-: ਉਤਾਰੇ ਵੇਲੇ ਹੋਈਆਂ ਗ਼ਲਤੀਆਂ-ਭਾਗ 1:-
ਅਜੋਕੇ ਸਮੇਂ ਜਾਣੇ-ਅਨਜਾਣੇ, ਸਿੱਧੇ-ਅਸਿੱਧੇ ਤਰੀਕੇ ਨਾਲ, ਆਪਣੇ-ਪਰਾਇਆਂ ਵੱਲੋਂ ਗੁਰਮਤਿ / ਗੁਰਬਾਣੀ ਨੂੰ ਵਗਾੜਨ ਲਈ ਪਤਾ ਨਹੀਂ ਕਿਧਰੋਂ ਕਿਧਰੋਂ ਹਮਲੇ ਕੀਤੇ ਜਾ ਰਹੇ ਹਨ।ਇਨ੍ਹਾਂ ਹਮਲਿਆਂ ਵਿੱਚੋਂ ਅਨਜਾਣੇ’ਚ ਹੋ ਰਹੇ ਹਮਲੇ ਤਾਂ ਬਹੁਤ ਘੱਟ ਹਨ, ਜਿਆਦਾ ਤਾਂ ਜਾਣ ਬੁੱਝਕੇ ਹੀ ਕੀਤੇ ਜਾ ਰਹੇ ਹਨ।ਇਨ੍ਹਾਂ ਹਮਲਿਆਂ ਦੇ ਪਿੱਛੇ ਮਕਸਦ ਵੱਖ ਵੱਖ ਹੋ ਸਕਦੇ ਹਨ।ਅੱਜ ਕਲ੍ਹ ਗੁਰਬਾਣੀ ਵਿੱਚ ਗ਼ਲਤੀਆਂ ਹੋਣ ਦੇ ਭੁਲੇਖੇ ਪਾਉਣ ਦਾ ਰੁਝਾਨ ਬਹੁਤ ਚੱਲ ਪਿਆ ਹੈ।(ਮੇਰੀ ਜਾਣਕਾਰੀ ਅਨੁਸਾਰ) ਇਸ ਰੁਝਾਨ ਦੀ ਸ਼ੁਰੂਆਤ ‘ਤੱਤ .. ਪਰਿਵਾਰ’ ਵਾਲਿਆਂ ਨੇ ਸਨ 2009 ਵਿੱਚ ਲਿਖੇ ਇੱਕ ਲੇਖ ਤੋਂ ਕੀਤੀ ਸੀ।ਇਸ ਲੇਖ ਸੰਬੰਧੀ ਮੇਰਾ ਉਨ੍ਹਾਂ ਨਾਲ ਜੋ ਵਿਚਾਰ ਵਟਾਂਦਰਾ ਹੋਇਆ ਸੀ ਪੇਸ਼ ਹਨ ਉਸ ਦੇ ਕੁਝ ਅੰਸ਼:-
ਤੱਤ .. ਪਰਿਵਾਰ ਵਾਲੇ ਲਿਖਦੇ ਹਨ:-
“ਧਨਾਸਰੀ ਰਾਗ ਵਿੱਚ ਬਾਬਾ ਨਾਨਕ ਜੀ ਦਾ ਉਚਾਰਿਆ ਅਤੇ ਪੋਥੀ ਵਿੱਚ ਦਰਜ ਕੀਤਾ ਇੱਕ ਸ਼ਬਦ ਪੰਨਾ 663 ਤੇ ‘ਆਰਤੀ’ ਸਿਰਲੇਖ ਵਾਲਾ ਸ਼ਬਦ ਹੈ।ਬਿਲਕੁਲ ਇਹੀ ਸ਼ਬਦ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪਾਦਨਾ ਵੇਲੇ ਅਰਜਨ ਪਾਤਸ਼ਾਹ ਜੀ ਨੇ ਨਿਤਨੇਮ ਦੀਆਂ ਬਾਣੀਆਂ ਵਿੱਚ ‘ਸੋਹਿਲਾ’ ਦੀ ਬਾਣੀ ਅੰਦਰ ਦਰਜ ਕੀਤਾ ਹੈ।