‘ਬਾਣੀ ਅੰਮ੍ਰਿਤ’ ਬਾਰੇ ਵਿਚਾਰ
ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਦੇ ਵਿਰੋਧ ਵਿਚ ਲਿੱਪਤ ਇਕ ਲੇਖ ਦੀਆਂ ਹੇਠਲਿਆਂ ਪੰਗਤਿਆਂ ਵਿਚਾਰਣ ਜੋਗ ਹਨ:-
"..ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿਤੀ ਜੀਵਣ ਜੁਗਤ ਰਹਿਤ ਮਰਿਆਦਾ ਨੂੰ ਨਾ ਸਮਝ ਕੇ ਅਤੇ ਸ਼ਬਦ ਗੁਰੂ ਦੀ ਮਰੀਆਦਾ ਵਲੋਂ ਮੂੰਹ ਮੋੜ ਕੇ ਆਪਣੀ ਆਪਣੀ ਹਉਮੈ ਅਧੀਨ, ਸਮੇਂ ਸਮੇਂ ਨਾਲ ਵਿਅੱਕਤੀ ਗਤ, ਸੰਪਰਦਾਈ, ਜੱਥਿਆਂ, ਟਕਸਾਲਾਂ ਅਤੇ ਵੱਖ ਵੱਖ ਤਖਤਾਂ ਦੇ ਨਾਮ ਹੇਠ ਵੱਖ ਵੱਖ ਰਹਿਤ ਮਰਿਆਦਾ ਬਣ ਗਈਆਂ ਅਤੇ ਬਣ ਰਹਿਆਂ ਹਨ, ਜੋ ਆਪਸ ਵਿਚ ਭੀ ਨਹੀਂ ਮਿਲਦੀਆਂ, ਕਿਉਂਕਿ ਇਹ ਵਿਅੱਕਤੀਆਂ ਦੇ ਵਿਚਾਰ ਹਨ ਗੁਰੂ ਦੇ ਨਹੀਂ.."
ਉਪਰੋਕਤ ਪੰਗਤਿਆਂ ਵਿਚ ਭਿੰਨ-ਭਿੰਨ ਰਹਿਤ ਮਰਿਆਦਾ ਦਾ ਜ਼ਿਕਰ ਕਰਦੇ ਇਸ ਗਲ ਨੂੰ ਕਿਹਾ ਗਿਆ ਹੈ, ਕਿ ਰਹਿਤ ਮਰਿਆਦਾਵਾਂ ਵਿੱਅਕਤੀਆਂ ਦੇ ਵਿਚਾਰ ਹਨ, ਗੁਰੂ ਦੇ ਨਹੀਂ।ਇਸ ਦਲੀਲ ਨੂੰ ਪੇਸ਼ ਕਰਨ ਵੇਲੇ ਬਾਣੀ ਨੂੰ ਅਸਲੀ ਰਹਿਤਨਾਮਾ ਦਰਸਾਉਂਦੇ "ਬਾਣੀ ਅੰਮ੍ਰਿਤ" ਲੇਖ ਲਿਖਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਮ੍ਰਿਤ ਹੈ, ਇਸ ਵਿਚ ਕਿਸੇ ਸਿੱਖ ਨੂੰ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਅਤੇ ਇਹ ਗਲ ਦਸਵੇਂ ਪਾਤਿਸ਼ਾਹ ਜੀ ਨੂੰ ਸਾਡੇ ਨਾਲੋਂ ਵੱਧ ਪਤਾ ਸੀ! ਇਹ ਹੈ ਪਹਲੀ ਗਲ!
ਇਸਦੇ ਨਾਲ ਹੀ ਆਉ ਵੇਖੀਏ ਕਿ ਬਾਣੀ ਦੇ ਅੰਮ੍ਰਿਤ ਨੂੰ ਸਮਰਪਿਤ ਹੋਣ ਦਾ ਦਾਵਾ ਕਰਨ ਵਾਲੇ ਸੱਜਣ, ਬਾਣੀ ਵਿਚਲੇ ਅੰਮ੍ਰਿਤ ਬਾਰੇ ਕੀ ਰਾਏ ਰੱਖਦੇ ਹਨ ?
