆਂ ਤੇ ਅੱਜ ਤੱਕ ਵਾਪਰਿਆ ਨਹੀਂ।ਫਿਰ ਵੀ ਜੇ ‘ਸੁਖ ਮੰਨ ਰਿਹਾ ਹੈ’ ਤਾਂ ਉਹ ਸਿਰਫ ਇੱਕ ਸੁਪਨਾ ਹੈ ਜੋ ‘ਮੌਤ ਦੇ ਛਿਣ’ ਟੁੱਟ ਜਾਵੇਗਾ।ਜਦ ਨੀਂਦਰ ਟੁੱਟੇਗੀ, ਸਮਾਂ ਹੱਥੋਂ ਜਾ ਚੁੱਕਾ ਹੋਵੇਗਾ।
ਜਸਬੀਰ ਸਿੰਘ ਵਿਰਦੀ:- ਰੂਪ ਸਿੰਘ ਜੀ! ਤੁਸੀਂ ਕਹਿੰਦੇ ਹੋ ਐਸਾ ਚਮਤਕਾਰ ਕਦੇ ਵਾਪਰਿਆ ਨਹੀਂ। ਤੁਸੀਂ ਕਦੇ ਦੇਖਿਆ ਹੈ ਕਿ ਕੋਈ ਬੰਦਾ ਕਿਸੇ ਨੂੰ ਦੁਖ ਦੇ ਕੇ ਸੁਖ ਦੀ ਨੀਂਦ ਨਾ ਸੁੱਤਾ ਹੋਵੇ ਅਤੇ ਸਵੇਰ ਨੂੰ ਬੰਦਾ ਸੋਚੇ ਕਿ ਮੈਂ ਕਿਸੇ ਨੂੰ ਦੁਖ ਦਿੱਤਾ ਸੀ, ਇਸ ਲਈ ਸਾਰੀ ਰਾਤ ਨੀਂਦ ਨਹੀਂ ਆਈ।ਇਹ ਸੋਚਕੇ ਉਸ ਨੇ ਅੱਗੋਂ ਤੋਂ ਕਿਸੇ ਨੂੰ ਦੁਖ ਦੇਣ ਤੋਂ ਤੋਬਾ ਕਰ ਲਈ ਹੋਵੇ।
ਵੀਰ ਜੀ! ਜੇ ਐਸਾ ਹੁੰਦਾ ਤਾਂ ਦੁਨੀਆਂ ਤੇ ਅੱਜ ਸਤਿਯੁਗ ਵਰਤਿਆ ਹੋਣਾ ਸੀ।ਬੰਦੇ ਨੇ ਦੂਸਰੇ ਨੂੰ ਦੁਖ ਪੁਚਾਇਆ ਸਾਰੀ ਰਾਤ ਸੁਖ ਦੀ ਨੀਂਦ ਨਾ ਸੌਂ ਸਕਿਆ, ਮੁੜਕੇ ਉਸ ਨੇ ਕਦੇ ਵੀ ਕਿਸੇ ਨੂੰ ਦੁਖ ਪੁਚਾਉਣ ਤੋਂ ਤੌਬਾ ਕਰ ਲੈਣੀ ਸੀ।ਤੁਸੀਂ ਲਿਖਿਆ ਹੈ- ਫਿਰ ਵੀ ਜੇ ‘ਸੁਖ ਮੰਨ ਰਿਹਾ ਹੈ’ ਤਾਂ ਉਹ ਸਿਰਫ ਇੱਕ ਸੁਪਨਾ ਹੈ, ਜੋ ਮੌਤ ਦੇ ਛਿਣ ਟੁੱਟ ਜਾਵੇਗਾ।ਜਦ ਨੀਂਦਰ ਟੁੱਟੇਗੀ, ਸਮਾਂ ਹੱਥੋਂ ਜਾ ਚੁੱਕਾ ਹੋਵੇਗਾ”।
ਵੀਰ ਜੀ! ਸਵਾਲ ਪੈਦਾ ਹੁੰਦਾ ਹੈ ਕਿ, ਜਿਸ ਨੂੰ ਤੁਸੀਂ ‘ਮੌਤ ਦੇ ਛਿਣ ਨੀਂਦਰ ਟੁੱਟੇਗੀ’ ਕਹਿ ਰਹੇ ਹੋ ਉਸ ਨੀਂਦ ਟੁੱਟਣ ਤੋਂ ਬਾਅਦ ਵੀ ਕੁਝ ਹੈ ਜਾਂ ਮੌਤ ਆਉਣ ਤੇ ਸਭ ਕੁਝ ਖਤਮ? ਜੇ ਬੰਦਾ ਸਾਰੀ ਉਮਰ ਆਪਣੀ ਮਨ ਮਰਜੀ ਦਾ ਜੀਵਨ ਬਿਤਾ ਕੇ, ਸੁਖ ਮਾਣਦਾ ਰਿਹਾ, ਜਿਸ ਨੂੰ ਤੁਸੀਂ ਖੁਦ ਹੀ ਕਿਹਾ ਹੈ- “ਸੁਖ ਮੰਨ ਰਿਹਾ ਹੈ” ਅਤੇ ਜੇ ਮੌਤ ਆਉਣ ਤੇ ਸਭ ਕੁਝ ਖਤਮ ਹੈ ਤਾਂ ਫੇਰ, (ਸਵਾਲ:-) ਕਿਸ ਕੰਮ ਲਈ ਸਮਾਂ ਹੱਥੋਂ ਜਾ ਚੁੱਕਾ ਹੋਵੇਗਾ?