ਇਹ ਦੋਵੇਂ ਥਾਂ ਇੱਕੋ ਜਿਹਾ ਹੋਣਾ ਚਾਹੀਦਾ ਸੀ, ਕਿਉਂਕਿ ਨਾਨਕ ਪਾਤਸ਼ਾਹ ਨੇ ਦੋ ਵਾਰ ਅਲਗ-ਅਲਗ ਤਰੀਕੇ ਉੁਚਾਰਣ ਨਹੀਂ ਕੀਤਾ ਹੋਵੇਗਾ ਪਰ ਦੋਹਾਂ ਨੂੰ ਤੁਲਨਾ ਕਰਨ ਤੇ ਹੋਰ ਹੀ ਸਾਹਮਣੇ ਆਉਂਦਾ ਹੈ।ਇਨ੍ਹਾਂ ਦੋਵਾਂ ਥਾਵਾਂ ਵਿੱਚ ਦਰਜ (ਇਕੋ) ਸ਼ਬਦ ਵਿੱਚ ਲਫਜ਼ਾਂ, ਲਗਾਂ, ਮਾਤਰਾਵਾਂ ਆਦਿ ਪੱਖੋਂ 6 ਫਰਕ ਹਨ।ਫਰਕ ਹੇਠ ਲਿਖੇ ਹਨ:-
ਪੰਨਾ 13 ਤੇ ਦਰਜ ਤੁਕਾਂ:-
- ‘ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ’
- ‘ਸਹਸ ਮੂਰਤਿ ਨਨਾ ਏਕ ਤੁੋਹੀ॥’
- ‘ਤਿਸ ਦੈ ਚਾਨਣਿ ਸਭ ਮਹਿ ਚਾਨਣ ਹੋਇ’
- ‘ਹਰਿ ਚਰਨ ਕਵਲ ਮਕਰੰਦ’
- ‘ਅਨਦਿਨੁੋ ਮੋਹਿ ਆਹਿ ਪਿਆਸਾ’
- ‘ਹੋਇ ਜਾ ਤੇ ਤੇਰੈ ਨਾਇ ਵਾਸਾ’
ਪੰਨਾ 663 ਤੇ ਦਰਜ ਤੁਕਾਂ:-
- ‘ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ’
- ‘ਸਹਸ ਮੂਰਤਿ ਨਨਾ ਏਕ ਤੋਹੀ’
- ‘ਤਿਸ ਕੈ ਚਾਨਣਿ ਸਭ ਮਹਿ ਚਾਨਣ ਹੋਇ’
- ‘ਹਰਿ ਚਰਣ ਕਮਲ ਮਕਰੰਦ’
- ‘ਅਨਦਿਨੋ ਮੋਹਿ ਆਹਿ ਪਿਆਸਾ’
-ਹੋਇ ਜਾ ਤੇ ਤੇਰੇ ਨਾਮਿ ਵਾਸਾ’
ਇਹ ਬਿਨਾ ਸ਼ੱਕ ਉਤਾਰਾ ਕਰਨ ਵੇਲੇ ਹੋਈ ਗ਼ਲਤੀ ਹੈ।ਕਹਿਣ ਤੋਂ ਭਾਵ ਕਿ ਉਤਾਰੇ ਵੇਲੇ ਲਗਾਂ ਮਾਤਰਾਵਾਂ ਵਿੱਚ ਗ਼ਲਤੀ ਹੋਣ ਦੀ ਗੁੰਜਾਇਸ਼ ਹੈ..”
