-:ਜਿਉ ਜੋਰੂ ਸਿਰਨਾਵਣੀ:-
ਸਲੋਕ ਮ: 1॥
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥” (ਪੰਨਾ- 472)
ਇਸ ਸਲੋਕ ਵਿੱਚ ਦੋ ਸੰਕਲਪ ਦਿੱਤੇ ਗਏ ਹਨ।ਪਹਿਲੇ ਅੱਧੇ ਹਿੱਸੇ ਵਿੱਚ ‘ਜੋਰੂ ਸਿਰਨਾਵਣੀ (ਮਾਂਹਵਾਰੀ)’ ਦੀ ਮਿਸਾਲ ਦੇ ਕੇ ਦੱਸਿਆ ਹੈ ਕਿ ਜਿਵੇਂ ਇਸਤਰੀ ਦੇ ਅੰਦਰੋਂ ਸੁਤੇ ਹੀ ਖਾਸ ਦਿਨਾਂ ਵਿੱਚ ਮਾਂਹਵਾਰੀ ਆਉਂਦੀ ਰਹਿੰਦੀ ਹੈ, ਉਸੇ ਤਰ੍ਹਾਂ ਜੂਠੇ/ ਝੂਠੇ ਮਨੁੱਖ ਦੇ ਮੁਖ ਤੋਂ ਜੂਠ/ ਝੂਠ ਸੁਤੇ ਹੀ ਨਿਕਲਦਾ ਰਹਿੰਦਾ ਹੈ।
ਇੱਥੇ ਪਹਿਲੀ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ‘ਜੂਠੇ ਜੂਠਾ ਮੁਖਿ ਵਸੈ ਵਾਲੇ ਮੁੱਖ ਨੁਕਤੇ ਸੰਬੰਧੀ ‘ਜਿਉ ਜੋਰੂ ਸਰਨਾਵਣੀ’ ਵਾਲੀ ਸਿਰਫ ਮਿਸਾਲ ਹੈ।ਦੂਸਰੀ ਗੱਲ, ‘ਸਿਰਨਾਵਣੀ’ ਸ਼ਬਦ ਵਰਤਿਆ ਗਿਆ ਹੈ, ਜੋ ਕਿ ਪ੍ਰਚੱਲਤ ਰਵਾਇਤਾਂ ਅਤੇ ਮਾਨਤਾਵਾਂ ਅਨੁਸਾਰ ਸਿਰ ਨਹਾ ਕੇ ਪਵਿੱਤਰ ਹੋਣ ਦੀ ਕਿਰਿਆ ਦਾ ਪ੍ਰਤੀਕ ਹੈ, ਅਤੇ ਇਸ ਦੀ ਤੁਲਨਾ ‘ਝੂਠੇ ਬੰਦੇ’ ਨਾਲ ਕੀਤੀ ਗਈ ਹੈ।ਇਸ ਲਈ ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ‘ਸਿਰਨਾਵਣੀ’ ਸ਼ਬਦ ਅਪਵਿੱਤਰਤਾ ਦਾ ਪ੍ਰਤੀਕ ਹੈ।ਪਰ ਸਿਰਨਾਵਣੀ ਦੀ ਮਿਸਾਲ ਸਿਰਫ ਅਤੇ ਸਿਰਫ ਝੂਠੇ ਮਨੁੱਖ ਦੇ ਅੰਦਰੋਂ ਝੂਠ ਸੁਤੇ ਹੀ ਪ੍ਰਗਟ ਹੁੰਦਾ ਰਹਿੰਦਾ ਹੈ, ਸਮਝਾਉਣ ਲਈ ਦਿੱਤੀ ਗਈ ਮਿਸਾਲ ਹੈ।ਇਸ ਲਈ ਵਿਸ਼ਾ ਪਵਿੱਤਰਤਾ ਜਾਂ ਅਪਵਿੱਤਰਤਾ ਦਾ ਨਹੀਂ ਹੈ।