ਕੈਟੇਗਰੀ

ਤੁਹਾਡੀ ਰਾਇ



Book Review
ਜੁਗਨੀ ਕਿਤਾਬ ਬਲਰਾਜ ਸਿੱਧੂ ਦੀ ਵੱਖਰੀ ਪ੍ਰਤਿਭਾ ਦੀ ਪੇਸਕਾਰੀ
ਜੁਗਨੀ ਕਿਤਾਬ ਬਲਰਾਜ ਸਿੱਧੂ ਦੀ ਵੱਖਰੀ ਪ੍ਰਤਿਭਾ ਦੀ ਪੇਸਕਾਰੀ
Page Visitors: 2828

ਜੁਗਨੀ ਕਿਤਾਬ ਬਲਰਾਜ ਸਿੱਧੂ ਦੀ ਵੱਖਰੀ ਪ੍ਰਤਿਭਾ ਦੀ ਪੇਸਕਾਰੀ
    ਇੰਗਲੈਂਡ ਵੱਸਦੇ ਪੰਜਾਬੀ ਲੇਖਕ ਬਲਰਾਜ ਸਿੱਧੂ ਦੀ ਨਵੀਂ ਕਿਤਾਬ ਜੁਗਨੀ ਪੜਦਿਆਂ ਲੇਖਕ ਦੀ ਵਿਲੱਖਣ ਪ੍ਰਤਿਭਾ ਦੇ ਦਰਸ਼ਨ ਹੁੰਦੇ ਹਨ। ਇਸ ਕਿਤਾਬ ਦੇ ਲੇਖਾਂ ਨੂੰ ਪੜਦਿਆਂ ਪੰਜਾਬੀ ਸਭਿਆਚਾਰ ਵਿਚਲੇ ਹੀਰੋ ਪਾਤਰਾਂ ਦੇ ਵਿਸਲੇਸ਼ਣ ਕਰਦਿਆਂ ਲੇਖਕ ਪੁਰਾਤਨ ਰਵਾਇਤਾਂ ਦੀ ਤੀਜੀ ਅੱਖ ਦਾ ਪਰਯੋਗ ਕਰਦਿਆਂ ਵਰਤਮਾਨ ਸਮਂ ਦੀ ਮੰਗ ਅਨੁਸਾਰ ਹਕੀਕਤਾਂ ਨੂੰ ਪਾਠਕ ਸਾਹਮਣੇ ਪੇਸ਼ ਕਰਨ ਵਿੱਚ ਪੂਰੀ ਤਰਾਂ ਸਫਲ ਰਿਹਾ ਹੈ । ਜੁਗਨੀ ਵਰਗੇ ਲੋਕ ਗੀਤਾਂ ਦੇ ਸਿੰਗਾਰ ਸਬਦ ਦੀ ਅਸਲੀਅਤ ਕੀ ਹੈ ਬਾਰੇ ਪਹਿਲੇ ਹੀ ਜੁਗਨੀ ਲੇਖ ਵਿੱਚ ਹਕੀਕੀ ਜਾਣਕਾਰੀ ਦਿੱਤੀ ਗਈ ਹੈ ਜੋ ਪਾਠਕ ਅਤੇ ਲੇਖਕਾਂ  ਨੂੰ ਨਵੀਂ ਸੇਧ ਅਤੇ ਸਮਝ ਦੇਣ ਵਿੱਚ ਪੂਰੀ ਤਰਾਂ ਸਫਲ ਹੈ। ਜੁਗਨੀ ਮਹਿਜ ਇੱਕ ਸਬਦ ਨਹੀਂ ਅਤੇ ਨਾਂ ਹੀ ਕਿਸੇ ਇਸਤਰੀ ਦੀ ਕਥਾ ਹੈ ਸਗੋਂ ਇਹ ਇਤਿਹਾਸ ਦੇ ਵਰਤਾਰਿਆਂ ਵਿੱਚੋਂ ਉਪਜਿਆਂ ਸੱਚ ਹੈ ਜੋ ਪੂਰਾ ਲੇਖ ਪੜਨ ਤੋਂ ਬਾਅਦ ਹੀ ਸਮਝ ਆਉਂਦਾਂ ਹੈ। ਅੱਖਾ ਤੇ ਐਨਕ ਲੇਖ ਵਿੱਚ ਐਨਕਾਂ ਅਤੇ ਕੱਚ ਦੇ ਇਤਿਹਾਸ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹੈ । ਇਸ ਲੇਖ ਨੂੰ ਪੜਦਿਆਂ ਹੋਇਆਂ ਲੇਖਕ ਦੀ ਵਿਸਾਲ ਜਾਣਕਾਰੀ ਬਾਰੇ ਇਲਮ ਹੁੰਦਾਂ ਹੈ। ਪੰਜਵੇਂ ਅਤੇ ਛੇਵੇਂ ਲੇਖ ਜੋ ਮਿਰਜਾ ਸਾਹਿਬਾਂ ਅਤੇ ਹੀਰ ਰਾਂਝੇ ਬਾਰੇ ਹਨ ਲੇਖਕ ਨਿਰਪੱਖ ਪੜਚੋਲ ਕਰਦਿਆਂ ਇਹਨਾਂ ਇਤਿਹਾਸਕ ਪਾਤਰਾਂ ਬਾਰੇ ਬਿਬੇਕ ਪੂਰਣ ਵਿਸਲੇਸ਼ਣ ਕੀਤਾ ਹੈ ਜਿਸ ਨਾਲ ਪਾਠਕ ਵੀ ਸਹਿਮਤ ਹੋਣ ਲਈ ਮਜਬੂਰ ਹੋ ਜਾਂਦਾ ਹੈ। ਇਹ ਮਹਿਜ ਇਸ਼ਕ ਦੀਆਂ ਕਹਾਣੀਆਂ ਨਹੀਂ ਬਲਕਿ ਉਸ ਸਮੇਂ ਦੇ ਸਮਾਜ ਦੀ ਨਿਰਪੱਖ ਪੜਚੋਲ ਦੀ ਪੇਸ਼ਕਾਰੀ ਹੈ।  ਇਸ ਕਿਤਾਬ ਦੇ ਦਸਵੇਂ ਲੇਖ ਵਿੱਚ ਬਾਬਾ ਸ਼ੇਖ ਫਰੀਦ ਜੀ ਬਾਰੇ ਤਾਂ ਲੇਖਕ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜਿਸ ਨਾਲ ਫਰੀਦ ਜੀ ਦੀ ਮਹਾਨਤਾ ਤਾਂ ਪਰਗਟ ਹੁੰਦੀ ਹੈ ਅਤੇ ਲੇਖਕ ਦੀ ਬਹੁਪੱਖੀ ਸੋਚ ਅਤੇ ਸਮਝ ਦੇ ਵੀ ਦਰਸ਼ਨ ਹੁੰਦੇ ਹਨ । ਧਾਰਮਿਕ ਮਹਾਂਪੁਰਸ਼ਾਂ ਬਾਰੇ ਆਮ ਤੌਰ ਤੇ ਬਜੁਰਗ ਜਾਂ ਧਾਰਮਿਕ ਖੇਤਰ ਦੇ ਲੋਕਾਂ ਦਾ ਏਕਾਧਿਕਾਰ ਹੀ ਸਥਾਪਤ ਹੈ ਪਰ ਨੌਜਵਾਨ ਲੇਖਕ ਏਨੀ ਨੌਜਵਾਨ ਅਵੱਸਥਾ ਵਿੱਚ ਹੋਣ ਦੇ ਬਾਵਜੂਦ ਵੀ ਬਹੁਤ ਹੀ ਪਰਪੱਕ ਵਿਅਕਤੀਆਂ ਵਾਂਗ ਉੱਚਕੋਟੀ ਦੀ ਨਵੀਂ ਜਾਣਕਾਰੀ ਪੇਸ਼ ਕਰਦਾ ਹੈ। ਇਸ ਲੇਖ ਨੂੰ ਪੜਦਿਆਂ ਮਹਿਸੂਸ ਹੁੰਦਾਂ ਹੈ ਲਿਖਣਾਂ ਵੀ ਉਹਨਾਂ ਨੂੰ ਹੀ ਨਸੀਬ ਹੁੰਦਾਂ ਹੈ ਜਿਸ ਵਿੱਚ ਅਨੰਤ ਕੁਦਰਤ ਵੱਲੋਂ ਕੋਈ ਵਿਸੇਸ ਗੁਣ ਧਰਿਆ ਹੁੰਦਾਂ ਹੈ।
    ਬਾਕੀ ਦੇ ਹੋਰ ਲੇਖਾਂ ਵਿੱਚ ਵੀ ਬਹੁਤ ਹੀ ਇਤਿਹਾਸਕ ਜਾਣਕਾਰੀਆਂ ਦੇਕੇ ਲੇਖਕ ਪਾਠਕ ਦੀ ਝੋਲੀ ਵਿੱਚ ਵੱਡਮੁੱਲੀ ਜਾਣਕਾਰੀ ਪਾਉਂਦਾਂ ਹੈ। ਜਿਸ ਤਰਾਂ ਬਰਮਿੰਘਮ ਦੀ ਸੋਹੋ ਰੋਡ ਦਾ ਵਰਣਨ ਕਰਦਿਆ ਉੱਥੋਂ ਦੇ ਸਭਿਆਚਾਰ, ਕਾਰੋਬਾਰ, ਸਮਾਜਕ ਵਿਵਹਾਰ ਆਦਿ ਅਨੇਕ ਪਹਿਲੂਆਂ ਨੂੰ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ। ਚੌਥੇ ਲੇਖ ਸਾਹਿਤ ਸੰਗੀਤ ਅਤੇ ਕਲਾ ਵਿੱਚ ਅਸਲੀਲਤਾ ਵਿੱਚ ਲੇਖਕ ਆਪਣੀਆਂ ਜੋਰਦਾਰ ਦਲੀਲਾਂ ਦੇਕੇ ਆਪਣੀ ਗੱਲ ਕਹਿਣ ਵਿੱਚ ਸਫਲ ਰਿਹਾ ਹੈ ਜਿਸ ਨਾਲ ਪਾਠਕ ਵੀ ਬਿਬੇਕੀ ਸੋਚ ਦ ਧਾਰਨੀ ਹੋਕੇ ਨਿਰਪੱਖ ਰਾਇ ਦੇਣ ਦੇ ਯੋਗ ਹੋ ਜਾਂਦਾਂ ਹੈ। ਨੰਗੇ ਸਾਗਰਾਂ ਦੀ ਸੈਰ ਵਿੱਚ ਲੇਖਕ ਨੇ ਇੰਗਲੈਂਡ ਅਤੇ ਯੂਰਪ ਦੇ ਸਭਿਆਚਾਰ ਅਤੇ ਸੋਚ ਦੀ ਇੱਕ ਵੱਖਰੀ ਝਲਕ ਪੇਸ਼ ਕੀਤੀ ਹੈ ਜਿਸ ਨਾਲ ਪਾਠਕ ਜਿੱਥੇ ਰਾਜਸੱਤਾ ਦੀ ਸੋਚ ਦੀ ਜਾਣਕਾਰੀ ਹਾਸਲ ਕਰਦਾ ਹੈ ਅਤੇ ਉੱਥੇ ਹੀ ਆਮ ਲੋਕ ਕਿਸ ਤਰਾਂ ਰਾਜਸੱਤਾ ਦੀ ਪੈੜ ਵਿੱਚ ਤੁਰਦਿਆਂ ਕਿੱਥੇ ਤੋਂ ਕਿੱਥੇ ਪਹੁੰਚ ਜਾਂਦੇ ਹਨ ਬਾਰੇ ਵੀ ਸੋਚਦਾ ਹੈ। ਇਸ ਕਿਤਾਬ ਦੇ ਬਹੁਤੇ ਲੇਖਾਂ ਵਿੱਚ ਬਲਰਾਜ ਸਿੱਧੂ ਦੀ ਗੰਭੀਰ ਸੁਲਝੀ ਹੋਈ ਸੋਚ ਦੇ ਦਰਸਨ ਹੁੰਦੇ ਹਨ। ਇਸ ਕਿਤਾਬ ਵਿੱਚਲੇ ਲੇਖ ਲੇਖਕ ਦੀ ਸਮਾਜਕ ਧਾਰਮਿਕ ਵਿਸਿਆਂ ਤੇ ਵਰਤਮਾਨ ਸਮੇਂ ਦੇ ਹਾਣੀ ਹੋਕੇ ਲਿਖਣ ਦੀ ਕਲਾ ਦੇ ਦਰਸਨ ਕਰਵਾਉਂਦੇ ਹਨ । ਇਤਿਹਾਸ ਉੱਪਰ ਲੇਖਕ ਦੀ ਪਕੜ ਦੂਸਰੀਆਂ ਕਿਤਾਬਾਂ ਵਾਂਗ ਇਸ ਕਿਤਾਬ ਵਿੱਚ ਵੀ ਦਿਖਾਈ ਦਿੰਦੀ ਹੈ। ਦਰਜਨ ਦੇ ਕਰੀਬ ਕਿਤਾਬਾਂ ਲਿਖਣ ਵਾਲੇ ਬਲਰਾਜ ਸਿੱਧੂ ਨੇ ਆਪਣੇ ਹੀ ਢੰਗ ਅਤੇ ਸੋਚ ਦੇ ਨਾਲ ਤੁਰਦਿਆਂ ਹੋਇਆਂ ਆਪਣੀ ਨਿੱਜੀ ਕਮਾਈ ਦਾ ਦਸਵੰਧ ਖਰਚ ਕੇ ਪੰਜਾਬੀ ਪਾਠਕਾਂ ਦੇ ਦਿਲਾਂ ਵਿੱਚ ਜਗਾਹ ਬਣਾਕਿ ਉਹਨਾਂ ਨੂੰ ਪੜਨ ਲਈ ਮਜਬੂਰ ਕੀਤਾ ਹੈ ਇਹ ਵੀ ਉਸਦੀ ਇੱਕ ਪਰਾਪਤੀ ਹੈ  । ਆਉਣ ਵਾਲੇ ਸਮੇਂ ਵਿੱਚ ਸਥਾਪਤ ਹੋ ਚੁੱਕੇ ਇਸ ਬਹੁਚਰਚਿੱਤ ਲੇਖਕ ਤੋਂ ਗੰਭੀਰ ਅਤੇ ਸਮਾਜਕ ਵਿਸਿਆਂ ਤੇ ਹੋਰ ਵੀ ਵਧੀਆ ਲਿਖਿਆ ਪੜਨ ਨੂੰ ਮਿਲੇਗਾ ਦੀ ਭਰਭੂਰ ਆਸ ਕੀਤੀ ਜਾ ਸਕਦੀ ਹੈ।
ਗੁਰਚਰਨ ਸਿੰਘ ਪੱਖੋਕਲਾਂ
ਫੋਨ 9417727245
 ਪਿੰਡ ਪੱਖੋ ਕਲਾਂ ਜਿਲਾ ਬਰਨਾਲਾ        

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.