ਰੂਪ ਸਿੰਘ:- ਲੋਭ ਉਹੀ ਬੰਦਾ ਕਰੇਗਾ ਜੋ ਜੀਵਨ ਨੂੰ ਹੀ ਸੱਚ ਮੰਨ ਕੇ ਬੈਠਾ ਹੈ ਅਤੇ ਮੌਤ ਯਾਦ ਨਹੀਂ।ਜੋ ਮੌਤ ਨੂੰ ਯਾਦ ਰੱਖੇਗਾ ਉਹ ਲੋਭ ਨਹੀਂ ਕਰ ਸਕੇਗਾ।ਪੈਸਾ ਜ਼ਿੰਦਗ਼ੀ ਵਾਸਤੇ ਹੈ, ਪੈਸੇ ਵਾਸਤੇ ਜ਼ਿੰਦਗੀ ਨਹੀਂ।ਜਾਣ ਸਮੇਂ ਕੋਈ ਸ਼ਿਕਵਾ ਜਾਂ ਪਛਤਾਵਾ ਨਾ ਹੋਵੇ।ਮੌਤ ਇੱਕ ਖੇਡ ਹੈ, ਇਹਦੇ ਨਾਲ ਮੈਨੂੰ ਕੋਈ ਸਰੋਕਾਰ ਨਹੀਂ।ਨਾ ਹੀ ਮੈਨੂੰ ਅਨੁਭਵ ਹੈ, ਜਦੋਂ ਆਵੇਗੀ ਜਾਣ ਲਵਾਂਗਾ।
ਜਸਬੀਰ ਸਿੰਘ ਵਿਰਦੀ:- ਕੋਈ ਬੰਦਾ ਸਮਝਦਾ ਹੈ ਕਿ ਇਸ ਜੀਵਨ ਤੋਂ ਬਾਅਦ ਫੇਰ ਜਨਮ ਤਾਂ ਹੈ ਨਹੀਂ।ਜੇ ਉਹ ਸਮਝਦਾ ਹੈ, ਜ਼ਿੰਦਗ਼ੀ ਪੈਸੇ ਕਮਾਉਣ ਵਾਸਤੇ ਹੀ ਹੈ, ਜਿਵੇਂ ਮਰਜ਼ੀ ਹੋਵੇ ਪੈਸਾ ਕਮਾਵੋ।ਜੇ ਉਹ ਸੋਚਦਾ ਹੈ ਕਿ ਇਸ ਜੀਵਨ ਤੋਂ ਬਾਅਦ ਫੇਰ ਜਨਮ ਤਾਂ ਹੈ ਨਹੀਂ, ਇਸ ਜੀਵਨ ਵਿੱਚ ਜਿੰਨੀਂ ਐਸ਼ ਕੀਤੀ ਜਾ ਸਕਦੀ ਹੈ, ਕਰ ਲਵੋ।ਜੇ ਬੰਦੇ ਨੇ ਇਹ ਜੀਵਨ ਸਿੱਧੇ-ਅਸਿੱਧੇ ਤਰੀਕੇ ਨਾਲ ਦੌਲਤ ਇਕੱਠੀ ਕਰਕੇ, ਆਪਣੀ ਮਨ-ਮਰਜ਼ੀ ਦਾ ਐਸ਼ ਭਰਿਆ ਜੀਵਨ ਬਤੀਤ ਕਰ ਲਿਆ, ਫੇਰ ਪਛਤਾਵਾ ਕਿਸ ਗੱਲ ਦਾ? ਮੰਨ ਲਵੋ ਮੌਤ ਦੇ ਸਮੇਂ ਪਲ-ਦੋ ਪਲ ਲਈ ਕਿਸੇ ਕਿਸਮ ਦਾ ਸ਼ਿਕਵਾ ਜਾਂ ਪਛਤਾਵਾ ਹੋ ਵੀ ਗਿਆ ਤਾਂ ਉਸ ਨਾਲ ਕੀ ਫਰਕ ਪੈਣ ਲੱਗਾ ਹੈ? ਹਰ ਇੱਕ ਲਈ ਮੌਤ ਤੋਂ ਅਗਲੇ ਪਲ਼ ਸਭ ਕੁਝ ਖਤਮ ਤਾਂ ਹੋ ਹੀ ਜਾਣਾ ਹੈ।ਜੇ ਸਾਰਾ ਜੀਵਨ ਆਪਣੀ ਮਨ ਮਰਜ਼ੀ ਦਾ ਬਿਤਾ ਲਿਆ ਤਾਂ ਫੇਰ ਪਛਤਾਵਾ ਕਿਸ ਗੱਲ ਦਾ?
ਰੂਪ ਸਿੰਘ:- ਗੱਲ ਮੋਹ ਦੀ ਹੈ, ਜਿਸ ਚੀਜ਼ ਨਾਲ ਮੋਹ ਹੋਵੇ, ਜਦ ਖੁੱਸਦੀ ਹੈ, ਉਹਦੀ ਪੀੜ ਉਹੀ ਜਾਣਦਾ ਹੈ।ਸੱਚ ਨਾਲ ਜੁੜਿਆ ਇਨਸਾਨ ਮੋਹ ਤੋਂ ਨਿਰਲੇਪ ਰਹਿੰਦਾ ਹੈ।ਨਾਸ਼ਵਾਨ ਪਦਾਰਥਾਂ ਕਾਰਨ ਆਪਣੀ ਸ਼ਾਂਤੀ ਨਹੀਂ ਗਵਾਉਂਦਾ।ਖਿੜੇ ਮੱਥੇ ਕਾਦਰ ਦੇ ਭਾਣੇ ਅੰਦਰ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ।
ਜਸਬੀਰ ਸਿੰਘ ਵਿਰਦੀ:- ਅਖੀਰਲੇ ਕੁਝ ਪਲ ਪਛਤਾਵਾ ਕਰ ਵੀ ਲਿਆ ਫੇਰ ਕੀ ਫਰਕ ਪੈ ਗਿਆ? ਅਗਲੇ ਪਲ ਮੌਤ ਆਉਣ ਤੇ ਤਾਂ ਸਭ ਕੁਝ ਖਤਮ।ਸਭ ਕਾਸੇ ਦੇ ਨਾਲ ਪਛਤਾਵਾ ਵੀ ਖਤਮ।ਵੈਸੇ ਵੀ ਜਿਸ ਨੇ ਸੋਚ ਰੱਖਿਆ ਹੈ ਕਿ ਇਸ ਜਨਮ ਤੋਂ ਬਾਅਦ ਫੇਰ ਜਨਮ ਨਹੀਂ ਹੈ, ਅਤੇ ਇਸ ਜਨਮ ਵਿੱਚ ਜੋ ਐਸ਼ ਹੁੰਦੀ ਹੈ ਕਰ ਲਵੋ, ਉਸ ਨੂੰ ਪਛਤਾਵਾ ਕਿਸ ਗੱਲ ਦਾ?
ਰੂਪ ਸਿੰਘ:-
“ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥”
ਇਸ ਬਾਰੇ ਤੁਸੀਂ ਕ੍ਰਿਪਾ ਕਰਕੇ ਆਪਣਾ ਅਨੁਭਵ ਦੱਸ ਸੱਕਦੇ ਹੋ?