ਕਿਉਂਕਿ ਸਲੋਕ ਦਾ ਪਵਿੱਤਰਤਾ ਜਾਂ ਅਪਵਿੱਤਰਤਾ ਨਾਲ ਕੋਈ ਸੰਬੰਧ ਨਹੀਂ ਹੈ ਅਤੇ ‘ਸਿਰਨਾਵਣੀ’ ਸ਼ਬਦ ਤੋਂ ਕੋਈ ਇਹ ਨਾ ਸਮਝ ਲਵੇ ਕਿ (ਪੁਰਾਤਨ ਰਵਾਇਤਾਂ, ਅਤੇ ਮਾਨਤਾਵਾਂ ਅਨੁਸਾਰ) ਜਿਵੇਂ ਇਸਤ੍ਰੀ ਮਾਂਹਵਾਰੀ ਤੋਂ ਬਾਅਦ ਸਿਰ ਨਹਾ ਲਈ ਅਤੇ ਅਪਵਿੱਰਤਾ ਦੂਰ ਹੋ ਗਈ ਮੰਨੀਂ ਜਾਂਦੀ ਹੈ, ਇਸੇ ਤਰ੍ਹਾਂ ਝੂਠੇ ਮਨੁੱਖ ਨੇ ਵੀ ਸਰੀਰਕ ਸਫਾਈ ਕਰ ਲਈ ਤੇ ਉਹ ਸੁੱਚਾ ਹੋ ਗਿਆ, ਇਹ ਭੁਲੇਖਾ ਨਾ ਪਵੇ, ਇਸ ਲਈ ਸਲੋਕ ਦੇ ਦੂਜੇ ਅੱਧੇ ਹਿੱਸੇ ਵਿੱਚ ਇਹ ਗੱਲ ਸਾਫ ਕਰ ਦਿੱਤੀ ਗਈ ਹੈ ਕਿ ਝੂਠੇ ਬੰਦੇ ਦਾ ਝੂਠ (ਜੂਠ) ਸਰੀਰਕ ਸਫਾਈ ਨਾਲ ਨਹੀਂ, ਮਨ ਦੀ ਸਫਾਈ ਨਾਲ ਦੂਰ ਹੁੰਦਾ ਹੈ।
ਮਿਸਾਲ ਦੇ ਤੌਰ ਤੇ, ਫਰੀਦ ਜੀ ਦਾ ਸਲੋਕ ਹੈ:-
“ਪਹਿਲੈ ਪਹਰੈ ਫੁਲੜਾ ਫੁਲ ਭੀ ਪਛਾ ਰਾਤਿ॥ਜੋ ਜਾਗਨ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ॥112॥”
ਕੋਈ ਇਸ ਸਲੋਕ ਤੋਂ ਕਿਸੇ ਕਿਸਮ ਦਾ ਭੁਲੇਖਾ ਨਾ ਖਾ ਲਵੇ, ਇਸ ਲਈ ਗੁਰੂ ਨਾਨਕ ਦੇਵ ਜੀ ਨੇ ਇਸ ਸਲੋਕ ਸੰਬੰਧੀ ਨਾਲ ਆਪਣਾ ਇੱਕ ਸਲੋਕ ਉਚਾਰ ਦਿੱਤਾ ਹੈ-
“ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
ਇਕਿ ਜਾਗੰਦੇ ਨਾ ਲਹਨ੍ਹਿ ਇਕਨ੍ਹਾ ਸੁਤਿਆ ਦੇਇ ਉਠਾਲਿ॥113॥”
ਇਸ ਸੰਬੰਧੀ ਪ੍ਰੋ: ਸਾਹਿਬ ਸਿੰਘ ਜੀ ਦਾ ਨੋਟ ਪੜ੍ਹੋ:-
“ਨੋਟ:- ਇਹ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ, ਜੋ ਫਰੀਦ ਜੀ ਦੇ ਉਪਰਲੇ ਸਲੋਕ (ਨੰ:112) ਦੀ ਵਿਆਖਿਆ ਵਾਸਤੇ ਉਚਾਰਿਆ ਗਿਆ ਹੈ।ਫਰੀਦ ਜੀ ਨੇ ਲਫਜ਼ ‘ਦਾਤਿ’ ਵਰਤ ਕੇ ਇਸ਼ਾਰੇ-ਮਾਤ੍ਰ ਦੱਸਿਆ ਹੈ ਕਿ ਜੋ ਅੰਮ੍ਰਿਤ ਵੇਲੇ ਜਾਗ ਕੇ ਬੰਦਗ਼ੀ ਕਰਦੇ ਹਨ, ਉਨ੍ਹਾਂ ਉੱਤੇ ਰੱਬ ਤ੍ਰੁਠਦਾ ਹੈ।ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕਰਕੇ ਕਹਿ ਦਿੱਤਾ ਹੈ ਕਿ ਇਹ ਤਾਂ ‘ਦਾਤਿ’ ਹੈ ‘ਦਾਤਿ’ ਹੱਕ ਨਹੀਂ ਬਣ ਜਾਂਦਾ।ਮਤਾਂ ਕੋਈ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਕਰਨ ਲੱਗ ਜਾਏ”।
