* ਇੰਦਰਾ-ਕਾਲੀਏ ਅਤੇ 1984 *
ਬਾਹਰੋਂ ਜਦ ਕੋਈ ਹਮਲਾਵਰ ਹਿੰਦੋਸਤਾਨ ਉਪਰ ਚੜ੍ਹ ਕੇ ਆਉਂਦਾ ਸੀ, ਤਾਂ ਉਸ ਪਿੱਛੇ ਅੰਦਰੇ ਬੈਠੇ ਕਿਸੇ ਬੰਦੇ ਦਾ ਵੀ ਨਾਲ ਸੱਦਾ ਹੁੰਦਾ ਸੀ ਯਾਨੀ ਹੱਥ! ਇੰਦਰਾ ਚੜ੍ਹ ਕੇ ਦਿੱਲੀਓਂ ਆਈ, ਪਰ ਅੰਦਰ ਬੈਠੇ ਉਸ ਨੂੰ ਸੱਦਣ ਵਾਲੇ ਕੌਣ ਸਨ?
ਕਹਿੰਦੇ ਨੇ ਰਾਮ ਕਦੇ ਨਾ ਜਿੱਤਦਾ ਜੇ ਅੰਦਰ ਰਾਵਣ ਦਾ ਭਰਾ ਨਾ ਹੁੰਦਾ। ਇੰਦਰਾ ਕਦੇ ਹਿੰਮਤ ਨਾ ਕਰਦੀ ਚੜ੍ਹਨ ਦੀ ਜੇ ਬਾਦਲ-ਟੌਹੜੇ-ਲੌਂਗੋਵਾਲ ‘ਅੰਦਰ’ ਨਾ ਹੁੰਦੇ। ਅੰਗਰੇਜਾਂ ਪੰਜਾਬ ਵਲ ਮੂੰਹ ਪਤਾ ਕਦੋਂ ਕੀਤਾ? ਜਦ ਉਨ੍ਹਾਂ ਨੂੰ ਅੰਦਰੋਂ ਯਾਨੀ ਡੋਗਰਿਆਂ ਉਪਰ ਪੂਰੀ ਤਰ੍ਹਾਂ ਯਕੀਨ ਹੋ ਗਿਆ ਸੀ।
ਅੱਜ ਆਹ ਕੱਛੀਆਂ ਵਾਲੀ ਬਾਂਦਰ ਸੈਨਾ ਪੰਜਾਬ ਵਿਚ ਹਰਲ ਹਰਲ ਕਰਦੀ ਭਲਾ ਕਿਉਂ ਫਿਰ ਰਹੀ ਹੈ ਤੇ ਲਲਕਾਰੇ ਮਾਰ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ‘ਅੰਦਰੋਂ’ ਡਰ ਨਹੀਂ! ਗੜਬੜ ਸਾਰੀ ਅੰਦਰੋਂ ਹੈ। ਧੂੜਾਂ ਪੱਟੀ ਆਉਂਦੀ ਗੱਡੀ ਦੇ ਇੰਝਣ ਦੀਆਂ ਅੰਦਰੋਂ ਇੱਕ ਬੰਦੇ ਦੇ ਪੈਰ ਦੀ ਬਰੇਕ, ਉਸ ਦੀਆਂ ਚੀਕਾਂ ਕਢਾ ਦਿੰਦੀ। ਪਰ ਦੱਸੋ ਬਾਹਰੋਂ ਉਸ ਰੁੱਕਣਾ ਸੀ?
ਸਿੱਖ ਕੌਮ ਦੀ ਗੱਡੀ ਦੇ ਡਰਾਈਵਰ ਕਮੀਨੇ, ਬੇਈਮਾਨ, ਬੇਗੈਰਤ ਅਤੇ ਬੇਹਯਾ ਹਨ। ਉਹ ਜਦ ਗੱਡੀ ਰੋਕਣੀ ਸੀ ਕਹਿੰਦੇ ਛੱਡ ਦਿਓ ਖਾਲਸਾ ਜੀ ਬੈਰਕਾਂ। ਤੇ ਕਿੰਨਾ ਬੰਦਾ ਮਰਵਾ ਕੇ ਰੱਖ ਦਿੱਤਾ। ਤੇ ਜਦ ਸੌਦਾ ਸਾਧ ਦੇ ਡੇਰੇ ਦੀਆਂ ਇੱਟਾਂ ਤੱਕ ਪੁੱਟਣ ਲਈ ਲੋਕ ਤਿਆਰ ਸਨ ਤਾਂ ਕਹਿੰਦੇ ਖਾਲਸਾ ਜੀ ਲਾ ਦਿਓ ਬਰੇਕਾਂ?
