1984 ਦੇ ਸਿੱਖ ਕਤਲੇਆਮ ਮਾਮਲੇ ‘ਚ ਟਾਈਟਲਰ ਖਿਲਾਫ ਦਰਜ ਨਹੀਂ ਹੋਇਆ ਸੀ ਕੇਸ
ਨਵੀਂ ਦਿੱਲੀ, 26 ਜੂਨ (ਪੰਜਾਬ ਮੇਲ)- ਸੀਬੀਆੲੀ ਨੇ ਅੱਜ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਹੈ ਕਿ ੳੁਸ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕਲੀਨ ਚਿੱਟ ਲੈ ਚੁੱਕੇ ਕਾਂਗਰਸੀ ਨੇਤਾ ਜਗਦੀਸ਼ ਟਾੲੀਟਲਰ ਦੇ ਖ਼ਿਲਾਫ਼ ਗਵਾਹ ਨੂੰ ਪ੍ਰਭਾਵਿਤ ਕਰਨ ਤੇ ਹਵਾਲੇ ਦੇ ਦੋਸ਼ਾਂ ਸਬੰਧੀ ਕੋੲੀ ਨਵਾਂ ਮਾਮਲਾ ਦਰਜ ਨਹੀਂ ਕੀਤਾ । ਇਸ ਨਵੇਂ ਖੁਲਾਸੇ ਤਹਿਤ ਦੋਸ਼ ਲਾਏ ਗਏ ਸਨ ਕਿ ਟਾਈਟਲਰ ਨੇ ਗਵਾਹ ਸੁਰਿੰਦਰ ਸਿੰਘ ਨੂੰ ਪੈਸੇ ਨਾਲ ਪ੍ਰਭਾਵਿਤ ਕੀਤਾ ਤੇ ਹਵਾਲਾ ਕਾਰੋਬਾਰ ਰਾਹੀਂ ਕਥਿਤ ਗ਼ਲਤ ਤਰੀਕੇ ਨਾਲ ਧਨ ਵਿਦੇਸ਼ ਭੇਜਿਆ ਸੀ। ਇਹ ਮਾਮਲਾ ਪੁੱਲ ਬੰਗਸ਼ ਦੇ ਗੁਰਦੁਆਰੇ ਨੂੰ ਸਾੜਨ ਨਾਲ ਸਬੰਧਤ ਹੈ ਜਿੱਥੇ ਬਾਦਲ ਸਿੰਘ, ਗੁਰਚਰਨ ਸਿੰਘ ਤੇ ਠਾਕੁਰ ਸਿੰਘ ਮਾਰੇ ਗਏ ਸਨ। ਸੁਰਿੰਦਰ ਸਿੰਘ ਹੈੱਡ ਗੰਰਥੀ ਨੇ ਪਹਿਲਾਂ ਗਵਾਹੀ ਦਿੱਤੀ ਸੀ ਕਿ ਗੁਰਦੁਆਰੇ ਉਪਰ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਜਗਦੀਸ਼ ਟਾਈਟਲਰ ਕਰ ਰਿਹਾ ਸੀ ਪਰ ਫਿਰ ਉਹ ਗਵਾਹੀ ਬਦਲ ਗਿਆ ਸੀ।
ਅਦਾਲਤ ਵੱਲੋਂ ਸੀਬੀਆਈ ਤੋਂ ਪੁੱਛਿਆ ਗਿਆ ਕੀ ੳੁੁਸ ਨੇ ਝੂਠੀ ਗਵਾਹੀ ਲਈ ਧਾਰਾ 193 ਅਤੇ ਝੂਠੀ ਗਵਾਹੀ ਦੇਣ ਲਈ ਧਮਕਾਉਣ ਲਈ ਧਾਰਾ 195ਏ ਅਤੇ ਗ਼ਲਤ ਤਰੀਕੇ ਨਾਲ ਧਨ ਵਿਦੇਸ਼ ਭੇਜਣ ਲਈ ਹਵਾਲਾ ਐਕਟ ਤਹਿਤ ਟਾਈਟਲਰ ਵਿਰੁੱਧ ਨਵਾਂ ਮਾਮਲਾ ਦਰਜ ਕੀਤਾ ਹੈ ? ਇਸ ਦੇ ਜਵਾਬ ਵਿੱਚ ਸੀਬੀਆਈ ਨੇ ਕਿਹਾ ਕਿ ੳੁਸ ਨੇ ਇਸ ਕਾਂਗਰਸੀ ਆਗੂ ਵਿਰੁੱਧ ਹੋਰ ਕੋਈ ਮਾਮਲਾ ਦਰਜ ਨਹੀਂ ਕੀਤਾ । ਕੜਕਡ਼ਡੂਮਾ ਅਦਾਲਤ ਦੇ ਵਧੀਕ ਚੀਫ਼ ਮੈਟਰੋਪੋਲਿਟਨ ਮੈਜਿਸਟਰੇਟ ਸੌਰਭ ਪ੍ਰਤਾਪ ਸਿੰਘ ਲੱਤਰ ਨੇ ਏਜੰਸੀ ਦਾ ਇਹ ਪੱਖ ਪੀੜਤ ਧਿਰ ਵੱਲੋਂ ਦਿੱਤੀ ਗਈ ਅਰਜ਼ੀ ’ਤੇ ਸੁਣਿਆ ।
ਪੀੜਤ ਧਿਰ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਵੱਲੋਂ ਵਕੀਲ ਐਚ.