(੧) ਜਪੁ ਬਾਣੀ ਦੀ ਵਿਆਖਿਆ ਕਰਨ ਵਾਲੇ ੨੫ ਵਿਦਵਾਨਾਂ ਦੇ ਅਰਥ ਆਪਸ ਵਿਚ ਨਹੀਂ ਮਿਲਦੇ। ਇਸ ਸੂਰਤ ਵਿਚ ਕਿਹੜੇ ਅਰਥਾਂ ਨੂੰ 'ਬਾਣੀ ਅੰਮ੍ਰਿਤ' ਦੀ ਹਰਿਤ ਸਵੀਕਾਰ ਕਰੀਏ ?
(੨) ਬਾਣੀ ਦੇ ਹੋਰ ਸ਼ਬਦਾਂ ਦੇ ਅਰਥ ਕਰਨ ਵਾਲੇ ਅਨੇਕਾਂ ਵਿਦਵਾਨਾਂ ਦੇ ਅਰਥ ਆਪਸ ਵਿਚ ਨਹੀਂ ਮਿਲਦੇ ਤਾਂ ਇਸ ਸੁਰਤ ਵਿਚ ਕਿਹੜੇ ਅਰਥਾਂ ਨੂੰ ਬਾਣੀ ਅੰਮ੍ਰਿਤ ਦੀ ਰਹਿਤ ਸਵੀਕਾਰ ਕਰੀਏ ?
ਉਪਰੋਕਤ ਸਵਾਲ ਇਹ ਤੱਥ ਦਰਸਾਉਂਦੇ ਹਨ ਕਿ ਬਾਣੀ ਅੰਮ੍ਰਿਤ ਦੀ ਹਰਿਤ ਵੀ ਕਦੇ ਇਕ ਨਹੀਂ ਹੋ ਸਕਦੀ।ਤਾਂ ਐਸੀ ਸੂਰਤ ਵਿਚ ਕਿਸ ਸੱਜਣ ਜਾਂ ਗੁੱਟ ਦੇ ਅਰਥਾਂ ਨੂੰ ਬਾਣੀ ਦਾ ਅਸਲੀ ਰਹਿਤ ਨਾਮਾ ਮੰਨਿਆ ਜਾਏ ?
ਇਕ ਵਿਦਵਾਨ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣਾ ਗਲਤ ਅਤੇ ਪੁਸਤਕ ਕਹਿਣਾ ਸਹੀ ਹੈ।
ਦੂਜਾ ਕਹਿੰਦਾ ਹੈ ਉਸ ਸਨਮੁੱਖ ਮੱਥਾ ਟੇਕਣਾ ਮੂਤਰੀ ਪੂਜਾ ਹੈ, ਕੀਰਤਨ ਬੰਦ ਹੋਣਾ ਚਾਹੀਦਾ ਹੈ।
ਤੀਜਾ ਕਹਿੰਦਾ ਹੈ ਗੁਰਬਾਣੀ ਅਨੁਸਾਰ ਸਿੱਖਮਤ ਕੋਈ ਧਰਮ ਹੀ ਨਹੀਂ।
ਚੌਥਾ ਕਹਿੰਦਾ ਹੈ ਭੱਟਾਂ ਦੀ ਬਾਣੀ ਅਸੂਲ ਵਿਰੁੱਧ ਹੈ।
ਪੰਜਵਾਂ ਕਹਿੰਦਾ ਹੈ ਭਗਤਾਂ ਦੀ ਬਾਣੀ ਵੀ ਅਸੂਲ ਵਿਰੁੱਧ ਹੈ।
ਛੇਵਾਂ ਕਹਿੰਦਾ ਹੈ ਗੁਰੂ ਸਾਹਿਬਾਨ ਦੀ ਬਾਣੀ ਵਿਚ ਟਕਰਾਉ ਹੈ ਇਸ ਲਈ ਕੇਵਲ ਗੁਰੂ ਨਾਨਕ ਜੀ ਦੀ ਬਾਣੀ ਸਹੀ ਅਤੇ ਬਾਕੀ ਅਸੂਲ ਵਿਰੁੱਧ ਹੈ।
ਸੱਤਵਾਂ ਕਹਿੰਦਾ ਹੈ ਗੁਰਬਾਣੀ ਵਿਚ ਆਪ ਹੂਦਰੇ ਵਿਸ਼ਰਾਮ ਚਿੰਨ/ਅੱਖਰ ਲਗਾਉਣਾ ਗੁਰਮਤਿ ਹੈ!