ਹੁਣ ਗੱਡੀ ਟੇਸ਼ਨ 'ਤੇ ਖੜੀ ਹੈ, ਉਥੇ ਹੀ ਸਵਾਰੀਆਂ ਚੜੀ ਜਾਂਦੀਆਂ ਉਤਰੀ ਜਾਦੀਆਂ!! ਸਵਾਰੀਆਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਨ੍ਹਾਂ ਦੀ ਗੱਡੀ ਪੰਡੀਏ ਕਿਆਂ ‘ਹਾਈਜੈਕ’ ਕਰ ਲਈ ਹੈ। ਜਦ ਕੋਈ ਮਾੜਾ ਜਿਹਾ ਬੋਲਦਾ ਕਿ ਯਾਰ ਤੋਰੋ ਇਸ ਨੂੰ ਉਹ ਕਹਿੰਦੇ ਦਿੱਸਦਾ ਨਹੀਂ ਤੁਰੀ ਤਾਂ ਜਾਂਦੀ ਸੱਚਖੰਡ ਵਲ ਜਾ ਰਹੀ ਸਿੱਧੀ ਦਰਗਾਹ! ਖੜੀ ਗੱਡੀ 'ਤੇ ਹੀ ਭੀੜਾਂ ਲੱਗੀਆਂ ਪਈਆਂ। ਲੁਕਾਈ ਖੜੀ ਗੱਡੀ ਉਪਰ ਹੀ ‘ਸੱਚਖੰਡ’ ਜਾਣਾ ਚਾਹੰਦੀ। ਲੂੰਗੀਆਂ ਵਾਲੇ ਭਾਈ ਲੋਕਾਂ ਦੀਆਂ ਅਰਦਾਸਾਂ ਕਰੀ ਜਾਂਦੇ, ਅਰਦਾਸਾਂ ਖਾਈ ਜਾਂਦੇ, ਪਰ ਗਾਲੀ ਵੀ ਨਹੀਂ ਕਰਦੇ ਤੇ ਉਹੀ ਅਰਦਾਸਾਂ ਉਨ੍ਹਾਂ ਦੇ ਢਿੱਡਾਂ ਦਾ ਜਲੂਸ ਕੱਢੀ ਜਾਦੀਆਂ। ਗੱਡੀ ਖੜੀ ਹੈ ਭੀੜਾਂ ਲੱਗੀਆਂ ਹਨ।
ਸਾਲ ਬਾਅਦ 84 ਦੇ ਸ਼ਹੀਦਾਂ ਨੂੰ ਪਾਠ ਕਰਾ ਕੇ ਯਾਦ ਕਰ ਲੈਂਦੇ ਜਿੰਨਾ ਨੂੰ ਇਹ ਅੰਦਰੋਂ ਨਫਰਤ ਕਰਦੇ ਤੇ ਜਿੰਨਾ ਨਾਲ ਇਨ੍ਹਾਂ ਦੇ ਕਦਮ ਕਦੇ ਵੀ ਨਹੀਂ ਰਲੇ! ਕਦਮ? ਕਦਮ ਇਨ੍ਹਾਂ ਦੇ ਤਾਂ ੳਨ੍ਹਾਂ ਦੇ ਖੂਨ ਵਿਚ ਲਿਬੜੇ ਹੋਏ ਹਨ। ਪ੍ਰਕਰਮਾ ਵਿਚ ਖੂਨ ਹੀ ਖੂਨ ਸੀ। ਹਰ ਪਾਸੇ ਖੂਨ ਤੇ ਉਸ ਖੂਨ ਵਿਚੋਂ ਲੰਘ ਕੇ ਆਉਂਣ ਵਾਲਿਆਂ ਵਿਚੋਂ ਬਾਦਲਕੇ? ਪਤਾ ਨਹੀਂ ਕਿਉਂ ਪੰਜਾਬ ਦੀ ਅੱਖ ਨੂੰ ਦਿੱਸਣੋ ਹੀ ਹਟ ਗਿਆ ਕਿ ਇਹ ਉਹੀ ਬਾਦਲਕੇ ਹਨ ਜਿੰਨਾ ਦੇ ਪੈਰ 84 ਦੇ ਸ਼ਹੀਦਾਂ ਦੇ ਖੂਨ ਨਾਲ ਲਿਬੜੇ ਹੋਏ ਹਨ ਜਿਹੜੇ ਦਿੱਲੀ ਵਲ ਦੀ ਹੁੰਦੇ ਹੋਏ ਪੰਜਾਬ ਦੀ ਹਕੂਮਤ ਉਪਰ ਸਪੱਸ਼ਟ ਦਿੱਸ ਰਹੇ ਹਨ।