ਜਸਬੀਰ ਸਿੰਘ ਵਿਰਦੀ:- ਇਸ ਬਾਰੇ ਮੇਰਾ ਆਪਣਾ ਅਨੁਭਵ ਨਹੀਂ ਹੈ, ਪਰ ਮੈਨੂੰ ਮੇਰੇ ਗੁਰੂ ਦੇ ਕਹੇ ਤੇ ਭਰੋਸਾ ਹੈ ਕਿ ਜੋ ਉਹ ਕਹਿ ਰਿਹਾ ਹੈ ਠੀਕ ਕਹਿ ਰਿਹਾ ਹੈ।ਇਸ ਤੁਕ ਨਾਲ ਤਾਂ ਇਸ ਜਨਮ ਤੋਂ ਬਾਅਦ ਫੇਰ ਜਨਮ ਹੋਣ ਦੀ ਪ੍ਰੋੜਤਾ ਹੀ ਹੁੰਦੀ ਹੈ, ਕਿ ਪਤਾ ਨਹੀਂ (ਮਰਨ ਤੋਂ ਬਾਅਦ ਜੀਵ / ਜੀਵਾਤਮਾ) ਕਿੱਥੇ ਜਾ ਕੇ ਸਮਾਵੇਗੀ। ‘ਪਤਾ ਨਹੀਂ ਕਿਥੇ’ ਕਹਿਣ ਤੋਂ ਸਾਫ ਭਾਵ ਇਹ ਹੀ ਬਣਦਾ ਹੈ ਕਿ ਇਸ ਜਨਮ ਤੋਂ ਬਾਅਦ ਫੇਰ ਜਨਮ ਤਾਂ ਹੈ ਪਰ ‘ਕੀ ਹੈ’, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।‘ਪਤਾ ਨਹੀਂ ਕਿੱਥੇ’ ਕਿਉਂ ਕਿਹਾ ਗਿਆ ਹੈ? ਇਸ ਲਈ ਕਿ ਇਹ ਪ੍ਰਭੂ ਦੇ ਹੁਕਮ ਤੇ ਨਿਰਭਰ ਹੈ।ਜੇ ਇਸ ਜਨਮ ਤੋਂ ਬਾਅਦ ਫੇਰ ਜਨਮ ਨਾ ਹੁੰਦਾ ਤਾਂ ਗੁਰਬਾਣੀ’ਚ ਲਿਖਿਆ ਹੋਣਾ ਸੀ ਕਿ ਮੌਤ ਆਉਣ ਅਤੇ ਸਰੀਰ ਖਤਮ ਹੋਣ ਦੇ ਨਾਲ ਸਭ ਕੁਝ ਖਤਮ ਹੋ ਜਾਂਦਾ ਹੈ, ਕਿਤੇ ਸਮਾਉਣ ਲਈ ਬਾਕੀ ਕੁਝ ਨਹੀਂ ਬਚਦਾ। 1-ਪਤਾ ਨਹੀਂ ਕਿੱਥੇ ਜਾ ਕੇ ਸਮਾਏ ਅਤੇ 2- ਕਿਤੇ ਸਮਾਉਣ ਲਈ ਬਾਕੀ ਕੁਝ ਨਹੀਂ ਬਚਦਾ ਦਾ ਫਰਕ ਸਮਝਣ ਦੀ ਜਰੂਰਤ ਹੈ।
ਰੂਪ ਸਿੰਘ:- ਜਿੰਨਾਕੁ ਗੁਰਬਾਣੀ ਨੂੰ ਮੈਂ ਆਪਣੀ ਜ਼ਿੰਦਗ਼ੀ’ਚ ਲਾਗੂ ਕਰ ਸਕਿਆ ਹਾਂ, ਜੋ ਮੈਨੂੰ ਅਨੁਭਵੀ ਗਿਆਨ ਹੈ ਮੈਂ ਕਹਿ ਸਕਦਾ ਹਾਂ।ਜਿਸ ਬਾਰੇ ਮੈਨੂੰ ਅਜੇ ਕੋਈ ਅਨੁਭਵ ਨਹੀਂ ਉਸ ਬਾਰੇ ਕੋਈ ਰਾਇ ਨਹੀਂ ਦੇ ਸਕਦਾ।