ਇਸੇ ਤਰ੍ਹਾਂ ਸੰਬੰਧਤ ਸਲੋਕ ਵਿੱਚ ਵੀ ਸ਼ਬਦਾਂ ਦੇ ਪ੍ਰਯੋਗ ਤੋਂ ਉਪਜਣ ਵਾਲੇ ਭੁਲੇਖੇ ਨੂੰ ਸਲੋਕ ਦੇ ਦੂਜੇ ਅੱਧੇ ਹਿੱਸੇ ਵਿੱਚ ਸਾਫ ਕਰ ਦਿੱਤਾ ਗਿਆ ਹੈ।
ਗੁਰਬਾਣੀ ਵਿੱਚ ਬਹੁਤ ਸਾਰੀਆਂ ਮਿਥਿਹਾਸਕ ਗੱਲਾਂ ਦੀਆਂ ਵੀ ਮਿਸਾਲਾਂ ਦਿੱਤੀਆਂ ਗਈਆਂ ਹਨ।ਜਰੂਰੀ ਨਹੀਂ ਕਿ ਗੁਰਮਤਿ ਨੇ ਉਨ੍ਹਾਂ ਗੱਲਾਂ ਨੂੰ ਉਸੇ ਰੂਪ ਵਿੱਚ ਹੀ ਸਵਿਕਾਰ ਕੀਤਾ ਹੈ, ਜਿਸ ਰੂਪ ਵਿੱਚ ਬ੍ਰਹਮਣ ਜਗਤ ਵਿੱਚ ਮੰਨੀਆਂ ਜਾਂਦੀਆਂ ਹਨ।ਜਿਸ ਪ੍ਰਕਰਣ ਵਿੱਚ ਕੋਈ ਉਦਾਹਰਣ ਦਿੱਤੀ ਗਈ ਹੈ, ਵਿਸ਼ੇ ਨੂੰ ਉਸੇ ਪ੍ਰਕਰਣ ਵਿੱਚ ਹੀ ਲੈਣਾ ਪੈਣਾ ਹੈ, ਅਤੇ ਮਿਸਾਲ ਨੂੰ ਮੁੱਖ ਵਿਸ਼ਾ ਨਹੀਂ ਬਨਾਣਾ।‘ਸਿਰਨਾਵਣੀ’ ਲਫਜ਼ ਆਪਣੇ ਆਪ ਵਿੱਚ ਬੇਸ਼ੱਕ ਅਪਵਿੱਤਰਤਾ ਦਾ ਸੂਚਕ ਹੈ ‘ਸਿਰ ਨਹਾ ਕੇ ਪਵਿੱਤਰ ਹੋਣਾ’ ਇਸ ਗੱਲ ਦੀ ਪਰੋੜਤਾ ਸਲੋਕ ਦੇ ਅਗਲੇ ਹਿੱਸੇ ਤੋਂ ਵੀ ਹੁੰਦੀ ਹੈ, ਜਿੱਥੇ ‘ਅਪਵਿਤਰਤਾ’ ਦੇ ਉਲਟ ‘ਸੁੱਚ’ ਦੀ ਗੱਲ ਕੀਤੀ ਗਈ ਹੈ।ਪਰ ਸਲੋਕ ਵਿੱਚ ਮੁੱਖ ਵਿਸ਼ਾ ‘ਅਪਵਿੱਤਰਤਾ’ ਦਾ ਨਹੀਂ (ਜੂਠੇ / ਝੂਠੇ ਬੰਦੇ ਦੇ) “ਹਿਰਦੇ ਵਿੱਚ ਜੂਠ / ਝੂਠ ਵਸੇ ਹੋਣ ਦੇ ਸੰਬੰਧ ਵਿੱਚ ਹੈ ਜੋ ਕਿ ਸੁਭਾਵਕ ਹੀ ਮੁਖ ਤੇ ਆਉਂਦਾ ਰਹਿੰਦਾ ਹੈ”। ਇਸ ਲਈ ਉਨ੍ਹਾਂ ਖਾਸ ਦਿਨਾਂ ਵਿੱਚ ਇਸਤਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਨਹੀਂ ਬੈਠ ਸਕਦੀ, ਜਾਂ ਪਾਠ ਨਹੀਂ ਕਰ ਸਕਦੀ ਵਰਗੀਆਂ ਗੱਲਾਂ ਨਾਲ ਇਸ ਉਦਾਹਰਣ ਨੂੰ ਨਹੀਂ ਜੋੜਿਆ ਜਾ ਸਕਦਾ।