ਸ੍ਰ. ਊਧਮ ਸਿੰਘ ਨੇ 20 ਕਿ 22 ਸਾਲ ਦੁਸ਼ਮਣੀ ਪਾਲੀ। ਅੱਗ ਨਹੀਂ ਬੁਝਣ ਦਿੱਤੀ ਮਰਦ ਨੇ, ਤੇ ਇਨੇ ਸਾਲਾਂ ਬਾਅਦ ਵੀ ਦੁਮਸ਼ਣ ਜਾ ਢਾਹਿਆ! ਇਨਾ ਚਿਰ ਅੱਗ ਨੂੰ ਅੰਦਰ ਬਲਦੀ ਰੱਖਣ ਵਰਗੀ ਹੋਰ ਤਪੱਸਿਆ ਕੀ ਹੈ। ਪਰ ਇਧਰ ਦੇਖੋ ਮੇਰੀ ਕੌਮ ਦਾ ਹਾਲ। ਬਾਦਲਾਂ ਨੂੰ ਮਿਲਣ ਵਾਲਿਆਂ ਦੀਆਂ ਲਾਇਨਾ ਲੱਗੀਆਂ ਹਨ। ਕਿੰਨਾ ਬਾਦਲਾਂ ਨੂੰ? ਜਿੰਨਾ ਦੇ ਪੈਰ 84 ਦੇ ਸ਼ਹੀਦਾਂ ਦੇ ਖੂਨ ਨਾਲ ਲਿਬੜੇ ਹੋਏ ਹਨ। ਅਸੀਂ ਬਦਲਾ ਤਾਂ ਪਿਆ ਖੂਹ ਖਾਤੇ, ਅੱਗ ਤਾਂ ਬਲਦੀ ਰੱਖ ਸਕਦੇ ਹੁੰਦੇ। ਸ਼ਾਇਦ ਸਾਡੀ ਅਗਲੀ ਪੀਹੜੀ ਵਿਚੋਂ ਹੀ ਕੋਈ ਸੂਰਮਾ ਪੈਦਾ ਹੋ ਸਕਦਾ ਹੁੰਦਾ। ਅੱਗ ਉਪਰ ਹੀ ਪਾਣੀ ਫੇਰ ਤਾ ਸਵਾਹ ਦੇ ਢੇਰ ਵਿਚੋਂ ਭਾਂਬੜ ਕਿਥੋਂ ਮੱਚ ਜਾਣਗੇ! ਮੱਚ ਜਾਣਗੇ? ਇੰਦਰਾ ਅਤੇ ਬਾਦਲਾਂ ਵਿਚ ਫਰਕ ਦੱਸੋ ਕੀ ਹੈ? ਇੱਕ ਫੌਜਾਂ ਚਾੜ੍ਹਦੀ ਹੈ, ਦੂਜਾ ਚੜ੍ਹਨ ਲਈ ਹਰੀ ਝੰਡੀ ਦਿੰਦਾ ਹੈ। ਇੱਕ ਕਤਲ ਕਰਦਾ ਹੈ, ਦੂਜਾ ਕਰਨ ਲਈ ਉਕਸਾਉਂਦਾ ਹੈ। ਇਹ ਗਲੀਆਂ-ਸੜੀਆਂ ਲਾਸ਼ਾਂ ਕਦ ਮੇਰੀ ਕੌਮ ਗਲੋਂ ਲਾਹਵੇਗੀ। ਸਿਰਦਾਰ ਕਪੂਰ ਸਿੰਘ ਵੀ ਇਨ੍ਹਾਂ ਨੂੰ ਰੋਂਦਾ ਮਰ ਗਿਆ, ਪਰ ਸੁਣੀ ਕਿਸ?