ਉਧਾਰੇ ਗਿਆਨ’ਚ ਮੈਨੂੰ ਕੋਈ ਵਿਸ਼ਵਾਸ਼ ਨਹੀਂ।ਗਿਆਨ ਉਹੀ ਹੈ ਜੋ ਅਨੁਭਵ ਦੀ ਕਸਵੱਟੀ ਤੇ ਸੱਚ ਹੋਇਆ ਹੋਵੇ।ਮੈਨੂੰ ਖੁਦ ਨੂੰ ਪਤਾ ਨਹੀਂ ਸੱਚ ਕੀ ਝੂਠ ਕੀ ਹੈ ਸੋ ਚੁੱਪ ਹੀ ਭਲੀ ਹੈ।
ਜਸਬੀਰ ਸਿੰਘ:- ਤੁਸੀਂ ਇੱਕ ਪਾਸੇ ਗੁਰਬਾਣੀ (ਗੁਰੂ) ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਸਿਰਫ ਆਪਣੇ ਅਨੁਭਵ ਤੇ ਹੀ ਯਕੀਨ ਕਰਨ ਦੀ ਗੱਲ ਕਰਦੇ ਹੋ।ਅਰਥਾਤ ਗੁਰਬਾਣੀ ਨੂੰ ਮੰਨਣ ਦੀ ਗੱਲ ਵੀ ਕਰ ਰਹੇ ਹੋ ਅਤੇ ਗੁਰਬਾਣੀ ਦੀ ਗੱਲ ਮੰਨਣ ਤੋਂ ਇਨਕਾਰੀ ਵੀ ਹੋ-
“ਸਲਾਮ ਜਬਾਬ ਦੋਵੈ ਕਰੇ ਮੁੰਢਹੁ ਘੁਥਾ ਜਾਇ॥ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥”
ਵੀਰ ਜੀ! ਪਹਿਲਾਂ ਇੱਕ ਫੈਸਲਾ ਕਰੋ, ਜਾਂ ਗੁਰੂ ਦੀ ਮੰਨੋ ਜਾਂ ਗੁਰੂ ਨੂੰ ਤਲਾਂਜਲੀ ਦੇ ਕੇ ਆਪਣੇ ਅਨੁਭਵ ਦੀ ਗੱਲ ਕਰੋ।ਜੇ ਆਪਣੇ ਅਨੁਭਵ ਤੇ ਹੀ ਯਕੀਨ ਕਰਨਾ ਹੈ ਤਾਂ ਇਹ ਨਾ ਕਹੋ ਕਿ ਗੁਰਬਾਣੀ ਇਹ ਕਹਿੰਦੀ ਹੈ ਅਤੇ ਗੁਰਬਾਣੀ ਉਹ ਕਹਿੰਦੀ ਹੈ।ਗੁਰਬਾਣੀ ਕਹਿੰਦੀ ਹੈ ਕਿ ਮਰਨ ਤੋਂ ਬਾਅਦ (ਮਨਮੁਖਾਂ ਨੂੰ) ਫੇਰ ਜਨਮ ਹੈ ਫੇਰ ਤਾਂ ਇਸ ਦਾ ਮਤਲਬ ਹੋਇਆ ਕਿ ਜਿੰਨੀ ਦੇਰ ਤੁਸੀਂ ਇਸ ਗੱਲ ਦਾ ਨਿਜੀ ਤੌਰ ਤੇ ਅਨੁਭਵ ਨਹੀਂ ਕਰ ਲੈਂਦੇ ਤੁਸੀਂ ਗੁਰਬਾਣੀ ਦਾ ਇਹ ਫੁਰਮਾਨ ਮੰਨਣ ਤੋਂ ਇਨਕਾਰੀ ਹੋ?