ਇਕ ਦਿਨ ਕੁੱਝ ਸੱਜਣ ਲਿਖਦੇ ਹਨ ਕਿ ਫਲਾਂ ਅਖ਼ਬਾਰ ਗੁਰੂ ਗ੍ਰੰਥ ਸਾਹਿਬ ਜੀ ਪੁਰ ਵੱਡਾ ਹਮਲਾ ਕਰ ਰਿਹਾ ਹੈ, ਪਰ ਦੂਜੇ ਦਿਨ ਉਹੀ ਸੱਜਣ ਕਹਿੰਦੇ ਹਨ ਕਿ ਮਤਭੇਦ ਭੁੱਲ ਕੇ ਉਸੇ ਅਖਬਾਰ ਨਾਲ ਚਲਣਾ 'ਖਾਲਸਾ ਪੰਥ' ਲਈ ਸਹੀ ਹੈ!!!
ਉਪਰੋਕਤ ਸਥਿਤੀਆਂ ਵਿਚ ਕਿਹੜੇ ਅਰਥਾਂ ਨੂੰ, ਕਿਹੜੇ ਵਿਚਾਰਾਂ ਨੂੰ "ਅੰਮ੍ਰਿਤ ਬਾਣੀ" ਦਾ ਰਹਿਤਨਾਮਾ ਸਵੀਕਾਰ ਕਰੀਏ ? ਗੁਰੂ ਗ੍ਰੰਥ ਸਾਹਿਬ ਵਿਚ ਕਿਸ ਥਾਂ ਖੰਡੇ ਬਾਟੇ ਦੀ ਪਾਹੁਲ ਪਤਾਸੇ ਆਦਿ ਦਾ ਜ਼ਿਕਰ/ਹੁਕਮ ਹੈ ? ਗੁਰੂ ਗ੍ਰੰਥ ਸਾਹਿਬ ਵਿਚ ਕਿਸ ਥਾਂ ਸਿੱਖ ਲਈ ਆਪਣੇ ਨਾਲ ਨਾਲ ਸਿੰਘ ਅਤੇ ਕੌਰ ਲਗਾਉਣ ਦਾ ਹੁਕਮ ਹੈ ?
"ਬਾਣੀ ਅੰਮ੍ਰਿਤ" ਲੇਖ ਦੀ ਆੜ ਵਿਚ ਸਿੱਖ ਰਹਿਤ ਮਰਿਆਦਾ ਤੇ ਹਮਲੇ ਕਰਨ ਦੀ ਹਉਮੇ ਪਾਲਣ ਵਾਲੇ ਸੱਜਣ ਇਹ ਤਾਂ ਦੱਸਣ ਕੀ ਕਿ ਉਨਾਂ੍ਹ ਵਲੋਂ ਦਿੱਤੇ ਜਾ ਰਹੇ ਵਿਚਾਰ ਵਿਅਕਤੀਗਤ ਨਾ ਹੋ ਕੇ ਗੁਰਬਾਣੀ ਹਨ, ਗੁਰੂ ਦੇ ਹਨ ?
ਤੁੱਕਬੰਦੀ, ਨਿਜੀ ਰੰਜਸ਼ ਅਤੇ ਹਉਮੈ ਨਾਲ ਨਾ ਤਾਂ ਮਰਿਆਦਾ ਇਕ ਹੋ ਸਕਦੀ ਹੈ ਅਤੇ ਨਾ ਹੀ ਬਾਣੀ ਦੇ ਅਰਥ! ਇਸ ਲਈ ਆਪਣੇ ਨਿਜੀ ਵਿਚਾਰਾਂ ਨੂੰ ਬਾਣੀ ਦਾ ਰਹਿਤਨਾਮਾ ਕਹਿਣ ਵਿਚ ਭੁੱਲੇਖਾ ਅਤੇ ਅਲਪ ਮਤਿ ਹੈ!
ਹਰਦੇਵ ਸਿੰਘ , ਜੰਮੂ- ੧੦.੦੬.੨੦੧੫