ਜਿੱਥੋਂ ਤੱਕ ‘ਸਿਰਨਾਵਣੀ’ ਵਾਲੀ ਅਪਵਿੱਤਰਤਾ ਦਾ ਸਵਾਲ ਹੈ, ਇਹ ਅਪਵਿਤਰਤਾ ਐਸੀ ਨਹੀਂ ਕਿ ਇਸ ਨਾਲ ਆਲੇ ਦੁਆਲੇ ਦਾ ਮਹੌਲ ਗੰਦਾ ਜਾਂ ਦੂਸ਼ਿਤ ਜਾਂ ਦੁਰਗੰਧ ਵਾਲਾ ਹੋ ਜਾਂਦਾ ਹੋਵੇ।ਜਾਂ ਪਾਠ ਕਰਦੇ ਵਕਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਉਸ ਅਪਵਿਤਰਤਾ ਦਾ ਕੋਈ ਅਸਰ ਪੈਂਦਾ ਹੋਵੇ।ਇਸ ਲਈ ਇਸਤਰੀ ਉਨ੍ਹਾਂ ਦਿਨਾਂ ਵਿੱਚ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਨਹੀਂ ਬੈਠ ਸਕਦੀ, ਜਾਂ ਪਾਠ ਨਹੀਂ ਕਰ ਸਕਦੀ ਵਰਗੀਆਂ ਗੱਲਾਂ ਇਸ ਵਿਸ਼ੇ ਨਾਲ ਨਹੀਂ ਜੋੜੀਆਂ ਜਾ ਸਕਦੀਆਂ।
ਤ੍ਰਾਸਦੀ ਇਹ ਹੈ ਕਿ ਸੰਤ ਸਮਾਜ, ਗੁਰਬਾਣੀ ਵਿੱਚ ਦਿੱਤੀਆਂ ਗਈਆਂ ਬ੍ਰਹਮਣੀ ਮਾਨਤਾਵਾਂ ਵਾਲੀਆਂ ਉਦਾਹਰਣਾਂ ਨੂੰ ਹੀ ਮੁੱਖ ਵਿਸ਼ਾ ਮੰਨ ਕੇ ਬ੍ਰਹਮਣੀ ਕਰਮ-ਕਾਂਡਾਂ ਵਿੱਚ ਪਿਆ ਹੋਇਆ ਹੈ।ਅਤੇ ਦੂਜੇ ਪਾਸੇ ਅਜੋਕੇ ਗੁਰਮਤਿ ਪ੍ਰਚਾਰਕ ਉਦਾਹਰਣਾਂ ਨੂੰ ਅਤੇ ਗੁਰਬਾਣੀ ਅਰਥਾਂ ਨੂੰ ਵਿਗਿਆਨਕ ਰੰਗਤ ਦੇ ਕੇ ਆਪਣੀ ਸੋਚ ਮੁਤਾਬਕ ਹੀ ਅਰਥ ਘੜ ਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ।ਅਰਥਾਤ ਦੋਨੋ ਹੀ ਮੁੱਖ ਧਿਰਾਂ ਅਸਲੀ ਗੁਰਮਤਿ ਤੋਂ ਖੁੰਝੀਆਂ ਹੋਈਆਂ ਨਜ਼ਰ ਆ ਰਹੀਆਂ ਹਨ।ਕਾਸ਼ ਕਿ ਦੋਨੋਂ ਧਿਰਾਂ ਸੁਹਿਰਦ ਹੋ ਕੇ ਅਤੇ ਆਪੋ ਆਪਣੀ ਮਨਮਤ ਤਿਆਗ ਕੇ ਗੁਰੂ ਦਾ ਸਹੀ ਉਪਦੇਸ਼ ਸਮਝਣ ਦੇ ਉਪਰਾਲੇ ਕਰਨ ਲੱਗ ਜਾਣ ਤਾਂ ਸਿੱਖਾਂ ਦਾ ਕੁਝ ਭਲਾ ਹੋ ਜਾਵੇ।ਨਹੀਂ ਤਾਂ ਸਿੱਖਾਂ ਦੀ ਖੁਆਰੀ ਹੋਣੀ ਤਾਂ ਲਾਜਮੀ ਹੈ।ਨਹੀਂ ਤਾਂ ਦੋ ਬਿੱਲੀਆਂ ਦੀ ਲੜਾਈ’ਚ ਬਾਂਦਰ ਨੇ ਤਾਂ ਲਾਭ ਉਠਾਣਾ ਹੀ ਹੈ।
ਜਸਬੀਰ ਸਿੰਘ ਵਿਰਦੀ 19-06-2015