ਵੈਸੇ ਵੀ ਜਿਹੜਾ ਤੁਸੀਂ ਕਿਹਾ ਹੈ- “ਫਿਰ ਵੀ ਜੇ ‘ਸੁਖ ਮੰਨ ਰਿਹਾ ਹੈ’ ਤਾਂ ਉਹ ਸਿਰਫ ਇੱਕ ਸੁਪਨਾ ਹੈ ਜੋ ‘ਮੌਤ ਦੇ ਛਿਣ’ ਟੁੱਟ ਜਾਵੇਗਾ।ਜਦ ਨੀਂਦਰ ਟੁੱਟੇਗੀ, ਸਮਾਂ ਹੱਥੋਂ ਜਾ ਚੁੱਕਾ ਹੋਵੇਗਾ”
ਤੁਹਾਡੀ ਇਹ ਆਪਣੀ ਕਹੀ ਗੱਲ ਵੀ ਗ਼ਲਤ ਸਾਬਤ ਹੋ ਰਹੀ ਹੈ।ਕਿਉਂਕਿ ਮੌਤ ਦੇ ਛਿਣ ਕੀ ਹੋਵੇਗਾ ਇਹ ਤੁਹਾਡਾ ਨਿਜੀ ਅਨੁਭਵ ਨਹੀਂ ਹੈ।
---------
ਜਵੱਦੀ-ਲੁਧਿਆਣਾ ਦੇ ਇੱਕ (ਅਖੌਤੀ) ਮਿਸ਼ਨਰੀ ਕਾਲੇਜ ਤੋਂ ਗੁਰਮਤਿ ਦਾ ਗਿਆਨ ਹਾਸਲ ਕਰਨ ਵਾਲੇ ਇਸ ਤਰ੍ਹਾਂ ਦੇ ਸਾਰੇ ਵੀਰ ਗੁਰੂ ਦੀ ਗੱਲ ਮੰਨਣ ਦੀ ਗੱਲ ਤਾਂ ਕਹਿੰਦੇ ਹਨ ਪਰ ਗੁਰੂ ਦੀ ਗੱਲ ਮੰਨਣ ਤੋਂ ਇਨਕਾਰੀ ਹਨ।ਇਸ ਤਰ੍ਹਾਂ ਕਰਕੇ ਪਤਾ ਨਹੀਂ ਇਹ ਲੋਕ ਗੁਰੂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਜਾਂ ਜਿਹੜੇ ਇਨ੍ਹਾਂ ਦੇ ਵਿਚਾਰ ਪੜ੍ਹਦੇ-ਸੁਣਦੇ ਹਨ, ਉਨ੍ਹਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਫੇਰ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ।ਇਹ ਤਾਂ ਗੁਰੂ ਜਾਣਦਾ ਹੈ ਜਾਂ ‘ਪਾਠਕ /ਸ਼ਰੋਤੇ’ ਜਾਣਦੇ ਹਨ ਜਾਂ ਫੇਰ ਇਹ ਵੀਰ ਖੁਦ ਹੀ ਜਾਣਦੇ ਹਨ।
ਜਸਬੀਰ ਸਿੰਘ ਵਿਰਦੀ 06-06-2015
.....................................................
ਟਿੱਪਣੀ:- ਵੀਰ ਰੂਪ ਸਿੰਘ ਜੀ ਦਾ ਇਹ ਕਹਿਣਾ ਕਿ “ ਉਧਾਰੇ ਗਿਆਨ ‘ਚ ਮੈਨੂੰ ਕੋਈ ਵਿਸ਼ਵਾਸ ਨਹੀਂ ਹੈ” ਪਰਤੱਖ ਸਬੂਤ ਹੈ ਕਿ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੇ ਕੋਈ ਵਿਸ਼ਵਾਸ ਨਹੀਂ ਹੈ।