ਵਿਚਾਰ:- ਤੱਤ .. ਪਰਿਵਾਰ ਵਾਲੇ ਇਨ੍ਹਾਂ ਸ਼ਬਦਾਂ ਨੂੰ ਜ਼ਰਾ ਗੌਰ ਨਾਲ ਪੜ੍ਹਨ।ਜੇ ਇਹ ਫ਼ਰਕ ਉਤਾਰੇ ਵੇਲੇ ਹੋਈਆਂ ਗ਼ਲਤੀਆਂ ਕਾਰਨ ਹੁੰਦੇ ਤਾਂ ਦੋਨਾਂ ਸ਼ਬਦਾਂ ਦੇ ਅਰਥ ਕਰਨ ਵਿੱਚ ਵੀ ਦਿੱਕਤ ਆਉਣੀ ਸੀ।ਇੱਥੇ ਨਾ ਤਾਂ ਅਰਥ ਕਰਨ ਵਿੱਚ ਕੋਈ ਦਿੱਕਤ ਆ ਰਹੀ ਹੈ ਬਲਕਿ ਦੋਨਾਂ ਸ਼ਬਦਾਂ ਦੇ ਅਰਥਾਂ ਵਿੱਚ ਵੀ ਕੋਈ ਫ਼ਰਕ ਨਹੀਂ ਪੈ ਰਿਹਾ।ਇਨ੍ਹਾਂ ਸ਼ਬਦਾਂ ਵਿੱਚ ਲਫਜ਼ ਉਹੀ ਬਦਲੇ ਗਏ ਹਨ ਜਿਨ੍ਹਾਂ ਦੇ ਬਦਲਣ ਨਾਲ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈ ਰਿਹਾ।ਇਸ ਤੋਂ ਜ਼ਾਹਰ ਹੈ ਕਿ ਲਫ਼ਜ਼ਾਂ ਵਿੱਚ ਫ਼ਰਕ ਉਤਾਰੇ ਦੀ ਗ਼ਲਤੀ ਕਾਰਨ ਨਹੀਂ ਬਲਕਿ ਜਾਣ ਬੁੱਝ ਕੇ ਬਦਲੇ ਗਏ ਹਨ।ਇਹ ਲਫ਼ਜ਼ ਕਿਉਂ ਬਦਲੇ ਗਏ ਹਨ, ਇਹ ਵਖਰਾ ਵਿਸ਼ਾ ਹੈ।ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਕਈ ਸ਼ਬਦ ਜਾਂ ਸਲੋਕ ਹਨ ਜੋ ਇੱਕ ਤੋਂ ਵੱਧ ਵਾਰੀਂ ਲਿਖੇ ਹੋਏ ਮਿਲਦੇ ਹਨ।ਉਨ੍ਹਾਂ ਵਿੱਚ ਵੀ ਲਫ਼ਜ਼ਾਂ ਦੇ ਫ਼ਰਕ ਹੋਣ ਦੇ ਬਾਵਜੂਦ ਕਿਤੇ ਵੀ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈ ਰਿਹਾ।ਮਿਸਾਲ ਦੇ ਤੌਰ ਤੇ ਹੇਠਾਂ ਲਿਖਿਆ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਤਿੰਨ ਥਾਵਾਂ ਤੇ ਦਰਜ ਹੈ ਅਤੇ ਤਿੰਨੋ ਥਾਵਾਂ ਤੇ ਇਸ ਦੇ ਸਰੂਪ ਦਾ ਫ਼ਰਕ ਹੈ।ਪਰ ਅਨੇਕਾਂ ਲਫਜ਼ਾਂ ਦਾ ਫਰਕ ਹੋਣ ਦੇ ਬਾਵਜੂਦ ਕਿਤੇ ਵੀ ਇਨ੍ਹਾਂ ਦੇ ਅਰਥਾਂ ਵਿੱਚ ਫ਼ਰਕ ਨਹੀਂ ਹੈ।ਅਤੇ ਦੂਸਰੀ ਗੱਲ, ਬਦਲੇ ਗਏ ਸਾਰੇ ਦੇ ਸਾਰੇ ਲਫ਼ਜ਼ ਪਹਿਲਾਂ ਤੋਂ ਵੱਖ ਵੱਖ ਰੂਪਾਂ ਵਿੱਚ ਪ੍ਰਚੱਲਤ ਸਨ।ਜੇ ਇਹ ਉਤਾਰੇ ਵੇਲੇ ਹੋਈ ਗ਼ਲਤੀ ਹੁੰਦੀ ਤਾਂ ਬਦਲੇ ਹੋਏ ਲਫ਼ਜ਼ ਕੁਝ ਹੋਰ ਦੇ ਹੋਰ ਹੀ ਬਣ ਸਕਦੇ ਸਨ।ਮਿਸਾਲ ਦੇ ਤੌਰ ਤੇ ਜੇ ‘ਕਵਲ’ ਥਾਂ ਗ਼ਲਤੀ ਨਾਲ ‘ਕਵਣ’ ਲਿਖਿਆ ਜਾਂਦਾ ਤਾਂ ਪੰਗਤੀ ਦੇ ਅਰਥ ਕਰਨ ਵਿੱਚ ਦਿੱਕਤ ਆਉਣੀ ਸੀ।ਇਨ੍ਹਾਂ ਸ਼ਬਦਾਂ ਦੇ ਵਿੱਚ ਛੇ ਨਹੀਂ ਬਲਕਿ ਬਹੁਤ ਜਿਆਦਾ ਗਿਣਤੀ ਵਿੱਚ ਫ਼ਰਕ ਹੈ।ਏਨੇ ਫ਼ਰਕ ਹੋਣ ਦੇ ਬਾਵਜੂਦ ਵੀ ਕਿਸੇ ਸ਼ਬਦ ਦੇ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਹੈ।ਪ੍ਰਸਤੁਤ ਹੈ ਸ਼ਬਦ ਵੱਖ ਵੱਖ ਤਿੰਨੋ ਰੂਪਾਂ ਵਿੱਚ:-
(1) ਸੋ ਦਰੁ - ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥
ਵਾਜੇ - ਨਾਦ ਅਨੇਕ ਅਸੰਖਾ ਕੇਤੇ - ਵਾਵਣਹਾਰੇ॥
ਕੇਤੇ - ਰਾਗ ਪਰੀ ਸਿਉ ਕਹੀਅਨਿ ਕੇਤੇ - ਗਾਵਣਹਾਰੇ॥
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥
ਗਾਵਹਿ -- ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥
ਗਾਵਹਿ -- ਈਸਰੁ ਬਰਮਾ ਦੇਵੀ ਸੋਹਨਿ -- ਸਦਾ ਸਵਰੇ॥