ਐਸ ਫੂਲਕਾ ਨੇ ਨਵੀਂ ਅਰਜ਼ੀ ਦੇ ਕੇ ਜਿਰਹਾ ਕੀਤੀ ਕਿ ਟਾਈਟਲਰ ਵਿਰੁੱਧ ਇਹ ਨਵਾਂ ਕੇਸ ਬਣਦਾ ਹੈ ਕਿਉਂਕਿ ਇਹ ਗਵਾਹ ਨੂੰ ਧਮਕਾਉਣ ਅਤੇ ਹਵਾਲਾ ਕਾਰੋਬਾਰ ਨਾਲ ਜੁੜੇ ਹੋਣ ਦਾ ਮਾਮਲਾ ਹੈ। ਇਸ ਲਈ ਧਾਰਾ 193 ਤੇ 195ਏ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਹੁਣ ਸ੍ਰੀ ਫੂਲਕਾ ਨੇ ਅਦਾਲਤ ਤੋਂ ਵਿਰੋਧ ਅਪੀਲ ਦਾਖ਼ਲ ਕਰਨ ਲਈ ਚਾਰ ਹਫ਼ਤੇ ਦਾ ਸਮਾਂ ਮੰਗਿਆ ਹੈ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ੳੁਹ ਪੀੜਤ ਧਿਰ ਦੇ ਵਕੀਲ ਨੂੰ ਲਿਖਤੀ ਜਵਾਬ ਦੇ ਦੇਣਗੇ। ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।
ਅਦਾਲਤ ਨੇ ਟਾਈਟਲਰ ਵੱਲੋਂ ਗਵਾਹ ਸੁਰਿੰੰਦਰ ਸਿੰਘ ਤੇ ੳੁਸ ਦੇ ਪੁੱਤਰ ਨੂੰ ਕੈਨੇਡਾ ਭੇਜਣ ਅਤੇ ਉਸ ਨੂੰ ਗਵਾਹੀ ਤੋਂ ਮੁਕੱਰਨ ਲਈ ਧਨ ਦੇਣ ਲਈ ਹਵਾਲਾ ਕਾਰੋਬਾਰ ਵਿੱਚ ਕਥਿਤ ਸ਼ਾਮਲ ਦੇ ਲੱਗੇ ਦੋਸ਼ਾਂ ਬਾਰੇ ਸੀਬੀਆਈ ਤੋਂ ਜਵਾਬ ਮੰਗਿਆ ਸੀ। ਪਿਛਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਹਵਾਲਾ ਕਾਰੋਬਾਰ ਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਹਥਿਆਰਾਂ ਦੇ ਕਾਰੋਬਾਰੀ ਤੇ ਵਾਰਰੂਮ ਲੀਕ ਮਾਮਲੇ ਦੇ ਕਥਿਤ ਦੋਸ਼ੀ ਅਭਿਸ਼ੇਕ ਵਰਮਾ ਦੇ 5 ਅਗਸਤ 2013 ਨੂੰ ਦਿੱਤੇ ਬਿਆਨਾਂ ਵਿੱਚ ਸੁਰਿੰਦਰ ਸਿੰਘ ਦੇ ਪੁੱਤਰ ਨੂੰ ਵਿਦੇਸ਼ ਵਿੱਚ ‘ਸੈਟਲ’ ਕਰਨ, ਇੱਕ ਕੰਪਨੀ ਰਾਹੀਂ ਵੱਡੀ ਰਕਮ ਦੇਣ ਦੇ ਤੱਥਾਂ ਦਾ ਖੁਲਾਸਾ ਹੋਇਆ ਸੀ ਜੋ ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿੱਚ ਦਰਜ ਸਨ।
ਅਭਿਸ਼ੇਕ ਵਰਮਾ ਨੇ ਖੁਲਾਸਾ ਕੀਤਾ ਸੀ ਕਿ ਟਾਈਟਲਰ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਿਆ ਤੇ ਉਸ ਪਿੱਛੋਂ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਸੁਰਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੋਣ ਕਰਕੇ ਸੀਬੀਆਈ ਅਭਿਸ਼ੇਕ ਵਰਮਾ ਵੱਲੋਂ ਜ਼ੁਬਾਨੀ ਦੱਸੇ ਤੱਥਾਂ ਦੀ ਤਸਦੀਕ ਨਹੀਂ ਕਰ ਸਕੀ ਸੀ। ਇਸ ਮਾਮਲੇ ਵਿੱਚ ਸੀਬੀਆੲੀ ਟਾਈਟਲਰ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਤੇ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਗਈ ਸੀ।
ਇਸ ਦੌਰਾਨ ‘ਆਪ’ ਆਗੂ ਐਚ.ਐਸ. ਫੂਲਕਾ ਨੇ ਦੋਸ਼ ਲਾਇਆ ਹੈ ਕਿ ਕੇਂਦਰ ਵਿੱਚ ਸਰਕਾਰ ਬਦਲ ਜਾਣ ਦੇ ਬਾਵਜੂਦ ਸੀਬੀਆਈ ਜਗਦੀਸ਼ ਟਾਈਟਲਰ ਨੂੰ ਬਚਾ ਰਹੀ ਹੈ ਕਿਉਂਕਿ ਹੁਣ ਜਾਂਚ ਏਜੰਸੀ ਨੂੰ ਇਸ ਕਾਂਗਰਸੀ ਆਗੂ ਖ਼ਿਲਾਫ਼ ਦੋ ਨਵੇਂ ਮਾਮਲੇ ਦਰਜ ਕਰਨੇ ਚਾਹੀਦੇ ਸਨ।