ਜੋ ਬੰਦਾ ਉਧਾਰੇ ਗਿਆਨ ਤੇ ਵਿਸ਼ਵਾਸ ਨਹੀਂ ਰੱਖਦਾ, ਉਹ ਆਪਣੇ ਜਨਮ ਬਾਰੇ ਵੀ ਕੁਝ ਨਹੀਂ ਕਹਿ ਸਕਦਾ, ਕਿਉਂਕਿ ਉਸ ਨੂੰ ਇਹ ਸੋਝੀ ਵੀ ‘ਉਧਾਰੇ ਗਿਆਨ’ ਤੋਂ ਹੀ ਹਾਸਲ ਹੁੰਦੀ ਹੈ । ਉਹ ਸਕੂਲ਼/ਕਾਲਜ ਵਿਚ ਜਿੰਨੇ ਸਾਲ ਮਰਜ਼ੀ ਲਗਾ ਲਵੇ, ਸਭ ਵਿਅਰਥ ਹੈ, ਕਿਉਂਕਿ ਓਥੇ ਵੀ ਸਾਰਾ ਗਿਆਨ ‘ਉਧਾਰ’ ਦਾ ਹੀ ਮਿਲਦਾ ਹੈ। ਉਹ ਕੋਈ ਤਰੱਕੀ ਵੀ ਨਹੀਂ ਕਰ ਸਕਦਾ, ਕਿਉਂਕਿ ਮਾਨਵਤਾ ਨੇ ਸਾਰੀ ਤਰੱਕੀ ‘ਉਧਾਰੇ ਗਿਆਨ’ ਆਸਰੇ ਹੀ ਕੀਤੀ ਹੈ।
‘ਉਧਾਰੇ ਗਿਆਨ’ ਤੋਂ ਬਗੈਰ, ਆਪਣੇ ਨਿੱਜੀ ਅਨੁਭਵ ਦੇ ਗਿਆਨ ਆਸਰੇ ਤਾਂ, ਸਿਰਫ ਜਾਨਵਰ ਪਲਦੇ ਹਨ, ਅਤੇ ਹਰ ਜਾਨਵਰ ਜੋ ਵੀ ਗਿਆਨ ਆਪਣੇ ਨਿੱਜੀ ਅਨੁਭਵ ਰਾਹੀਂ ਹਾਸਲ ਕਰਦਾ ਹੈ. ਉਹ ਮਰਨ ਵੇਲੇ ਆਪਣੇ ਨਾਲ ਹੀ ਲੈ ਜਾਂਦਾ ਹੈ। ਏਸੇ ਕਾਰਨ ਹੀ ਲੱਖਾਂ ਸਾਲ ਬੀਤ ਜਾਣ ਤੇ ਵੀ, ਜਾਨਵਰ ਓਸੇ ਹਾਲਤ ਵਿਚ ਹਨ, ਜਿਸ ਹਾਲਤ ਵਿਚ ਉਹ ਲੱਖਾਂ ਸਾਲ ਪਹਿਲਾਂ ਸਨ।
ਬੰਦੇ ਨੇ ਵਿਗਿਆਨਿਕ ਤਰੱਕੀ, ਆਪਣੇ ਤੋਂ ਪਹਿਲਾਂ ਦੇ ਵਿਗਿਆਨੀਆਂ ਦੇ ‘ਉਧਾਰੇ ਗਿਆਨ’ ਆਸਰੇ ਹੀ ਕੀਤੀ ਹੈ । ਅਤੇ ਧਾਰਮਿਕ ਤਰੱਕੀ ਵੀ ‘ ਗੁਰੂ ਗ੍ਰੰਥ ਸਾਹਿਬ ਜੀ, ਜਾਂ ਅਜਿਹੇ ਹੋਰ ਗ੍ਰੰਥਾਂ ਦੇ ‘ਉਧਾਰੇ ਗਿਆਨ’ ਆਸਰੇ ਹੀ ਕਰਦਾ ਹੈ। ਜੋ ਉਧਾਰੇ ਗਿਆਨ ਵਿਚ ਵਿਸ਼ਵਾਸ ਨਹੀਂ ਕਰਦਾ, ਉਹ ਤਾਂ ਜਾਨਵਰ ਬਰਾਬਰ ਹੋਇਆ, ਉਹ ਇਸ ਵਿਕਸਤ ਸਮਾਜ ਵਿਚ ਕਿਵੇਂ ਵਿਚਰ ਸਕਦਾ ਹੈ ?
ਇਹ ਗੱਲ ਰੂਪ ਸਿੰਘ ਜੀ ਆਪਣੀ ਲਿਖਤ ਵਿਚ ਮੰਨ ਰਹੇ ਹਨ। ਅਜਿਹੇ ਬੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨਾ, ਸਮਾ ਬਰਬਾਦ ਕਰਨ ਤੋਂ ਵੱਧ ਕੁਝ ਵੀ ਨਹੀਂ। ਅੱਜ-ਕਲ ਅਜਿਹੇ ਬੰਦਿਆਂ ਨੇ ਹੀ ਸਿੱਖੀ ਦਾ, ਗੁਰਮਤਿ ਦਾ ਘਾਣ ਕੀਤਾ ਹੋਇਆ ਹੈ, ਜੋ ਆਪਣੇ-ਆਪ ਨੂੰ ਸਿੱਖ ਹੀ ਨਹੀਂ, ਸਿੱਖਾਂ ਦੇ ਆਗੂ ਕਹਾਉਂਦੇ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਵਿਸ਼ਵਾਸ ਨਹੀਂ ਕਰਦੇ।
ਅਮਰ ਜੀਤ ਸਿੰਘ ਚੰਦੀ