ਗਾਵਹਿ -- ਇੰਦ ਇੰਦਾਸਣਿ ਬੈਠੇ ਦੇਵਤਿਆਂ ਦਰਿ ਨਾਲੇ॥
ਗਾਵਹਿ -- ਸਿਧ ਸਮਾਧੀ ਅੰਦਰਿ ਗਾਵਹਿ -- ਸਾਧ ਵਿਚਾਰੇ॥
ਗਾਵਨਿ -- ਜਤੀ ਸਤੀ ਸੰਤੋਖੀ ਗਾਵਹਿ -- ਵੀਰ ਕਰਾਰੇ॥
ਗਾਵਨਿ -- ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥
ਗਾਵਹਿ -- ਮੋਹਨੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥
ਗਾਵਨਿ -- ਰਤਨ ਉਪਾਏ ਤੇਰੇ ਅਠ ਸਠਿ ਤੀਰਥ ਨਾਲੇ॥
ਗਾਵਹਿ -- ਜੋਧ ਮਹਾ ਬਲ ਸੂਰਾ ਗਾਵਹਿ -- ਖਾਣੀ ਚਾਰੇ॥
ਗਾਵਹਿ -- ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ -- ਧਾਰੇ॥
ਸੇਈ ਤੁਧੁ ਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ -- ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ -- ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ-6)।
(2) ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ॥
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ॥
ਗਾਵਨਿ ਤੁਧ ਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥
ਗਾਵਹਿ ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ॥
ਗਾਵਨਿ ਤੁਧ ਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ॥
ਗਾਵਨਿ ਤੁਧ ਨੋ ਇੰਦ੍ਰ ਇੰਦ੍ਰਸਣਿ ਬੈਠੇ ਦੇਵਤਿਆ ਦਰਿ ਨਾਲੇ॥
ਗਾਵਨਿ ਤੁਧ ਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧ ਨੋ ਸਾਧ ਬੀਚਾਰੇ॥
ਗਾਵਨਿ ਤੁਧ ਨੋ ਜਤੀ ਸਤੀ ਸੰਤੋਖੀ ਗਾਵਨਿ ਤੁਧ ਨੋ ਵੀਰ ਕਰਾਰੇ॥
ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ॥
ਗਾਵਨਿ ਤੁਧ ਨੋ ਮੋਹਨੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ॥
ਗਾਵਨਿ ਤੁਧ ਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥
ਗਾਵਨਿ ਤੁਧ ਨੋ ਜੋਧ ਮਹਾਬਲ ਸੂਰਾ ਗਾਵਨਿ ਤੁਧੁ ਨੋ ਖਾਣੀ ਚਾਰੇ॥
ਗਾਵਨਿ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ॥
ਸੇਈ ਤੁਧ ਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ ਤੁਧ ਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥
ਸੋ ਪਾਤਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪ-9)
(3) ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹਾਲੇ॥
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ॥
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ॥