ਬਾਹਰਲਾ ਹਮਲਾਵਰ ਤੁਹਾਡੇ ਘਰ ਆ ਹੀ ਨਹੀਂ ਸਕਦਾ, ਜਿੰਨਾ ਚਿਰ ਤੁਸੀਂ ਉਸ ਦੇ ਆਉਂਣ ਦਾ ਰਾਹ ਨਹੀਂ ਮੋਕਲਾ ਕਰਦੇ। ਰਾਹ ਦਿੱਤਾ ਕਿੰਨ ਅੰਦਰ ਲੰਘਣ ਲਈ? ਇੱਕ ਲੰਘ ਰਿਹੈ ਇੱਕ ਲੰਘਾ ਰਿਹੈ। ਲੰਘਣ ਵਾਲੀ ਤਾਂ ‘ਲੰਘਾ’ ਤੀ, ਪਰ ਲੰਘਾਉਂਣ ਵਾਲੇ?
ਤੁਸੀਂ ਬੜੀ ਪ੍ਰਚਲਤ ਕਹਾਣੀ ਸੁਣੀ-ਪੜੀ ਹੋਈ ਹੈ। ਬਾਂਦਰ ਨੂੰ ਮੋਢਿਆਂ ਤੇ ਚੱਕੀ ਜਾਂਦਾ, ਜਦ ਮਗਰਮੱਛ ਵਿਚਾਲੇ ਜਿਹੇ ਗਿਆ ਤਾਂ ਉਸ ਸਾਰੀ ਗੱਲ ਦੱਸ ਦਿੱਤੀ ਕਿ ਬਾਂਦਰ ਭਰਾ ਦਰਅਸਲ ਤੇਰਾ ਤੁੜਕਾ ਲੱਗਣਾ ਅੱਜ ਘਰਵਾਲੀ ਅੱਗੇ ਮੇਰੀ ਪੇਸ਼ ਨਹੀਂ ਗਈ। ਬਾਂਦਰ ਕਹਿੰਦਾ ਤੁੜਕਾ ਸਵਾਹ ਦਾ ਲਾਉਂਣਾ, ਜਿਗਰ ਤਾਂ ਮੈਂ ਰੁੱਖ ਉਪਰ ਰੱਖ ਆਇਆਂ। ਵਾਪਸ ਆ ਕੇ ਬਾਂਦਰ ਮਾਰ ਟਪੂਸੀਆਂ ਗਿਆ ਤੇ ਮਗਰਮੱਛ ਲੱਗਾ ਅੱਥਰੂ ਵਹਾਉਂਣ ਕਿ ਨਹੀਂ ਬਾਂਦਰ ਭਰਾ ਤੇਰੇ ਨਾਲ ਮੈਂ ਮਿੱਤਰਤਾ ਨਹੀਂ ਛੱਡਣੀ ਚਾਹੁੰਦਾ। ਪਰ ਹੁਣ ਮਗਰਮੱਛ ਦੇ ਅਥਰੂ ਕੀ ਮਾਇਨਾ ਰੱਖਦੇ।
ਪਰ ਇਧਰ ਕੀ ਹੋਇਆ? ਸਾਨੂੰ ਸਾਡੇ ਹੀ ਖੂਨ ਨਾਲ ਲਿਬੜੇ ਪੈਰ ਨਾ ਦਿੱਸੇ ਤੇ ਅਸੀਂ ਬਾਦਲਾਂ ਦੇ ਸਾਡੇ ਭੋਗਾਂ 'ਤੇ ਵਹਾਏ ਅੱਥਰੂਆਂ 'ਤੇ ਯਕੀਨ ਕਰ, ਫਿਰ ਯਾਰੀ ਪਾ ਲਈ ਤੇ ਨਤੀਜਾ? ਸਾਡਾ ਤੁੜਕਾ ਤਾਂ ਲੱਗਣਾ ਹੀ ਸੀ।
ਤੁਸੀਂ ਸੋਚੋ ਕਿ ਜਿਹੜਾ ਬੰਦਾ ਇੱਕ ਵਜੀਰੀ ਖਾਤਰ ਹਫਤਾ ਭਰ ਦਿੱਲੀ ਬੈਠਾ ਰਿਹਾ ਅਪਣੀ ਜਵਾਨ ਨੂੰਹ ਨੂੰ ਲੈ ਕੇ?? ਇਹ ਅਕਬਰ ਵੇਲੇ ਦੇ ਬੇਗੈਰਤ ਰਜਵਾੜੇ ਹਨ, ਜਿਹੜੇ ਵਜੀਰੀ ਖਾਤਰ ‘ਕੁਝ’ ਵੀ ਕਰਨ ਲਈ ਤਿਆਰ ਹਨ! ਨਹੀਂ ਹਨ?
ਗੁਰਦੇਵ ਸਿੰਘ ਸੱਧੇਵਾਲੀਆ