ਗਾਵਨ੍ਹਿ ਤੁਧ ਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ॥
ਗਾਵਨ੍ਹਿ ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ॥
ਗਾਵਨ੍ਹਿ ਤੁਧ ਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ॥
ਗਾਵਨ੍ਹਿ ਤੁਧ ਨੋ ਇੰਦ੍ਰ ਇੰਦ੍ਰਸਣਿ ਬੈਠੇ ਦੇਵਤਿਆ ਦਰਿ ਨਾਲੇ॥
ਗਾਵਨਿ ਤੁਧ ਨੋ ਸਿਧ ਸਮਾਧੀ ਅੰਦਰਿ ਗਾਵਨ੍ਹਿ ਤੁਧ ਨੋ ਸਾਧ ਬੀਚਾਰੇ॥
ਗਾਵਨ੍ਹਿ ਤੁਧ ਨੋ ਜਤੀ ਸਤੀ ਸੰਤੋਖੀ ਗਾਵਨਿ ਤੁਧ ਨੋ ਵੀਰ ਕਰਾਰੇ॥
ਗਾਵਨਿ ਤੁਧ ਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ॥
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ॥
ਗਾਵਨ੍ਹਿ ਤੁਧ ਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ॥
ਗਾਵਨਿ ਤੁਧ ਨੋ ਜੋਧ ਮਹਾਬਲ ਸੂਰਾ ਗਾਵਨਿ ਤੁਧੁ ਨੋ ਖਾਣੀ ਚਾਰੇ॥
ਗਾਵਨ੍ਹਿ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ॥
ਸੇਈ ਤੁਧ ਨੋ ਗਾਵਨ੍ਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ ਤੁਧ ਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥
ਰੰਗੀ ਰੰਗੀ ਭਾਤੀ -- ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥
ਸੋ ਪਾਤਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ- 347)
ਇਹ ਕੋਈ ਇੱਤਫ਼ਾਕ ਨਹੀਂ ਹੋ ਸਕਦਾ ਕਿ ਉਤਾਰੇ ਦੇ ਵਕਤ ਉਹੀ ਲਫ਼ਜ਼ ਬਦਲ ਗਏ ਜਿਨ੍ਹਾਂ ਦੇ ਬਦਲਣ ਨਾਲ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪਿਆ ਅਤੇ ਸਾਰੇ ਲਫ਼ਜ਼ ਇਨ੍ਹਾਂ ਵੱਖ ਵੱਖ ਰੂਪਾਂ ਵਿੱਚ ਪਹਿਲਾਂ ਤੋਂ ਹੀ ਵਰਤੋਂ ਵਿੱਚ ਸਨ।ਤੱਤ – ਪਰਿਵਾਰ ਵਾਲਿਆਂ ਦਾ ਇਹ ਕਹਿਣਾ ਕਿ “ਇਹ ਬਿਨਾ ਸ਼ੱਕ ਉਤਾਰਾ ਕਰਨ ਵੇਲੇ ਹੋਈ ਗ਼ਲਤੀ ਹੈ, .. ਭਾਵ ਕਿ ਉਤਾਰੇ ਵੇਲੇ ਲਗਾਂ ਮਾਤਰਾਵਾਂ ਵਿੱਚ ਗ਼ਲਤੀ ਹੋਣ ਦੀ ਗੁੰਜਾਇਸ਼ ਹੈ” ਇਸ ਗੱਲ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਗੁਰਬਾਣੀ ਦੇ ਆਪਣੀ ਮਰਜੀ ਦੇ ਅਰਥ ਘੜਨ ਲਈ ਅਤੇ ਆਪਣੀ ਹੀ ਨਿਸਚਿਤ ਕੀਤੀ ਹੋਈ ਫ਼ਲੌਸਫ਼ੀ ਲਾਗੂ ਕਰਨ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਗਲਤੀਆਂ ਹੋਣ ਦੀ ਗੱਲ ਕਰਕੇ ਤੱਤ -- ਪਰਿਵਾਰ ਵਾਲਿਆਂ ਨੇ ਸਿੱਖ-ਮਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਗ਼ਲਤੀਆਂ ਹੋਣ ਦੇ ਭੁਲੇਖੇ ਦਾ ਬੀਜ ਵੀ ਬੀਜ ਦਿੱਤਾ ਹੈ, ਜਦਕਿ ਹੁਣ ਤੱਕ ਸਿਰਫ਼ ਅਰਥਾਂ ਬਾਰੇ ਹੀ ਵਿਚਾਰਾਂ ਦੇ ਭੁਲੇਖੇ ਪਾਏ ਜਾ ਰਹੇ ਸਨ।
ਜਸਬੀਰ ਸਿੰਘ ਵਿਰਦੀ 11-06-2015